You’re viewing a text-only version of this website that uses less data. View the main version of the website including all images and videos.
ਨਜ਼ਰੀਆ-ਸ਼੍ਰੋਮਣੀ ਕਮੇਟੀ: ਤਨਖ਼ਾਹੀਆ ਕਰਾਰ ਦਿੱਤਾ ਲੌਂਗੋਵਾਲ ਪ੍ਰਧਾਨਗੀ ਲਈ ਪਸੰਦ ਕਿਉਂ ਬਣਿਆ?
- ਲੇਖਕ, ਜਗਤਾਰ ਸਿੰਘ
- ਰੋਲ, ਸੀਨੀਅਰ ਪੱਤਰਕਾਰ
15 ਨਵੰਬਰ, 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਿੱਖਾਂ ਦੇ ਨੁਮਾਇੰਦਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ। ਫਿਰ 14 ਦਸੰਬਰ, 1920 ਨੂੰ ਇਸੇ ਸੰਸਥਾ ਨੇ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ।
ਇਹ ਤੈਅ ਹੋਇਆ ਕਿ ਸ਼੍ਰੋਮਣੀ ਕਮੇਟੀ ਪੰਥਕ ਸਿਆਸਤ ਨਾਲ ਜੁੜੇ ਮਸਲੇ ਦੇਖੇਗੀ ਜਦਕਿ ਅਕਾਲੀ ਦਲ ਸਿਆਸੀ ਸਫ਼ਾਂ ਤੱਕ ਮਹਿਦੂਦ ਰਹੇਗਾ।
ਹਾਲਾਂਕਿ ਵੀਰਵਾਰ 29 ਨਵੰਬਰ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੀ ਹੋਈ ਚੋਣ ਇਸ ਦੀ ਗਵਾਹੀ ਦਿੰਦੀ ਹੈ ਕਿ ਹੁਣ ਅਜਿਹਾ ਬਿਲਕੁੱਲ ਨਹੀਂ ਹੈ।
ਇਹ ਵੀ ਸਪੱਸ਼ਟ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਿੱਖਾਂ ਦੀ ਸਰਬਉੱਚ ਸੰਸਥਾ ਦੇ ਅਸਿੱਧੇ ਤੌਰ 'ਤੇ ਮੁਖੀ ਹਨ।
ਨਵੀਂ 15 ਮੈਂਬਰੀ ਕਮੇਟੀ ਦੀ ਅਗਵਾਈ ਕਰਤਾ ਲੌਂਗੋਵਾਲ ਤਿੰਨ ਵਾਰ ਦੇ ਵਿਧਾਇਕ ਰਹੇ ਹਨ, ਪਰ ਉਹ ਕਮਜ਼ੋਰ ਹਨ ਕਿਉਂਕਿ ਗੋਬਿੰਦ ਸਿੰਘ ਲੌਂਗੋਵਾਲ ਦਾ ਸਿਆਸੀ ਕੱਦ ਬਹੁਤ ਛੋਟਾ ਹੈ।
ਲੌਂਗੋਵਾਲ ਡੇਰਾ ਸੱਚਾ ਸੌਦਾ ਤੋਂ ਸਮਰਥਨ ਮੰਗਣ ਦੇ ਮਸਲੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਵੀ ਕਰਾਰ ਦਿੱਤੇ ਜਾ ਚੁੱਕੇ ਹਨ ।
ਇਹ ਗੱਲ ਅਲੱਗ ਹੈ ਕਿ ਉਨ੍ਹਾਂ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਧਾਰਮਿਕ ਸਜ਼ਾ ਭੁਗਤ ਲਈ ਸੀ ਅਤੇ ਇਸ ਕਾਰਨ ਉਨ੍ਹਾਂ ਦੇ ਪ੍ਰਧਾਨ ਬਣਨ ਦੇ ਰਾਹ ਵਿੱਚ ਕੋਈ ਤਕਨੀਕੀ ਅੜਚਣ ਨਹੀਂ ਸੀ।
ਲੌਂਗੋਵਾਲ ਕੌਣ ਹਨ?
ਗੋਬਿੰਦ ਸਿੰਘ ਲੌਂਗੋਵਾਲ ਅਕਾਲੀ ਦਲ ਦੇ ਪ੍ਰਧਾਨ ਰਹਿ ਚੁੱਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਹਾਇਕ ਰਹੇ ਹਨ। ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ 20 ਅਗਸਤ, 1985 ਨੂੰ ਸਿੱਖ ਕੱਟੜਪੰਥੀਆਂ ਨੇ ਕਤਲ ਕਰ ਦਿੱਤਾ ਸੀ।
ਗੋਬਿੰਦ ਲੌਂਗੋਵਾਲ ਗੁਰਦੁਆਰਾ ਕੈਂਬੋਵਾਲ ਦੇ ਮੈਨੇਜਰ ਰਹੇ ਹਨ। ਇਹ ਸੰਗਰੂਰ ਦਾ ਉਹ ਗੁਰਦੁਆਰਾ ਹੈ ਜਿਸ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਪਹਿਲਾਂ ਹੈੱਡਕਵਾਟਰ ਵਜੋਂ ਇਸਤੇਮਾਲ ਕੀਤਾ ਸੀ।
ਹਾਲਾਂਕਿ ਸੰਗਰੂਰ ਵਿੱਚ ਅਕਾਲੀ ਦਲ ਦੇ ਸਿਰਕੱਢ ਆਗੂਆਂ ਸੁਰਜੀਤ ਸਿੰਘ ਬਰਨਾਲਾ ਤੇ ਸੁਖਦੇਵ ਸਿੰਘ ਢੀਂਡਸਾ ਦਾ ਦਬਦਬਾ ਰਿਹਾ ਹੈ, ਗੋਬਿੰਦ ਸਿੰਘ ਲੌਂਗੋਵਾਲ ਤਾਂ ਮਹਿਜ਼ ਸਹਾਇਕ ਭੂਮਿਕਾ ਵਿੱਚ ਹੀ ਰਹੇ ਹਨ।
ਅਕਾਲ ਤਖ਼ਤ ਵੱਲੋਂ ਤਨਖਾਹੀਆ ਕਰਾਰ
ਗੋਬਿੰਦ ਸਿੰਘ ਲੌਂਗੋਵਾਲ ਉਨ੍ਹਾਂ 39 ਆਗੂਆਂ ਵਿੱਚ ਸ਼ੁਮਾਰ ਸਨ ਜਿੰਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ ਮੁਖੀ ਨਾਲ ਮੁਲਾਕਾਤ ਕਰਨ ਦੇ ਦੋਸ਼ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹ ਲਾਈ ਗਈ ਸੀ।
ਚੋਣਾਂ ਫਰਵਰੀ 2017 ਨੂੰ ਹੋਈਆਂ ਸਨ ਤੇ ਇੰਨ੍ਹਾਂ ਆਗੂਆਂ ਨੂੰ 17 ਅਪ੍ਰੈਲ, 2017 ਨੂੰ ਤਨਖ਼ਾਹ ਲਾਈ ਗਈ ਸੀ।
ਡੇਰੇ ਦਾ ਸਿੱਖਾਂ ਨਾਲ ਵਿਵਾਦ 2007 ਵਿੱਚ ਉਦੋਂ ਹੋਇਆ ਸੀ ਜਦੋਂ ਇਸ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਰ੍ਹਾਂ ਪੋਸ਼ਾਕ ਜਨਤਕ ਤੌਰ 'ਤੇ ਪਾਈ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਹੋਏ ਕਿ ਸਿੱਖ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਜਿਕ ਸਬੰਧ ਰਾਮ ਰਹੀਮ ਨਾਲ ਨਾ ਰੱਖਣ। ਹੁਣ ਬਲਾਤਕਾਰ ਦੇ ਮਾਮਲੇ ਵਿੱਚ ਰਾਮ ਰਹੀਮ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਹਨ।
ਇਹ ਕਹਿਣਾ ਠੀਕ ਹੈ ਕਿ ਸ਼੍ਰੋਮਣੀ ਕਮੇਟੀ ਦਾ ਮਿਆਰ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ।
ਸ਼੍ਰੋਮਣੀ ਕਮੇਟੀ ਨੂੰ ਕਾਨੂੰਨੀ ਦਰਜਾ
ਸ਼੍ਰੋਮਣੀ ਕਮੇਟੀ ਦਾ ਗਠਨ ਸਿੱਖ ਰੈਜੀਮੈਂਟ ਸਣੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਕਈ ਸੰਸਥਾਵਾਂ ਵੱਲੋਂ ਕੀਤਾ ਗਿਆ ਸੀ।
ਇਸ ਨੂੰ ਕਾਨੂੰਨੀ ਦਰਜਾ ਸਿੱਖ ਗੁਰਦੁਆਰਾ ਐਕਟ, 1925 ਬਣਨ ਤੋਂ ਬਾਅਦ ਮਿਲਿਆ।
ਅਕਾਲੀ ਦਲ ਦਾ ਗਠਨ ਇੱਕ ਫੋਰਸ ਵਜੋਂ ਐੱਸਜੀਪੀਸੀ ਵੱਲੋਂ ਹੋਇਆ ਸੀ।
ਔਰਤਾਂ ਨੂੰ ਵੋਟਿੰਗ ਦਾ ਅਧਿਕਾਰ
ਸਿੱਖ ਗੁਰਦੁਆਰਾ ਐਕਟ, 1925 ਦੇ ਤਹਿਤ ਸਿੱਖ ਔਰਤਾਂ ਨੂੰ ਵੋਟਿੰਗ ਦਾ ਅਧਿਕਾਰ ਦਿੱਤਾ ਗਿਆ। ਮਰਦਾਂ ਬਰਾਬਰ ਹੀ ਉਨ੍ਹਾਂ ਨੂੰ 21 ਸਾਲ ਦੀ ਉਮਰ ਹੋਣ ਤੇ ਹੋਰ ਸ਼ਰਤਾਂ ਪੂਰੀਆਂ ਕਰਨ 'ਤੇ ਵੋਟ ਕਰਨ ਦਾ ਅਧਿਕਾਰ ਮਿਲਿਆ।
ਇਹ ਉੱਤਰੀ ਭਾਰਤ ਵਿੱਚ ਮਹਿਲਾ ਸਸ਼ਕਤੀਕਰਨ ਵੱਲ ਇੱਕ ਵੱਡਾ ਕਦਮ ਸੀ।
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਦਾ ਵਿਰੋਧ ਕੀਤਾ
ਭਾਰਤ ਵਿੱਚ ਸਿਰਫ਼ ਸ਼੍ਰੋਮਣੀ ਕਮੇਟੀ ਹੀ ਅਜਿਹੀ ਸੰਸਥਾ ਸੀ, ਜਿਸ ਨੇ ਪਾਕਿਸਤਾਨ ਦੀ ਮੰਗ ਕਰਨ ਵਾਲੇ ਮੁਸਲਿਮ ਲੀਗ ਦੇ ਲਾਹੌਰ ਮਤੇ ਦਾ ਵਿਰੋਧ ਕੀਤਾ।
3 ਅਪ੍ਰੈਲ, 1940 ਦੇ ਮਤੇ 'ਚ ਲਿਖਿਆ ਸੀ, "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿੰਦੋਸਤਾਨ ਦੀ ਵੰਡ ਮੁਸਲਮਾਨ ਤੇ ਹਿੰਦੂ ਖੇਤਰਾਂ ਮੁਤਾਬਕ ਕਰਨ ਦੀ ਮੁਸਲਿਮ ਲੀਗ ਦੀ ਮੰਗ ਦਾ ਵਿਰੋਧ ਕਰਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੰਨਣਾ ਹੈ ਕਿ ਜੇ ਪੰਜਾਬ ਵਿੱਚ ਮੁਸਲਮਾਨ ਮੁਸਲਿਮ ਲੀਗ ਦਾ ਸਾਥ ਨਹੀਂ ਛੱਡਦੇ ਤਾਂ ਅਸੰਬਲੀ ਵਿੱਚ ਸਿੱਖ ਮੈਂਬਰਾਂ ਨੂੰ ਮੰਤਰਾਲੇ ਤੋਂ ਵੱਖ ਕਰ ਲੈਣਾ ਚਾਹੀਦਾ ਹੈ।"
ਇਹੀ ਸੰਸਥਾ ਹੈ ਜੋ ਕਈ ਔਖੇ ਵੇਲਿਆਂ 'ਤੇ ਧਾਰਮਿਕ-ਸਿਆਸੀ ਮਸਲੇ ਹੱਲ ਕਰਦੀ ਆਈ ਹੈ। ਬਲਕਿ ਉਹ ਸੰਸਥਾ ਨਹੀਂ ਹੈ ਜੋ ਸਿਰਫ਼ ਅਕਾਲੀ ਦਲ ਦੀ ਹਾਜ਼ਰ-ਨਾਜ਼ਰ ਬਣ ਕੇ ਰਹਿ ਗਈ ਹੈ।
ਪਤਨ ਕਿਵੇਂ ਸ਼ੁਰੂ ਹੋਇਆ?
ਇਹ ਗਿਰਾਵਟ ਅਕਾਲੀ ਜਥੇਦਾਰ ਗੁਰਚਨ ਸਿੰਘ ਟੌਹੜਾ ਦੇ ਦੇਹਾਂਤ ਤੋਂ ਬਾਅਦ ਸ਼ੁਰੂ ਹੋਇਆ। ਟੌਹੜਾ 27 ਸਾਲ ਤੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ 2004 ਤੋਂ ਹਰ ਸਾਲ ਹੀ ਬਦਲ ਰਹੇ ਹਨ। ਬੱਸ ਅਵਤਾਰ ਸਿੰਘ ਮੱਕੜ ਸੁਪਰੀਮ ਕੋਰਟ ਦੇ ਸਟੇਅ ਕਰਕੇ ਲੰਬੇ ਸਮੇਂ ਤੱਕ ਪ੍ਰਧਾਨ ਬਣੇ ਰਹੇ।
ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਅਤੇ ਹੋਰਨਾਂ ਮੈਂਬਰਾਂ ਦਾ ਨਾਂ ਤੈਅ ਕਰਦੇ ਸਨ ਅਤੇ ਹੁਣ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਇਹ ਭੂਮਿਕਾ ਨਿਭਾਉਣਗੇ।
ਸੁਖਬੀਰ ਦੇ ਸਹਾਇਕ ਰਘੁਜੀਤ ਸਿੰਘ ਵਿਰਕ ਸੀਨੀਅਰ ਉਪ-ਪ੍ਰਧਾਨ ਬਣਾਏ ਗਏ ਹਨ। ਉਹ ਇਹ ਅਹੁਦਾ ਪਹਿਲਾਂ ਵੀ ਸੰਭਾਲ ਚੁੱਕੇ ਹਨ ਪਰ ਹਰਿਆਣਾ ਦੇ ਅਕਾਲੀ ਆਗੂਆਂ ਵੱਲੋਂ ਵਿਰੋਧ ਕਰਨ 'ਤੇ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ।
ਵਿਰੋਧੀ ਧਿਰ ਨੇ ਹਰਿਆਣਾ ਵਿੱਚ ਇੱਕ ਵੱਖਰੀ ਗੁਰਦੁਆਰਾ ਕਮੇਟੀ ਦੇ ਗਠਨ ਦੀ ਮੰਗ ਕੀਤੀ ਸੀ।
ਢੀਂਡਸਾ ਬਰਾਬਰ ਅਹੁਦੇਦਾਰ
ਸੂਤਰਾਂ ਮਤਾਬਕ ਸੁਖਬੀਰ ਬਾਦਲ ਨੇ ਇਹ ਤੈਅ ਕੀਤਾ ਹੈ ਕਿ ਸੰਗਰੂਰ ਵਿੱਚ 'ਸ਼ਕਤੀ ਦਾ ਕੇਂਦਰੀਕਰਨ' ਲੌਂਗੋਵਾਲ 'ਤੇ ਕਰਕੇ ਸੀਨੀਅਰ ਪਾਰਟੀ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੇ ਬਰਾਬਰ ਇੱਕ ਧਿਰ ਖੜ੍ਹੀ ਕੀਤੀ ਜਾਵੇ।
ਢੀਂਡਸਾ ਹੀ ਸਨ ਜਿੰਨ੍ਹਾਂ ਨੇ ਚੋਣਾਂ ਤੋਂ ਬਾਅਦ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਅਕਾਲੀ ਦਲ ਦੀ ਹਾਰ ਲਈ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਰਣਜੀਤ ਸਿੰਘ ਬ੍ਰਹਮਪੁਰਾ ਸਣੇ ਦੋ ਹੋਰਨਾਂ ਆਗੂਆਂ ਨੇ ਉਨ੍ਹਾਂ ਦਾ ਸਰਥਨ ਕੀਤਾ ਸੀ।
ਸਿਆਸੀ ਦਬਾਅ ਤੋਂ ਇਲਾਵਾ ਅਕਾਲੀ ਦਲ 'ਤੇ ਡੇਰਿਆਂ ਦਾ ਦਬਾਅ ਵੀ ਰਿਹਾ ਹੈ, ਜੋ ਲਗਾਤਾਰ ਸ਼੍ਰੋਮਣੀ ਕਮੇਟੀ ਵੱਲੋਂ ਤੈਅ ਕੀਤੀ ਸਿੱਖ ਰਹਿਤ ਮਰਿਆਦਾ 'ਚ ਬਦਲਾਅ ਕਰਨ ਦੀ ਮੰਗ ਕਰ ਰਹੇ ਹਨ।
ਬਾਦਲ ਵੀ ਨਾਨਕਸਰ ਦੀ ਮਰਿਆਦਾ ਦਾ ਪਾਲਣ ਕਰਦੇ ਹਨ ਜੋ ਕਿ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਦੇ ਵਿਰੋਧ ਵਿੱਚ ਹੈ।
ਇਸ ਤੋਂ ਪਹਿਲਾਂ ਇਹ ਸੰਸਥਾਵਾਂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ 'ਤੇ ਨਾਨਕਸ਼ਾਹੀ ਕੈਲੰਡਰ ਤੇ ਸਿੱਖ ਜੰਤਰੀ ਕਮਜ਼ੋਰ ਕਰਨ ਦਾ ਦਬਾਅ ਪਾਉਣ ਵਿੱਚ ਕਾਮਯਾਬ ਹੋ ਗਈਆਂ।
ਜਿਸ ਕਰਕੇ ਸਿੱਖਾਂ ਦੀ ਅਜ਼ਾਦ ਤੇ ਵੱਖਰੀ ਪਛਾਣ ਨੂੰ ਢਾਹ ਲੱਗੀ। ਇਹ ਬਾਦਲਾਂ ਦੇ ਦਬਾਅ ਹੇਠ ਕੀਤਾ ਗਿਆ ਸੀ।
ਸਿੱਖ ਧਾਰਮਿਕ-ਸਿਆਸੀ ਖੇਤਰ ਵਿੱਚ 1920 ਵਰਗੇ ਹਾਲਾਤ ਨਹੀਂ ਹਨ, ਜਦੋਂ ਗੁਰਦੁਆਰਿਆਂ ਦੀ ਅਜ਼ਾਦੀ ਲਈ ਸੰਘਰਸ਼ ਕੀਤਾ ਗਿਆ ਸੀ।
ਕਦੇ ਸਿੱਖਾਂ ਦੇ ਧਾਰਮਿਕ-ਸਿਆਸੀ ਮਸਲੇ ਹੱਲ ਕਰਨ ਵਾਲੀ ਸਭ ਤੋਂ ਤਾਕਤਵਰ ਸੰਸਥਾ ਦੇ ਇਹ ਸ਼ਾਇਦ ਹੁਣ ਤੱਕ ਦੇ ਸਭ ਤੋਂ ਕਮਜ਼ੋਰ ਕਾਰਜਕਾਰਨੀ ਹੈ।