'ਆਈਐੱਸ ਦੀ ਲਾੜੀ' ਸ਼ਮੀਮਾ ਬੇਗਮ ਦੇ ਤੀਜੇ ਬੱਚੇ ਦੀ ਸੀਰੀਆ ਦੇ ਰਫਿਊਜੀ ਕੈਂਪ 'ਚ ਮੌਤ

ਸੀਰੀਅਨ ਡੈਮੋਕ੍ਰੇਟਿਕ ਫੋਰਸਸ ਦੇ ਬੁਲਾਰੇ ਮੁਤਾਬਕ ਲੰਡਨ ਤੋਂ ਆਈਐੱਸ ਵਿੱਚ ਸ਼ਾਮਲ ਹੋਣ ਲਈ ਭੱਜੀ ਸ਼ਮੀਮਾ ਬੇਗਮ ਦੇ ਬੇਟੇ ਜੱਰਾਹ ਦੀ ਨਿਮੋਨੀਆ ਕਾਰਨ ਮੌਤ ਹੋ ਗਈ ਹੈ।

ਸ਼ਮੀਮਾ ਬੇਗਮ ਜਿਸ ਕੈਂਪ ਵਿੱਚ ਰਹਿ ਰਹੀ ਹੈ ਉਸ ਦੇ ਪ੍ਰਬੰਧਕ ਗਰੁੱਪ ਨੇ ਸ਼ੁੱਕਰਵਾਰ ਨੂੰ ਇਸ ਖ਼ਬਰ ਦੀ ਪੁਸ਼ਟੀ ਕੀਤੀ, ਬੱਚੇ ਦੀ ਉਮਰ ਇੱਕ ਮਹੀਨੇ ਤੋਂ ਘੱਟ ਸੀ।

ਬਰਤਾਨੀਆ ਸਰਕਾਰ ਦੇ ਇੱਕ ਬੁਲਾਰੇ ਨੇ ਬੱਚੇ ਦੀ ਮੌਤ ਨੂੰ ਦੁਖਦਾਈ ਅਤੇ ਪਰਿਵਾਰ ਲਈ ਡੂੰਘੇ ਸਦਮੇ ਵਾਲਾ ਦੱਸਿਆ।

ਬੁਲਾਰੇ ਨੇ ਕਿਹਾ ਕਿ ਸਰਕਾਰ ਸੀਰੀਆ ਵਿੱਚ ਜਾਣ ਖਿਲਾਫ ਲਗਾਤਾਰ ਸਾਵਧਾਨ ਕਰਦੀ ਰਹੀ ਅਤੇ "ਭਵਿੱਖ ਵਿੱਚ ਵੀ ਲੋਕਾਂ ਨੂੰ ਅੱਤਵਾਦ ਵੱਲ ਖਿੱਚੇ ਜਾਣ ਤੇ ਗੰਭੀਰ ਸੰਕਟ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ।"

ਹਾਲਾਂਕਿ ਵਿਰੋਧੀ ਪਾਰਟੀਆਂ ਨੇ ਲੰਡਨ ਦੇ ਮੇਅਰ ਸਾਦਿਕ ਖਾਨ ਤੇ ਸਰਕਾਰ ਦੀ ਆਲੋਚਨਾ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:

ਬੇਗ਼ਮ ਫਰਵਰੀ 2015 ਵਿੱਚ ਬੈਥਾਨਲ ਗਰੀਨ ਅਕਾਦਮੀ (ਬਰਤਾਨੀਆ) ਤੋਂ 15 ਸਾਲ ਦੀ ਉਮਰ ਵਿੱਚ ਆਪਣੀਆਂ ਦੋ ਸਹੇਲੀਆਂ ਨਾਲ ਭੱਜੀ ਸੀ। ਫਰਵਰੀ ਵਿੱਚ ਉਹ ਸੀਰੀਆ ਦੇ ਇੱਕ ਰਿਫਿਊਜੀ ਕੈਂਪ ਵਿੱਚ ਮਿਲੀ ਸੀ।

ਬੇਗ਼ਮ ਨੇ ਆਪਣੇ ਦੇਸ ਬਰਤਾਨੀਆ ਪਰਤਣ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਬਰਤਾਨੀਆ ਨੇ ਉਸਦੀ ਨਾਗਰਿਕਤਾ ਖੋਹ ਲਈ ਸੀ।

ਉਹ ਆਪਣੇ ਮਾਪਿਆਂ ਨੂੰ ਘੁੰਮਣ ਜਾਣ ਦਾ ਕਹਿ ਕੇ ਗੈਟਵਿੱਕ ਏਅਰਪੋਰਟ ਤੋਂ ਤੁਰਕੀ ਭੱਜੀਆਂ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੇ ਸੀਰੀਆ ਦੀ ਸਰਹੱਦ ਪਾਰ ਕਰ ਲਈ ਸੀ।

ਸ਼ਮੀਮਾ ਦਾ ਪਤੀ ਯਾਗੋ ਰਿਡਿਕ, ਇੱਕ ਡੱਚ ਹੈ ਤੇ ਆਈਐੱਸ ਲੜਾਕਾ ਸੀ ਅਤੇ ਸ਼ਮੀਮਾ ਦੇ ਕੈਂਪ ਦੇ ਨਜ਼ਦੀਕ ਹੀ ਇੱਕ ਜੇਲ੍ਹ ਵਿੱਚ ਹੈ। ਉਸ ਤੱਕ ਵੀ ਬੱਚੇ ਦੀ ਮੌਤ ਦੀ ਖ਼ਬਰ ਪਹੁੰਚਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ

ਦੋ ਬੱਚਿਆਂ ਨੂੰ ਪਹਿਲਾਂ ਗੁਆਇਆ

ਬੱਚੇ ਦੀ ਮੌਤ ਤੋਂ ਪਹਿਲਾਂ ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਸ਼ਮੀਮਾ ਨੇ ਕਿਹਾ ਸੀ ਕਿ ਉਹ ਚੁੱਪਚਾਪ ਆਪਣੇ ਬੇਟੇ ਜੱਰਾਹ ਨੂੰ ਬਰਤਾਨੀਆ ਵਿੱਚ ਪਾਲਣਾ ਚਾਹੁੰਦੀ ਹੈ।

ਸ਼ਮੀਮਾ ਨੇ ਇਹ ਵੀ ਕਿਹਾ ਸੀ ਕਿ ਉਸ ਨੂੰ ਸੀਰੀਆ ਜਾਣ ਦਾ ਕੋਈ ਦੁਖ ਨਹੀਂ, ਹਾਂ ਉਹ ਆਈਐਸ ਵੱਲੋਂ ਕੀਤੇ ਕੰਮਾਂ ਨਾਲ ਸਹਿਮਤ ਨਹੀਂ ਸੀ।

ਉਸ ਦਾ ਪਤੀ ਯਾਗੋ ਰਿਡਿਕ ਆਈਐਸ ਲੜਾਕਾ ਰਹਿ ਚੁੱਕਾ ਹੈ ਅਤੇ ਆਪਣੀ ਪਤਨੀ ਸ਼ਮੀਮਾ ਬੇਗ਼ਮ ਨਾਲ ਆਪਣੇ ਮੁਲਕ ਨੀਦਰਲੈਂਡ ਜਾਣਾ ਚਾਹੁੰਦਾ ਹੈ।

ਉਸ ਦੀ ਪਹਿਲੀ ਔਲਾਦ ਕੁੜੀ ਸੀ, ਉਹ ਇੱਕ ਸਾਲ ਤੇ 9 ਮਹੀਨੇ ਦੀ ਸੀ ਜਦੋਂ ਉਸ ਦੀ ਮੌਤ ਹੋ ਗਈ ਅਤੇ ਇੱਕ ਮਹੀਨੇ ਪਹਿਲਾਂ ਉਸ ਨੂੰ ਬਾਘੂਜ਼ 'ਚ ਦਫ਼ਨਾਇਆ ਗਿਆ।

ਟਾਈਮਜ਼ ਦੀ ਰਿਪੋਰਟ ਮੁਤਾਬਕ, ਉਸ ਦੇ 8 ਮਹੀਨਿਆਂ ਦੇ ਦੂਜੇ ਬੱਚੇ ਦੀ ਮੌਤ ਪਹਿਲਾਂ ਹੋਈ ਸੀ, ਉਹ ਕੁਪੋਸ਼ਣ ਦਾ ਸ਼ਿਕਾਰ ਹੋ ਗਿਆ ਸੀ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)