ਕੀ ਸੋਚਦੇ ਹਨ ਨੌਜਵਾਨ ਰੂਸੀ ਇਨਕਲਾਬ ਬਾਰੇ

    • ਲੇਖਕ, ਜਸਬੀਰ ਸ਼ੇਤਰਾ
    • ਰੋਲ, ਬੀ.ਬੀ.ਸੀ. ਪੰਜਾਬੀ ਲਈ

ਸੌ ਸਾਲ ਪਹਿਲਾਂ ਰੂਸ ਵਿੱਚ ਉੱਠੇ ਸਮਾਜਵਾਦੀ ਇਨਕਲਾਬ ਦੇ ਢਹਿ-ਢੇਰੀ ਹੋਣ ਦੇ 28 ਸਾਲ ਬਾਅਦ ਅਜੋਕੀ ਪੀੜ੍ਹੀ ਲਈ ਵੱਖਰੇ ਮਾਅਨੇ ਹਨ।

ਨਵੀਂ ਪੋਚ ਦੇ ਇਹ ਨੌਜਵਾਨ ਰੂਸੀ ਇਨਕਲਾਬ ਦਾ ਮਾਡਲ 'ਫ਼ੇਲ੍ਹ' ਹੋਣ ਤੋਂ ਵੀ ਕਈ ਸਾਲ ਬਾਅਦ ਜਨਮੇ ਪਰ ਇਸ ਦੇ ਬਾਵਜੂਦ ਮੰਗਲਵਾਰ ਨੂੰ ਮੋਗਾ ਵਿਖੇ ਕੀਤੀ ਰੂਸੀ ਇਨਕਲਾਬੀ ਦੀ ਸ਼ਤਾਬਦੀ ਕਾਨਫ਼ਰੰਸ ਵਿੱਚ ਇਹ ਵੱਡੀ ਗਿਣਤੀ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ।

ਇਨ੍ਹਾਂ ਪਾਸੋਂ ਬੀ.ਬੀ.ਸੀ. ਪੰਜਾਬੀ ਨੇ ਰੂਸੀ ਮਾਡਲ, ਸਮਾਜਵਾਦ, ਸੋਚ, ਭਵਿੱਖ ਤੇ ਸੰਭਾਵਨਾਵਾਂ ਬਾਰੇ ਗੱਲਬਾਤ ਰਾਹੀਂ ਜਾਣਨ ਦੀ ਕੋਸ਼ਿਸ਼ ਕੀਤੀ। ਇੱਥੇ ਪੇਸ਼ ਹਨ ਇਸ ਦੋ ਦਹਾਕੇ ਦੌਰਾਨ ਜਨਮੇ ਕੁਝ ਮੁੰਡੇ ਕੁੜੀਆਂ ਵੱਲੋਂ ਇਸ ਬਾਰੇ ਪ੍ਰਗਟਾਏ ਗਏ ਵਿਚਾਰ।

ਹਰਸ਼ਾ ਸਿੰਘ, ਲੁਧਿਆਣਾ

ਰੂਸੀ ਇਨਕਲਾਬ ਦਾ ਮਾਡਲ ਢਹਿ-ਢੇਰੀ ਜ਼ਰੂਰ ਹੋਇਆ ਹੈ ਪਰ ਸੋਚ ਅੱਜ ਵੀ ਕਾਇਮ ਹੈ। ਕੋਈ ਵੀ ਇਨਕਲਾਬ ਰਾਤੋਂ ਰਾਤ ਨਹੀਂ ਆਇਆ ਕਰਦਾ। ਰਸੂ ਵਿੱਚ ਇਨਕਲਾਬ ਆਉਣ ਵਿੱਚ ਵੀ ਦਹਾਕੇ ਲੱਗੇ ਸਨ।

ਪੂੰਜੀਵਾਦੀ ਤਾਕਤਾਂ ਸਮਾਜਵਾਦ ਖ਼ਿਲਾਫ਼ ਇਕੱਠੀਆਂ ਹੋਈਆਂ ਜਿਨ੍ਹਾਂ ਨੇ ਬਰਾਬਰ ਦੇ ਸਿਰਜੇ ਸਮਾਜ ਨੂੰ ਢਾਹ ਲਿਆ। ਮਜ਼ਦੂਰਾਂ ਤੇ ਕਿਰਤੀ ਲੋਕਾਂ ਵੱਲੋਂ ਕਾਇਮ ਕੀਤੀ ਨਵੇਂ ਕਿਸੇ ਦੀ ਵਿਵਸਥਾ ਤੇ ਸਰਕਾਰ ਉਦੋਂ ਢਹਿ-ਢੇਰੀ ਹੋਈ ਜਦੋਂ ਇਹ ਬਚਪਨ ਦੀ ਹਾਲਤ ਵਿੱਚ ਸੀ।

ਪਰ ਉਸ ਕਿਸਮ ਦਾ ਸਮਾਜ ਅੱਜ ਵੀ ਦੁਨੀਆਂ ਵਿੱਚ ਕਿਧਰੇ ਨਜ਼ਰ ਨਹੀਂ ਆ ਰਹੇ ਤੇ ਚੁਫੇਰੇ ਮੁਨਾਫੇ ਵਾਲਾ ਤੰਤਰ ਕੰਮ ਕਰ ਰਿਹਾ ਹੈ। ਦੁਨੀਆਂ ਵਿੱਚ ਸਮਾਜਵਾਦ ਤੋਂ ਬਿਨਾਂ ਕੋਈ ਮਾਡਲ ਨਜ਼ਰ ਨਹੀਂ ਆ ਰਿਹਾ। ਨਵੀਂ ਪੀੜ੍ਹੀ ਨੂੰ ਕੋਈ ਪਲੇਟਫ਼ਾਰਮ ਨਹੀਂ ਮਿਲ ਰਿਹਾ। ਵਿਦੇਸ਼ਾਂ ਵਿੱਚ ਵੀ ਉਨ੍ਹਾਂ ਨੂੰ ਬਹੁਤਾ ਨਹੀਂ ਝੱਲਣਾ ਤੇ ਮੁੜ ਇਸੇ ਧਰਤੀ 'ਤੇ ਆਉਣਾ ਪੈਣਾ ਹੈ।

ਸਤਵਿੰਦਰ ਸੀਰੀਂ, ਬਠਿੰਡਾ

ਸੌ ਵਰ੍ਹੇ ਪਹਿਲਾਂ ਇਸੇ ਦਿਨ ਰੂਸ ਵਿਖੇ ਕਿਰਤੀ ਲੋਕਾਂ ਨੇ ਹਰ ਤਰ੍ਹਾਂ ਦੀ ਲੁੱਟ, ਸਾਮਰਾਜੀ ਮੁਨਾਫ਼ੇ ਤੇ ਜਗੀਰੂ ਸ਼ੋਸ਼ਣ ਦੇ ਖ਼ਿਲਾਫ਼ ਹਜ਼ਾਰਾਂ ਕੁਰਬਾਨੀਆਂ ਦੇ ਕੇ ਅਤੇ ਲਹੂ ਡੋਲ ਕੇ ਰੂਸ ਵਿੱਚ ਮਜ਼ਦੂਰ ਜਮਾਤ ਦੀ ਰਾਜ-ਸੱਤਾ ਕਾਮਰੇਡ ਲੈਨਿਨ ਦੀ ਅਗਵਾਈ ਵਿੱਚ ਸਥਾਪਤ ਕੀਤੀ ਸੀ।

ਇਸ ਬਾਰੇ ਕਾਫ਼ੀ ਪੜ੍ਹਿਆ ਤੇ ਪ੍ਰਭਾਵਿਤ ਹੋ ਕੇ ਸ਼ਤਾਬਦੀ ਸਮਾਗਮ ਵਿੱਚ ਪਹੁੰਚੇ ਹਾਂ। ਭਾਰਤ ਵਿੱਚ ਵੀ ਜਾਤਪਾਤ ਦਾ ਵਿਤਕਰਾ ਮਿਟਾ ਕੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਅਜਿਹੇ ਮਾਡਲ ਦੀ ਅਤਿ ਲੋੜ ਹੈ।

ਇਹ ਕੰਮ ਚੇਤੰਨ ਨੌਜਵਾਨ ਵਰਗ ਹੀ ਪੂਰਾ ਕਰ ਸਕਦਾ ਹੈ। ਜਿਵੇਂ ਜਿਵੇਂ ਨੌਜਵਾਨਾਂ ਨੂੰ ਸਮਝ ਪਵੇਗੀ ਉਹ ਇਸ ਪਾਸੇ ਜੁੜਦੇ ਜਾਣਗੇ ਅਤੇ ਇੱਕ ਦਿਨ ਇੱਥੇ ਵੀ ਆਮ ਲੋਕਾਂ ਦਾ ਸਾਜ਼ ਹੋਵੇਗਾ।

ਹਰਮਨਪ੍ਰੀਤ ਕੌਰ, ਚੰਡੀਗੜ੍ਹ

ਇੱਕ ਸਦੀ ਪਹਿਲਾਂ ਰੂਸ ਦੀ ਧਰਤੀ 'ਤੇ ਵਾਪਰਿਆ ਮਜ਼ਦੂਰਾਂ, ਕਿਸਾਨਾਂ ਦੀ ਸ਼ਕਤੀ ਦਾ ਚਮਤਕਾਰ ਹੀ ਸੀ ਜਿਸ ਨੇ ਦੁਨੀਆ ਭਰ ਵਿੱਚ ਸਾਮਰਾਜੀ ਹਕੂਮਤਾਂ ਨੂੰ ਕੰਬਣੀਆਂ ਛੇੜੀਆਂ ਸਨ ਤੇ ਮਜ਼ਦੂਰ ਜਮਾਤ ਦੀ ਫੇਟ ਤੋਂ ਬਚਣ ਲਈ ਉਨ੍ਹਾਂ ਨੂੰ ਯੂਰਪ ਵਿੱਚ ਕਲਿਆਣਕਾਰੀ ਰਾਜ ਸਥਾਪਤ ਕਰਨ ਦੇ ਰਾਹ ਤੁਰਨਾ ਪਿਆ ਸੀ।

ਅੱਜ ਦੁਨੀਆਂ ਦਾ ਹਰ ਮੁਲਕ ਅਜੀਬ ਟੁੱਟ-ਭੱਜ ਦੇ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ। ਇਸੇ ਕਾਰਨ ਯੂਨੀਵਰਸਿਟੀਆਂ, ਕਾਲਜ ਕੈਂਪਸ ਵਿੱਚ ਗੱਲ ਤੁਰ ਪਈ ਹੈ। ਵਿਦਿਆਰਥੀ ਆਪਸ ਵਿੱਚ ਇਸ ਬਾਰੇ ਚਰਚਾ ਕਰਨ ਲੱਗੇ ਹਨ ਅਤੇ ਉਹ ਬਰਾਬਰੀ ਦੇ ਸਮਾਜ ਵਾਲਾ ਸ਼ਾਸਨ ਲੋਚਦੇ ਹਨ।

ਹਰਮਨ, ਲੁਧਿਆਣਾ

ਰੂਸੀ ਇਨਕਲਾਬ ਬਾਰੇ ਕਾਫ਼ੀ ਕੁਝ ਪੜ੍ਹਨ ਤੋਂ ਬਾਅਦ ਇਹ ਮਾਡਲ ਸਹੀ ਜਾਪਦਾ ਹੈ। ਰਸ਼ੀਆ ਨੂੰ ਬਹੁਤ ਅਗਾਂਹ ਲਿਜਾਣ ਵਿੱਚ ਰੂਸੀ ਇਨਕਲਾਬ ਦਾ ਹੀ ਯੋਗਦਾਨ ਰਿਹਾ।

ਰੂਸ ਜਿੱਥੇ ਤੀਹ ਸਾਲਾਂ ਵਿੱਚ ਅੱਪੜਿਆ ਯੂਰਪ ਨੂੰ ਉੱਥੋਂ ਤੱਕ ਪਹੁੰਚ ਵਿੱਚ ਸੌ ਸਾਲ ਲੱਗੇ। ਰੂਸੀ ਮਾਡਲ 1953 ਵਿੱਚ ਹੀ ਸਮਾਜਵਾਦੀ ਰਾਹ ਤੋਂ ਥਿੜਕ ਗਿਆ ਜਿਸ ਦਾ ਨਤੀਜਾ 1989 ਵਿੱਚ ਸਾਹਮਣੇ ਆਇਆ। ਪਰ ਅਸੀਂ ਨੌਜਵਾਨ ਇਹ ਮਾਡਲ ਫ਼ੇਲ੍ਹ ਨਹੀਂ ਮੰਨਦੇ।

ਨੌਜਵਾਨ ਇਸ ਪਾਸੇ ਸੱਚ ਸਾਹਮਣੇ ਰੱਖਣ ਅਤੇ ਉਨ੍ਹਾਂ ਦੇ ਮਸਲੇ ਉਭਾਰਨ ਨਾਲ ਹੀ ਜੁੜੇਗਾ। ਇਸੇ ਤਰ੍ਹਾਂ ਕਿਸਾਨ, ਕਿਰਤੀ ਲੋਕਾਂ ਨੂੰ ਹੇਠਲੇ ਪੱਧਰ 'ਤੇ ਉਨ੍ਹਾਂ ਦੇ ਹੱਕਾਂ ਲਈ ਲੜਨ ਦੇ ਨਾਲ ਇੱਕਮੁੱਠ ਕਰਨਾ ਪਵੇਗਾ।

ਭਾਰਤ ਅੰਦਰ ਆਜ਼ਾਦੀ ਦੇ ਸੱਤਰ ਸਾਲ ਬਾਅਦ ਵੀ ਹਾਲਾਤ ਨਹੀਂ ਬਦਲੇ। ਇਸ ਲਈ ਰੂਸੀ ਮਾਡਲ ਹੀ ਇੱਕੋ ਇੱਕ ਬਦਲ ਹੈ।

ਪਰਗਟ ਸਿੰਘ ਪਿੰਡ ਵੈਰੋਕੇ (ਮੋਗਾ)

2010 ਤੋਂ ਬਾਅਦ ਹਾਲਾਤ ਬਦਲੇ ਹਨ ਅਤੇ ਨੌਜਵਾਨ ਵਰਗ ਦਾ ਦੂਜੀਆਂ ਧਿਰਾਂ, ਸੋਚ ਤੇ ਮਾਡਲ ਦੇਖਣ ਤੋਂ ਬਾਅਦ ਝੁਕਾਅ ਸਮਾਜਵਾਦ ਵੱਲ ਨੂੰ ਹੋ ਰਿਹਾ ਹੈ। ਮੈਂ ਨਿੱਜੀ ਤੌਰ 'ਤੇ ਲੈਨਿਨ ਦੇ ਬਰਾਬਰੀ ਦੇ ਅਧਿਕਾਰ ਤੋਂ ਪ੍ਰਭਾਵਿਤ ਹਾਂ।

ਕਿਰਤੀ ਲੋਕਾਂ ਵੱਲੋਂ ਲੁੱਟ ਰਹਿਣ ਰਾਜ ਹੀ ਸਭ ਤੋਂ ਵਧੀਆ ਬਦਲ ਹੋ ਸਕਦਾ ਹੈ। ਅਜੋਕੇ ਸਾਰੇ ਮਾਡਲ ਮੁਨਾਫ਼ਾ ਆਧਾਰਤ ਹਨ ਪਰ ਲੋੜ ਲੋਕਾਂ ਨੂੰ ਸੰਵਿਧਾਨ ਲੋੜ ਤੇ ਹੱਕ ਦੇਣਾ ਹੈ ਜੋ ਸਮਾਜਵਾਦ ਹੀ ਦੇ ਸਕਦਾ ਹੈ।

ਮਨਦੀਪ ਸਿੰਘ ਪਿੰਡ ਰਸੂਲਪੁਰ (ਜਗਰਾਉਂ)

ਪਰਿਵਾਰ ਵਿੱਚੋਂ ਮਿਲੀ ਗੁੜ੍ਹਤ ਕਰਕੇ ਏਧਰ ਜੁੜਿਆ ਪਰ ਰੂਸੀ ਇਨਕਲਾਬ, ਮਾਰਕਸਵਾਦ, ਲੈਨਿਨ ਨੂੰ ਪੜ੍ਹਨ ਤੋਂ ਬਾਅਦ ਇਰਾਦਾ ਪੱਕਾ ਹੋ ਗਿਆ। ਤਬਦੀਲੀ ਲਈ ਸਮਾਂ ਲੱਗਦਾ ਹੈ ਤੇ ਚੁਣੌਤੀ ਉਦੋਂ ਵੀ ਲੈਨਿਨ ਅੱਗੇ ਸਨ ਅਤੇ ਉਸ ਸੋਚ ਦੇ ਧਾਰਨੀ ਅੱਜ ਦੇ ਆਗੂਆਂ ਅੱਗੇ ਵੀ ਹਨ।

ਰੂਸ ਨੇ 36 ਸਾਲ ਦੇ ਅਰਸੇ ਵਿੱਚ ਕਾਮਰੇਡ ਸਟਾਲਿਨ ਦੀ ਅਗਵਾਈ ਵਿੱਚ ਵਿਕਾਸ ਵਿੱਚ ਚਮਤਕਾਰੀ ਛਾਲਾਂ ਮਾਰੀਆਂ। ਇਸ ਦੇ ਬਾਵਜੂਦ ਇਹ ਮਾਡਲ ਵਕਤੀ ਤੌਰ 'ਤੇ ਪਛੜਨ ਦੇ ਕਈ ਕਾਰਨ ਹਨ ਪਰ ਇਹ ਮੁੜ ਆਵੇਗਾ ਕਿਉਂਕਿ ਅੱਜ ਵੀ ਸਮਾਜਵਾਦ ਲੋਕ ਮੁਕਤੀ ਦਾ ਇੱਕੋ ਇੱਕ ਰਾਹ ਹੈ।

ਕਰਮਜੀਤ, ਕੋਟਕਪੂਰਾ

ਮੇਰੀ ਨਜ਼ਰ ਵਿੱਚ ਮਾਰਕਸਵਾਦੀ ਸੋਚ ਅੱਜ ਵੀ ਵਧੇਰੇ ਵਿਗਿਆਨਕ ਤੇ ਅਗਾਂਹਵਧੂ ਹੈ। ਇਥੇ ਸਮਾਜਵਾਦ ਨੂੰ ਕਈ ਤਜ਼ਰਬੇ ਕਰਨੇ ਪੈਣਗੇ।

ਰੂਸੀ ਮਾਡਲ ਭਾਵੇਂ ਢਹਿ-ਢੇਰੀ ਹੋਇਆ ਪਰ ਇਹ ਸਦੀਵੀ ਨਹੀਂ ਵਕਤੀ ਹੈ। ਸੰਭਾਵਨਾ ਹਮੇਸ਼ਾ ਕਾਇਮ ਰਹਿੰਦੀ ਹੈ। ਅੱਜ ਜੇ ਪੂੰਜੀਵਾਦੀ ਤਾਕਤਾਂ ਭਾਰੂ ਹਨ ਤਾਂ ਇਸ ਦੇ ਨਤੀਜੇ ਵੀ ਸਾਹਮਣੇ ਹਨ। ਲੋਕ ਜਦੋਂ ਸਮਝ ਜਾਣਗੇ ਤਾਂ ਉਹ ਕੁਦਰਤੀ ਸਮਾਜਵਾਦ ਵਾਲੇ ਮਾਡਲ ਵੱਲ ਹੀ ਮੋੜਾ ਕੱਟਣਗੇ।

ਅਸੀਂ ਨੌਜਵਾਨ ਹੀ ਇਹ ਤਬਦੀਲੀ ਲਿਆ ਸਕਦੇ ਹਾਂ।

ਗੁਰਮੁਖ ਮਾਨ, ਪਿੰਡ ਸੇਖਾਂ (ਸੰਗਰੂਰ)

ਮੇਰਾ ਝੁਕਾਅ ਗਿਆਰਵੀਂ ਜਮਾਤ ਵਿੱਚ ਮਾਰਕਸਵਾਦ ਵੱਲ ਹੋਇਆ ਤੇ ਸਭ ਤੋਂ ਪਹਿਲਾ ਪੰਜਾਬ ਸਟੂਡੈਂਟਸ ਯੂਨੀਅਨ ਨਾਲ ਜੁੜਿਆ। ਮੇਰਾ ਮੰਨਣਾ ਹੈ ਕਿ ਰੂਸੀ ਮਾਡਲ ਅੱਜ ਵੀ ਸਭ ਤੋਂ ਵਧੀਆ ਹੈ ਜੋ ਹਰੇਕ ਨੂੰ ਬਰਾਬਰਤਾ ਬਖਸ਼ਦਾ ਹੈ।

ਪੂੰਜੀਵਾਦ 1300 ਈਸਵੀ ਦੇ ਕਰੀਬ ਆਇਆ ਜਦਕਿ ਰੂਸੀ ਇਨਕਲਾਬ ਸੌ ਵਰ੍ਹੇ ਪਹਿਲਾਂ। ਪਰ ਇਸ ਨੇ ਕੁਝ ਦਹਾਕੇ ਵਿੱਚ ਹੀ ਦੁਨੀਆਂ ਨੂੰ ਨਵਾਂ ਰਾਹ ਦਿਖਾਇਆ।

ਮੁਨਾਫਾ ਆਧਾਰਤ ਸਮਾਜ ਦੀਆਂ ਹਾਮੀ ਪੂੰਜੀਵਾਦੀ ਤਾਕਤਾਂ ਇਕੱਠੀਆਂ ਹੋਈਆਂ ਅਤੇ ਉਨ੍ਹਾਂ ਮਿਲ ਕੇ ਕਈ ਸਾਲਾਂ ਵਿੱਚ ਰੂਸੀ ਮਾਡਲ ਨੂੰ ਢਾਹ ਲਾਉਣ ਵਿੱਚ ਕਾਮਯਾਬੀ ਹਾਸਲ ਕੀਤੀ। ਨੌਜਵਾਨਾਂ ਹੌਲੀ-ਹੌਲੀ ਇਸ ਪਾਸੇ ਜੁੜ ਰਹੇ ਹਨ ਅਤੇ ਇਕ ਦਿਨ ਇਥੇ ਵੀ ਪੂੰਜੀਵਾਦੀ ਤਾਕਤਾਂ ਨੂੰ ਭਾਂਜ ਦੇਣਗੇ।

ਮੋਹਨ ਸਿੰਘ, ਪਿੰਡ ਔਲਖ

ਰੂਸੀ ਸਾਹਿਤ, ਕਾਰਲ ਮਾਰਕਸ ਤੇ ਲੈਨਿਨ ਨੂੰ ਪੜ੍ਹਨ ਤੋਂ ਬਾਅਦ ਮੇਰਾ ਝੁਕਾਅ ਏਧਰ ਹੋਇਆ। ਹੋਰ ਵੀ ਕਈ ਨੌਜਵਾਨਾਂ ਨੂੰ ਇਸ ਪਾਸੇ ਜੋੜਿਆ ਤੇ ਰੂਸੀ ਇਨਕਲਾਬ ਤੋਂ ਉਥੋਂ ਦੇ ਸਮਾਜਵਾਦ ਤੋਂ ਜਾਣੂ ਕਰਵਾਇਆ।

ਇਨਕਲਾਬ ਹਾਲਾਤਾਂ ਵਿੱਚੋਂ ਆਵੇਗਾ ਅਤੇ ਇਥੇ ਹਾਲਾਤ ਤੇਜ਼ੀ ਨਾਲ ਅਜਿਹੇ ਬਣ ਰਹੇ ਹਨ। ਅਮਰੀਕਾ ਵਿੱਚ ਰਾਸ਼ਟਰਪਤੀ ਟਰੰਪ ਵਿਦੇਸ਼ਾਂ ਨੂੰ ਧੱਕੇ ਮਾਰ ਰਿਹਾ ਤੇ ਆਰਥਿਕ ਨੀਤੀਆਂ ਵੀ ਉਸੇ ਹਿਸਾਬ ਨਾਲ ਘੜੀਆਂ ਜਾ ਰਹੀਆਂ ਹਨ।

ਮੇਰਾ ਮੰਨਣਾ ਹੈ ਕਿ ਅਖੀਰ ਦੁਨੀਆਂ ਦੇ ਲੋਕਾਂ ਨੂੰ ਸਮਾਜਵਾਦ ਵਿੱਚ ਹੀ ਢੋਈ ਮਿਲੇਗੀ। ਜਿਥੇ ਹਰੇਕ ਲਈ ਰੋਟੀ, ਰੋਜ਼ਗਾਰ ਤੇ ਬਰਾਬਰੀ ਵਾਲਾ ਭੁੱਖਮਰੀ ਰਹਿਤ ਸਮਾਜ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)