ਪੁਲਵਾਮਾ ਹਮਲੇ ਮਗਰੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਏਅਰਲਿਫਟ ਕਰਨ ਦਾ ਸੱਚ - ਫੈਕਟ ਚੈੱਕ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ

ਭਾਰਤੀ ਹਵਾਈ ਫੌਜ ਦੇ ਹਵਾਈ ਜਹਾਜ਼ ਵਿੱਚ ਬੈਠੇ ਕਸ਼ਮੀਰੀ ਵਿਦਿਆਰਥੀਆਂ ਦੀਆਂ ਤਸਵੀਰਾਂ ਵਾਲੀ ਇੱਕ ਪੋਸਟ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ।

15 ਫਰਵਰੀ ਤੋਂ ਲੈ ਕੇ ਹੁਣ ਤੱਕ ਫੇਸਬੁੱਕ ਅਤੇ ਟਵਿੱਟਰ 'ਤੇ ਇਸ ਪੋਸਟ ਨੂੰ ਹਜ਼ਾਰਾਂ ਵਾਰੀ ਸ਼ੇਅਰ ਕੀਤਾ ਗਿਆ ਹੈ ਅਤੇ ਹਰ ਥਾਂ ਇਸ ਪੋਸਟ ਦੀ ਭਾਸ਼ਾ ਇੱਕੋ ਹੈ।

ਪੋਸਟ ਵਿੱਚ ਲਿਖਿਆ ਹੈ, "ਇਸ ਵਿਚਾਲੇ ਕਸ਼ਮੀਰ ਦੇ 319 ਵਿਦਿਆਰਥੀਆਂ ਨੇ ਅੱਜ GATE ਦੀ ਪ੍ਰੀਖਿਆ ਦਿੱਤੀ। ਕੱਲ੍ਹ ਦੀ ਘਟਨਾ ਕਾਰਨ ਸੜਕ ਰਾਹੀਂ ਜਾਣਾ ਸੁਰੱਖਿਅਤ ਨਹੀਂ ਸੀ ਇਸ ਲਈ ਇਨ੍ਹਾਂ ਵਿਦਿਆਰਥੀਆਂ ਨੂੰ ਏਅਰਲਿਫਟ ਕੀਤਾ ਗਿਆ ਹੈ।"

"ਭਾਰਤੀ ਹਵਾਈ ਫੌਜ ਇਸ ਕੰਮ ਲਈ ਅੱਗੇ ਆਈ ਹੈ। ਮੇਰੇ ਇਹ ਸ਼ਬਦ ਦੁੱਖ ਦੀ ਇਸ ਘੜੀ ਵਿੱਚ ਸਾਡੇ ਫੌਜੀਆਂ ਦੀ ਤਾਰੀਫ ਕਰਨ ਲਈ ਕਾਫ਼ੀ ਨਹੀਂ ਹਨ। ਅਸੀਂ ਫੌਜੀਆਂ ਦੇ ਕਰਜ਼ਦਾਰ ਹਾਂ। ਭਾਰਤੀ ਫੌਜੀਆਂ ਨੂੰ ਸਲਾਮ।"

ਇਹ ਵੀ ਪੜ੍ਹੋ:

14 ਫਰਵਰੀ ਨੂੰ ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਹਮਲੇ ਨਾਲ ਜੋੜਦੇ ਹੋਏ ਕਸ਼ਮੀਰੀ ਵਿਦਿਆਰਥੀਆਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਗਿਆ ਹੈ।

ਇਸ ਹਮਲੇ ਵਿੱਚ ਸੀਆਰਪੀਐੱਫ ਦੇ 40 ਜਵਾਨਾਂ ਦੀ ਮੌਤ ਹੋ ਗਈ ਸੀ।

ਇਸ ਹਮਲੇ ਤੋਂ ਬਾਅਦ ਜ਼ਿਆਦਾਤਰ ਲੋਕਾਂ ਨੇ ਸੋਸ਼ਲ ਮੀਡੀਆ ਜ਼ਰੀਏ ਹੀ ਆਪਣੇ ਦੁੱਖ ਅਤੇ ਗੁੱਸੇ ਨੂੰ ਜ਼ਾਹਿਰ ਕੀਤਾ ਹੈ।

ਕਾਫੀ ਲੋਕ ਇਸ ਵਾਇਰਲ ਪੋਸਟ ਨੂੰ ਇੱਕ ਪੌਜ਼ੀਟਿਵ ਸੰਦੇਸ਼ ਦੱਸ ਰਹੇ ਹਨ ਤਾਂ ਕਈ ਲੋਕਾਂ ਨੇ ਇਸ ਨੂੰ ਕਸ਼ਮੀਰੀ ਲੋਕਾਂ ਨੇ ਖਿਲਾਫ਼ ਆਪਣਾ ਗੁੱਸਾ ਜ਼ਾਹਿਰ ਕਰਨ ਲਈ ਇਸਤੇਮਾਲ ਕੀਤਾ ਹੈ।

ਵਾਇਰਲ ਪੋਸਟ ਨਾਲ ਕਈ ਲੋਕਾਂ ਨੇ ਲਿਖਿਆ ਹੈ:

  • ਭਾਰਤੀ ਫੌਜ ਇਨ੍ਹਾਂ ਲਈ ਕੀ ਕਰਦੀ ਹੈ ਦੇਖ ਲਓ ਅਤੇ ਇਹ ਭਾਰਤੀ ਫੌਜ ਦੇ ਨਾਲ ਇਹ ਕੀ ਕਰਦੇ ਹਨ ਸਾਰਿਆਂ ਨੂੰ ਪਤਾ ਹੈ।
  • ਦੁੱਖ ਦੀ ਘੜੀ ਵਿੱਚ ਫੌਜ ਦੇ ਇਸ ਸਬਰ ਦੀ ਤਾਰੀਫ਼ ਹੋਣੀ ਚਾਹੀਦੀ ਹੈ।
  • ਦੁਆ ਕਰਦੇ ਹਾਂ ਕਿ ਇਹ ਲੋਕ ਹੁਣ ਭਾਰਤੀ ਫੌਜੀਆਂ ਦਾ ਸਨਮਾਨ ਕਰਨਗੇ।
  • ਜਦੋਂ ਪੁਲਵਾਮਾ ਹਮਲੇ ਵਿੱਚ ਮਾਰੇ ਗਏ ਫੌਜੀਆਂ ਨੂੰ ਏਅਰਲਿਫਟ ਨਹੀਂ ਮਿਲਿਆ, ਤਾਂ ਇਨ੍ਹਾਂ ਨੂੰ ਕਿਉਂ?

ਪਰ ਤੱਥਾਂ ਅਨੁਸਾਰ ਕਸ਼ਮੀਰੀ ਵਿਦਿਆਰਥੀਆਂ ਦੀਆਂ ਇਨ੍ਹਾਂ ਵਾਇਰਲ ਤਸਵੀਰਾਂ ਦਾ ਪੁਲਵਾਮਾ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਕਈ ਫੈਕਟ ਗ਼ਲਤ

ਪਹਿਲੀ ਗੱਲ ਤਾਂ ਇਹ ਕਿ 15 ਫਰਵਰੀ ਤੋਂ ਲੈ ਕੇ ਹੁਣ ਤੱਕ ਜਿਸ ਵਾਇਰਲ ਪੋਸਟ ਨੂੰ 14 ਫਰਵਰੀ ਦੇ ਪੁਲਵਾਮਾ ਹਾਦਸੇ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ, ਉਹ ਹਾਦਸੇ ਤੋਂ ਤਿੰਨ ਦਿਨ ਪਹਿਲਾਂ ਦੀ ਹੈ।

ਵਾਇਰਲ ਪੋਸਟ ਵਿੱਚ ਇਸਤੇਮਾਲ ਕੀਤੀਆਂ ਤਸਵੀਰਾਂ ਜੰਮੂ ਦੇ ਡਿਫੈਂਸ ਬੁਲਾਰੇ ਨੇ 11 ਫਰਵਰੀ ਨੂੰ ਟਵੀਟ ਕੀਤੀਆਂ ਸਨ।

ਉੱਥੇ ਇਹ ਦਾਅਵਾ ਕਰਨਾ ਕਿ 'ਹਮਲੇ ਤੋਂ ਬਾਅਦ ਪ੍ਰੀਖਿਆ ਦੇਣ ਲਈ ਸੜਕ ਰਾਹੀਂ ਜਾਣਾ ਸੁਰੱਖਿਅਤ ਨਹੀਂ ਸੀ ਇਸ ਲਈ ਵਿਦਿਆਰਥੀਆਂ ਨੂੰ ਏਅਰਲਿਫਟ ਕੀਤਾ ਗਿਆ' ਪੂਰੇ ਤਰੀਕੇ ਨਾਲ ਗਲਤ ਹੈ।

ਇੰਜੀਨੀਅਰਿੰਗ ਲਈ ਹੋਣ ਵਾਲੇ ਸੈਂਟਰਲ ਪੇਪਰ ਗੇਟ ਦੀ ਕੋਈ ਪ੍ਰੀਖਿਆ ਪੁਲਵਾਮਾ ਹਾਦਸੇ ਵਾਲੇ ਦਿਨ ਜਾਂ ਉਸ ਤੋਂ ਬਾਅਦ ਨਹੀਂ ਹੋਈ ਸੀ।

ਅਧਿਕਾਰਿਕ ਵੈਬਸਾਈਟ ਅਨੁਸਾਰ GATE-2019 ਦੀ ਆਖਰੀ ਪ੍ਰੀਖਿਆ 10 ਫਰਵਰੀ 2019 ਨੂੰ ਸੀ ਯਾਨੀ ਪੁਲਵਾਮਾ ਹਾਦਸੇ ਤੋਂ 4 ਦਿਨ ਪਹਿਲਾਂ ਹੋਈ ਸੀ।

ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਜੰਮੂ ਦੇ ਡਿਫੈਂਸ ਬੁਲਾਰੇ ਨੇ ਟਵੀਟ ਜ਼ਰੀਏ ਇਹ ਜਾਣਕਾਰੀ ਦਿੱਤੀ ਸੀ ਕਿ ਭਾਰਤੀ ਹਵਾਈ ਫੌਜ ਨੇ 9 ਅਤੇ 10 ਫਰਵਰੀ ਨੂੰ ਹੋਈ GATE ਪ੍ਰੀਖਿਆ ਲਈ 300 ਤੋਂ ਵੱਧ ਕਸ਼ਮੀਰੀ ਵਿਦਿਆਰਥੀਆਂ ਨੂੰ ਏਅਰਲਿਫਟ ਕਰਵਾਇਆ ਸੀ।

ਇਹ ਵੀ ਪੜ੍ਹੋ:

ਡਿਫੈਂਸ ਬੁਲਾਰੇ ਨੇ 9 ਫਰਵਰੀ ਨੂੰ ਲਿਖਿਆ ਸੀ, "ਭਾਰਤੀ ਹਵਾਈ ਫੌਜ ਦੇ ਸੀ-17 ਗਲੋਬਮਾਸਟਰ ਹਵਾਈ ਜਹਾਜ਼ ਨੇ ਸ਼੍ਰੀਨਗਰ ਵਿੱਚ ਫਸੇ 319 GATE ਦਾ ਪੇਪਰ ਦੇਣ ਵਾਲੇ ਵਿਦਿਆਰਥੀਆਂ ਨੂੰ ਏਅਰਲਿਫਟ ਕਰਕੇ ਜੰਮੂ ਪਹੁੰਚਾਇਆ ਸੀ।"

"ਯਾਤਰੀਆਂ ਸਣੇ 39 ਸਥਾਨਕ ਨਾਗਿਰਕ ਵੀ ਇਸ ਹਵਾਈ ਜਹਾਜ਼ ਵਿੱਚ ਸ਼੍ਰੀਨਗਰ ਤੋਂ ਜੰਮੂ ਗਏ। ਸਥਾਨਕ ਪ੍ਰਸ਼ਾਸਨ ਅਤੇ ਹਵਾਈ ਫੌਜ ਦੀਆਂ ਕੋਸ਼ਿਸ਼ਾਂ ਕਾਰਨ ਇਹ ਸੰਭਵ ਹੋ ਸਕਿਆ।"

“ਏਅਰਲਿਫਟ ਫੌਜ ਹਰ ਸਾਲ ਕਰਦੀ ਹੈ”

ਇਸ ਟਵੀਟ ਵਿੱਚ ਲਿਖਿਆ ਸੀ ਕਿ ਭਾਰੀ ਬਰਫ਼ਬਾਰੀ ਕਾਰਨ ਜੰਮੂ-ਕਸ਼ਮੀਰ ਨੂੰ ਜੋੜਨ ਵਾਲਾ ਕੌਮੀ ਸ਼ਾਹਰਾਹ ਬੰਦ ਹੋ ਗਿਆ ਸੀ ਜਿਸ ਕਾਰਨ ਲੋਕ ਫਸੇ ਹੋਏ ਸਨ।

ਮੀਡੀਆ ਰਿਪੋਰਟਾਂ ਅਨੁਸਾਰ 9-11 ਫਰਵਰੀ ਵਿਚਾਲੇ 700 ਤੋਂ ਵੱਧ ਲੋਕਾਂ ਨੂੰ ਏਅਰਲਿਫਟ ਕੀਤਾ ਗਿਆ ਸੀ ਜਿਸ ਵਿੱਚ ਕਰੀਬ 200 ਲੋਕਾਂ ਨੂੰ ਜੰਮੂ ਤੋਂ ਸ਼੍ਰੀਨਗਰ ਲਿਜਾਇਆ ਗਿਆ ਸੀ।

ਬਾਅਦ ਵਿੱਚ ਸਥਾਨਕ ਮੀਡੀਆ ਵਿੱਚ ਛਪੀਆਂ ਕੁਝ ਰਿਪੋਰਟਾਂ ਅਨੁਸਾਰ ਏਅਰਲਿਫਟ ਕੀਤੇ ਗਏ ਵਿਦਿਆਰਥੀਆਂ ਵਿੱਚੋਂ ਕਰੀਬ 180 ਵਿਦਿਆਰਥੀ GATE-2019 ਦੀ ਪ੍ਰੀਖਿਆ ਨਹੀਂ ਦੇ ਸਕੇ ਸਨ।

ਇਨ੍ਹਾਂ ਰਿਪੋਰਟਾਂ ਵਿੱਚ ਜੰਮੂ-ਕਸ਼ਮੀਰ ਸਰਕਾਰ ਅਤੇ ਮਨੁੱਖੀ ਵਸੀਲਿਆਂ ਦੇ ਮੰਤਰਾਲੇ ਵਿਚਾਲੇ ਖਰਾਬ ਤਾਲਮੇਲ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਭਾਵੇਂ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤੀ ਹਵਾਈ ਫੌਜ ਨੇ ਜੰਮੂ-ਕਸ਼ਮੀਰ ਦੇ ਸਥਾਨਕ ਲੋਕਾਂ ਅਤੇ ਯਾਤਰੀਆਂ ਨੂੰ ਏਅਰਲਿਫ ਕੀਤਾ ਹੈ ਅਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਹੈ।

ਹਰ ਸਾਲ ਜਦੋਂ ਸਰਦੀਆਂ ਵਿੱਚ (ਨਵੰਬਰ ਤੋਂ ਫਰਵਰੀ ਵਿਚਾਲੇ) ਬਰਫਬਾਰੀ ਦੌਰਾਨ ਹਾਲਾਤ ਵਿਗੜਦੇ ਹਨ ਅਤੇ ਸੜਕ ਰਾਹੀਂ ਜਾਣਾ ਨਾਮੁਮਕਿਨ ਹੁੰਦਾ ਹੈ ਤਾਂ ਹਵਾਈ ਫੌਜ ਲੋਕਾਂ ਦੀ ਮਦਦ ਲਈ ਅੱਗੇ ਆਉਂਦੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)