ਜਦੋਂ ਰੋਬੋਟ ਨੇ ਮੁਲਾਜ਼ਮ ਨੌਕਰੀ ਤੋਂ ਕੱਢੇ

ਭਵਿੱਖ ਵਿੱਚ ਰੋਬੋਟ ਤੁਹਾਡੀ ਨੌਕਰੀ ਲੈ ਲੈਣਗੇ, ਇਹ ਲਾਈਨ ਸ਼ਾਇਦ ਤੁਸੀਂ ਪਹਿਲਾਂ ਵੀ ਬਹੁਤ ਵਾਰ ਪੜ੍ਹੀ ਹੋਏਗੀ।

ਪਰ ਹੁਣ ਇਹ ਅਸਲ ਵਿੱਚ ਹੋ ਵੀ ਰਿਹਾ ਹੈ, ਆਨਲਾਈਨ ਸਾਮਾਨ ਵੇਚਣ ਵਾਲੀ ਵੱਡੀ ਕੰਪਨੀ ਐਮਾਜ਼ੌਨ ਵਿੱਚ।

ਤਕਨੀਕ ਸਬੰਧੀ ਵੈੱਬਸਾਈਟ 'ਦਿ ਵਰਜ' ਮੁਤਾਬਕ ਐਮਾਜ਼ੌਨ ਦੇ ਫੁਲਫਿਲਮੈਂਟ ਸੈਂਟਰਜ਼ ਵਿੱਚ ਮੁਲਾਜ਼ਮਾਂ 'ਤੇ ਨਜ਼ਰ ਰੱਖਣ ਤੇ ਉਨ੍ਹਾਂ ਨੂੰ ਨੌਕਰੀ 'ਚੋਂ ਕੱਢਣ ਲਈ ਆਟੋਮੇਸ਼ਨ ਦਾ ਇਸਤੇਮਾਲ ਹੋ ਰਿਹਾ ਹੈ।

ਵੈੱਬਸਾਈਟ ਮੁਤਾਬਕ, ''ਇਹ ਸਿਸਟਮ ਹਰ ਮੁਲਾਜ਼ਮ ਦੀ ਉਤਪਾਦਕਤਾ 'ਤੇ ਨਜ਼ਰ ਰੱਖਦਾ ਹੈ ਤੇ ਬਿਨਾਂ ਕਿਸੇ ਮਨੁੱਖੀ ਸੁਪਰਵਾਈਜ਼ਰ ਦੀ ਸਲਾਹ ਦੇ ਆਪਣੇ ਆਪ ਹੀ ਚੇਤਾਵਨੀ ਜਾਂ ਨੌਕਰੀ ਖਤਮ ਕਰ ਦਿੰਦਾ ਹੈ।''

ਐਮਾਜ਼ੌਨ ਬਾਰੇ ਕਾਫੀ ਸਮੇਂ ਤੋਂ ਘੱਟ ਤਨਖਾਹ ਤੇ ਕੰਮ ਦੇ ਮਾੜੇ ਹਾਲਾਤ ਦੀ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ:

ਇੱਕ ਮੁਲਾਜ਼ਮ ਨੇ ਕਿਹਾ ਕਿ ਉਹ ਜ਼ਿਆਦਾ ਪਾਣੀ ਨਹੀਂ ਪੀਂਦੀ ਕਿਉਂਕਿ ਟਾਰਗੇਟਸ ਕਾਰਨ ਉਹ ਵਧੇਰੇ ਟਾਇਲਟ ਬ੍ਰੇਕਸ ਨਹੀਂ ਲੈ ਸਕਦੀ।

ਇੱਕ ਸਾਬਕਾ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਬੋਟ ਸਮਝਿਆ ਜਾਂਦਾ ਹੈ ਤੇ ਬੇਹੱਦ ਔਖੇ ਟਾਰਗੇਟਸ ਨਾ ਪੂਰੇ ਕਰਨ 'ਤੇ ਕੱਢ ਦਿੱਤਾ ਜਾਂਦਾ ਹੈ।

'ਦਿ ਵਰਜ' ਦੀ ਰਿਪੋਰਟ ਮੁਤਾਬਕ ਹਰ ਸਾਲ ਛੇਤੀ ਡਿਲਵਰੀ ਨਾ ਕਰਨ ਲਈ ਹੀ ਹਜ਼ਾਰਾਂ ਮੁਲਾਜ਼ਮਾਂ ਨੂੰ ਕੱਢਿਆ ਜਾਂਦਾ ਹੈ।

ਇੱਥੇ ਆਰਟੀਫਿਸ਼ੀਅਲ ਇਨਟੈਲੀਜੈਂਸ ਹੀ ਬੌਸ ਹੈ। ਅਲਗੋਰਿਧਮ ਹੀ ਨਜ਼ਰ ਰੱਖਦਾ ਹੈ, ਚੇਤਾਵਨੀ ਦਿੰਦਾ ਹੈ ਤੇ ਫਾਇਰ ਕਰਦਾ ਹੈ।

ਲੋਕਲ ਬਿਜ਼ਨਸ ਨੂੰ ਸਹਾਰਾ ਦੇਣ ਵਾਲੇ ਗਰੁੱਪ ਇੰਸਟੀਚਿਊਟ ਫਾਰ ਲੋਕਲ ਸੈਲਫ-ਰਿਲਾਇੰਸ ਤੋਂ ਸਟੇਸੀ ਮਿਸ਼ੈਲ ਨੇ ਕਿਹਾ, ''ਐਮਾਜ਼ੌਨ 'ਤੇ ਕੰਮ ਕਰਨ ਵਾਲੇ ਲੋਕਾਂ ਨਾਲ ਰੋਬੋਟਸ ਰੋਬੋਟਸ ਵਰਗਾ ਵਤੀਰਾ ਕਰਦੇ ਹਨ।''

''ਉਹ ਸੋਚਦੇ ਹਨ ਕਿ ਲੋਕ ਵੀ ਮਸ਼ੀਨਾਂ ਹੀ ਹਨ ਤੇ ਕਦੇ ਵੀ ਹਟਾਏ ਜਾ ਸਕਦੇ ਹਨ।''

ਇਸ ਬਾਰੇ ਐਮਾਜ਼ੌਨ ਨੇ ਬੀਬੀਸੀ ਨੂੰ ਕਿਹਾ, ''ਇਹ ਬਿਲਕੁਲ ਵੀ ਸੱਚ ਨਹੀਂ ਹੈ। ਹੋਰ ਕੰਪਨੀਆਂ ਵਾਂਗ, ਅਸੀਂ ਵੀ ਪਰਫੌਰਮੰ ਦੀ ਉਮੀਦ ਰੱਖਦੇ ਹਨ ਤੇ ਉਸ ਦੇ ਲਈ ਟਾਰਗੇਟ ਸੈੱਟ ਕਰਦੇ ਹਨ।''

''ਬਿਨਾਂ ਕੋਈ ਸਹਾਰਾ ਦਿੱਤੇ ਅਸੀਂ ਕਿਸੇ ਨੂੰ ਨਹੀਂ ਕੱਢਦੇ।''

ਨੌਕਰੀਆਂ ਦਾ ਭਵਿੱਖ?

ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿਸੇ ਮਸ਼ੀਨ ਨੇ ਮੁਲਾਜ਼ਮ ਕੱਢੇ ਹੋਣ ਅਤੇ ਨਾ ਹੀ ਇਹ ਆਖਰੀ ਵਾਰ ਹੋ ਰਿਹਾ ਹੈ।

ਤਾਂ ਫਿਰ ਭਵਿੱਖ ਵਿੱਚ ਕੰਮ ਹੋਵੇਗਾ ਕਿਵੇਂ?

ਚਾਰਟਰਡ ਇੰਸਟੀਚਿਊਟ ਆਫ ਪਰਸੌਨਲ ਤੇ ਡੈਵਲਪਮੈਂਟ ਦੇ ਮੈਂਬਰਸ਼ਿੱਪ ਡਾਇਰੈਕਟਰ ਡੇਵਿਡ ਡੀਸੂਜ਼ਾ ਨੇ ਕਿਹਾ, ''ਕਿਉਂਕਿ ਹੁਣ ਇਹ ਤਕਨੀਕ ਮੌਜੂਦ ਹੈ, ਇਸਲਈ ਵੱਧ ਤੋਂ ਵੱਧ ਕੰਪਨੀਆਂ ਇਸ ਦਾ ਇਸਤੇਮਾਲ ਕਰਨਾ ਚਾਹੁਣਗੀਆਂ।''

''ਮੁੱਖ ਸਵਾਲ ਇਹ ਹੈ ਕਿ ਇਸ ਸਿਸਟਮ ਨੂੰ ਕਿਸ ਹੱਦ ਤੱਕ ਖੁਲ੍ਹ ਦੇਣੀ ਹੈ ਕਿ ਉਹ ਮਨੁੱਖੀ ਰਿਸ਼ਤਿਆਂ ਦੀ ਥਾਂ ਲੈ ਸਕੇ।''

ਅਜਿਹਾ ਕਰਨ ਨਾਲ ਕਈ ਸਵਾਲ ਖੜੇ ਹੋ ਜਾਂਦੇ ਹਨ, ਜਿਵੇਂ ਕਿ:

  • ਇਸ ਨਾਲ ਮੁਲਾਜ਼ਮ ਤੋਂ ਉਸਦਾ ਬੈਸਟ ਕਿਵੇਂ ਲਿਆ ਜਾ ਸਕਦਾ ਹੈ
  • ਇਸ ਨਾਲ ਮੁਲਾਜ਼ਮਾਂ 'ਤੇ ਕੀ ਅਸਰ ਪੈਂਦਾ ਹੈ ਤੇ ਉਹ ਕੰਪਨੀ ਬਾਰੇ ਕੀ ਸੋਚਦੇ ਹਨ
  • ਕੀ ਇਸ ਵਿੱਚ ਮਨੁੱਖੀ ਦਖਲ ਦੀ ਲੋੜ ਹੈ?

ਐਮਆਈਟੀ ਟੈਕਨੌਲਜੀ ਰਿਵਿਊ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੀਨੀਅਰ ਐਡੀਟਰ ਵਿੱਲ ਨਾਈਟ ਨੇ ਕਿਹਾ, ''ਲੋਕ ਵੱਖ-ਵੱਖ ਤਰੀਕਿਆਂ ਰਾਹੀਂ ਕੰਮ ਕਰਦੇ ਹਨ ਤੇ ਕੰਮ ਕਰਨ ਦੇ ਇੱਕ ਤੋਂ ਵੱਧ ਸਹੀ ਤਰੀਕੇ ਹੋ ਸਕਦੇ ਹਨ।''

''ਜੇ ਅਲਗੋਰਿਧਮ ਇਸ ਹਿਸਾਬ ਨਾਲ ਉਤਪਾਦਕਤਾ ਤੈਅ ਕਰ ਰਿਹਾ ਹੈ ਕਿ ਕੋਈ ਕਿੰਨੀਆਂ ਈਮੇਲਾਂ ਭੇਜ ਰਿਹਾ ਹੈ ਤਾਂ ਉਹ ਮੁਲਾਜ਼ਮ ਜੋ ਈਮੇਲ ਨਹੀਂ ਭੇਜ ਰਿਹਾ ਪਰ ਕੰਮ ਠੀਕ ਕਰ ਰਿਹਾ ਹੈ, ਤਾਂ ਰੋਬੋਟ ਦੀ ਨਜ਼ਰ ਵਿੱਚ ਤਾਂ ਉਹ ਮਾੜਾ ਮੁਲਾਜ਼ਮ ਹੋਇਆ।''

ਪਰ ਜਦੋਂ ਟਾਰਗੇਟ ਕਿਸੇ ਹੋਰ ਹਿਸਾਬ ਨਾਲ ਮਾਪੇ ਜਾ ਰਹੇ ਹੋਣ, ਤਾਂ?

'ਦਿ ਵਰਜ' ਮੁਤਾਬਕ ਐਮਾਜ਼ੌਨ ਵਿੱਚ ਉਤਪਾਦਕਤਾ ਮਾਪਣ ਦੇ ਤਰੀਕੇ ਲਗਾਤਾਰ ਬਦਲਦੇ ਰਹਿੰਦੇ ਹਨ।

ਇਹ ਵੀ ਪੜ੍ਹੋ:

ਡੇਵਿਡ ਡੀਸੂਜ਼ਾ ਮੁਤਾਬਕ ਕੰਪਨੀਆਂ ਨੂੰ ਇੱਕ ਵਾਰ ਫਿਰ ਸੋਚਣਾ ਚਾਹੀਦਾ ਹੈ ਕਿ ਮੁਲਾਜ਼ਮ ਰੱਖਣ ਜਾਂ ਕੱਢਣ ਵਰਗੇ ਅਹਿਮ ਕੰਮਾਂ ਲਈ ਆਟੋਮੇਸ਼ਨ ਕਰਨੀ ਚਾਹੀਦੀ ਹੈ ਜਾਂ ਨਹੀਂ।

''ਕਿਉਂਕਿ ਤਕਨੀਕ ਇਹ ਕੰਮ ਕਰ ਸਕਦੀ ਹੈ, ਇਸ ਦਾ ਮਤਲਬ ਇਹ ਨਹੀਂ ਕਿ ਤਕਨੀਕ ਰਾਹੀਂ ਹੀ ਕਰਨਾ ਹੈ ਜਾਂ ਤਕਨੀਕ ਮਨੁਖ ਤੋਂ ਬਿਹਤਰ ਕਰਦੀ ਹੈ।''

''ਮੁਲਾਜ਼ਮਾਂ ਨੂੰ ਇੱਜ਼ਤ ਚਾਹੀਦੀ ਹੈ ਤੇ ਆਉਣ ਵਾਲੇ ਭਵਿੱਖ ਵਿੱਚ ਇੱਕ ਕੋਡ ਰਾਹੀਂ ਇਹ ਮਿਲਣਾ ਔਖਾ ਲਗਦਾ ਹੈ।''

2018 ਵਿੱਚ ਇਬਰਾਹਿਮ ਡਿਐਲੋ ਨੂੰ ਇੱਕ ਮਸ਼ੀਨ ਨੇ ਨੌਕਰੀ 'ਚੋਂ ਕੱਢ ਦਿੱਤਾ ਸੀ। ਡਿਐਲੋ ਨੇ ਬੀਬੀਸੀ ਨੂੰ ਕਿਹਾ, ''ਮੈਨੂੰ ਕੱਢ ਦਿੱਤਾ ਗਿਆ ਤੇ ਮੇਰਾ ਮੈਨੇਜਰ ਕੁਝ ਵੀ ਨਹੀਂ ਕਰ ਸਕਿਆ, ਨਾ ਹੀ ਡਾਇਰੈਕਟਰ ਕੁਝ ਕਰ ਸਕਿਆ।''

ਇਹ ਵੀ ਪੜ੍ਹੋ:

ਨੌਕਰੀ ਜਾਂ ਕੰਮ ਅਜਿਹਾ ਹੋਵੇ ਜੋ ਲੋਕਾਂ ਲਈ ਕੰਮ ਕਰੇ, ਕੰਪਨੀਆਂ ਨੂੰ ਸਮਝਣਾ ਪਵੇਗਾ ਕਿ ਇਸ ਨਾਲ ਉਨਾਂ ਦੀ ਛਬੀ ਤੇ ਆਰਥਕਤਾ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਜੇ ਤੁਸੀਂ ਸੋਚ ਰਹੇ ਹੋ ਕਿ ਇੱਕ ਮੁਲਾਜ਼ਮ ਹੋਣ ਦੇ ਤੌਰ 'ਤੇ ਕੀ ਕਰਨਾ ਚਾਹੀਦਾ ਹੈ, ਤਾਂ ਡੇਵਿਡ ਦੀ ਸਲਾਹ ਹੈ ਕਿ ਇਸ ਦੇ ਖਿਲਾਫ ਆਵਾਜ਼ ਚੁੱਕੀ ਜਾਏ ਤੇ ਕਰੀਅਰ ਸੋਚ ਸਮਝ ਕੇ ਚੁਣਿਆ ਜਾਏ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)