You’re viewing a text-only version of this website that uses less data. View the main version of the website including all images and videos.
ਪੁਲਵਾਮਾ ਦੇ ‘ਹਮਲਾਵਰ’ ਆਦਿਲ ਡਾਰ ਦੇ ਘਰ ਦਾ ਅੱਖੀਂ ਡਿੱਠਾ ਹਾਲ : ਬੀਬੀਸੀ ਦੀ ਖ਼ਾਸ ਰਿਪੋਰਟ
- ਲੇਖਕ, ਜ਼ੁਬੈਰ ਅਹਿਮਦ
- ਰੋਲ, ਪੱਤਰਕਾਰ, ਬੀਬੀਸੀ
ਪੁਲਵਾਮਾ ਵਿੱਚ 14 ਫ਼ਰਵਰੀ ਨੂੰ ਸੀਆਰਪੀਐਫ ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਜੰਗ ਦੇ ਕੰਢੇ 'ਤੇ ਆ ਗਏ ਸਨ।
ਹਮਲਾ ਜੰਮੂ-ਸ੍ਰੀਨਗਰ ਹਾਈਵੇਅ 'ਤੇ ਹੋਇਆ ਸੀ ਅਤੇ ਜਿਸ ਥਾਂ 'ਤੇ ਇਹ ਹੋਇਆ ਸੀ ਉੱਥੋਂ 20 ਸਾਲਾ ‘ਹਮਲਾਵਰ’ ਆਦਿਲ ਡਾਰ ਦਾ ਘਰ ਸਿਰਫ਼ 10 ਕਿਲੋਮੀਟਰ ਦੀ ਦੂਰੀ 'ਤੇ ਹੈ।
ਕਾਕਪੋਰਾ ਪਿੰਡ ਵਿੱਚ ਆਪਣੇ ਘਰ ਤੋਂ ਇੱਕ ਸਾਲ ਪਹਿਲਾਂ ਫ਼ਰਾਰ ਹੋਣ ਤੋਂ ਬਾਅਦ ਆਦਿਲ ਡਾਰ, ਜੈਸ਼-ਏ-ਮੁਹੰਮਦ ਵਿੱਚ ਸ਼ਾਮਲ ਹੋ ਗਏ ਅਤੇ ਉਹਨਾਂ ਵਾਲੇ ਪਾਸਿਓਂ ਬੰਦੂਕ ਚੁੱਕ ਲਈ ਸੀ।
ਡਾਰ ਦਾ ਘਰ ਇੱਕ ਦੋ-ਮੰਜ਼ਿਲਾ ਇਮਾਰਤ ਹੈ, ਜਿੱਥੇ ਪਹਿਲੀ ਮੰਜ਼ਿਲ 'ਤੇ ਪਰਿਵਾਰ ਇਕੱਠਾ ਹੈ। ਇਹ ਕਿਸਾਨਾਂ ਦਾ ਪਰਿਵਾਰ ਹੈ। ਠੰਡ ਅਤੇ ਮੀਂਹ ਵਿਚਕਾਰ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਪਹਿਲਾਂ ਆਦਿਲ ਦੇ ਦੋ ਭਰਾ ਅਤੇ ਪਿਤਾ ਨੇ ਬੀਬੀਸੀ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।
ਕੁਝ ਸਮੇਂ ਬਾਅਦ ਆਦਿਲ ਦੇ ਪਿਤਾ ਗ਼ੁਲਾਮ ਹਸਨ ਡਾਰ ਥੋੜ੍ਹੇ ਖੁੱਲ੍ਹੇ ਅਤੇ ਕਿਹਾ ਕਿ "ਲਾਸ਼ ਘਰ ਨਹੀਂ ਆਈ, ਬੇਟੇ ਨੂੰ ਦਫ਼ਨਾਇਆ ਨਹੀਂ, ਇਸ ਲਈ ਅਧੂਰਾਪਣ ਲੱਗ ਰਿਹਾ ਹੈ।"
ਜਦੋਂ ਮੈਂ ਪੁੱਛਿਆ ਕਿ, ਕੀ ਸੀਆਰਪੀਐਫ਼ ਦੇ 40 ਜਵਾਨਾਂ ਦੀ ਮੌਤ 'ਤੇ ਉਹਨਾਂ ਨੂੰ ਅਫ਼ਸੋਸ ਨਹੀਂ ਹੈ, ਦੇ ਜਵਾਬ ਵਿੱਚ ਡਾਰ ਦੇ ਪਿਤਾ ਨੇ ਕਿਹਾ, "ਫ਼ੌਜੀ ਵੀ ਆਪਣਾ ਕੰਮ ਕਰਨ ਆਉਂਦੇ ਹਨ, ਉਹਨਾਂ ਦੇ ਪਰਿਵਾਰ ਵੀ ਉਹਨਾਂ ਦੇ ਨੁਕਸਾਨ ਤੋਂ ਪੀੜਤ ਹਨ, ਸਾਡੇ ਵਾਂਗ ਹੀ ਕੁਝ ਪਰਿਵਾਰਾਂ ਨੂੰ ਆਪਣੇ ਪੁੱਤਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ ਹੋਣਗੀਆਂ। ਉਹ ਵੀ ਇਸ ਦਰਦ ਨੂੰ ਮਹਿਸੂਸ ਕਰ ਰਹੇ ਹੋਣਗੇ।"
ਇਹ ਵੀ ਪੜ੍ਹੋ:
ਆਦਿਲ ਦਾ ਸਬੰਧ ਜੈਸ਼ ਨਾਲ ਸੀ ਪਰ ਪੁਲਵਾਮਾ ਸਮੇਤ ਪੂਰੇ ਦੱਖਣੀ ਕਸ਼ਮੀਰ ਵਿੱਚ ਪਾਕਿਸਤਾਨ ਤੋਂ ਚੱਲਣ ਵਾਲੇ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਾਇਬਾ ਦੀਆਂ ਗਤੀਵਿਧੀਆਂ ਘੱਟ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਦੱਖਣੀ ਕਸ਼ਮੀਰ ਵਿੱਚ ਹਿਜ਼ਬੁਲ ਮੁਜ਼ਾਹੀਦੀਨ ਸਭ ਤੋਂ ਜ਼ਿਆਦਾ ਸਰਗਰਮ ਹੈ।
ਹਿਜ਼ਬੁਲ-ਮੁਜ਼ਾਹੀਦੀਨ ਦੀ ਅਗਵਾਈ ਕਦੇ ਅਧਿਆਪਕ ਰਹੇ 33 ਸਾਲਾ ਰਿਆਜ਼ ਨਾਇਕੂ ਦੇ ਹੱਥਾਂ ਵਿੱਚ ਹੈ। ਨਾਇਕੂ ਦਾ ਨਾਮ ਘਾਟੀ ਦੇ ਮੋਸਟ ਵਾਂਟੇਡ ਲੋਕਾਂ ਦੀ ਸੂਚੀ ਵਿੱਚ ਸਭ ਤੋਂ ਉੱਤੇ ਹੈ।
ਕੌਣ ਹਨ ਰਿਆਜ਼ ਨਾਇਕੂ ?
ਨਾਇਕੂ ਦਾ ਪਿੰਡ ਪੁਲਵਾਮਾ ਦਾ ਬੇਗਪੁਰਾ ਹੈ। ਸੱਤ ਸਾਲ ਪਹਿਲਾਂ ਗਣਿਤ ਵਿੱਚ ਗਰੈਜੁਏਸ਼ਨ ਕਰਨ ਤੋਂ ਬਾਅਦ ਨਾਇਕੂ ਨੇ ਹਥਿਆਰ ਚੁੱਕ ਲਏ। ਰਿਆਜ਼ ਨਾਇਕੂ ਦੇ ਪਰਿਵਾਰ ਨੇ ਹੁਣ ਮੰਨ ਲਿਆ ਹੈ ਕਿ ਘਰ ਵਿੱਚ ਦੇਰ ਜਾਂ ਸਵੇਰ ਨਾਇਕੂ ਦੀ ਲਾਸ਼ ਹੀ ਆਏਗੀ।
ਨਾਇਕੂ ਦੇ ਪਿਤਾ ਅਸਦੁੱਲਾ ਨਾਇਕੂ ਕਹਿੰਦੇ ਹਨ ਕਿ ਜਦੋਂ ਵੀ ਕੋਈ ਐਨਕਾਊਂਟਰ ਹੁੰਦਾ ਹੈ ਉਹਨਾਂ ਨੂੰ ਲਗਦਾ ਹੈ ਕਿ ਉਹਨਾਂ ਦਾ ਬੇਟਾ ਮਰਨ ਵਾਲਿਆਂ ਵਿੱਚ ਸ਼ਾਮਿਲ ਹੋਏਗਾ।
ਵੱਖਵਾਦ ਦਾ ਸਮਰਥਨ ਅਤੇ ਪਿਤਾ ਦੀਆਂ ਭਾਵਨਾਵਾਂ ਦੇ ਵਿਚਕਾਰਲੀ ਕਸ਼ਮਕਸ਼ ਬਾਰੇ ਪੁੱਛੇ ਜਾਣ 'ਤੇ ਉਹ ਕਹਿੰਦੇ ਹਨ, "ਇੱਕ ਮੁਸਲਮਾਨ ਹੋਣ ਦੇ ਨਾਤੇ ਇਹ ਮਾਣ ਵਾਲੀ ਗੱਲ ਹੈ। ਅਸੀਂ ਇਹ ਨਹੀਂ ਕਹਾਂਗੇ ਕਿ ਇਹ ਗਲਤ ਹੈ, ਜੇ ਉਹ ਡਰੱਗਜ਼ ਜਾਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੁੰਦਾ ਤਾਂ ਸਾਡਾ ਨਾਮ ਖ਼ਰਾਬ ਹੁੰਦਾ ਪਰ ਸਾਨੂੰ ਰਾਹਤ ਹੈ ਕਿ ਉਹ ਸਹੀ ਕੰਮ ਕਰ ਰਿਹਾ ਹੈ।"
ਕਿਵੇਂ ਸੋਚਦਾ ਹੈ ਕਸ਼ਮੀਰੀ ਸਮਾਜ ?
ਕਸ਼ਮੀਰ ਵਿੱਚ ਤੈਨਾਤ ਸਰਕਾਰੀ ਅਧਿਕਾਰੀ ਜਾਣਦੇ ਅਤੇ ਮੰਨਦੇ ਹਨ ਕਿ ਸਥਾਨਕ ਲੋਕਾਂ ਦੀ ਮਦਦ ਇਹਨਾਂ ਲੋਕਾਂ ਨੂੰ ਮਿਲਦੀ ਹੈ।
ਡਾਰ ਦਾ ਪਰਿਵਾਰ ਹੋਵੇ ਜਾਂ ਨਾਇਕੂ ਦਾ ਇਹ ਸਧਾਰਨ ਲੋਕ ਹਨ ਪਰ ਇਹਨਾਂ ਦੀਆਂ ਔਲਾਦਾਂ ਜਦੋਂ ਬੰਦੂਕ ਚੁੱਕਦੀਆਂ ਹਨ ਜਾਂ ਮਾਰੀਆਂ ਜਾਂਦੀਆਂ ਹਨ ਤਾਂ ਸਮਾਜ ਵਿੱਚ ਉਹਨਾਂ ਨੂੰ ਉੱਚਾ ਦਰਜਾ ਮਿਲਦਾ ਹੈ।
ਕੱਟੜਪੰਥੀਆਂ ਨੂੰ ਸਥਾਨਕ ਲੋਕਾਂ ਦਾ ਭਰਵਾਂ ਸਹਿਯੋਗ ਮਿਲਦਾ ਹੈ। ਜੇ ਸਥਾਨਕ ਲੋਕ ਉਹਨਾਂ ਨੂੰ ਪਨਾਹ ਨਾ ਦੇਣ ਉਹਨਾਂ ਦੇ ਖਾਣ-ਪੀਣ ਦਾ ਪ੍ਰਬੰਧ ਨਾ ਕਰਨ ਅਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਉਹਨਾਂ ਨੂੰ ਸਾਵਧਾਨ ਨਾ ਕਰਨ ਤਾਂ ਹਿੰਸਕ ਅੰਦੋਲਨ ਟਿਕ ਨਹੀਂ ਸਕਦਾ।
ਪਰ ਦੂਜੇ ਪਾਸੇ ਸੁਰੱਖਿਆ ਬਲਾਂ ਦਾ ਵੀ ਸਥਾਨਕ ਲੋਕਾਂ ਵਿਚਕਾਰ ਮੁਖ਼ਬਰਾਂ ਦਾ ਇੱਕ ਵੱਡਾ ਨੈਟਵਰਕ ਹੈ। ਐਨਕਾਊਂਟਰ ਉਸੇ ਵੇਲੇ ਹੁੰਦਾ ਹੈ ਜਦੋਂ ਕੋਈ ਸਥਾਨਕ ਮੁਖ਼ਬਰ ਮਿਲੀਟੈਂਟਸ ਦੀਆਂ ਗਤੀਵਿਧੀਆਂ ਦੀ ਖ਼ਬਰ ਪੁਲਿਸ ਨੂੰ ਦਿੰਦਾ ਹੈ।
ਇਹ ਵੀ ਪੜ੍ਹੋ:
ਲੁਕਣ -ਮੀਟੀ ਵਿੱਚ ਸਥਾਨਕ ਲੋਕਾਂ ਦੀ ਮਦਦ ਹੋਣ ਕਾਰਨ ਡਾਰ ਜਾਂ ਨਾਇਕੂ ਜਿਹੇ ਲੋਕ ਅਕਸਰ ਬਚ ਨਿਕਲਦੇ ਹਨ। ਐਨਕਾਊਂਟਰ ਵੇਲੇ ਪਿੰਡ ਵਾਲੇ ਕਦੇ ਉਹਨਾਂ ਨੂੰ ਫਰਾਰ ਹੋਣ ਵਿਚ ਮਦਦ ਕਰਦੇ ਹਨ ਅਤੇ ਕਦੇ ਪੁਲਿਸ ਦੇ ਸਾਹਮਣੇ ਹਿੱਕ ਤਾਣ ਕੇ ਖੜ੍ਹੇ ਹੋ ਜਾਂਦੇ ਹਨ ਤਾਂ ਕਦੇ ਪਥਰਾਅ ਕਰਨ ਲਗਦੇ ਹਨ।
ਬੀਬੀਸੀ ਨਾਲ ਗੱਲਬਾਤ ਵਿੱਚ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਕਹਿੰਦੇ ਹਨ, "ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਕਿ ਪਾਕਿਸਤਾਨ ਵਿੱਚ ਬੈਠੇ ਜੋ ਇਹਨਾਂ ਦੇ ਆਕਾ ਹਨ ਉਹਨਾਂ ਦਾ ਇੱਕ ਦਬਾਅ ਆਇਆ ਕਿ ਤੁਸੀਂ ਤਾਂ ਬਹੁਤ ਬੇਇਜ਼ਤੀ ਕਰਵਾ ਦਿੱਤੀ। ਕੁਝ ਵੱਡਾ ਕਰੋ ਤਾਂ ਰਣਨੀਤੀ ਪਾਕਿਸਤਾਨ ਅਤੇ ਆਈਐਸਆਈ ਦੇ ਦਬਾਅ ਵਿੱਚ ਬਣਦੀ-ਬਦਲਦੀ ਹੈ।"
ਵਾਦੀ ਵਿੱਚ ਸਭ ਤੋਂ ਵੱਧ ਸਰਗਰਮ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤਾਇਬਾ ਅਤੇ ਹਿਜ਼ਬੁਲ ਮੁਜ਼ਾਹੀਦੀਨ ਵੱਖ-ਵੱਖ ਇਸਲਾਮੀ ਵਿਚਾਰਧਾਰਾ ਦੇ ਸੰਗਠਨ ਹਨ। ਪਹਿਲੇ ਦੋ ਸੰਗਠਨ ਪਾਕਿਸਤਾਨੀ ਹਨ।
ਭਾਰਤ ਸ਼ਾਸਿਤ ਕਸ਼ਮੀਰ ਵਿੱਚ ਇਹਨਾਂ ਦਾ ਵਜੂਦ ਹੈ, ਜਿਨ੍ਹਾਂ ਵਿੱਚ ਕੁਝ ਸਥਾਨਕ ਅੱਤਵਾਦੀ ਹੁੰਦੇ ਹਨ ਪਰ ਜ਼ਿਆਦਾਤਰ ਸਰਹੱਦ ਦੇ ਉਸ ਪਾਰ ਤੋਂ ਆਉਂਦੇ ਹਨ। ਇਹਨਾਂ ਤਿੰਨ ਸੰਗਠਨਾਂ ਤੋਂ ਮਿਲ ਕੇ ਬਣੀ ਜਿਹਾਦ ਕੌਂਸਲ ਪਾਕਿਸਤਾਨ ਵਿੱਚ ਹੈ, ਜਿਸ ਵਿੱਚ ਮਸੂਦ ਅਜ਼ਹਰ ਅਤੇ ਹਾਫ਼ਿਜ਼ ਮੁਹੰਮਦ ਸਈਦ ਸ਼ਾਮਲ ਹੈ।
ਇਹ ਵੀ ਪੜ੍ਹੋ:
ਵਿਚਾਰਧਾਰਾ ਦੇ ਆਪਸੀ ਮਤਭੇਦ ਦੇ ਬਾਵਜੂਦ ਇਹਨਾਂ ਵਿਚਕਾਰ ਅਕਸਰ ਆਪਰੇਸ਼ਨਲ ਤਾਲਮੇਲ ਨਜ਼ਰ ਆਉਂਦਾ ਹੈ। ਅਧਿਕਾਰੀ ਕਹਿੰਦੇ ਹਨ ਕਿ ਪੁਲਵਾਮਾ ਵਿੱਚ ਅਜਿਹਾ ਹੀ ਹੋਇਆ ਸੀ। ਕੀ ਅੱਗੇ ਵੀ ਇਸ ਤਰ੍ਹਾਂ ਦੇ ਵੱਡੇ ਹਮਲੇ ਹੋ ਸਕਦੇ ਹਨ?
ਦਿੱਲੀ ਦੀ ਜਾਮੀਆ ਮਿਲਿਆ ਯੁਨੀਵਰਸਿਟੀ ਦੇ ਅਯਮਾਨ ਮਾਜਿਦ ਨੇ ਕਸ਼ਮੀਰ ਵਿੱਚ ਵੱਖਵਾਦੀ ਹਿੰਸਾ 'ਤੇ ਡੂੰਘੀ ਖੋਜ ਕੀਤੀ ਹੈ। ਉਹ ਕਹਿੰਦੇ ਹਨ, "ਮੇਰੇ ਵਿਚਾਰ ਵਿੱਚ ਇਸ ਤਰ੍ਹਾਂ ਦੇ ਹਮਲੇ ਜ਼ਿਆਦਾ ਨਜ਼ਰ ਨਹੀਂ ਆਉਣਗੇ। ਮੀਡੀਆ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਦੇ ਹਮਲੇ ਕਸ਼ਮੀਰ ਵਿੱਚ ਦੁਬਾਰਾ ਹੋ ਸਕਦੇ ਹਨ ਪਰ ਸਮਝਦਾ ਹਾਂ ਕਿ ਪੁਲਵਾਮਾ ਜਿਹਾ ਵੱਡਾ ਹਮਲਾ ਕਦੇ-ਕਦਾਈਂ ਹੀ ਹੋਏਗਾ।"
ਪੁਲਵਾਮਾ ਹਮਲੇ ਦੀ ਜਾਂਚ ਜਾਰੀ ਹੈ ਪਰ ਕੀ ਇਹ ਸਰਕਾਰ ਦੀ ਰਣਨੀਤੀ ਦੀ ਨਾਕਾਮੀ ਨੂੰ ਦਰਸਾਉਂਦਾ ਹੈ?
ਕਸ਼ਮੀਰ ਯੂਨੀਵਰਸਿਟੀ ਵਿੱਚ ਪੜ੍ਹਾਉਣ ਵਾਲੇ ਇਬਰਾਹਿਮ ਵਾਨੀ ਕਹਿੰਦੇ ਹਨ ਕਿ ਸਰਕਾਰ ਨੇ ਪਿਛਲੇ ਸਾਲ ਅੱਤਵਾਦ 'ਤੇ ਕਾਬੂ ਪਾਉਣ ਦਾ ਦਾਅਵਾ ਕੀਤਾ ਸੀ ਪਰ ਪੁਲਵਾਮਾ ਇਸ ਨੂੰ ਨਕਾਰਦਾ ਹੈ, "2018 ਵਿੱਚ ਦਾਅਵਾ ਕੀਤਾ ਗਿਆ ਕਿ ਬਹੁਤ ਸਾਰੇ ਅੱਤਵਾਦੀ ਮਾਰੇ ਗਏ ਹਨ ਅਤੇ ਫ਼ੌਜੀ ਕਾਮਯਾਬੀ ਦਾ ਅੰਦਾਜ਼ਾ ਸੀ ਪਰ ਪੁਲਵਾਮਾ ਨੇ ਇਸ ਨੂੰ ਨਕਾਰਿਆ ਹੈ।"
ਅਧਿਕਾਰੀ ਜਾਣਦੇ ਹਨ ਕਿ ਮੁਠਭੇੜ ਵਿੱਚ ਇੱਕ ਅੱਤਵਾਦੀ ਮਰਦਾ ਹੈ ਤਾਂ ਦੂਜਾ ਖੜ੍ਹਾ ਹੋ ਜਾਂਦਾ ਹੈ। ਪੁਲਿਸ ਦੀ ਰਿਪੋਰਟ ਮੁਤਾਬਕ, ਸੂਬੇ ਵਿੱਚ ਸਰਗਰਮ ਹਥਿਆਰਬੰਦ ਨੌਜਵਾਨਾਂ ਦੀ ਗਿਣਤੀ ਇੱਕ ਸਮੇਂ 150 ਤੋਂ 250 ਤੱਕ ਸੀਮਤ ਰਹਿੰਦੀ ਹੈ। ਅੱਤਵਾਦੀ ਜਾਣਦੇ ਹਨ ਕਿ ਇਹ ਗਿਣਤੀ ਸੁਰੱਖਿਆ ਬਲਾਂ ਨੂੰ ਪਰੇਸ਼ਾਨ ਕਰਨ ਅਤੇ ਉਹਨਾਂ ਨੂੰ ਰੁੱਝੇ ਰੱਖਣ ਲਈ ਕਾਫ਼ੀ ਹੈ।
ਦੱਖਣੀ ਕਸ਼ਮੀਰ ਵਿੱਚ ਹਮਲੇ ਜ਼ਿਆਦਾ ਹੁੰਦੇ ਹਨ ਜਿਨ੍ਹਾਂ ਵਿੱਚ ਸੁਰੱਖਿਆ ਮੁਲਾਜ਼ਮਾਂ ਦੀਆਂ ਮੌਤਾਂ ਵੱਡੀ ਗਿਣਤੀ ਵਿੱਚ ਹੁੰਦੀਆਂ ਹਨ। ਇਹ ਮੈਦਾਨੀ ਇਲਾਕਾ ਹੈ ਜਿੱਥੇ ਜੰਗਲ ਵੀ ਘੱਟ ਹੈ, ਇਸ ਲਈ ਇੱਥੇ ਸਥਾਨਕ ਹਿਜ਼ਬੁਲ-ਮੁਜ਼ਾਹੀਦੀਨ ਜ਼ਿਆਦਾ ਸਰਗਰਮ ਹੈ। ਲਸ਼ਕਰ ਅਤੇ ਜੈਸ਼ ਦੇ ਅੱਤਵਾਦੀ ਇੱਥੇ ਮੁਸ਼ਕਿਲ ਵਿੱਚ ਪੈ ਸਕਦੇ ਹਨ ਕਿਉਂਕਿ ਉਹਨਾਂ ਨੂੰ ਕਸ਼ਮੀਰੀ ਬੋਲੀ ਨਹੀਂ ਆਉਂਦੀ ਹੈ।
ਖ਼ੂਫ਼ੀਆ ਏਜੰਸੀਆਂ ਮੁਤਾਬਕ ਉੱਤਰੀ ਕਸ਼ਮੀਰ ਵਿੱਚ ਜੈਸ਼ ਅਤੇ ਲਸ਼ਕਰ ਦੇ ਅੱਤਵਾਦੀ ਜ਼ਿਆਦਾ ਹੁੰਦੇ ਹਨ। ਉਹ ਇੱਥੋਂ ਦੇ ਪਹਾੜੀ ਅਤੇ ਜੰਗਲੀ ਰਸਤਿਆਂ ਤੋਂ ਵਾਕਿਫ਼ ਹੁੰਦੇ ਹਨ। ਉਹ ਫ਼ੌਜੀ ਤਰੀਕੇ ਦੇ ਟਰੇਨਡ ਹਨ ਅਤੇ ਹਿਜ਼ਬ ਦੇ ਮੁੰਡਿਆਂ ਦੀ ਤੁਲਨਾ ਵਿੱਚ ਵਧੇਰੇ ਅਨੁਭਵੀ ਹੁੰਦੇ ਹਨ।
ਇਹਨਾਂ ਵਿੱਚ ਪਾਕਿਸਤਾਨ ਤੋਂ ਆਏ ਲੋਕ ਜ਼ਿਆਦਾ ਹੁੰਦੇ ਹਨ। ਹਾਲ ਵਿੱਚ ਹੰਦਵਾੜਾ ਵਿੱਚ ਇੱਕ ਐਨਕਾਊਂਟਰ 72 ਘੰਟੇ ਚੱਲਿਆ ਜਿਸ ਵਿੱਚ ਸੁਰੱਖਿਆ ਬਲਾਂ ਦੀ ਮੌਤ ਜ਼ਿਆਦਾ ਹੋਈ। ਇਸਦਾ ਕਾਰਨ ਦੱਸਦਿਆਂ ਇੱਕ ਪੱਤਰਕਾਰ ਨੇ ਕਿਹਾ ਕਿ ਉੱਥੇ ਪਾਕਿਸਤਾਨੀ ਜ਼ਿਆਦਾ ਸਰਗਰਮ ਸੀ, ਉਹਨਾਂ 'ਤੇ ਕਾਬੂ ਪਾਉਣਾ ਔਖਾ ਹੈ।
ਕੀ ਹੈ ਅੱਗੇ ਦਾ ਰਾਹ?
ਰਾਜਪਾਲ ਸੱਤਿਆਪਾਲ ਮਲਿਕ ਮੰਨਦੇ ਹਨ ਕਿ ਪੁਲਵਾਮਾ ਹਮਲਾ ਅਜਿਹੇ ਵੇਲੇ ਹੋਇਆ ਹੈ ਜਦੋਂ ਇਹ ਲੱਗ ਰਿਹਾ ਸੀ ਕਿ ਹਾਲਾਤ ਬਿਹਤਰ ਹੋ ਰਹੇ ਹਨ।
ਉਹਨਾਂ ਨੇ ਮੰਨ ਲਿਆ ਕਿ ਕਸ਼ਮੀਰ ਵਿੱਚ ਜਾਰੀ ਹਿੰਸਾ ਦਾ ਇੱਕ ਹੀ ਹੱਲ ਹੈ ਅਤੇ ਉਹ ਹੈ ਗੱਲਬਾਤ ਦੀ ਦੁਬਾਰਾ ਸ਼ੁਰੂਆਤ, ਪਰ ਉਹਨਾਂ ਮੁਤਾਬਕ, "ਪਹਿਲਾਂ ਹਾਲਾਤ ਬਿਹਤਰ ਹੋਣ, ਪਾਕਿਸਤਾਨ ਮਿਲੀਟੈਂਟਸ ਨੂੰ ਸਹਿਯੋਗ ਦੇਣਾ ਬੰਦ ਕਰੇ ਤਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਸਕਦਾ ਹੈ।"
ਗੁਲਾਮ ਹਸਨ ਡਾਰ ਇੱਕ ਆਤਮਘਾਤੀ ਹਮਲਾਵਰ ਦੇ ਪਿਤਾ ਹਨ, ਉਹ ਵਾਰ-ਵਾਰ ਇਸ ਹਾਲਾਤ ਦਾ ਜ਼ਿੰਮੇਵਾਰ ਕੇਂਦਰ ਅਤੇ ਸੂਬੇ ਦੇ ਨੇਤਾਵਾਂ ਨੂੰ ਠਹਿਰਾਉਂਦੇ ਹਨ। ਉਹ ਆਪਣੇ ਬੱਚੇ ਨੂੰ ਮਿਲੀਟੈਂਟ ਬਣਨ ਤੋਂ ਰੋਕ ਨਹੀਂ ਸਕੇ ਪਰ ਉਹਨਾਂ ਦੇ ਵਿਚਾਰ ਵਿੱਚ ਹਿੰਸਾ ਨੂੰ ਰੋਕਣ ਦਾ ਇੱਕੋ ਹੀ ਤਰੀਕਾ ਹੈ ਅਤੇ ਉਹ ਹੈ ਭਾਰਤ-ਪਾਕਿਸਤਾਨ-ਕਸ਼ਮੀਰ ਵਿੱਚ ਗੱਲਬਾਤ।
ਇਹ ਵੀ ਪੜ੍ਹੋ:
ਡਾਰ ਮੁਤਾਬਕ ਆਖ਼ਿਰ 'ਚ ਹਿੰਸਾ ਵਿੱਚ ਮਰਦਾ ਹੈ ਇਨਸਾਨ, "ਹਿੰਦੂ, ਸਿੱਖ ਅਤੇ ਮੁਸਲਿਮ ਸਾਰੇ ਇਨਸਾਨ ਹਨ, ਮਰਦਾ ਇੱਕ ਇਨਸਾਨ ਹੈ, ਨੇਤਾਵਾਂ ਲਈ ਬਿਹਤਰ ਹੁੰਦਾ ਕਿ ਉਹ ਇੰਨੇ ਸਵਾਰਥੀ ਨਾ ਹੁੰਦੇ ਅਤੇ ਕਸ਼ਮੀਰ ਸਮੱਸਿਆ ਦਾ ਹੱਲ ਕੱਢਦੇ।"
ਪੁਲਵਾਮਾ ਤੋਂ ਬਾਅਦ ਤਕਰੀਬਨ ਰੋਜ਼ਾਨਾ ਚੱਲ ਰਹੇ ਐਨਕਾਊਂਟਰਾਂ ਤੋਂ ਅਜਿਹਾ ਲਗਦਾ ਹੈ ਕਿ ਹਿੰਸਾ ਦਾ ਅੰਤ ਨੇੜੇ ਨਹੀਂ ਹੈ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ: