You’re viewing a text-only version of this website that uses less data. View the main version of the website including all images and videos.
ਨਜ਼ਰੀਆ: ਕਿਨ੍ਹਾਂ ਗੁਣਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 5 ਵਾਰ ਸੀਐੱਮ ਬਣਾਇਆ?
- ਲੇਖਕ, ਜਗਤਾਰ ਸਿੰਘ
- ਰੋਲ, ਸੀਨੀਅਰ ਪੱਤਰਕਾਰ
ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਸਿਆਸਤ ਦੇ ਕੱਦਾਵਰ ਆਗੂਆਂ ਵਿੱਚੋਂ ਇੱਕ ਹਨ।
ਪੰਜਾਬ ਦੇ ਪੰਜ ਵਾਰ ਚੁਣੇ ਗਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮਸੂਮ ਚਿਹਰੇ 'ਤੇ ਕਈ ਵਾਰ ਕੋਈ ਹਾਓ-ਭਾਓ ਹੀ ਨਹੀਂ ਹੁੰਦੇ।
ਉਹ ਇੱਕ ਸਖ਼ਤ ਆਗੂ ਵਜੋਂ ਵੀ ਮੰਨੇ ਜਾਂਦੇ ਹਨ ਜੋ ਆਪਣੇ ਵਿਰੋਧੀਆਂ ਨੂੰ ਨਹੀਂ ਛੱਡਦੇ, ਖ਼ਾਸਕਰ ਅਕਾਲੀਆਂ ਵਿੱਚ।
ਪ੍ਰਕਾਸ਼ ਸਿੰਘ ਬਾਦਲ ਵਿੱਚ ਕਮਾਲ ਦਾ ਸਬਰ ਹੈ। ਉਹ 'ਹਮਲੇ' ਲਈ ਆਪਣੇ ਮੌਕੇ ਦਾ ਇੰਤਜ਼ਾਰ ਕਰਦੇ ਹਨ ਤੇ ਕੁਝ ਖ਼ਾਸ ਹਾਲਾਤ ਵਿੱਚ ਹੀ ਵਿਰੋਧੀਆਂ ਨਾਲ ਟਾਕਰਾ ਕਰਦੇ ਹਨ।
ਉਹ ਰੇਗਿਸਤਾਨ ਦੇ ਉੂਠ ਵਾਂਗ ਹਨ। ਉਨ੍ਹਾਂ ਦਾ ਜੱਦੀ ਇਲਾਕਾ ਵੀ ਹਰੇ ਇਨਕਲਾਬ ਤੋਂ ਪਹਿਲਾਂ ਰੇਤੀਲਾ ਸੀ ਜਿੱਥੇ ਊਠ ਆਮ ਦੇਖੇ ਜਾਂਦੇ ਸੀ।
ਕਰੀਬ 6 ਸਾਲ ਰਹੇ ਜੇਲ੍ਹ 'ਚ
ਇਸੇ ਸਾਲ 8 ਦਸੰਬਰ ਨੂੰ ਆਪਣੇ 90ਵੇਂ ਜਨਮਦਿਨ 'ਤੇ ਪ੍ਰਬੰਧਿਤ ਸਮਾਗਮ ਮੌਕੇ ਵੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਹਮਾਇਤ ਜੁਟਾਉਣ ਦਾ ਮੌਕਾ ਨਹੀਂ ਛੱਡਿਆ।
ਉਨ੍ਹਾਂ ਕਿਹਾ, "ਸਾਡੇ ਪਰਿਵਾਰ ਲਈ ਪਾਰਟੀ ਪਹਿਲਾਂ ਹੈ। ਇਸ ਵੇਲੇ ਸੁਖਬੀਰ ਬਿਆਸ ਦਰਿਆ ਨੇੜੇ ਧਰਨੇ 'ਤੇ ਬੈਠੇ ਹਨ।''
ਪ੍ਰਕਾਸ਼ ਸਿੰਘ ਬਾਦਲ ਜਦੋਂ ਜੇਲ੍ਹ ਵਿੱਚ ਸਨ ਤਾਂ ਉਸ ਵੇਲੇ ਜੰਮੂ-ਕਸ਼ਮੀਰ ਦੇ ਮੰਨੇ-ਪਰਮੰਨੇ ਆਗੂ ਫਾਰੁੱਕ ਅਬਦੁੱਲਾ ਨੇ ਉਨ੍ਹਾਂ ਦੀ ਧੀ ਪਰਨੀਤ ਕੌਰ ਲਈ 'ਕੰਨਿਆ ਦਾਨ' ਦੀ ਰਸਮ ਨਿਭਾਈ ਸੀ।
ਜੇਲ੍ਹ ਵਿੱਚ ਵਕਤ ਗੁਜ਼ਾਰਨ ਕਰਕੇ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਅਫਰੀਕੀ ਆਗੂ ਨੈਲਸਨ ਮੈਨਡੇਲਾ ਨਾਲ ਕੀਤੀ ਜਾਂਦੀ ਹੈ।
ਕਈ ਵਾਰ ਇਹ ਦਾਅਵਾ ਕੀਤਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ 16 ਸਾਲ ਜੇਲ੍ਹ ਵਿੱਚ ਰਹੇ ਹਨ ਪਰ ਰਿਕਾਰਡ ਇਸ ਦਾਅਵੇ ਦੀ ਤਸਦੀਕ ਨਹੀਂ ਕਰਦੇ ਹਨ।
ਆਰਟੀਆਈ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਜੇਲ੍ਹ ਵਿੱਚ ਰਹਿਣ ਦਾ ਵਕਤ ਕੁਲ ਮਿਲਾ ਕੇ 6 ਸਾਲ ਬਣਦਾ ਹੈ।
ਇਸਦੇ ਨਾਲ ਹੀ ਉਹ ਐਮਰਜੈਂਸੀ ਵੇਲੇ 19 ਮਹੀਨੇ ਤੇ ਉਸ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਵੇਲੇ ਜੇਲ੍ਹ ਵਿੱਚ ਰਹੇ।
'ਸੱਤਾ ਨਾਲ ਕਿਸਮਤ ਵੀ ਚਮਕੀ'
ਕਾਗਜ਼ੀ ਤੌਰ 'ਤੇ ਉਨ੍ਹਾਂ ਦੀ ਉਮਰ 90 ਸਾਲ ਹੋ ਗਈ ਹੈ ਪਰ ਉਨ੍ਹਾਂ ਨੂੰ ਆਪਣੀ ਉਮਰ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਕਿਉਂਕਿ ਉਸ ਵੇਲੇ ਪਿੰਡਾਂ ਵਿੱਚ ਕਿਸੇ ਤਰੀਕੇ ਦੇ ਰਿਕਾਰਡ ਨਹੀਂ ਸਾਂਭੇ ਜਾਂਦੇ ਸੀ।
ਪ੍ਰਕਾਸ਼ ਸਿੰਘ ਬਾਦਲ ਦਾ ਜਿਸ ਤਰ੍ਹਾਂ ਦਾ ਪ੍ਰਭਾਵ ਮੰਨਿਆ ਜਾਂਦਾ ਹੈ ਉਸ ਤੋਂ ਉਲਟ ਉਹ ਮਾਲਵਾ ਦੇ ਕਿਸੇ ਅਮੀਰ ਜ਼ਿੰਮੀਦਾਰ ਪਰਿਵਾਰ ਤੋਂ ਨਹੀਂ ਸਨ। ਉਹ ਇੱਕ ਮੱਧ ਵਰਗੀ ਜ਼ਿੰਮੀਦਾਰ ਪਰਿਵਾਰ ਤੋਂ ਸਨ।
ਸੱਤਾ ਦੇ ਵੱਧਦੇ ਅਨੁਪਾਤ ਵਿੱਚ ਬਾਦਲ ਪਰਿਵਾਰ ਦੀ ਕਿਸਮਤ ਵੀ ਕਈ ਗੁਣਾ ਚਮਕਦੀ ਗਈ।
ਬੀਤੇ ਪੰਜ ਦਹਾਕਿਆਂ ਵਿੱਚ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਅਜਿਹੇ ਇੱਕਲੇ ਆਗੂ ਹੋਣਗੇ ਜਿੰਨ੍ਹਾਂ ਨੂੰ ਅਨੁਪਚਾਰਿਕ ਗੱਲਬਾਤ ਲਈ ਨਹੀਂ ਜਾਣਿਆ ਜਾਂਦਾ ਸੀ।
ਉਨ੍ਹਾਂ ਨੇ ਆਪਣੇ ਕਿਸੇ ਸਹਿਯੋਗੀ, ਨੌਜਵਾਨ ਸਿਆਸਤਦਾਨ ਜਾਂ ਪੱਤਰਕਾਰ ਨੂੰ ਨਾਂ ਲੈ ਕੇ ਸੰਬੋਧਨ ਨਹੀਂ ਕੀਤਾ।
ਉਨ੍ਹਾਂ ਦੇ ਸਮਕਾਲੀ ਤੇ 27 ਸਾਲਾਂ ਤੱਕ ਐੱਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ 'ਤੇ ਰਹੇ ਜੱਥੇਦਾਰ ਗੁਰਚਰਨ ਸਿੰਘ ਟੋਹੜਾ ਉਨ੍ਹਾਂ ਤੋਂ ਉਲਟ ਸਨ।
ਉਹ ਕਈ ਵਾਰ ਅਨੁਪਚਾਰਿਕ ਤੌਰ 'ਤੇ ਆਪਣੇ ਨਿੱਜੀ ਜਜ਼ਬਾਤ ਵੀ ਸਾਂਝੇ ਕਰਦੇ ਸੀ।
ਲੋਕਾਂ ਨਾਲ ਜੁੜਨ ਦੇ ਮਹਾਰਥੀ
ਲੋਕਾਂ ਨਾਲ ਜੁੜਨ ਦੀ ਕਲਾ ਵਿੱਚ ਪ੍ਰਕਾਸ਼ ਬਾਦਲ ਨੂੰ ਮਹਾਰਥ ਹਾਸਿਲ ਹੈ। ਇਸ ਮੁਤੱਲਕ ਉਨ੍ਹਾਂ ਨੇ ਖੁਦ ਇੱਕ ਘਟਨਾ ਬਾਰੇ ਦੱਸਿਆ।
1997 ਵਿੱਚ ਪੰਜਾਬ ਵਿੱਚ ਲੰਬੇ ਹਿੰਸਾ ਦੇ ਦੌਰ ਤੋਂ ਬਾਅਦ ਉਨ੍ਹਾਂ ਨੇ ਤੀਜੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।
ਗਿੱਦੜਬਾਹਾ ਤੋਂ ਸੀਟ ਛੱਡ ਕੇ ਬਾਦਲ ਨੇ 1997 ਵਿੱਚ ਲੰਬੀ ਤੋਂ ਚੋਣ ਜਿੱਤੀ। ਗਿੱਦੜਬਾਹਾ ਤੋਂ ਉਨ੍ਹਾਂ ਦੇ ਭਤੀਜੇ ਮਨਪ੍ਰੀਤ ਬਾਦਲ ਨੇ ਦੂਜੀ ਵਾਰ ਚੋਣ ਜਿੱਤੀ ਸੀ।
ਉਸ ਵੇਲੇ ਮੁੱਖ ਮੰਤਰੀ ਦੇ ਘਰ ਵਿੱਚ ਜਾਣ ਲਈ ਕੋਈ ਖ਼ਾਸ ਪਾਬੰਦੀਆਂ ਨਹੀਂ ਹੁੰਦੀਆਂ ਸੀ। ਖਾਸਕਰ ਉਨ੍ਹਾਂ ਲੋਕਾਂ ਲਈ ਜੋ ਉਨ੍ਹਾਂ ਦੇ ਆਪਣੇ ਇਲਾਕੇ ਤੋਂ ਹੁੰਦੇ ਸੀ।
ਸਵੇਰੇ 8 ਵਜੇ ਉਹ ਲੋਕਾਂ ਨੂੰ ਮਿਲਣ ਲਈ ਤਿਆਰ ਹੋ ਜਾਂਦੇ ਹਨ। ਤਕਰੀਬਨ 100 ਲੋਕ ਉਨ੍ਹਾਂ ਨੂੰ ਮਿਲਣ ਆਏ ਹੁੰਦੇ ਹਨ।
ਬਾਦਲ ਜਲਦੀ ਉੱਠਣ ਵਾਲਿਆਂ ਵਿੱਚੋਂ ਹਨ। ਬਾਕੀ ਸਿਆਸਤਦਾਨਾਂ ਤੋਂ ਉਲਟ ਉਹ ਵਕਤ ਦੇ ਪਾਬੰਦ ਹਨ।
ਉਨ੍ਹਾਂ ਤੋਂ ਇੱਕ ਵਾਰ ਪੁੱਛਿਆ ਗਿਆ ਕਿ ਆਖਰ ਕਿਉਂ ਉਹ ਉਨ੍ਹਾਂ ਲੋਕਾਂ ਨੂੰ ਵੀ ਮਿਲਦੇ ਹਨ ਜਿੰਨ੍ਹਾਂ ਦੀਆਂ ਸਮੱਸਿਆਵਾਂ ਤਹਿਸੀਲ ਪੱਧਰ 'ਤੇ ਵੀ ਹੱਲ ਹੋ ਸਕਦੀਆਂ ਹਨ।
ਇਸਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, "ਜ਼ਿਆਦਾਤਰ ਲੋਕ ਮੇਰੇ ਇਲਾਕੇ ਤੋਂ ਹਨ ਅਤੇ ਮੈਨੂੰ ਨਿੱਜੀ ਤੌਰ 'ਤੇ ਜਾਣਦੇ ਹਨ। ਉਹ ਆਪਣੇ ਕੰਮ ਕਰਾਉਣ ਲਈ ਘੱਟ, ਮੈਨੂੰ ਮਿਲਣ ਤੇ ਮੇਰੇ ਨਾਲ ਚਾਹ ਦਾ ਕੱਪ ਪੀਣ ਲਈ ਜ਼ਿਆਦਾ ਆਉਂਦੇ ਹਨ।''
ਉਹ ਕਿਸੇ ਨੂੰ ਉਨ੍ਹਾਂ ਦੇ ਨਾਂ ਨਾਲ ਨਹੀਂ ਬੁਲਾਉਂਦੇ ਸੀ ਭਾਵੇਂ ਉਹ ਜ਼ਿਆਦਾਤਰ ਲੋਕਾਂ ਦੇ ਨਾਂ ਜਾਣਦੇ ਸੀ।
ਜਦੋਂ ਬਾਦਲ ਪੰਜਾਬ ਦੀ ਸਿਆਸਤ ਦੇ ਹਾਸ਼ੀਏ 'ਤੇ ਚਲੇ ਗਏ
ਆਪਣੇ ਸਿਆਸੀ ਸਫ਼ਰ ਦੇ ਇੱਕ ਪੜਾਅ ਵਿੱਚ ਖਾਸਕਰ 1989 ਦੀਆਂ ਲੋਕਸਭਾ ਚੋਣਾਂ ਤੋਂ ਬਾਅਦ ਬਾਦਲ ਦਾ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਮਹੱਤਵ ਕਾਫ਼ੀ ਘੱਟ ਗਿਆ ਅਤੇ ਉਹ ਤਕਰੀਬਨ ਗੁਮਨਾਮੀ ਵਿੱਚ ਚਲੇ ਗਏ।
ਉਨ੍ਹਾਂ ਨੂੰ ਟਾਵਾਂ-ਟਾਵਾਂ ਹੀ ਕੋਈ ਅਕਾਲੀ ਆਗੂ ਮਿਲਣ ਆਉਂਦਾ ਸੀ। ਉਹ ਕਦੇ-ਕਦੇ ਲੋਕਾਂ ਨੂੰ ਆਪਣੀ ਚੰਡੀਗੜ੍ਹ ਦੇ ਸੈਕਟਰ-9 ਦੀ ਰਿਹਾਇਸ਼ 'ਤੇ ਮਿਲਦੇ ਸੀ।
ਉਨ੍ਹਾਂ ਦੇ ਕਮਰੇ ਵਿੱਚ ਇੱਕ ਬੈੱਡ ਤੋਂ ਇਲਾਵਾ ਕੁਝ ਫੋਲਡਿੰਗ ਕੁਰਸੀਆਂ ਹੁੰਦੀਆਂ ਸੀ। ਉੱਥੇ ਹੀ ਬੈਠ ਕੇ ਉਨ੍ਹਾਂ ਨੇ ਆਪਣੇ ਵਕਤ ਦਾ ਇੰਤਜ਼ਾਰ ਕੀਤਾ।
1995 ਵਿੱਚ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਪੂਰੀ ਤਾਕਤ ਨਾਲ ਵਾਪਸੀ ਕੀਤੀ। ਉਸ ਵੇਲੇ ਉਨ੍ਹਾਂ ਦੀ ਪੀੜ੍ਹੀ ਦੇ ਉਹ ਇੱਕਲੇ ਜ਼ਿੰਦਾ ਆਗੂ ਸੀ।
ਸੀਐੱਮ ਦੀ ਕੁਰਸੀ ਪੁੱਤਰ ਵਾਸਤੇ ਨਹੀਂ ਛੱਡੀ
ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਵਾਸਤੇ ਵੀ ਸੀਐੱਮ ਦੀ ਕੁਰਸੀ ਨਹੀਂ ਛੱਡੀ ਸੀ ਜਿਸ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਆਪਣੇ ਦਿਲ ਨੂੰ ਸਮਝਾ ਲਿਆ।
ਫਰਵਰੀ 2017 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਵਜੋਂ ਆਪਣਾ 5ਵਾਂ ਕਾਰਜਕਾਲ ਪੂਰਾ ਕਰ ਸੂਬੇ ਵਿੱਚ ਰਿਕਾਰਡ ਬਣਾਇਆ।
ਕਾਂਗਰਸ ਦੀ ਟਿਕਟ 'ਤੇ ਚੋਣ ਲੜੀ
1970 ਵਿੱਚ ਉਹ ਪਹਿਲੀ ਵਾਰ ਮੁੱਖ ਮੰਤਰੀ ਬਣੇ। ਉਸ ਵਕਤ ਉਹ ਦੇਸ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਸੀ।
ਇਸ ਬਾਰੇ ਲੋਕ ਘੱਟ ਜਾਣਦੇ ਹਨ ਕਿ ਵਿਧਾਇਕ ਚੁਣੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਐੱਸਜੀਪੀਸੀ ਵਿੱਚ ਤਜੁਰਬਾ ਕਰਕੇ ਦੇਖਿਆ।
ਉਹ 16 ਸਿਤੰਬਰ 1955 ਵਿੱਚ ਐੱਸਜੀਪੀਸੀ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਵਜੋਂ ਚੁਣੇ ਗਏ।
ਉਸ ਵੇਲੇ ਐੱਸਜੀਪੀਸੀ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਸੀ। ਇੱਥੇ ਦੱਸਣਾ ਜ਼ਰੂਰੀ ਹੈ ਕਿ ਸਿੱਖ ਗੁਰਦੁਆਰਾ ਐਕਟ ਮੁਤਾਬਕ ਨਵੀਂ ਚੋਣ ਵੇਲੇ ਕੁਝ ਮੈਂਬਰ ਨਾਮਜ਼ਦ ਕੀਤੇ ਜਾਣਦੇ ਹਨ।
ਉਸ ਤੋਂ ਬਾਅਦ ਉਹ 1957 ਵਿੱਚ ਕਾਂਗਰਸ ਦੀ ਟਿਕਟ 'ਤੇ ਵਿਧਾਇਕ ਬਣੇ।
ਅਕਾਲੀ ਦਲ ਨੇ ਖੁਦ ਨੂੰ ਸਿਆਸੀ ਗਤੀਵਿਧੀਆਂ ਤੋਂ ਪਰੇ ਕਰ ਲਿਆ ਤੇ ਸਿਰਫ਼ ਧਾਰਮਿਕ ਪੱਧਰ ਤੱਕ ਹੀ ਖੁਦ ਨੂੰ ਸੀਮਿਤ ਰੱਖਿਆ। ਇਸ ਕਰਕੇ ਅਕਾਲੀ ਦਲ ਦੇ ਆਗੂ ਕਾਂਗਰਸ ਦੀ ਟਿਕਟ ਤੇ ਚੋਣਾਂ ਲੜੇ।
1962 ਵਿੱਚ ਹਰਚਰਨ ਸਿੰਘ ਬਰਾੜ ਨੇ ਪ੍ਰਕਾਸ਼ ਬਾਦਲ ਨੂੰ ਵਿਧਾਨਸਭਾ ਚੋਣਾਂ ਵਿੱਚ ਹਰਾਇਆ। ਉਸ ਵੇਲੇ ਹਰਚਰਨ ਸਿੰਘ ਬਰਾੜ ਨੇ ਪ੍ਰਕਾਸ਼ ਬਾਦਲ ਨੂੰ ਇੱਕ ਦੂਜੇ ਦੇ ਖਿਲਾਫ਼ ਚੋਣ ਨਾ ਲੜਨ ਦੀ ਸਲਾਹ ਵੀ ਦਿੱਤੀ ਸੀ।
ਹਰਚਰਨ ਸਿੰਘ ਬਰਾੜ ਮੁਕਤਸਰ ਇਲਾਕੇ ਦੇ ਇੱਕ ਵੱਡੇ ਤੇ ਅਮੀਰ ਜ਼ਿੰਮੀਦਾਰ ਪਰਿਵਾਰ ਤੋਂ ਸਨ। ਇਸ ਇਲਾਕੇ ਵਿੱਚ ਚੋਣਾਂ ਵਿੱਚ ਸਭ ਤੋਂ ਪਹਿਲਾਂ ਪੈਸੇ ਦਾ ਇਸਤੇਮਾਲ ਵੱਡੇ ਪੱਧਰ 'ਤੇ ਹੋਇਆ।
ਪੰਜਾਬ ਦੀਆਂ ਚੋਣਾਂ ਵਿੱਚ ਪੈਸੇ ਦੇ ਇਸਤੇਮਾਲ ਦੀ ਸ਼ੁਰੂਆਤ ਬਾਦਲ ਦੇ ਦੌਰ 'ਚ ਹੋਈ ਸਿਰ ਜਾਂਦਾ ਹੈ।
ਕਈ ਰਿਕਾਰਡ, ਨਕਸਲੀ ਮੁਕਾਬਲੇ ਵੀ
ਬਾਦਲ ਦਾ ਇੱਕ ਹੋਰ ਰਿਕਾਰਡ ਵੀ ਹੈ। ਉਹ ਹੈ ਆਪਣੇ ਪਹਿਲੇ ਮੁੱਖ ਮੰਤਰੀ ਦੇ ਕਾਰਜਕਾਲ ਵੇਲੇ ਨਕਸਲੀ ਕਾਰਕੁੰਨਾਂ ਦੇ ਫਰਜ਼ੀ ਮੁਕਾਬਲੇ।
ਬਾਅਦ ਵਿੱਚ ਅਕਾਲੀ ਸਰਕਾਰ ਕਾਂਗਰਸ ਦੇ ਬਾਹਰੀ ਸਮਰਥਨ ਨਾਲ ਚੱਲਦੀ ਰਹੀ। ਉਨ੍ਹਾਂ ਫਰਜ਼ੀ ਮੁਕਾਬਲਿਆਂ ਵਿੱਚ ਮਾਰੇ ਗਏ ਲੋਕਾਂ ਵਿੱਚ 84 ਸਾਲਾ ਗਦਰ ਪਾਰਟੀ ਆਗੂ ਬਾਬਾ ਬੂਝਾ ਸਿੰਘ ਵੀ ਸਨ।
2016 ਵਿੱਚ ਇੱਕ ਪ੍ਰੈੱਸ ਮਿਲਣੀ ਦੌਰਾਨ ਉਨ੍ਹਾਂ ਤੋਂ ਮੁੱਖ ਮੰਤਰੀ ਵਜੋਂ 5 ਸਾਲ ਦੇ ਕਾਰਜਕਾਲ ਦੀਆਂ 2 ਵੱਡੀਆਂ ਉਪਲਬਧੀਆਂ ਬਾਰੇ ਪੁੱਛਿਆ ਗਿਆ।
ਉਨ੍ਹਾਂ ਨੇ ਪਹਿਲੀ ਤਾਂ ਸਾਂਤੀ ਤੇ ਭਾਈਚਾਰਕ ਸਾਂਝ ਨੂੰ ਉਪਲਬਧੀ ਦੇ ਤੌਰ 'ਤੇ ਗਿਣਵਾਇਆ। ਦੂਜੀ ਉਪਲਬਧੀ ਬਾਰੇ ਉਹ ਨਹੀਂ ਦੱਸ ਸਕੇ।
ਕੁਝ ਲੋਕ ਹੁੰਦੇ ਹਨ ਜੋ ਰਿਕਾਰਡ ਬਣਾਉਂਦੇ ਹਨ ਪਰ ਕੁਝ ਗੁਰਚਰਨ ਸਿੰਘ ਟੋਹੜਾ ਵਰਗੇ ਹੁੰਦੇ ਹਨ ਜੋ ਇਤਿਹਾਸ ਰਚਦੇ ਹਨ। ਬਾਦਲ ਨੂੰ 5 ਵਾਰ ਮੁੱਖ ਮੰਤਰੀ ਬਣਨ ਵਜੋਂ ਜਾਣਿਆ ਜਾਵੇਗਾ।