ਕੀ ਹਨ ਐਸਿਡ ਅਟੈਕ ਪੀੜਤਾਂ ਦੀਆਂ ਸਿਆਸਤਦਾਨਾਂ ਤੋਂ ਮੰਗਾਂ ?

    • ਲੇਖਕ, ਨਵਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

"ਕੋਈ ਲੀਡਰ ਨਹੀਂ ਗੱਲ ਕਰਦਾ, ਕੋਈ ਮੰਤਰੀ ਨਹੀਂ ਕਰਦਾ, ਤੇਜ਼ਾਬ ਪੀੜਤ ਬਾਰੇ ਤਾਂ ਮੈਂ ਕਦੇ ਸੁਣਿਆ ਹੀ ਨਹੀਂ ਕਿ ਕੋਈ ਗੱਲ ਕਰਦਾ ਹੋਵੇਗਾ।"

ਸਿਸਟਮ ਪ੍ਰਤੀ ਇਹ ਨਿਰਾਸ਼ਾ ਲੁਧਿਆਣਾ ਦੀ ਰਮਨਦੀਪ ਕੌਰ ਦੇ ਸ਼ਬਦਾਂ ਵਿੱਚ ਸੀ। ਰਮਨਦੀਪ ਕੌਰ 'ਤੇ ਤਿੰਨ ਸਾਲ ਪਹਿਲਾਂ ਉਸ ਦੇ ਘਰ ਵਿੱਚ ਹੀ ਉਸਦੇ ਪਤੀ ਨੇ ਤੇਜ਼ਾਬ ਪਾ ਦਿੱਤਾ।

ਚੋਣਾਂ ਦਾ ਮਾਹੌਲ ਹੈ, ਅਜਿਹੇ ਵਿੱਚ ਵੱਖ-ਵੱਖ ਵਰਗਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਹੁੰਦੇ ਹਨ। ਸੋਸ਼ਲ ਮੀਡੀਆ 'ਤੇ ਕੁਝ ਐਸਿਡ ਅਟੈਕ ਸਰਵਾਈਵਰਜ਼ ਦੀਆਂ ਮੰਗਾਂ ਬਾਰੇ ਪਤਾ ਲੱਗਿਆ, ਪਰ ਸਿਆਸੀ ਸਟੇਜਾਂ ਤੋਂ ਉਨ੍ਹਾਂ ਮੰਗਾਂ ਬਾਰੇ ਜ਼ਿਕਰ ਨਹੀਂ ਸੁਣਿਆ।

ਪੰਜਾਬ ਵਿੱਚ ਐਸਿਡ ਅਟੈਕ ਪੀੜਤ ਕੀ ਚਾਹੁੰਦੇ ਹਨ, ਉਨ੍ਹਾਂ ਦੀਆਂ ਕੀ ਪ੍ਰੇਸ਼ਾਨੀਆਂ ਹਨ ਇਹ ਜਾਨਣ ਲਈ ਬੀਬੀਸੀ ਦੀ ਟੀਮ ਲੁਧਿਆਣਾ ਗਈ ਅਤੇ ਐਸਿਡ ਅਟੈਕ ਦੀ ਪੀੜਤ ਰਮਨਦੀਪ ਕੌਰ ਨੂੰ ਮਿਲੀ।

ਫਾਸਟ ਫੂਡ ਦੀ ਰੇਹੜੀ ਲਗਾ ਕੇ ਚਲਾਉਂਦੀ ਹੈ ਘਰ ਖ਼ਰਚ

ਰਮਨਦੀਪ ਲੁਧਿਆਣਾ ਸ਼ਹਿਰ 'ਚ ਦੋ ਕਮਰਿਆਂ ਦੇ ਮਕਾਨ ਵਿੱਚ ਆਪਣੇ ਤਿੰਨ ਬੱਚਿਆਂ ਨਾਲ ਰਹਿੰਦੀ ਹੈ। ਦੋ ਵਿੱਚੋਂ ਇੱਕ ਕਮਰੇ ਦਾ ਅੱਧਾ ਹਿੱਸਾ ਰਸੋਈ ਵਜੋਂ ਵਰਤਦੀ ਹੈ।

ਰਸੋਈ ਵਿੱਚ ਫਾਸਟ ਫੂਡ ਲਈ ਸਮਾਨ ਤਿਆਰ ਕਰਕੇ ਰੱਖਿਆ ਹੋਇਆ ਸੀ। ਘਰ ਦੇ ਵਿਹੜੇ ਵਿੱਚ ਇੱਕ ਫਾਸਟ ਫੂਡ ਵਾਲੀ ਰੇਹੜੀ ਖੜ੍ਹੀ ਸੀ।

ਰਮਨਦੀਪ ਨੇ ਦੱਸਿਆ ਕਿ ਸਤੰਬਰ 2016 ਵਿੱਚ ਉਸ 'ਤੇ ਹਮਲਾ ਹੋਣ ਤੋਂ ਬਾਅਦ ਪਹਿਲਾਂ ਤਾਂ ਉਹ ਨਿਰਾਸ਼ਾ ਵਿੱਚ ਰਹੀ। ਫਿਰ ਜਦੋਂ ਉਸ ਨੂੰ ਪਤਾ ਲੱਗਾ ਕਿ ਦੇਸ ਦੇ ਹੋਰ ਸ਼ਹਿਰਾਂ ਵਿੱਚ ਐਸਿਡ ਅਟੈਕ ਪੀੜਤਾਂ ਸਵੈ-ਰੁਜ਼ਗਾਰ ਅਪਣਾ ਰਹੀਆ ਹਨ ਤਾਂ ਉਸ ਨੂੰ ਵੀ ਹੌਸਲਾ ਮਿਲਿਆ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਉਹ ਬਾਜ਼ਾਰ ਵਿੱਚ ਜਾ ਕੇ ਫਾਸਟ ਫੂਡ ਦੀ ਰੇਹੜੀ ਲਗਾਉਂਦੀ ਸੀ।

ਇਹ ਵੀ ਪੜ੍ਹੋ:

ਪਰ ਹੁਣ ਗਰਮੀ ਵਧਣ ਕਾਰਨ 15 ਦਿਨ ਤੋਂ ਉਸ ਨੇ ਰੇਹੜੀ ਨਹੀਂ ਲਗਾਈ ਕਿਉਂਕਿ ਤੇਜ਼ਾਬ ਨਾਲ ਝੁਲਸਣ ਕਾਰਨ ਉਸ ਦਾ ਸਰੀਰ ਗਰਮੀ ਤੇ ਧੁੱਪ ਨਹੀਂ ਝੱਲਦਾ।

ਰਮਨਦੀਪ ਨੇ ਕਿਹਾ ਕਿ ਤਿੰਨ ਬੱਚਿਆਂ ਅਤੇ ਆਪਣੀਆਂ ਦਵਾਈਆਂ ਦਾ ਖ਼ਰਚ ਚੁੱਕਣ ਲਈ ਉਸ ਨੂੰ ਕੰਮ ਕਰਨਾ ਹੀ ਪੈਣਾ ਸੀ, ਇਸ ਲਈ ਹੁਣ 15 ਦਿਨ ਘਰ ਬੈਠਣ ਤੋਂ ਬਾਅਦ ਉਸ ਨੇ ਫੈਸਲਾ ਲਿਆ ਹੈ ਕਿ ਧੁੱਪ ਘੱਟ ਹੋਣ ਤੋਂ ਬਾਅਦ ਸ਼ਾਮ ਨੂੰ ਫਾਸਟ ਫੂਡ ਦੀ ਰੇਹੜੀ ਲਗਾਇਆ ਕਰੇਗੀ।

ਉਸ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਉਸ ਦੀ ਰੇਹੜੀ ਘਰ ਤੋਂ ਬਾਜ਼ਾਰ ਅਤੇ ਬਾਜ਼ਾਰ ਤੋਂ ਘਰ ਤੱਕ ਪਹੁੰਚਾਉਣ ਵਿੱਚ ਮਦਦ ਕਰਨ ਲਈ ਆ ਜਾਂਦਾ ਹੈ।

ਪੁਰਾਣੀ ਤਸਵੀਰ ਦੇਖ ਕੇ ਆਪਣੇ ਚਿਹਰੇ ਨੂੰ ਯਾਦ ਕਰਦੀ ਹੈ

ਰਮਨਦੀਪ ਕੌਰ ਦੀ ਉਮਰ ਕਰੀਬ 35 ਸਾਲ ਹੈ। ਉਸ ਦੇ ਚਿਹਰੇ ਅਤੇ ਸਰੀਰ ਦਾ ਇੱਕ ਪਾਸਾ ਬੁਰੀ ਤਰ੍ਹਾਂ ਝੁਲਸਿਆ ਹੋਇਆ ਹੈ। ਇੱਕ ਅੱਖ ਵੀ ਖ਼ਰਾਬ ਹੋ ਚੁੱਕੀ ਹੈ ਜਿਸ ਨੂੰ ਉਹ ਢਕ ਕੇ ਹੀ ਰਖਦੀ ਹੈ।

ਰਮਨਦੀਪ ਨੇ ਆਪਣੀ ਇੱਕ ਪੁਰਾਣੀ ਤਸਵੀਰ ਦਿਖਾਈ ਅਤੇ ਕਿਹਾ, "ਇਹ ਉਸੇ ਦਿਨ ਦੀ ਫੋਟੋ ਹੈ ਜਿਸ ਦਿਨ ਮੇਰੇ 'ਤੇ ਤੇਜ਼ਾਬ ਸੁੱਟਿਆ ਸੀ। ਮੈਂ ਇੱਕ ਪ੍ਰਾਈਵੇਟ ਨੌਕਰੀ ਕਰਦੀ ਸੀ, ਉੱਥੇ ਦਫ਼ਤਰ ਵਿੱਚ 4 ਕੁ ਵਜੇ ਇਹ ਫੋਟੋ ਖਿੱਚੀ ਸੀ। 22 ਅਕਤੂਬਰ 2016 ਦੀ ਘਟਨਾ ਹੈ। ਦਫ਼ਤਰੋਂ ਘਰ ਆ ਕੇ ਮੈਂ ਖਾਣਾ ਬਣਾ ਰਹੀ ਸੀ, ਅਚਾਨਕ ਮੇਰੇ ਪਤੀ ਨੇ ਆ ਕੇ ਮੇਰੇ ਉੱਤੇ ਤੇਜ਼ਾਬ ਸੁੱਟ ਦਿੱਤਾ।"

ਇਹ ਵੀ ਪੜ੍ਹੋ:

ਰਮਨਦੀਪ ਮੁਤਾਬਕ ਘਰੇਲੂ ਝਗੜਾ ਇਸ ਘਟਨਾ ਦਾ ਕਾਰਨ ਬਣਿਆ।

ਰਮਨਦੀਪ ਨੇ ਦੱਸਿਆ ਕਿ ਉਸ ਦੇ ਪਤੀ 'ਤੇ ਕੇਸ ਚੱਲ ਰਿਹਾ ਹੈ ਅਤੇ ਉਹ ਜੇਲ੍ਹ ਵਿੱਚ ਹੈ। ਹੁਣ ਉਹ ਆਪਣੀਆਂ ਦੋ ਧੀਆਂ ਅਤੇ ਇੱਕ ਮੁੰਡੇ ਨਾਲ ਰਹਿੰਦੀ ਹੈ। ਰਮਨਦੀਪ ਦੀ ਵੱਡੀ ਧੀ ਨੌਵੀਂ ਵਿੱਚ ਪੜ੍ਹਦੀ ਹੈ।

ਕੀ ਹਨ ਐਸਿਡ ਅਟੈਕ ਪੀੜਤਾਂ ਦੇ ਮਸਲੇ ?

ਰਮਨਦੀਪ ਨੂੰ ਸਰਕਾਰ ਵੱਲੋਂ ਅੱਠ ਹਜ਼ਾਰ ਰੁਪਏ ਦੀ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ। ਇਲਾਜ 'ਤੇ ਆਏ ਖ਼ਰਚੇ ਦੀ ਰਕਮ ਵੀ ਉਸ ਨੂੰ ਮਿਲੀ ਹੈ।

ਅਸੀਂ ਰਮਨਦੀਪ ਨੂੰ ਪੁੱਛਿਆ ਕਿ ਇੱਕ ਐਸਿਡ ਅਟੈਕ ਪੀੜਤ ਦੇ ਕੀ ਮਸਲੇ ਹਨ ਜਿਨ੍ਹਾਂ ਬਾਰੇ ਓਨੀ ਗੰਭੀਰਤਾ ਨਾਲ ਗੱਲ ਨਹੀਂ ਹੁੰਦੀ ਜਿਵੇਂ ਹੋਣੀ ਚਾਹੀਦੀ ਹੈ।

ਇਲਾਜ ਦੇ ਪ੍ਰਬੰਧ

ਰਮਨਦੀਪ ਨੇ ਦੱਸਿਆ, "ਸਾਰੇ ਸਰਕਾਰੀ ਹਸਪਤਾਲਾਂ ਵਿੱਚ ਤੇਜ਼ਾਬੀ ਹਮਲੇ ਦੇ ਇਲਾਜ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਜੋ ਕਿ ਨਹੀਂ ਹੈ। ਹਸਪਤਾਲਾਂ ਵਿੱਚ ਪ੍ਰਬੰਧ ਨਾ ਹੋਣ ਕਾਰਨ ਪੀੜਤਾਂ ਨੂੰ ਭਟਕਣਾ ਪੈਂਦਾ ਹੈ।"

ਰਮਨਦੀਪ ਨੇ ਦੱਸਿਆ ਕਿ ਜਦੋਂ ਉਸ 'ਤੇ ਤੇਜ਼ਾਬੀ ਹਮਲਾ ਹੋਇਆ ਤਾਂ ਇਲਾਜ ਦਾ ਪ੍ਰਬੰਧ ਨਾ ਹੋਣ ਕਾਰਨ ਉਸ ਨੂੰ ਤਿੰਨ ਹਸਪਤਾਲ ਬਦਲਣੇ ਪਏ ਅਤੇ ਅਖੀਰ ਚੰਡੀਗੜ੍ਹ ਦੇ ਪੀਜੀਆਈ ਵਿੱਚ ਉਸ ਦਾ ਇਲਾਜ ਹੋਇਆ।

ਪੈਨਸ਼ਨ ਅਤੇ ਮੁਆਵਜ਼ਾ

ਰਮਨਦੀਪ ਨੇ ਕਿਹਾ, "ਪੈਨਸ਼ਨ ਲੱਗੀ ਹੈ, ਪਰ ਕਈ-ਕਈ ਮਹੀਨੇ ਦੇਰੀ ਨਾਲ ਆਉਂਦੀ ਹੈ। ਪੀੜਤਾਂ ਨੂੰ ਮਿਲਣ ਵਾਲਾ ਮੁਆਵਜ਼ਾ ਵੀ ਹਾਲੇ ਤੱਕ ਨਹੀਂ ਮਿਲਿਆ ਕਿਉਂਕਿ ਉਹ ਕੇਸ ਦਾ ਫੈਸਲਾ ਆਉਣ ਤੋਂ ਬਾਅਦ ਮਿਲਦਾ ਹੈ।"

ਕੇਸਾਂ ਦਾ ਜਲਦ ਨਿਪਟਾਰਾ

ਰਮਨਦੀਪ ਨੇ ਕਿਹਾ, "ਅਜਿਹੇ ਕੇਸਾਂ ਦੇ ਫੈਸਲੇ ਜਲਦੀ ਹੋਣੇ ਚਾਹੀਦੇ ਹਨ। ਇੱਕ ਤੇਜ਼ਾਬੀ ਹਮਲਾ ਪੀੜਤ ਲਈ ਲੰਬਾ ਸਮਾਂ ਕੋਰਟ ਕਚਿਹਰੀਆਂ ਦੇ ਚੱਕਰ ਲਾਉਣੇ ਬਹੁਤ ਔਖੇ ਹਨ।"

ਮੁੜ-ਵਸੇਬੇ ਦਾ ਮਸਲਾ

ਰਮਨਦੀਪ ਨੇ ਕਿਹਾ ਕਿ ਜਿਸ ਤਰ੍ਹਾਂ ਗਰੀਬਾਂ ਨੂੰ ਪਲਾਟ ਦਿੱਤੇ ਜਾਂਦੇ ਹਨ ਜਾਂ ਘਰ ਬਣਵਾਏ ਜਾਂਦੇ ਹਨ , ਇਹ ਪ੍ਰਬੰਧ ਉਨ੍ਹਾਂ ਲਈ ਵੀ ਹੋਣੀ ਚਾਹੀਦੀ ਹੈ ਕਿਉਂਕਿ ਆਪਣਾ ਘਰ ਨਾ ਹੋਣ ਕਾਰਨ ਉਸ ਨੂੰ ਕਿਰਾਏ ਦੇ ਮਕਾਨ 'ਤੇ ਰਹਿਣਾ ਪੈਂਦਾ ਹੈ।

ਪਹਿਲਾਂ ਤਾਂ ਐਸਿਡ ਅਟੈਕ ਪੀੜਤ ਨੂੰ ਕੋਈ ਕਿਰਾਏ 'ਤੇ ਘਰ ਨਹੀਂ ਦਿੰਦਾ ਅਤੇ ਜੇ ਦੇ ਵੀ ਦੇਵੇ ਤਾਂ ਕਿਰਾਇਆ ਭਰਨਾ ਬਹੁਤ ਔਖਾ ਹੈ।

ਰਮਨਦੀਪ ਨੇ ਕਿਹਾ ਕਿ ਉਹ ਆਪਣਾ ਖਰਚ ਚਲਾਉਣ ਖਾਤਰ ਬਾਹਰ ਜਾ ਕੇ ਫਾਸਟ ਫੂਡ ਦੀ ਰੇਹੜੀ ਲਾਉਂਦੀ ਹੈ, ਪਰ ਸਰਕਾਰ ਨੂੰ ਚਾਹੀਦਾ ਹੈ ਕਿ ਐਸਿਡ ਅਟੈਕ ਪੀੜਤਾਂ ਲਈ ਰੁਜ਼ਗਾਰ ਬਾਰੇ ਵੀ ਸੋਚਿਆ ਜਾਵੇ।

ਸਰਕਾਰਾਂ ਤੋਂ ਗੁਹਾਰ

ਰਮਨਦੀਪ ਨੇ ਕਿਹਾ ਕਿ ਧੀਆਂ ਨੂੰ ਬਚਾਉਣ ਅਤੇ ਪੜ੍ਹਾਉਣ ਦੀ ਗੱਲ ਤਾਂ ਕੀਤੀ ਜਾਂਦੀ ਹੈ, ਪਰ ਇਸ ਤਰ੍ਹਾਂ ਸੜ ਰਹੀਆਂ ਧੀਆਂ ਨੂੰ ਪੁੱਛਣ ਵਾਲਾ ਕੋਈ ਨਹੀਂ। ਉਸ ਨੇ ਕਿਹਾ,"ਕੋਈ ਲੀਡਰ ਜਾਂ ਮੰਤਰੀ ਇਸ ਬਾਰੇ ਗੱਲ ਨਹੀਂ ਕਰਦਾ, ਤੇਜ਼ਾਬ ਪੀੜਤ ਬਾਰੇ ਤਾਂ ਮੈਂ ਕਦੇ ਸੁਣਿਆ ਹੀ ਨਹੀਂ ਕਿ ਕੋਈ ਗੱਲ ਕਰਦਾ ਹੋਵੇਗਾ।"

ਆਪਣੇ ਨਾਲ ਹੋਈ ਘਟਨਾ ਬਾਰੇ ਗੱਲ ਕਰਦਿਆਂ ਰਮਨਦੀਪ ਦੀਆਂ ਅੱਖਾਂ ਭਰ ਆਈਆਂ ਅਤੇ ਉਸ ਨੇ ਕਿਹਾ, "ਅਜਿਹੀ ਘਟਨਾ ਕਿਸੇ ਨਾਲ ਨਾ ਹੋਵੇ, ਕਿਉਂਕਿ ਇਹ ਉਮਰ ਭਰ ਦਾ ਦੁੱਖ ਦੇ ਜਾਂਦੀ ਹੈ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)