ਪਾਕਿਸਤਾਨ - ਭਾਰਤ ਤਣਾਅ: ਕੀ ਇਨ੍ਹਾਂ ਮਹਿਲਾ ਭਾਰਤੀ ਪਾਇਲਟਾਂ ਨੇ ਪਾਕਿਸਤਾਨ 'ਚ ਦਾਖਿਲ ਹੋ ਕੇ ਹਮਲਾ ਕੀਤਾ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਸੋਸ਼ਲ ਮੀਡੀਆ 'ਤੇ ਕਰੈਸ਼ ਹੋਏ ਭਾਰਤੀ ਲੜਾਕੂ ਜਹਾਜ਼ਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉਹੀ ਜਹਾਜ਼ ਹਨ ਜਿਨ੍ਹਾਂ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਭਾਰਤੀ ਹਵਾਈ ਫੌਜ ਦੇ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪਾਂ 'ਤੇ ਮੰਗਲਵਾਰ ਨੂੰ ਕੀਤੀ ਗਈ ਗੁਪਤ ਕਾਰਵਾਈ ਵਿੱਚ ਹਿੱਸਾ ਲਿਆ ਸੀ।

ਬੁੱਧਵਾਰ ਨੂੰ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਉਸ ਨੇ ਭਾਰਤੀ ਹਵਾਈ ਫੌਜ ਦੇ ਦੋ ਲੜਾਕੂ ਜਹਾਜ਼ਾਂ ਨੂੰ ਡੇਗ ਲਿਆ ਹੈ। ਇਹ ਕਾਰਵਾਈ ਭਾਰਤ ਦੀ ਮੰਗਲਵਾਰ ਦੀ ਕਾਰਵਾਈ ਦੇ ਜਵਾਬ ਵਿੱਚ ਕੀਤੀ ਗਈ ਸੀ।

ਇਹ ਵੀ ਪੜ੍ਹੋ:

ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਜਹਾਜ਼ ਉਨ੍ਹਾਂ ਵਾਲੇ ਪਾਸੇ ਡਿੱਗਿਆ ਸੀ ਤੇ ਉਸ ਦੇ ਪਾਇਲਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਭਾਰਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸਦਾ ਇੱਕ ਪਾਇਲਟ ਲਾਪਤਾ ਹੈ।

ਭਾਰਤ ਤੇ ਪਾਕਿਸਤਾਨ ਵਿੱਚ ਇਹ ਤਣਾਅ ਭਾਰਤ ਪ੍ਰਸ਼ਾਸ਼ਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫ਼ਲੇ ਤੇ 14 ਫਰਵਰੀ ਨੂੰ ਜੈਸ਼-ਏ- ਮੁਹੰਮਦ ਵੱਲੋਂ ਕੀਤੇ ਅੱਤਵਾਦੀ ਹਮਲੇ ਤੋਂ ਬਾਅਦ ਵਧਿਆ ਹੈ। ਇਸ ਹਮਲੇ ਵਿੱਚ 40 ਤੋਂ ਵਧੇਰੇ ਸੁਰਖਿਆ ਕਰਮੀਆਂ ਦੀ ਮੌਤ ਹੋ ਗਈ ਸੀ।

ਇਸ ਸਾਰੇ ਘਟਨਾਕ੍ਰਮ ਦੌਰਾਨ ਬਹੁਤ ਸਾਰੇ ਭਾਰਤੀ ਸੋਸ਼ਲ ਮੀਡੀਆ ਵਰਤੋਂਕਾਰ ਭਾਰਤੀ ਲੜਾਕੂ ਜਹਾਜ਼ਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ। ਹਾਲਾਂਕਿ, ਇਨ੍ਹਾਂ ਤਸਵੀਰਾਂ ਵਿਚਲੇ ਜਹਾਜ਼ਾਂ ਦਾ ਮੰਗਲਵਾਰ ਦੀ ਕਾਰਵਾਈ ਵਿੱਚ ਸ਼ਾਮਲ ਭਾਰਤੀ ਲੜਾਕੂ ਜਹਾਜ਼ਾਂ ਨਾਲ ਕੋਈ ਸੰਬੰਧ ਨਹੀਂ ਹੈ।

ਪਹਿਲੀ ਤਸਵੀਰ

ਇੱਕ ਔਰਤ ਦੀ ਤਸਵੀਰ ਜਿਸ ਦੇ ਹੱਥ ਵਿੱਚ ਹੈਲਮਟ ਫੜਿਆ ਹੋਇਆ ਹੈ ਵੀ ਤੇਜ਼ੀ ਨਾਲ ਸਾਂਝੀ ਕੀਤੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮਲੇ ਵਿੱਚ ਸ਼ਾਮਲ ਇਹ ਇੱਕੋ-ਇੱਕ ਮਹਿਲਾ ਪਾਇਲਟ ਸੀ।

ਸੋਸ਼ਲ ਮੀਡੀਆ ਪੋਸਟਾਂ ਵਿੱਚ ਇਸ ਔਰਤ ਦਾ ਨਾਮ ਅਨੀਤਾ ਸ਼ਰਮਾ ਦੱਸਿਆ ਜਾ ਰਿਹਾ ਹੈ।

ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਹੈ,"#AnitaSharma ਪਾਕਿਸਤਾਨ ਵਿੱਚ 300 ਅੱਤਵਾਦੀਆਂ ਨੂੰ ਮਾਰਨ ਵਾਲੀ ਇੱਕੋ-ਇੱਕ ਮਹਿਲਾ ਪਾਇਲਟ ਨੂੰ ਵਧਾਈਆਂ।"

ਭਾਰਤ ਦੀ ਫੌਜ ਅਤੇ ਹਵਾਈ ਫੌਜ ਨੇ ਇਨ੍ਹਾਂ ਵਿੱਚੋਂ ਕਿਸੇ ਵੀ ਵੇਰਵੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਫੌਜ ਆਮ ਤੌਰ 'ਤੇ ਅਜਿਹੀਆਂ ਗੁਪਤ ਕਾਰਵਾਈਆਂ ਵਿੱਚ ਸ਼ਾਮਲ ਅਫ਼ਸਰਾਂ ਦੇ ਨਾਮ ਜਨਤਕ ਨਹੀਂ ਕਰਦੀ ਹੈ।

ਅਸਲ ਵਿੱਚ ਇਹ ਤਸਵੀਰ ਅਵਨੀ ਚਤੁਰਵੇਦੀ ਦੀ ਹੈ। ਇਹ ਭਾਰਤ ਦੇ ਲੜਾਕੂ ਜਹਾਜ਼ਾਂ ਦੀਆਂ ਪਹਿਲੀਆਂ ਮਹਿਲਾ ਪਾਇਲਟਾਂ ਵਿੱਚੋਂ ਇੱਕ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਉਹ ਇਕੱਲਿਆਂ ਉਡਾਣ ਭਰਨ ਵਾਲੀ ਵੀ ਪਹਿਲੀ ਮਹਿਲਾ ਪਾਇਲਟ ਹਨ।

ਦੂਸਰੀ ਤਸਵੀਰ

ਇੱਕ ਹੋਰ ਤਸਵੀਰ ਵੀ ਅਜਿਹੇ ਹੀ ਦਾਅਵਿਆਂ ਨਾਲ ਸਾਂਝੀ ਕੀਤੀ ਜਾ ਰਹੀ ਹੈ। ਇਹ ਤਸਵੀਰ ਭਾਰਤ ਦੀ ਪਹਿਲੀ ਸਕੁਐਡਰਨ ਲੀਡਰ ਸਨੇਹਾ ਸ਼ੇਖ਼ਾਵਤ ਦੀ ਹੈ। ਉਹ ਭਾਰਤ ਦੇ 63ਵੇਂ ਗਣਤੰਤਰ ਦਿਵਸ (2012) ਦੀ ਪਰੇਡ ਦੌਰਾਨ ਲੜਾਕੂ ਜਹਾਜ਼ਾਂ ਦੀ ਟੁਕੜੀ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਪਾਇਲਟ ਹਨ।

ਫੇਸਬੁੱਕ, ਟਵਿੱਟਰ ਅਤੇ ਵਟਸਐਪ ਤੇ ਵੱਡੀ ਗਿਣਤੀ ਵਿੱਚ ਸਾਂਝੀ ਕੀਤੀ ਜਾ ਰਹੀ ਇੱਕ ਹੋਰ ਤਸਵੀਰ ਵਿੱਚ ਉਨ੍ਹਾਂ ਦਾ ਨਾਮ ਉਰਵਸ਼ੀ ਜ਼ਰੀਵਾਲਾ ਦੱਸਿਆ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਉਹ ਸੂਰਤ ਦੇ ਭੁਲਕਾ ਭਵਨ ਸਕੂਲ ਦੀ ਵਿਦਿਆਰਥਣ ਸੀ।

ਸਨੇਹਾ ਸ਼ੇਖ਼ਾਵਤ ਦੀ ਨੈਸ਼ਨਲ ਡਿਫੈਂਸ ਅਕੈਡਮੀ ਲਈ ਸਾਲ 2007 ਵਿੱਚ ਚੋਣ ਹੋਈ ਸੀ। ਉਨ੍ਹਾਂ ਨੂੰ ਹੈਦਰਾਬਾਦ ਸਿਖਲਾਈ ਸੈਂਟਰ ਵਿੱਚ ਬਿਹਤਰੀਨ ਮਹਿਲਾ ਪਾਇਲਟ ਵਜੋਂ ਚੁਣਿਆ ਗਿਆ। ਸਨੇਹਾ ਰਾਜਸਥਾਨ ਦੇ ਸ਼ੇਖਾਵਤੀ ਖੇਤਰ ਨਾਲ ਸੰਬਧਿਤ ਹਨ।

ਤੀਜੀ ਤਸਵੀਰ

ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਇਹ ਕਹਿ ਕੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਕਿ ਇਹ ਉਹੀ 12 ਲੜਾਕੂ ਪਾਇਲਟ ਹਨ ਜਿਨ੍ਹਾਂ ਨੇ ਪੁਲਵਾਮਾ ਹਮਲੇ ਦਾ ਬਦਲਾ ਲਿਆ।

ਹਾਲਾਂਕਿ ਰਿਵਰਸ ਇਮੇਜ ਸਰਚ (ਇੱਥੇ ਕਲਿੱਕ ਕਰਕੇ ਰਿਵਰਸ ਇਮੇਜ ਸਰਚ ਬਾਰੇ ਜਾਣੋ) ਤੋਂ ਇਹ ਪਤਾ ਚਲਦਾ ਹੈ ਕਿ ਇਹ ਤਸਵੀਰਾਂ ਸਾਲ 2015 ਵਿੱਚ ਭਾਰਤੀ ਹਵਾਈ ਫੌਜ ਦੇ ਇੰਦਰਧਨੁੱਸ਼ ਅਭਿਆਸ ਦੀਆਂ ਹਨ। ਇਹ ਅਭਿਆਸ 15 ਦਿਨਾਂ ਦਾ ਸੀ ਅਤੇ ਭਾਰਤੀ ਫੌਜ ਨੇ ਬਰਤਾਨੀਆ ਦੀ ਰੌਇਲ ਏਅਰ ਫੋਰਸ ਨਾਲ ਸਾਂਝੇ ਰੂਪ ਵਿੱਚ ਇਹ ਅਭਿਆਸ ਕੀਤਾ ਸੀ

ਜੇ ਤੁਹਾਡੀ ਨਜ਼ਰ ਵਿੱਚ ਵੀ ਕੋਈ ਅਜਿਹੀ ਸ਼ੱਕੀ ਖ਼ਬਰ, ਤਸਵੀਰ,ਵੀਡੀਓ, ਜਾਂ ਦਾਅਵਾ ਆਉਂਦਾ ਹੈ ਤਾਂ ਇਨ੍ਹਾਂ ਦਾ ਵੇਰਵਾ ਬੀਬੀਸੀ ਨੂੰ +91 9811520111 ’ਤੇ ਵਟਸਐਪ ਕਰੋ ਜਾਂ ਇੱਥੇ ਕਲਿੱਕ ਕਰੋ। ਅਸੀਂ ਉਨ੍ਹਾਂ ਦੀ ਪੜਤਾਲ ਕਰਾਂਗੇ।

ਫੈਕਟ ਚੈੱਕ ਦੀਆਂ ਹੋਰ ਖ਼ਬਰਾਂ:

ਪਾਕਿਸਤਾਨ-ਭਾਰਤ ਤਣਾਅ ਬਾਰੇ ਹੋਰ ਖ਼ਬਰਾਂ:

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)