ਪਾਕਿਸਤਾਨ 'ਚ ਭਾਰਤੀ ਹਮਲੇ ਦੀਆਂ ਤਸਵੀਰਾਂ ਦਾ ਸੱਚ - ਬੀਬੀਸੀ ਫੈਕਟ ਚੈੱਕ

    • ਲੇਖਕ, ਬੀਬੀਸੀ ਨਿਊਜ਼
    • ਰੋਲ, ਫੈਕਟ ਚੈੱਕ ਟੀਮ

ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਇਸ ਦਾਅਵੇ ਨਾਲ ਪੋਸਟ ਕੀਤੀਆਂ ਜਾ ਰਹੀਆਂ ਹਨ ਕਿ ਇਹ ਮੰਗਲਵਾਰ ਨੂੰ ਭਾਰਤ ਵੱਲੋਂ ਪਾਕਿਸਤਾਨ 'ਤੇ ਸੁੱਟੇ ਗਏ ਬੰਬਾਂ ਵਾਲੀ ਥਾਂ ਦੀਆਂ ਹਨ।

ਭਾਰਤ ਵੱਲੋਂ ਦਾਅਵਾ ਕੀਤਾ ਗਿਆ ਕਿ ਬਾਲਾਕੋਟ 'ਚ ਉਨ੍ਹਾਂ ਵੱਲੋਂ ਜੈਸ਼-ਏ-ਮੁਹੰਮਦ ਗਰੁੱਪ ਦੇ ਟਰੇਨਿੰਗ ਕੈਂਪ ’ਤੇ ਹਮਲਾ ਕੀਤਾ ਗਿਆ ਅਤੇ ਕਾਰਵਾਈ ਦੌਰਾਨ ਕਈ ਅੱਤਵਾਦੀ ਮਾਰੇ ਗਏ।

ਭਾਰਤ ਸਰਕਾਰ ਇਸ ਕਾਰਵਾਈ ਨੂੰ ਰੱਖਿਆਤਮਕ ਕਦਮ ਦੱਸ ਰਹੀ ਹੈ। ਭਾਰਤ ਦਾ ਦਾਅਵਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਜੈਸ਼-ਏ-ਮੁਹੰਮਦ ਗਰੁੱਪ ਵੱਲੋਂ ਭਾਰਤ ਵਿੱਚ ਹੋਰ ਹਮਲੇ ਕਰਨ ਦੀ ਤਿਆਰੀ ਸੀ।

14 ਫਰਵਰੀ ਨੂੰ ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫਲੇ ’ਤੇ ਹੋਏ ਹਮਲੇ ਵਿੱਚ 40 ਜਵਾਨ ਮਾਰੇ ਗਏ ਸਨ। ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

ਹਾਲਾਂਕਿ, ਭਾਰਤੀ ਅਧਿਕਾਰੀਆਂ ਨੇ ਹਮਲੇ ਦੀ ਕੋਈ ਵੀ ਤਸਵੀਰ ਜਾਰੀ ਨਹੀਂ ਕੀਤੀ ਪਰ ਪਾਕਿਸਤਾਨ ਨੇ ਹਮਲੇ 'ਚ ਹੋਏ ਨੁਕਸਾਨ ਦੀਆਂ ਕੁਝ ਤਸਵੀਰਾਂ ਛਾਪੀਆਂ ਹਨ।

ਇਨ੍ਹਾਂ ਵੱਖ-ਵੱਖ ਦਾਅਵਿਆਂ ਵਿਚਾਲੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਜ਼ਰੀਏ ਇਹ ਦਾਅਵਾ ਕੀਤਾ ਗਿਆ ਹੈ ਕਿ ਹਮਲੇ ਕਾਰਨ ਕਾਫੀ ਨੁਕਸਾਨ ਪਹੁੰਚਿਆ ਹੈ।

ਇਹ ਤਸਵੀਰਾਂ ਹਜ਼ਾਰਾਂ ਵਾਰ ਸ਼ੇਅਰ ਕੀਤੀਆ ਗਈਆਂ ਹਨ ਪਰ ਬੀਬੀਸੀ ਦੀ ਫੈਕਟ ਚੈੱਕ ਟੀਮ ਨੇ ਇਨ੍ਹਾਂ ਤਸਵੀਰਾਂ ਨੂੰ ਫਰਜ਼ੀ ਕਰਾਰ ਦਿੱਤਾ ਹੈ।

ਤਸਵੀਰ 1

ਇਹ ਤਸਵੀਰ ਇਸ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਕਿ ਭਾਰਤੀ ਹਵਾਈ ਹਮਲੇ ਦੌਰਾਨ ਪਾਕਿਸਤਾਨ ਦੇ ਬਾਲਾਕੋਟ 'ਚ ਕਾਫੀ ਨੁਕਸਾਨ ਹੋਇਆ ਹੈ।

ਇਸ ਤਸਵੀਰ ਵਿੱਚ ਕਈ ਮਕਾਨ ਅਤੇ ਇਮਾਰਤਾਂ ਪੂਰੀ ਤਰ੍ਹਾਂ ਢਹਿ-ਢੇਰੀ ਹੋਈਆਂ ਦੇਖੀਆਂ ਜਾ ਸਕਦੀਆਂ ਹਨ।

ਪਰ ਇਸ ਤਸਵੀਰ ਦਾ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਾਜ਼ਾ ਤਣਾਅ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਇਹ ਇੱਕ ਪੁਰਾਣੀ ਤਸਵੀਰ ਹੈ ਜੋ ਸਾਲ 2005 ਵਿੱਚ ਪਾਕਿਸਤਾਨ ਸ਼ਾਸਿਤ ਕਸ਼ਮੀਰ 'ਚ ਆਏ ਭੂਚਾਲ ਤੋਂ ਬਾਅਦ ਲਈ ਗਈ ਸੀ।

ਰਿਪੋਰਟਾਂ ਮੁਤਾਬਕ ਇਸ ਵਿੱਚ ਕਰੀਬ 75 ਹਜ਼ਾਰ ਲੋਕ ਮਾਰੇ ਗਏ ਸਨ, ਜਿਨ੍ਹਾਂ 'ਚ ਵਧੇਰੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਦੇ ਰਹਿਣ ਵਾਲੇ ਸਨ।

ਏਐਫਪੀ ਨਿਊਜ਼ ਏਜੰਸੀ ਨੇ ਇਸ ਤਸਵੀਰ ਨੂੰ 10 ਅਕਤੂਬਰ 2005 'ਚ ਛਾਪਿਆ ਸੀ।

ਇਹ ਵੀ ਪੜ੍ਹੋ-

ਤਸਵੀਰ 2

ਇੱਕ ਹੋਰ ਤਸਵੀਰ ਜੋ ਵਟਸਐਪ ਗਰੁੱਪ ਅਤੇ ਸੱਜੇ ਪੱਖੀ ਫੇਸਬੁੱਕ ਪੇਜ਼ਾਂ ਜਿਵੇਂ "I Support Amit Shah" 'ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ। ਇਹ ਵੀ ਭੂਚਾਲ ਦੀ ਹੈ।

ਇਸ ਤਸਵੀਰ 'ਚ ਕਾਫੀ ਨੁਕਸਾਨ ਦਿਖਾਇਆ ਗਿਆ ਹੈ।

ਪੌਲਾ ਬਰੋਨਸਟੇਨ ਨੇ ਇਹ ਤਸਵੀਰ ਖਿੱਚੀ ਸੀ ਅਤੇ ਇਹ ਅਜੇ ਵੀ ਗੈਟੀ ਇਮੇਜਿਜ਼ 'ਤੇ ਮੌਜੂਦ ਹੈ।

ਤਸਵੀਰ 3

ਇੱਕ ਹੋਰ ਤਸਵੀਰ ਵੀ ਸਾਲ 2005 ਦੇ ਭੂਚਾਲ ਕਾਰਨ ਬਾਲਾਕੋਟ 'ਚ ਹੋਈ ਤਬਾਹੀ ਦੇ ਮੰਜ਼ਰ ਵਾਲੀ ਹੈ।

ਹਾਲਾਂਕਿ ਇਹ ਤਸਵੀਰ ਵੀ ਏਐਫਪੀ ਫੋਟੋਗਰਾਫਰ ਫਾਰੂਕ ਨਈਮ ਵੱਲੋਂ ਖਿੱਚੀ ਗਈ ਹੈ ਅਤੇ ਇਹ ਵੀ ਗੈਟੀ 'ਤੇ ਮੌਜੂਦ ਹੈ।

ਤਸਵੀਰ 4

ਅਜਿਹੀ ਹੀ ਇੱਕ ਹੋਰ ਤਸਵੀਰ ਸੋਸ਼ਲ ਮੀਡੀਆ 'ਤੇ ਵੱਡੇ ਪੱਧਰ 'ਤੇ ਸ਼ੇਅਰ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਭਾਰਤੀ ਹਵਾਈ ਹਮਲੇ 'ਚ ਮਾਰੇ ਗਏ ਲੋਕਾਂ ਦਾ ਅੰਤਿਮ ਸੰਸਕਾਰ ਦਿਖਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਪਰ ਇਹ ਤਸਵੀਰ 3 ਨਵੰਬਰ 2014 ਨੂੰ ਵਾਹਗਾ ਸਰਹੱਦ (ਭਾਰਤ-ਪਾਕਿਸਤਾਨ ਸਰਹੱਦ) ਨੇੜੇ ਆਤਮਘਾਤੀ ਹਮਲੇ ਦੌਰਾਨ ਮਾਰੇ ਲੋਕਾਂ ਦੇ ਸਸਕਾਰ ਵੇਲੇ ਖਿੱਚੀ ਗਈ ਸੀ।

ਰਾਇਟਰਜ਼ ਦੀ ਰਿਪੋਰਟ ਮੁਤਾਬਕ ਸਰਹੱਦ 'ਤੇ ਫਲੈਗ ਸੈਰੇਮਨੀ ਦੌਰਾਨ ਹੋਏ ਆਤਮਘਾਤੀ ਹਮਲੇ ਵਿੱਚ ਕਰੀਬ 57 ਪਾਕਿਸਤਾਨੀ ਮਾਰੇ ਗਏ ਸਨ।

ਇਹ ਤਸਵੀਰ ਵੀ ਗੈਟੀ 'ਤੇ ਰਾਣਾ ਸਾਜਿਦ ਹੁਸੈਨ ਦੇ ਨਾਮ ਨਾਲ ਮੌਜੂਦ ਹੈ।

ਅਸੀਂ ਕੁਝ ਹੋਰ ਵੀ ਕੁਦਰਤੀ ਆਪਦਾ ਅਤੇ ਪਹਿਲਾਂ ਹੋਏ ਅੱਤਵਾਦੀ ਹਮਲੇ ਵਾਲੀਆਂ ਤਸਵੀਰਾਂ ਵੀ ਦੇਖੀਆਂ ਹਨ ਜਿਨ੍ਹਾਂ ਨੂੰ ਹਵਾਈ ਹਮਲੇ ਨਾਲ ਜੋੜ ਕੇ ਸਾਂਝਾ ਕੀਤਾ ਜਾ ਰਿਹਾ ਹੈ।

ਜੇ ਤੁਹਾਡੀ ਨਜ਼ਰ ਵਿੱਚ ਵੀ ਕੋਈ ਅਜਿਹੀ ਸ਼ੱਕੀ ਖ਼ਬਰ, ਤਸਵੀਰ,ਵੀਡੀਓ, ਜਾਂ ਦਾਅਵਾ ਆਉਂਦਾ ਹੈ ਤਾਂ ਇਨ੍ਹਾਂ ਦਾ ਵੇਰਵਾ ਬੀਬੀਸੀ ਨੂੰ +91 9811520111 ’ਤੇ ਵਟਸਐਪ ਕਰੋ ਜਾਂ ਇੱਥੇ ਕਲਿੱਕ ਕਰੋ। ਅਸੀਂ ਉਨ੍ਹਾਂ ਦੀ ਪੜਤਾਲ ਕਰਾਂਗੇ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)