ਮਈ ਦਿਵਸ ਮੌਕੇ ਜਾਣੋ ਕਿ ਐਤਵਾਰ ਦੀ ਛੁੱਟੀ ਕਿਸ ਦੀ ਦੇਣ ਸੀ ਤੇ ਇਹ ਕਿਸ ਸੋਚ ਦਾ ਨਤੀਜਾ ਸੀ

ਕੀ ਤੁਹਾਨੂੰ ਹਫ਼ਤੇ 'ਦੇ ਅਖ਼ੀਰ 'ਚ ਛੁੱਟੀਆਂ 'ਤੇ ਜਾਣਾ ਪਸੰਦ ਹੈ? ਸੜਕਾਂ 'ਤੇ ਗੱਡੀ ਭਜਾਉਣਾ ਜਾਂ ਜਨਤਕ ਲਾਇਬ੍ਰੇਰੀ ਵਿੱਚ ਜਾਣਾ ਕਿਵੇਂ ਲੱਗਦਾ ਹੈ?

ਕੀ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਹੋ ਜੋ ਚਾਹੁੰਦੇ ਹਨ ਕਿ ਅਨਿਆਂ, ਗੈਰ-ਬਰਾਬਰੀ ਅਤੇ ਸ਼ੋਸ਼ਣ ਦਾ ਖਾਤਮਾ ਹੋਣਾ ਚਾਹੀਦਾ ਹੈ?

ਜੇ ਤੁਹਾਨੂੰ ਲੱਗਦਾ ਹੈ ਕਿ ਕਾਰਲ ਮਾਰਕਸ ਨੇ ਤੁਹਾਡੇ ਲਈ ਕੁਝ ਨਹੀਂ ਕੀਤਾ ਤਾਂ ਉਨ੍ਹਾਂ ਦੇ ਜਨਮ ਦਿਨ 'ਤੇ ਤੁਹਾਨੂੰ ਆਪਣੀ ਸੋਚ 'ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ।

20 ਵੀਂ ਸਦੀ ਦੇ ਇਤਿਹਾਸ ਦੇ ਜਾਣਕਾਰਾਂ ਨੂੰ ਪਤਾ ਹੈ ਕਿ ਮਾਰਕਸਵਾਦ ਦੀ ਇਨਕਲਾਬੀ ਸਿਆਸਤ ਦਾ ਬਦਲ ਦੇਣਾ ਕੋਈ ਸੌਖਾ ਕੰਮ ਨਹੀਂ ਹੈ।

ਉਨ੍ਹਾਂ ਦੇ ਵਿਚਾਰ ਸਮਾਜਿਕ ਇੰਜੀਨੀਅਰਿੰਗ ਲਈ ਇੱਕ ਪ੍ਰੇਰਨਾ ਰਹੇ ਹਨ। ਹਾਲਾਂਕਿ ਕਈ ਵਾਰ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਦੇ ਭਿਆਨਕ ਨਤੀਜੇ ਵੀ ਨਿਕਲੇ ਹਨ।

ਉਨ੍ਹਾਂ ਦੇ ਸਿਧਾਂਤਾਂ ਨੂੰ ਟੋਟਲਟੇਰੀਅਨਵਾਦ, ਆਜ਼ਾਦੀ ਦੀ ਕਮੀ ਅਤੇ ਕਤਲੇਆਮ ਨਾਲ ਜੋੜ ਦਿੱਤਾ ਗਿਆ। ਉਸ ਮਗਰੋਂ ਇਹ ਹੈਰਾਨੀਜਨਕ ਨਹੀਂ ਹੈ ਕਿ ਉਨ੍ਹਾਂ ਦੇ ਨਾਂ 'ਤੇ ਦੁਨੀਆਂ ਧੜਿਆਂ 'ਚ ਵੰਡੀ ਜਾਂਦੀ ਹੈ।

ਇਸ ਦੇ ਬਾਵਜੂਦ ਕਾਰਲ ਮਾਰਕਸ ਦਾ ਇੱਕ ਨੇਕ ਇਨਸਾਨ ਵਾਲਾ ਅਕਸ ਵੀ ਹੈ, ਜਿਸ ਨੇ ਦੁਨੀਆਂ ਦੀ ਬਿਹਤਰੀ ਵਿੱਚ ਅਹਿਮ ਦੇਣ ਦਿੱਤੀ ਹੈ।

ਕਾਰਲ ਮਾਰਕਸ ਦੇ ਉਹ ਪੰਜ ਇਨਕਲਾਬੀ ਵਿਚਾਰ ਜੋ ਪੂਰੀ ਦੁਨੀਆਂ ਵਿਚ ਜਿਉਂਦੇ ਹਨ।

1. ਉਹ ਚਾਹੁੰਦੇ ਸਨ ਕਿ ਬੱਚੇ ਕੰਮ 'ਤੇ ਨਹੀਂ ਸਗੋਂ ਸਕੂਲ ਜਾਣ

ਇਹ ਹੁਣ ਇੱਕ ਆਮ ਗੱਲ ਹੈ ਜੋ ਹਰ ਕੋਈ ਕਰਦਾ ਹੈ ਪਰ ਸਾਲ 1848 ਜਦੋਂ ਮਾਰਕਸ ਕਮਿਉਨਿਸਟ ਮੈਨੀਫੈਸਟੋ ਲਿਖ ਰਹੇ ਸਨ ਤਾਂ ਬਾਲ ਮਜ਼ਦੂਰੀ ਬਹੁਤ ਆਮ ਸੀ।

ਕੌਮਾਂਤਰੀ ਮਜਦੂਰੀ ਸੰਗਠਨ ਦੇ ਅੰਕੜਿਆਂ (2016) ਮੁਤਾਬਕ ਹਾਲੇ ਵੀ ਦਸਾਂ ਵਿੱਚੋਂ ਇੱਕ ਬੱਚਾ ਬਾਲ ਮਜ਼ਦੂਰੀ ਕਰਦਾ ਹੈ।

ਜੇ ਹੁਣ ਬਹੁਤ ਸਾਰੇ ਬੱਚੇ ਕਿਸੇ ਫੈਕਟਰੀ ਵਿੱਚ ਜਾਣ ਦੀ ਥਾਂ ਸਕੂਲ ਜਾਂਦੇ ਹਨ ਤਾਂ ਇਸ ਦਾ ਸਿਹਰਾ ਕਾਫ਼ੀ ਹੱਦ ਤੱਕ ਕਾਰਲ ਮਾਰਕਸ ਨੂੰ ਹੀ ਜਾਂਦਾ ਹੈ।

'ਦਿ ਗਰੇਟ ਇਕੋਨੋਮਿਸਟਸ꞉ ਹਾਓ ਦਿਅਰ ਆਈਡੀਆਜ਼ ਹੈਲਪ ਅਸ ਟੂਡੇ' ਦੀ ਲੇਖਿਕਾ ਲਿੰਡਾ ਯੂਹੇ ਦਾ ਕਹਿਣਾ ਹੈ, "ਮਾਰਕਸ ਅਤੇ ਏਂਜਲਜ਼ ਦੇ 1948 ਦੇ ਕਮਿਉਨਿਸਟ ਮੈਨੀਫੈਸਟੋ ਦੇ ਦਸ ਨੁਕਤਿਆਂ ਵਿੱਚੋਂ ਇੱਕ, ਸਰਕਾਰੀ ਸਕੂਲਾਂ ਵਿੱਚ ਸਾਰੇ ਬੱਚਿਆਂ ਲਈ ਮੁਫਤ ਸਿੱਖਿਆ ਅਤੇ ਕਾਰਖਾਨਿਆਂ ਵਿੱਚੋਂ ਬਾਲ ਮਜਦੂਰੀ ਦਾ ਖ਼ਾਤਮਾ ਸੀ।"

ਯੂਹੇ ਦਾ ਕਹਿਣਾ ਹੈ, "ਮਾਰਕਸ ਅਤੇ ਏਂਜਲਜ਼ ਬੱਚਿਆਂ ਦੇ ਹੱਕਾਂ ਦੀ ਵਕਾਲਤ ਕਰਨ ਵਾਲੇ ਪਹਿਲੇ ਨਹੀਂ ਸਨ ਪਰ ਮਾਰਕਸਵਾਦ ਨੇ 19ਵੀਂ ਸਦੀ ਵਿੱਚ ਉਠਾਈਆਂ ਜਾ ਰਹੀਆਂ ਆਵਾਜ਼ਾਂ ਨੂੰ ਉਸ ਸਮੇਂ ਤਾਕਤ ਦਿੱਤੀ ਜਦੋਂ ਬੱਚਿਆਂ ਦੀ ਸਿੱਖਿਆ ਲਾਜ਼ਮੀ ਕੀਤੀ ਜਾ ਰਹੀ ਸੀ ਅਤੇ ਛੋਟੇ ਬੱਚਿਆਂ ਨੂੰ ਕਾਰਖਾਨਿਆਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ।"

2. ਉਹ ਚਾਹੁੰਦੇ ਸਨ ਕਿ ਤੁਹਾਡੇ ਕੋਲ ਫੁਰਸਤ ਹੋਵੇ ਅਤੇ ਫੈਸਲਾ ਕਰੋਂ ਕਿ ਇਹ ਸਮਾਂ ਕਿਵੇਂ ਬਿਤਾਉਣਾ ਹੈ

ਕੀ ਤੁਹਾਨੂੰ ਹੁਣ ਦਿਨ ਦੇ 24 ਘੰਟੇ ਅਤੇ ਸੱਤੇ ਦਿਨ ਕੰਮ ਨਾ ਕਰਨਾ ਵਧੀਆ ਲੱਗਦਾ ਹੈ? ਖਾਣੇ ਦੀ ਛੁੱਟੀ ਬਾਰੇ ਕੀ ਖਿਆਲ ਹੈ? ਕੀ ਤੁਸੀਂ ਸੇਵਾ ਮੁਕਤ ਹੋ ਕੇ ਬੁਢਾਪੇ ਵਿੱਚ ਪੈਨਸ਼ਨ ਵੀ ਲੈਣੀ ਚਾਹੁੰਦੇ ਹੋ?

ਜੇ ਇਨ੍ਹਾਂ ਵਿੱਚੋਂ ਕਿਸੇ ਵੀ ਸਵਾਲ ਦਾ ਜਵਾਬ ਹਾਂ ਵਿੱਚ ਹੈ ਤਾਂ ਤੁਸੀ ਕਾਰਲ ਮਾਰਕਸ ਦਾ ਸ਼ੁਕਰੀਆ ਕਰ ਸਕਦੇ ਹੋ।

ਲੰਡਨ ਸਕੂਲ ਆਫ਼ ਇਕਨਾਮਿਕਸ ਦੇ ਪ੍ਰੋਫੈਸਰ ਮਾਈਕ ਸਾਵੇਜ ਦਾ ਕਹਿਣਾ ਹੈ, "ਜਦੋਂ ਤੁਹਾਨੂੰ ਤੋਂ ਲੰਮੇ ਸਮੇਂ ਲਈ ਕੰਮ ਕਰਨ ਲਈ ਮਜਬੂਰ ਕੀਤੀ ਜਾਂਦਾ ਹੈ ਤਾਂ ਉਹ ਸਮਾਂ ਤੁਹਾਡਾ ਨਹੀਂ ਹੁੰਦਾ, ਤੁਸੀਂ ਆਪਣੇ ਜੀਵਨ ਦੀਆਂ ਸਾਰੀਆਂ ਜ਼ਿਮੇਵਾਰੀਆਂ ਨਹੀਂ ਨਿਭਾ ਸਕਦੇ।

ਮਾਰਕਸ ਨੇ ਲਿਖਿਆ ਕਿ ਕਿਵੇਂ ਇੱਕ ਪੂੰਜੀਵਾਦੀ ਸਮਾਜ ਵਿੱਚ ਬਹੁਤੇ ਲੋਕਾਂ ਨੂੰ ਜਿਉਂਣ ਲਈ ਪੈਸੇ ਦੇ ਬਦਲੇ ਆਪਣੀ ਮਜ਼ਦੂਰੀ ਵੇਚਣੀ ਪੈਂਦੀ ਹੈ।

ਅਕਸਰ ਇਹ ਇੱਕ ਗੈਰ-ਬਰਾਬਰੀ ਵਾਲਾ ਵਟਾਂਦਰਾ ਹੁੰਦਾ ਸੀ। ਜਿਸ ਕਰਕੇ ਮਾਰਕਸ ਮੁਤਾਬਕ ਵਿਅਕਤੀ ਦਾ ਸ਼ੋਸ਼ਣ ਅਤੇ ਇਕੱਲਾਪਣ ਹੁੰਦਾ ਸੀ। ਜਿਸ ਕਰਕੇ ਵਿਅਕਤੀ ਨੂੰ ਲੱਗਦਾ ਸੀ ਕਿ ਉਹ ਆਪਣੀ ਬੁਨਿਆਦੀ ਇਨਸਾਨੀਅਤ ਨਾਲੋਂ ਟੁੱਟ ਗਏ ਹਨ।

ਮਾਰਕਸ ਆਪਣੇ ਕਾਮੇ ਸਾਥੀਆਂ ਲਈ ਹੋਰ ਹੱਕ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਅਸੀਂ ਸਾਰੇ ਆਜ਼ਾਦ, ਰਚਨਾਤਮਿਕ ਅਤੇ ਸਭ ਤੋਂ ਉੱਪਰ ਆਪਣੇ ਸਮੇਂ ਦੇ ਆਪ ਸਵਾਮੀ ਹੋਣ।

ਸਾਵੇਜ ਦਾ ਕਹਿਣਾ ਹੈ, "ਬੁਨਿਆਦੀ ਤੌਰ ਤੇ ਮਾਰਕਸ ਦਾ ਕਹਿਣਾ ਹੈ ਕਿ ਸਾਨੂੰ ਨਿਕੰਮੀ ਜਿੰਦਗੀ ਨਹੀਂ ਜਿਉਂਣੀ ਚਾਹੀਦੀ। ਅਜਿਹੀ ਜ਼ਿੰਦਗੀ ਜਿੱਥੇ ਸਾਡੇ ਕੋਲ ਕੁਝ ਨਾ ਖ਼ੁਦਮੁਖ਼ਤਿਆਰੀ ਹੋਵੇ। ਅਜਿਹੀ ਜ਼ਿੰਦਗੀ ਜਿੱਥੇ ਅਸੀਂ ਫੈਸਲਾ ਕਰੀਏ ਕਿ ਅਸੀਂ ਆਪਣੀ ਜ਼ਿੰਦਗੀ ਕਿਵੇਂ ਜਿਉਣੀ ਹੈ। ਅੱਜ ਕੱਲ ਇਹ ਇੱਕ ਅਜਿਹਾ ਆਦਰਸ਼ ਹੈ ਜਿਸ ਨਾਲ ਬਹੁਤ ਸਾਰੇ ਸਹਿਮਤ ਹਨ।"

"ਮਾਰਕਸ ਦੀ ਇੱਕ ਪ੍ਰਸਿੱਧ ਕਹਾਵਤ ਸੀ, ਜਿੱਥੇ ਅਸੀਂ ਸਵੇਰੇ ਸ਼ਿਕਾਰ ਕਰ ਸਕੀਏ, ਦੁਪਹਿਰੇ ਮੱਛੀ ਫੜ ਸਕੀਏ, ਸ਼ਾਮ ਨੂੰ ਪਸ਼ੂ ਪਾਲੀਏ ਅਤੇ ਰਾਤ ਦੇ ਖਾਣੇ ਮਗਰੋਂ ਆਲੋਚਨਾ ਕਰ ਸਕੀਏ।" ਉਨ੍ਹਾਂ ਕਿਹਾ ਕਿ ਮਾਰਕਸ ਆਜ਼ਾਦੀ ਅਤੇ ਮੁਕਤੀ ਦੇ ਹਾਮੀ ਸਨ। ਚਾਹੁੰਦੇ ਸਨ ਕਿ ਕਿ ਵਿਅਕਤੀਆਂ ਦੇ ਅੱਲਗ-ਥਲੱਗ ਰਹਿ ਜਾਣ ਖਿਲਾਫ ਸੰਘਰਸ਼ ਕੀਤਾ ਜਾਵੇ।

3. ਉਹ ਚਾਹੁੰਦੇ ਸਨ ਕਿ ਤੁਸੀਂ ਆਪਣੇ ਕੰਮ ਤੋਂ ਖੁਸ਼ ਹੋਵੋ

ਜੇ ਲੋਕ ਆਪਣੀਆਂ ਤਿਆਰ ਕੀਤੀਆਂ ਵਸਤਾਂ ਵਿੱਚੋਂ ਆਪਣੇ-ਆਪ ਨੂੰ ਦੇਖ ਸਕਣ" ਤਾਂ ਕੰਮ ਤੁਹਾਡੀ ਪ੍ਰਸੰਨਤਾ ਦਾ ਇੱਕ ਵਧੀਆ ਸੋਮਾ ਹੋ ਸਕਦਾ ਹੈ।

ਕੰਮ ਸਾਨੂੰ ਰਚਨਾਤਮਿਕ ਅਤੇ ਸਾਡੇ ਬਾਰੇ ਜੋ ਵੀ ਬਿਹਤਰ ਹੈ- ਉਹ ਭਾਵੇਂ ਸਾਡੀ ਇਨਸਾਨੀਅਤ ਹੋਵੇ, ਸਾਡੀ ਬੁੱਧੀ ਹੋਵੇ ਤੇ ਭਾਵੇਂ ਸਾਡੇ ਕੌਸ਼ਲ ਹੋਣ, ਨੂੰ ਸਾਹਮਣੇ ਲਿਆਉਣ ਦਾ ਮੌਕਾ ਦੇਵੇ।

ਇਸ ਦੇ ਉਲਟ ਜੇ ਤੁਹਾਡਾ ਕੰਮ ਨੀਰਸ ਹੈ ਜੋ ਤੁਹਾਡੀ ਸਮਝ ਨੂੰ ਉਤੇਜਿਤ ਨਹੀਂ ਕਰਦਾ ਤਾਂ ਅੰਤ ਵਿੱਚ ਤੁਸੀਂ ਨਿਰਾਸ਼ ਅਤੇ ਤਣਾਅ ਅਤੇ ਇਸ ਤੋਂ ਵੀ ਅਗਾਂਹ ਅਲੱਗ-ਥਲੱਗ ਵੀ ਮਹਿਸੂਸ ਕਰੋਂਗੇ।

ਇਹ ਸਿਲੀਕੋਨ ਵੈਲੀ ਦੇ ਕਿਸੇ ਮੋਟੀਵੇਸ਼ਨ ਗੁਰੂ ਦੇ ਨਹੀਂ ਹਨ ਸਗੋਂ 19ਵੀਂ ਸਦੀ ਦੇ ਇਨਸਾਨ ਦੇ ਸ਼ਬਦ ਹਨ।

ਆਪਣੀ ਸਾਲ 1944 ਵਿੱਚ ਲਿਖੀ ਕਿਤਾਬ ਇਕਨੋਮਿਕਸ ਅਤੇ ਫਿਲੌਸਫਿਕ ਮੈਨੂਸਕਰਿਪਟਸ ਮਾਰਕਸ ਨੇ ਪਹਿਲੀ ਵਾਰ ਕੰਮ ਜਾਂ ਨੌਕਰੀ ਤੋਂ ਮਿਲਣ ਵਾਲੀ ਸੰਤੁਸ਼ਟੀ ਨੂੰ ਪ੍ਰਸੰਨਤਾ ਨਾਲ ਜੋੜਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਸੀਂ ਬਹੁਤਾ ਸਮਾਂ ਕੰਮ ਵਿੱਚ ਬਿਤਾਉਂਦੇ ਹਾਂ ਤਾਂ ਸਾਨੂੰ ਇਸ ਵਿੱਚੋਂ ਕੁਝ ਖੁਸ਼ੀ ਵੀ ਮਿਲਣੀ ਚਾਹੀਦੀ ਹੈ।

ਉਨ੍ਹਾਂ ਦਾ ਮੰਨਣਾ ਸੀ ਕਿ ਆਪਣੀ ਸਿਰਜਣਾ ਵਿੱਚੋਂ ਖੂਬਸੂਰਤੀ ਤਲਾਸ਼ਣਾ ਅਤੇ ਆਪਣੇ ਉਤਪਾਦ 'ਤੇ ਮਾਣ ਕਰਨ ਨਾਲ ਤੁਹਾਨੂੰ ਆਪਣੇ ਕੰਮ ਤੋਂ ਸੰਤੁਸ਼ਟੀ ਮਿਲੇਗੀ ਜੋ ਖੁਸ਼ ਰਹਿਣ ਲਈ ਜਰੂਰੀ ਹੈ।

ਮਾਰਕਸ ਨੇ ਦੇਖਿਆ ਕਿ ਕਿਵੇਂ ਪੂੰਜੀਵਾਦ ਨੇ ਆਪਣੀ ਗਤੀ, ਉਤਪਾਦਨ ਅਤੇ ਮੁਨਾਫਾ ਵਧਾਉਣ ਦੀ ਧੁੰਨ ਵਿੱਚ ਕੰਮ ਨੂੰ ਇੱਕ ਖਾਸ ਸਾਂਚੇ ਵਿੱਚ ਢਾਲ ਦਿੱਤਾ ਹੈ। ਜਿਸ ਕਰਕੇ ਇਹ ਮਾਹਿਰਾਂ ਦੇ ਕਰਨ ਵਾਲਾ ਬਣ ਗਿਆ ਹੈ।

4. ਉਹ ਚਾਹੁੰਦੇ ਸਨ ਕਿ ਲੋਕ ਬਦਲਾਅ ਦੇ ਵਾਹਕ ਬਣਨ

ਜੇ ਤੁਹਾਡੇ ਸਮਾਜ ਵਿੱਚ ਕੁਝ ਬੁਰਾ ਹੋ ਰਿਹਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਇਸ ਵਿੱਚ ਅਨਿਆਂ ਹੈ, ਵਿਤਕਰਾ ਹੈ ਜਾਂ ਗੈਰ-ਬਰਾਬਰੀ ਹੈ- ਤਾਂ ਤੁਸੀਂ ਹੱਲਾ ਕਰੋ, ਸੰਗਠਿਤ ਹੋਵੋ, ਪ੍ਰਦਰਸ਼ਨ ਕਰੋ ਅਤੇ ਤੁਸੀਂ ਬਦਲਾਅ ਲਈ ਸੰਘਰਸ਼ ਕਰੋ।

19 ਵੀਂ ਸਦੀ ਦੇ ਬਰਤਾਨੀਆ ਵਿੱਚ ਹਾਲਾਂ ਕਿ ਕਿਸੇ ਸ਼ਕਤੀਹੀਣ ਮਜ਼ਦੂਰ ਨੂੰ ਪੂੰਜੀਵਾਦੀ ਸਮਾਜ ਇੱਕ ਨਾ ਹਿੱਲ ਸਕਣ ਵਾਲੀ ਸ਼ੈਅ ਲੱਗਦੀ ਹੋਵੇ ਪਰ ਕਾਰਲ ਮਾਰਕਸ ਦਾ ਬਦਲਾਅ ਵਿੱਚ ਯਕੀਨ ਸੀ ਅਤੇ ਉਨ੍ਹਾਂ ਨੇ ਦੂਜਿਆਂ ਨੂੰ ਵੀ ਤਬਦੀਲੀ ਵਿੱਚ ਯਕੀਨ ਕਰਨ ਲਈ ਪ੍ਰੇਰਿਤ ਕੀਤਾ। ਇਹ ਵਿਚਾਰ ਬੜਾ ਪ੍ਰਸਿੱਧ ਹੋਇਆ।

ਸੰਗਠਿਤ ਪ੍ਰਦਰਸ਼ਨਾਂ ਸਦਕਾ ਕਈ ਦੇਸਾਂ ਵਿੱਚ ਵੱਡਾ ਸਮਾਜਿਕ ਬਦਲਾਅ ਆਇਆ ਹੈ। ਨਸਲੀ ਵਿਤਕਰੇ ਖਿਲਾਫ਼, ਹਮਜਿਨਸੀਆਂ ਦੇ ਹੱਕਾਂ ਅਤੇ ਵਰਗ ਨਾਲ ਜੁੜੇ ਵਿਤਕਰੇ ਖਿਲਾਫ਼ ਕਾਨੂੰਨ ਪਾਸ ਹੋਏ ਹਨ।

ਮਾਰਕਸਿਜ਼ਮ ਫੈਸਟੀਵਲ ਇਨ ਲੰਡਨ ਦੇ ਇੱਕ ਆਰਗਨਾਈਜ਼ਰ ਲਿਊਇਸ ਨੀਲਸਨ ਮੁਤਾਬਕ, "ਤੁਹਾਨੂੰ ਸਮਾਜ ਬਦਲਣ ਲਈ ਇੱਕ ਕ੍ਰਾਂਤੀ ਦੀ ਲੋੜ ਹੁੰਦੀ ਹੈ। ਅਸੀਂ ਸਮਾਜ ਵਿੱਚ ਸੁਧਾਰ ਕਰਨ ਲਈ ਪ੍ਰਦਰਸ਼ਨ ਕਰਦੇ ਹਾਂ।"

ਮਾਰਕਸ ਨੂੰ ਇੱਕ ਦਾਰਸ਼ਨਿਕ ਕਿਹਾ ਜਾਂਦਾ ਹੈ ਪਰ ਨੀਲਸਨ ਇਸ ਨਾਲ ਸਹਿਮਤ ਨਹੀਂ ਹਨ। ਇਸ ਨਾਲ ਲੱਗਦਾ ਕਿ ਉਨ੍ਹਾਂ ਨੇ ਸਿਰਫ਼ ਗੱਲਾਂ ਦਾ ਦਾਰਸ਼ਨਿਕੀਕਰਨ ਕੀਤਾ ਅਤੇ ਸਿਧਾਂਤ ਲਿਖੇ। ਜੇ ਤੁਸੀਂ ਦੇਖੋਂ ਕੇ ਮਾਰਕਸ ਨੇ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਕੀਤਾ ਤਾਂ ਵੇਖੋਂਗੇ ਕਿ ਉਹ ਕਾਰਕੁਨ ਵੀ ਸਨ। ਉਨ੍ਹਾਂ ਨੇ ਕਾਮਿਆਂ ਦੀ ਕੌਮਾਂਤਰੀ ਐਸੋਸੀਏਸ਼ਨ ਬਣਾਈ। ਉਹ ਹੜਤਾਲਾਂ ਕਰ ਰਹੇ ਗਰੀਬਾਂ ਦੀ ਹਮਾਇਤ ਦੇ ਕੰਮਾਂ ਵਿੱਚ ਲੱਗੇ ਹੋਏ ਸਨ।

ਉਨ੍ਹਾਂ ਦਾ ਕਹਿਣਾ ਹੈ, "ਪ੍ਰਦਰਸ਼ਨ ਕਰਨ ਵਾਲੇ ਭਾਵੇਂ ਆਪਣੇ ਆਪ ਨੂੰ ਮਾਰਕਸਵਾਦੀ ਮੰਨਣ ਭਾਵੇਂ ਨਾ ਪਰ ਸਾਨੂੰ ਸੁਧਾਰ ਕਰਨ ਲਈ ਸੰਘਰਸ਼ ਕਰਨ ਦਾ ਜੋ ਵਿਰਸਾ ਮਿਲਿਆ ਹੈ ਉਹੀ ਮਾਰਕਸ ਦੀ ਅਸਲੀ ਦੇਣ ਹੈ।"

ਨੀਲਸਨ ਨੇ ਕਿਹਾ, "ਔਰਤਾਂ ਨੂੰ ਵੋਟ ਪਾਉਣ ਦਾ ਹੱਕ ਇਸ ਲਈ ਨਹੀਂ ਮਿਲਿਆ ਕਿ ਮਰਦਾਂ ਨੂੰ ਉਨ੍ਹਾਂ 'ਤੇ ਤਰਸ ਆ ਗਿਆ। ਇਹ ਇਸ ਕਰਕੇ ਮਿਲਿਆ ਹੈ ਕਿਉਂਕਿ ਉਨ੍ਹਾਂ ਨੇ ਇੱਕ-ਜੁੱਟ ਹੋ ਕੇ ਸੰਘਰਸ਼ ਕੀਤਾ। ਸਾਨੂੰ ਹਫਤੇ ਦੇ ਅੰਤ ਤੇ ਛੁੱਟੀ ਹੁੰਦੀ ਹੈ ਕਿਉਂਕਿ ਟਰੇਡ ਯੂਨੀਅਨਾਂ ਨੇ ਇਸ ਲਈ ਸੰਘਰਸ਼ ਕੀਤਾ ਹੈ।'

ਮਾਰਕਸਵਾਦ ਸਮਾਜਿਕ ਸੁਧਾਰਾਂ ਦਾ ਇੰਜਣ ਹੈ। ਬਰਤਾਨੀਆ ਦੇ ਕੰਜ਼ਰਵੇਟਿਵ ਸਿਆਸਤਦਾਨਾਂ ਨੇ 1943 ਵਿੱਚ ਮੰਨਿਆ, "ਸਾਨੂੰ (ਲੋਕਾਂ ਨੂੰ) ਸੁਧਾਰ ਦੇਣੇ ਪੈਣਗੇ ਨਹੀਂ ਤਾਂ ਉਹ ਸਾਨੂੰ ਕ੍ਰਾਂਤੀ ਦੇਣਗੇ"

5. ਉਨ੍ਹਾਂ ਤੁਹਾਨੂੰ ਚੇਤਾਵਨੀ ਦਿੱਤੀ ਕਿ ਸਿਆਸਤ ਅਤੇ ਵਪਾਰ ਦਾ ਸਮਝੌਤਾ ਨਾ ਹੋਣ ਦਿਓ ਅਤੇ ਮੀਡੀਆ 'ਤੇ ਨਜ਼ਰ ਰੱਖੋ

ਕੀ ਤੁਹਾਨੂੰ ਬੁਰਾ ਲੱਗਦਾ ਹੈ ਕਿ ਗੂਗਲ ਨੇ ਚੀਨ ਨੂੰ ਪਿਛਲੇ ਦਰਵਾਜ਼ੇ ਦੀ ਚਾਬੀ ਦੇ ਦਿੱਤੀ ਹੈ?

ਫੇਸਬੁੱਕ ਵੱਲੋਂ ਵਰਤੋਂਕਾਰਾਂ ਦਾ ਨਿੱਜੀ ਡਾਟਾ ਵੋਟਰਾਂ ਦੀ ਰਾਇ ਪ੍ਰਭਾਵਿਤ ਕਰਨ ਵਾਲੀ ਕੰਪਨੀ ਨੂੰ ਦੇਣ ਬਾਰੇ ਕਿਵੇਂ ਲੱਗਦਾ ਹੈ।

ਇਸ ਬਾਰੇ ਮਾਰਕਸ ਅਤੇ ਏਂਜਲਜ਼ ਨੇ 19ਵੀਂ ਸਦੀ ਵਿੱਚ ਹੀ ਫਿਕਰ ਜਾਹਰ ਕਰ ਦਿੱਤਾ ਸੀ

ਵਲੇਰੀਆ ਵੈਘ ਵੀਜ਼ ਜੋ ਕਿ ਬੁਇਨੋਸ ਏਰੀਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਨਿਊਯਾਰਕ ਯੂਨੀਵਰਸਿਟੀ ਵਿੱਚ ਸੀਨੀਅਰ ਰਿਸਰਚ ਫੈਲੋ ਹਨ ਮੁਤਾਬਕ, ਬੇਸ਼ੱਕ ਉਹ ਸੋਸ਼ਲ ਮੀਡੀਆ ਨਹੀਂ ਚਲਾਉਂਦੇ ਸਨ ਪਰ ਉਹ ਅਜਿਹੇ ਖਤਰਿਆਂ ਨੂੰ ਪਛਾਨਣ ਵਾਲੇ ਪਹਿਲੇ ਵਿਅਕਤੀ ਸਨ।

"ਉਨ੍ਹਾਂ ਨੇ ਕਾਰਪੋਰਟਾਂ ਅਤੇ ਸਰਕਾਰਾਂ ਦੇ ਨੈੱਟਵਰਕਾਂ ਦਾ ਅਧਿਐਨ ਆਪਣੇ ਸਮੇਂ ਤੋਂ ਪੰਦਰਵੀਂ ਸਦੀ ਤੱਕ ਪਿੱਛੇ ਤੱਕ ਕੀਤਾ।"

ਮੀਡੀਆਂ ਬਾਰੇ ਉਨ੍ਹਾਂ ਦੇ ਵਿਚਾਰ ਮਾਰਕਸ ਨੂੰ 21ਵੀਂ ਸਦੀ ਵਿੱਚ ਵੀ ਪ੍ਰਸੰਗਿਕ ਬਣਾ ਦਿੰਦੇ ਹਨ।

ਵੀਜ਼ ਮੁਤਾਬਕ,"ਮਾਰਕਸ ਨੇ ਮੀਡੀਆ ਦੀ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਨੂੰ ਸਮਝ ਲਿਆ ਸੀ। ਅੱਜ ਅਸੀਂ ਫੇਕ ਨਿਊਜ਼ ਅਤੇ ਮੀਡੀਆ ਦੇ ਫੈਲਾਏ ਡਰ ਦੀਆਂ ਗੱਲਾ ਕਰਦੇ ਹਾਂ ....ਪਰ ਮਾਰਕਸ ਨੇ ਇਹ ਪਹਿਲਾਂ ਹੀ ਸਮਝ ਲਿਆ ਸੀ।"

ਵੀਜ਼ ਮੁਤਾਬਕ,"ਉਨ੍ਹਾਂ ਨੇ ਛਪ ਰਹੀਆਂ ਖ਼ਬਰਾਂ ਦੇ ਅਧਿਐਨ ਤੋਂ ਇਹ ਨਤੀਜਾ ਕੱਢਿਆ ਕਿ ਗਰੀਬਾਂ ਦੇ ਛੋਟੇ-ਛੋਟੇ ਜੁਰਮਾਂ ਨੂੰ ਵਧਾ-ਚੜ੍ਹਾ ਕੇ ਲਿਖਿਆ ਜਾਂਦਾ ਜਦ ਕਿ ਸਿਆਸੀ ਸਕੈਂਡਲਾਂ ਨੂੰ ਉਸ ਤਰ੍ਹਾਂ ਨਹੀਂ ਸੀ ਉਭਾਰਿਆ ਜਾਂਦਾ।"

ਪ੍ਰੈਸ ਸਮਾਜ ਨੂੰ ਵੰਡਣ ਦਾ ਵੀ ਤਾਕਤਵਰ ਹਥਿਆਰ ਸੀ।

ਵੀਜ਼ ਨੇ ਕਿਹਾ, "ਇਹ ਕਹਿਣਾ ਕਿ ਆਇਰਿਸ਼ ਬਰਤਾਨਵੀ ਨਾਗਰਿਕਾਂ ਦੀਆਂ ਨੌਕਰੀਆਂ ਖੋਹ ਰਹੇ ਹਨ, ਕਾਲੇ ਲੋਕਾਂ ਨੂੰ ਗੋਰਿਆਂ ਖਿਲਾਫ਼ ਭੜਕਾਉਣਾ, ਮਰਦਾਂ ਨੂੰ ਔਰਤਾਂ ਖਿਲਾਫ਼, ਪ੍ਰਵਾਸੀਆਂ ਨੂੰ ਸਥਾਨਕ ਲੋਕਾਂ ਖਿਲਾਫ਼...ਜਦੋਂ ਲੋਕ ਇੱਕ ਦੂਜੇ ਖਿਲਾਫ਼ ਲੜ ਰਹੇ ਸਨ ਤਾਂ ਤਾਕਤਵਰ ਲੋਕਾਂ ਨੇ ਲਾਭ ਉਠਾਇਆ।"

ਇੱਕ ਹੋਰ ਗੱਲ ਮਾਰਸਵਾਦ ਪੂੰਜੀਵਾਦ ਤੋਂ ਪਹਿਲਾਂ ਦਾ ਹੈ।

ਇਹ ਭਾਵੇਂ ਅਜੀਬ ਲੱਗੇ ਪਰ ਜਦੋਂ ਲੋਕਾਂ ਨੂੰ ਪੂੰਜੀਵਾਦ ਦੀ ਸਮਝ ਆਈ ਉਸ ਤੋਂ ਪਹਿਲਾਂ ਹੀ ਮਾਰਕਸਵਾਦ ਬਾਰੇ ਪਤਾ ਸੀ।

ਵੀਜ਼ ਨੇ ਕਿਹਾ ਕਿ ਪੂੰਜੀਵਾਦ ਸ਼ਬਦ ਐਡਮ ਸਮਿੱਥ ਨੇ ਨਹੀਂ ਸੀ ਘੜਿਆ- ਜਿਸ ਨੂੰ ਅਰਥਸ਼ਾਸਤਰ ਦਾ ਪਿਤਾਮਾ ਕਿਹਾ ਜਾਂਦਾ ਹੈ। ਉਸ ਤੋਂ ਪਹਿਲਾਂ ਤਾਂ ਇਹ 1854 ਦੇ ਇੱਕ ਨਾਵਲ ਵਿੱਚ ਵਰਤਿਆ ਜਾ ਚੁੱਕਾ ਸੀ ਜਿਸ ਦੇ ਲੇਖਕ ਵੈਨਿਟੀ ਫੇਅਰ ਵਾਲੇ ਵਿਲੀਅਮ ਮੇਕਪੀਸ ਥੈਕਰੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)