You’re viewing a text-only version of this website that uses less data. View the main version of the website including all images and videos.
ਗਟਰ ਵਿੱਚ ’ਚ ਪਈ ਨੰਨੀ ਜਾਨ ਦੀ ‘ਪੁਕਾਰ’ ਕੁੱਤਿਆਂ ਨੇ ਸੁਣੀ
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਰੋਹਤਕ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਦੌਰਾਨ ਇੱਕ ਅਣਪਛਾਤੀ ਔਰਤ ਵੱਲੋਂ ਗਟਰ ਵਿੱਚ ਸੁੱਟੀ ਇੱਕ ਬੱਚੀ ਨੂੰ ਗਲੀ ਦੇ ਕੁੱਤਿਆਂ ਨੇ ਬਚਾ ਲਿਆ।
ਕੁੱਤਿਆਂ ਨੇ ਨਾ ਸਿਰਫ਼ ਬੰਦ ਪਏ ਗਟਰ ਵਿੱਚ ਰੋ ਰਹੀ ਬੱਚੀ ਨੂੰ ਕੱਢਿਆ ਸਗੋਂ ਉਨ੍ਹਾਂ ਨੇ ਆਲੇ-ਦੁਆਲੇ ਦੇ ਘਰਾਂ ਵਾਲੇ ਲੋਕਾਂ ਨੂੰ ਸੁਚੇਤ ਵੀ ਕੀਤਾ।
ਇਹ ਘਟਨਾ ਵੀਰਵਾਰ ਸਵੇਰ ਕੈਥਲ ਸ਼ਹਿਰ ਦੇ ਡੋਗਰੀ ਗੇਟ ਕਲੌਨੀ ਵਿੱਚ ਵੀਰਵਾਰ ਸਵੇਰੇ ਵਾਪਰੀ।
ਮੁਖ਼ਤਿਆਰ ਸਿੰਘ ਇੱਕ ਕਿਸਾਨ ਹਨ ਤੇ ਉਨ੍ਹਾਂ ਦਾ ਡੋਗਰੀ ਗੇਟ ਕਲੌਨੀ ਵਿੱਚ ਘਰ ਹੈ। ਉਨ੍ਹਾਂ ਨੇ ਦੱਸਿਆ ਕਿ ਤੜਕ ਸਵੇਰੇ ਗੁਰਦੁਆਰੇ ਜਾਂਦੇ ਹਨ ਤੇ ਜਦੋਂ ਉਹ ਸਵੇਰੇ ਸਵਾ ਚਾਰ ਵਜੇ ਵਾਪਸ ਆ ਰਹੇ ਸਨ ਤਾਂ ਦੇਖ ਕੇ ਹੈਰਾਨ ਰਹਿ ਗਏ ਕਿ ਪਲਾਸਟਿਕ ਦੇ ਲਿਫ਼ਾਫੇ ਵਿੱਚ ਲਪੇਟੀ ਹੋਈ ਇੱਕ ਬੱਚੀ ਸੜਕ 'ਤੇ ਪਈ ਹੈ ਤੇ ਗਲੀ ਦੇ ਕੁੱਤਿਆਂ ਨੇ ਉਸ ਨੂੰ ਘੇਰਿਆ ਹੋਇਆ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਦੱਸਿਆ, "ਮੈਂ ਸਥਾਨਕ ਥਾਣੇ ਵਿੱਚ ਫੋਨ ਕੀਤਾ ਤੇ ਕਲੌਨੀ ਦੇ ਹੋਰ ਨਿਵਾਸੀਆਂ ਨੂੰ ਇਸ ਦੀ ਸੂਚਨਾ ਦਿੱਤੀ। ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।"
ਬਾਅਦ ਵਿੱਚ ਉਨ੍ਹਾਂ ਨੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ, ਜਿਸ ਤੋਂ ਪਤਾ ਚੱਲਿਆ ਕਿ ਇੱਕ ਅਣਪਛਾਤੀ ਔਰਤ ਨੇ ਪੌਲੀਥੀਨ ਦੇ ਲਿਫਾਫੇ ਵਿੱਚ ਬੰਦ ਬੱਚੀ ਨੂੰ ਗਟਰ ਵਿੱਚ ਸੁੱਟਿਆ ਤੇ ਕਈ ਘੰਟਿਆਂ ਬਾਅਦ ਕੁੱਤਿਆਂ ਨੇ ਉਸ ਬੱਚੀ ਨੂੰ ਉੱਥੋਂ ਕੱਢਿਆ।
ਉਨ੍ਹਾਂ ਕਿਹਾ ਕਿ ਗਲੀ ਦੇ ਕੁੱਤੇ ਬੱਚੀ ਨੂੰ ਨੁਕਸਾਨ ਪਹੁੰਚਾ ਸਕਦੇ ਸਨ ਪਰ ਉਨ੍ਹਾਂ ਨੇ ਸ਼ਾਇਦ ਭੌਂਕ ਕੇ ਲੋਕਾ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕੁੱਤਿਆਂ ਬਾਰੇ ਦੱਸਿਆ, "ਉਹ ਭਾਵੇਂ ਗਲੀ ਦੇ ਕੁੱਤੇ ਹਨ ਪਰ ਅਸੀਂ ਰੋਟੀ ਆਦਿ ਪਾ ਕੇ ਉਨ੍ਹਾਂ ਦਾ ਖ਼ਿਆਲ ਰਖਦੇ ਹਾਂ ਤੇ ਉਹ ਸਾਡੇ ਘਰਾਂ ਦੇ ਬਾਹਰ ਬੈਠੇ ਰਹਿੰਦੇ ਹਨ।"
ਕੈਥਲ ਸਿਵਲ ਹਸਪਤਾਲ ਦੇ ਪ੍ਰਿੰਸੀਪਲ ਮੈਡੀਕਲ ਆਫ਼ਸਰ ਦਿਨੇਸ਼ ਕਾਂਸਲ ਨੇ ਦੱਸਿਆ ਕਿ ਨਵਜਾਤ ਬੱਚੀ ਨੂੰ ਗੰਭੀਰ ਹਸਪਤਾਲ ਵਿੱਚ ਪੁਲਿਸ ਸਵੇਰੇ ਲਗਭਗ ਛੇ ਵਜੇ ਹਸਪਤਾਲ ਲੈ ਕੇ ਆਈ ਸੀ।
ਉਨ੍ਹਾਂ ਅੱਗੇ ਦੱਸਿਆ,"ਬੱਚੀ ਆਸੀਯੂ ਵਿੱਚ ਭਰਤੀ ਹੈ ਤੇ ਇਲਾਜ ਚੱਲ ਰਿਹਾ ਹੈ। ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਸ ਦਾ ਭਾਰ 1130 ਗਰਾਮ ਸੀ ਤੇ ਸੱਤ ਮਹੀਨੇ ਦੀ ਲੱਗਦੀ ਸੀ। ਬੱਚੀ ਦੀ ਹਾਲਤ ਗੰਭੀਰ ਸੀ। ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਬੱਚੀ ਨੂੰ ਆਪਣੀ ਨਿਗਰਾਨੀ ਵਿੱਚ ਰੱਖਣ ਦਾ ਫੈਸਲਾ ਲਿਆ।"
ਕੈਥਲ ਦੇ ਐੱਸਐੱਚਓ ਪਰਦੀਪ ਕੁਮਾਰ ਨੇ ਦੱਸਿਆ ਕਿ ਆਪਣੀ ਬੱਚੀ ਨੂੰ ਗਟਰ ਵਿੱਚ ਸੁੱਟਣ ਵਾਲੀ ਅਣਪਛਾਤੀ ਔਰਤ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 315 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸ਼ਾਇਦ ਉਸ ਨੇ ਬੱਚੀ ਨੂੰ ਕੁੜੀ ਹੋਣ ਕਰਕੇ ਗਟਰ ਵਿੱਚ ਸੁੱਟਿਆ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਵੇਖੋ: