You’re viewing a text-only version of this website that uses less data. View the main version of the website including all images and videos.
ਸਾਊਦੀ ਅਰਬ ਦਾ ਭਾਰਤ ਦੇ ਮੁਕਾਬਲੇ ਪਾਕਿਸਤਾਨ ਦੇ ਨੇੜੇ ਹੋਣ ਦਾ ਕਾਰਨ ਕੀ ਹਨ
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪੱਛਮੂ ਏਸ਼ੀਆ ਦੇ ਦੇਸਾਂ ਨਾਲ ਭਾਰਤ ਦੇ ਰਿਸ਼ਤੇ ਮਜਬੂਤ ਹੋਏ ਹਨ।
ਬੀਤੇ ਪੰਜ ਸਾਲਾਂ ਵਿੱਚ ਭਾਰਤ ਅਤੇ ਸਾਊਦੀ ਅਰਬ ਵਿੱਚ ਨੇੜਤਾ ਆਈ ਹੈ। ਇਨ੍ਹਾਂ ਨਜ਼ਦੀਕੀਆਂ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2016 ਦੇ ਰਿਆਧ ਦੌਰੇ ਨਾਲ ਹੋਈ।
ਉਸ ਵੇਲੇ ਮੋਦੀ ਦਾ ਨਿੱਘਾ ਸਵਾਗਤ ਹੋਇਆ ਸੀ।
ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਬਿਨ ਅਬਦੁੱਲ ਅਜ਼ੀਜ਼ 19 ਫਰਵਰੀ ਤੋਂ ਦੋ ਦਿਨਾਂ ਦੇ ਦੌਰੇ 'ਤੇ ਭਾਰਤ ਆ ਰਹੇ ਹਨ।
ਇਸ ਦੌਰੇ ਨੂੰ ਦੋਹਾਂ ਦੇਸਾਂ ਦੇ ਰਿਸ਼ਤਿਆਂ ਨੂੰ ਮਜ਼ਬੂਤੀ ਦੇਣ ਵੱਲ ਇੱਕ ਕਦਮ ਮੰਨਿਆ ਜਾ ਰਿਹਾ ਹੈ।
ਭਾਰਤ ਆਪਣੇ ਕੱਚੇ ਤੇਲ ਦੀ ਦਰਾਮਦਗੀ ਦਾ ਚੌਥਾ ਹਿੱਸਾ ਸਾਊਦੀ ਅਰਬ ਤੋਂ ਦਰਾਮਦ ਕਰਦਾ ਹੈ। 2018-19 ਵਿੱਚ ਭਾਰਤ ਸਾਊਦੀ ਅਰਬ ਤੋਂ 8700 ਕਰੋੜ ਡਾਲਰ ਦਾ ਤੇਲ ਦਰਾਮਦ ਕੀਤਾ।
ਵਪਾਰ ਵਿੱਚ ਅਮਰੀਕਾ, ਚੀਨ ਅਤੇ ਯੂਏਈ ਤੋਂ ਬਾਅਦ ਸਾਊਦੀ ਅਰਬ ਭਾਰਤ ਦਾ ਚੌਥਾ ਵੱਡਾ ਹਿੱਸੇਦਾਰ ਹੈ।
ਇਹ ਵੀ ਪੜ੍ਹੋ:
ਕਿਉਂ ਹੈ ਭਾਰਤ ਤੋਂ ਦੂਰੀ?
ਕੁਝ ਮਾਹਿਰ ਮੰਨਦੇ ਹਨ ਕਿ ਦੋਵੇਂ ਦੇਸ ਨਜ਼ਦੀਕ ਹੋਣ ਦੇ ਬਾਵਜੂਦ ਅਜੇ ਕਾਫੀ ਦੂਰ ਹਨ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਆਫਤਾਬ ਕਮਾਲ ਪਾਸ਼ਾ ਮੰਨਦੇ ਹਨ ਕਿ ਭਾਵੇਂ ਦੋਵੇਂ ਦੇਸਾਂ ਦੇ ਰਿਸ਼ਤਿਆਂ ਵਿੱਚ ਸੁਧਾਰ ਹੋਇਆ ਹੈ ਪਰ ਉਹ ਅਜੇ ਖਰੀਦਣ ਅਤੇ ਵੇਚਣ ਤੋਂ ਅੱਗੇ ਨਹੀਂ ਵਧੇ ਹਨ।
ਉਨ੍ਹਾਂ ਕਿਹਾ, "ਸਾਊਦੀ ਅਰਬ ਦੇ ਪਾਕਿਸਤਾਨ ਨਾਲ ਰਿਸ਼ਤਿਆਂ ਦੇ ਮੁਕਾਬਲੇ ਭਾਰਤ ਨਾਲ ਰਿਸ਼ਤੇ ਫਿੱਕੇ ਨਜ਼ਰ ਆਉਂਦੇ ਹਨ।"
ਤਾਂ ਕੀ ਸਾਊਦੀ ਅਰਬ ਦੇ ਸ਼ਹਿਜ਼ਾਦੇ ਦੀ ਇਹ ਫੇਰੀ ਸਾਊਦੀ ਅਰਬ ਨੂੰ ਭਾਰਤ ਦੇ ਹੋਰ ਨੇੜੇ ਲਿਆਵੇਗੀ?
ਮਾਹਿਰਾਂ ਦਾ ਮੰਨਣਾ ਹੈ ਕਿ ਫਿਲਹਾਲ ਅਜੇ ਰਿਸ਼ਤਿਆਂ ਵਿੱਚ ਕੋਈ ਬਦਲਾਅ ਨਜ਼ਰ ਨਹੀਂ ਆਵੇਗਾ।
ਪ੍ਰੋਫੈਸਰ ਪਾਸ਼ਾ ਕਈ ਦਹਾਕਿਆਂ ਤੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪੱਛਮੀ ਏਸ਼ੀਆ ਬਾਰੇ ਪੜ੍ਹਾ ਰਹੇ ਹਨ।
ਉਨ੍ਹਾਂ ਨੇ ਦੱਸਿਆ, "ਸਾਊਦੀ ਅਰਬ ਤੇ ਭਾਰਤ ਰਿਸ਼ਤਿਆਂ ਵਿੱਚ ਈਰਾਨ, ਯਮਨ ਅਤੇ ਕਤਰ ਵਿੱਚ ਬਣੇ ਹਾਲਾਤ ਕਰਕੇ ਕੋਈ ਖ਼ਾਸ ਬਦਲਾਅ ਨਹੀਂ ਆ ਸਕਦਾ ਹੈ।ਸਾਊਦੀ ਅਰਬ ਇਸ ਵੇਲੇ ਕੋਈ ਵੱਡਾ ਖ਼ਤਰਾ ਨਹੀਂ ਲੈਣਾ ਚਾਹੁੰਦਾ ਹੈ।"
ਸਾਊਦੀ ਅਰਬ ਨੂੰ ਪਾਕਿਸਤਾਨ ਤੋਂ ਕੀ ਫਾਇਦਾ?
ਉਨ੍ਹਾਂ ਅੱਗੇ ਕਿਹਾ, "ਜੇ ਸਾਊਦੀ ਅਰਬ ਦਾ ਅਮਰੀਕਾ ਨਾਲ ਸਹਿਯੋਗ ਘਟਦਾ ਹੈ ਤਾਂ ਉਸ ਕੋਲ ਪਾਕਿਸਤਾਨ ਤੋਂ ਇਲਾਵਾ ਕੋਈ ਵੀ ਦੇਸ਼ ਨਹੀਂ ਬਚੇਗਾ ਜੋ ਉਸ ਦੀ ਹਿਫਾਜ਼ਤ ਕਰ ਸਕੇ।"
"ਇਹੀ ਕਾਰਨ ਹੈ ਕਿ ਸਾਊਦੀ ਅਰਬ ਆਪਣੇ ਪੁਰਾਣੇ ਸਾਥੀ ਪਾਕਿਸਤਾਨ ਨੂੰ ਛੱਡਣਾ ਨਹੀਂ ਚਾਹੁੰਦਾ ਹੈ ਜਿਸ ਨੇ ਮੁਸ਼ਕਿਲ ਹਾਲਾਤ ਵਿੱਚ ਉਸ ਨੂੰ ਫੌਜੀ ਮਦਦ ਮੁਹੱਈਆ ਕਰਵਾਈ ਹੈ।"
"ਸਾਊਦੀ ਅਰਬ ਨੂੰ ਅਜੇ ਭਾਰਤ 'ਤੇ ਇਸ ਬਾਰੇ ਭਰੋਸਾ ਨਹੀਂ ਹੈ ਕਿ ਉਹ ਵਕਤ ਪੈਣ 'ਤੇ ਸੁਰੱਖਿਆ ਅਤੇ ਫੌਜੀ ਮਦਦ ਮੁਹੱਈਆ ਕਰਵਾਏਗਾ ਜਾਂ ਨਹੀਂ।"
ਰਵਾਇਤੀ ਤੌਰ 'ਤੇ ਤਾਂ ਪਾਕਿਸਤਾਨ ਦੇ ਸਾਊਦੀ ਅਰਬ ਨਾਲ ਚੰਗੇ ਅਤੇ ਮਜ਼ਬੂਤ ਸਬੰਧ ਹਨ।
ਇਹ ਰਿਸ਼ਤੇ ਆਪਸੀ ਭਰੋਸੇ 'ਤੇ ਟਿਕੇ ਹਨ। ਇਹੀ ਕਾਰਨ ਹੈ ਕਿ ਕਸ਼ਮੀਰ ਅਤੇ ਅਫਗਾਨਿਸਤਾਨ ਦੇ ਮੁੱਦੇ 'ਤੇ ਸਾਊਦੀ ਅਰਬ ਦਾ ਝੁਕਾਅ ਪਾਕਿਸਤਾਨ ਵੱਲ ਰਿਹਾ ਹੈ।
ਪਰ ਹਾਲ ਦੇ ਸਾਲਾਂ ਵਿੱਚ ਸਾਊਦੀ ਅਰਬ ਨੇ ਭਾਰਤ ਨੂੰ ਦੁਨੀਆਂ ਦੀ ਇੱਕ ਉਭਰਦੀ ਹੋਈ ਸ਼ਕਤੀ ਮੰਨਿਆ ਹੈ।
ਪਿਛਲੇ ਸਾਲ ਦੋਹਾਂ ਦੇਸਾਂ ਦਾ ਦੁਵੱਲਾ ਵਪਾਰ 2700 ਕਰੋੜ ਡਾਲਰ ਤੱਕ ਪਹੁੰਚ ਗਿਆ ਸੀ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਵਪਾਰ ਅਗਲੇ ਸਾਲ ਤੱਕ 4900 ਕਰੋੜ ਡਾਲਰ ਤੱਕ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ:
ਦੋਹਾਂ ਦੇਸਾਂ ਵਿਚਾਲੇ ਵਪਾਰ ਵਿੱਚ ਭਾਰਤ ਵੱਲੋਂ ਵੱਧ ਦਰਾਮਦਗੀ ਕੀਤੀ ਜਾਂਦੀ ਹੈ ਭਾਰਤ ਲਈ ਇਹ ਚਿੰਤਾ ਦਾ ਵਿਸ਼ਾ ਵੀ ਹੈ।
ਭਾਰਤ ਨੂੰ ਚਿੰਤਾ ਘੱਟ ਹੁੰਦੀ ਜੇ ਸਾਊਦੀ ਅਰਬ ਨੇ ਆਪਣੇ ਵਾਅਦੇ ਅਨੁਸਾਰ ਭਾਰਤ ਵਿੱਚ 7,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੁੰਦਾ।
2010 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਾਊਦੀ ਅਰਬ ਫੇਰੀ ਦੌਰਾਨ ਸਾਊਦੀ ਅਰਬ ਨੇ ਵਾਅਦਾ ਕੀਤਾ ਸੀ ਉਸ ਇਹ ਨਿਵੇਸ਼ ਕਰੇਗਾ।
ਪਰ ਹੁਣ ਤੱਕ ਸਾਊਦੀ ਅਰਬ ਵੱਲੋਂ 30 ਕਰੋੜ ਡਾਲਰ ਦਾ ਨਿਵੇਸ਼ ਹੀ ਹੋਇਆ ਹੈ। ਇਸ ਤੋਂ ਉਲਟ ਭਾਰਤ ਨੇ ਸਾਊਦੀ ਅਰਬ ਵਿੱਚ 100 ਕਰੋੜ ਡਾਲਰ ਦਾ ਨਿਵੇਸ਼ ਕੀਤਾ ਹੈ।
ਦੋਹਾਂ ਨੂੰ ਮਿਲ ਸਕਦਾ ਹੈ ਲਾਹਾ
ਪ੍ਰੋਫੈਸਰ ਪਾਸ਼ਾ ਨੇ ਕਿਹਾ, "ਸਾਊਦੀ ਅਰਬ ਲਈ ਭਾਰਤ ਨਿਵੇਸ਼ ਦਾ ਆਰਕਸ਼ਕ ਸਥਾਨ ਨਹੀਂ ਹੈ ਕਿਉਂਕਿ ਜ਼ਿਆਦਾਤਰ ਸਾਨੂੰ ਹੀ ਉਨ੍ਹਾਂ ਤੋਂ ਸਾਮਾਨ ਦੀ ਲੋੜ ਪੈਂਦੀ ਹੈ।"
"ਭਾਵੇਂ ਜ਼ਰੂਰਤ ਸਾਨੂੰ ਤੇਲ ਦੀ ਹੋਵੇ ਜਾਂ ਆਪਣੇ ਲੋਕਾਂ ਲਈ ਨੌਕਰੀਆਂ ਦੀ। ਸਾਊਦੀ ਅਰਬ ਲਈ ਭਾਰਤ ਚੀਨ, ਪਾਕਿਸਤਾਨ ਅਤੇ ਅਮਰੀਕਾ ਵਾਂਗ ਕੂਟਨੀਤਕ ਸਾਂਝੇਦਾਰ ਵੀ ਨਹੀਂ ਹੈ।"
ਇਸ ਵਿੱਚ ਕੋਈ ਰਾਜ਼ ਵਾਲੀ ਗੱਲ ਨਹੀਂ ਹੈ ਕਿ ਭਾਰਤ ਦੀ ਵਧਦੀ ਅਰਥਵਿਵਸਥਾ ਲਈ ਵੱਡੇ ਵਿਦੇਸ਼ੀ ਨਿਵੇਸ਼ ਦੀ ਲੋੜ ਹੈ। ਸਾਊਦੀ ਅਰਬ ਕੋਲ ਇੱਕ ਟ੍ਰਿਲੀਅਨ ਡਾਲਰ ਦਾ ਫੰਡ ਨਿਵੇਸ਼ ਲਈ ਉਪਲਬਧ ਹੈ।
ਭਾਰਤ ਸਾਊਦੀ ਅਰਬ ਲਈ ਇੱਕ ਵੱਡਾ ਬਾਜ਼ਾਰ ਹੈ। ਇਹ ਵੀ ਤੈਅ ਹੈ ਕਿ ਜੇ ਦੋਵੇਂ ਦੇਸ ਆਪਸੀ ਸਹਿਯੋਗ ਵਧਾਉਂਦੇ ਹਨ ਤਾਂ ਇੱਕ-ਦੂਜੇ ਦੀਆਂ ਤਾਕਤਾਂ ਦਾ ਫਾਇਦਾ ਚੁੱਕ ਸਕਦੇ ਹਨ।
ਪਰ ਅਜੇ ਤੱਕ ਸਾਊਦੀ ਅਰਬ ਨੇ ਨਿਵੇਸ਼ ਦੇ ਮਾਮਲੇ ਵਿੱਚ ਭਾਰਤ ਨੂੰ ਤਰਜੀਹ ਨਹੀਂ ਦਿੱਤੀ ਹੈ।
ਪ੍ਰੋਫੈਸਰ ਪਾਸ਼ਾ ਕਹਿੰਦੇ ਹਨ, "ਭਾਰਤ ਹੋਵੇ ਜਾਂ ਪਾਕਿਸਤਾਨ, ਮਾਲਦੀਵਜ਼ ਹੋਵੇ ਜਾਂ ਮਿਸਰ, ਜਾਂ ਹੋਵੇ ਸੁਡਾਨ, ਸਾਊਦੀ ਅਰਬ ਨੇ ਹਰ ਦੇਸ ਨੂੰ ਨਿਵੇਸ਼ ਦੇ ਵਾਅਦੇ ਕੀਤੇ ਹਨ।"
"ਪਰ ਕੀਤੇ ਵਾਅਦਿਆਂ ਵਿੱਚੋਂ ਕੇਵਲ 10-15 ਫੀਸਦ ਵਾਅਦਿਆਂ ਨੂੰ ਹੀ ਪੂਰਾ ਕੀਤਾ ਹੈ।"
"ਇਸ ਦੇ ਪਿੱਛੇ ਕਾਰਨ ਹੈ ਕਿ ਤੇਲ ਦੀਆਂ ਕੀਮਤਾਂ 78 ਡਾਲਰ ਪ੍ਰਤੀ ਬੈਰਲ ਦੀ ਸੰਭਾਵਿਤ ਕੀਮਤ ਤੱਕ ਨਹੀਂ ਪਹੁੰਚੀਆਂ ਹਨ। ਯਮਨ ਦੀ ਜੰਗ 'ਤੇ ਵੀ ਸਾਊਦੀ ਅਰਬ ਦਾ ਕਾਫ਼ੀ ਪੈਸਾ ਲੱਗਿਆ ਹੈ।"
"ਸਾਊਦੀ ਅਰਬ ਇਹ ਸੋਚ ਰਿਹਾ ਹੈ ਕਿ ਭਾਰਤ ਨਾਲ ਉਨ੍ਹਾਂ ਦੇ ਰਿਸ਼ਤੇ ਕਿਸ ਪੱਧਰ ਦੇ ਹੋਣੇ ਚਾਹੀਦੇ ਹਨ।"
ਪਰ ਭਾਰਤ ਦੇ ਪੱਖੋਂ ਕਹਾਣੀ ਜਾਣਨਾ ਵੀ ਜ਼ਰੂਰੀ ਹੈ। ਸੰਕਟ ਨਾਲ ਝੂਝਦੇ ਪੱਛਮੀ ਏਸ਼ੀਆ ਵਿੱਚ ਈਰਾਨ ਨਾਲ ਭਾਰਤ ਦੇ ਇਤਿਹਾਸਕ ਸਬੰਧ ਹਨ ਅਤੇ ਕਤਰ ਨਾਲ ਵੀ ਮਜ਼ਬੂਤ ਰਿਸ਼ਤੇ ਹਨ।
ਇਹ ਦੋਵੇਂ ਮੁਲਕ ਸਾਊਦ ਅਰਬ ਦੇ ਦੁਸ਼ਮਣ ਹਨ। ਇਸਰਾਈਲ ਵੀ ਭਾਰਤ ਦਾ ਖ਼ਾਸ ਮਿੱਤਰ ਹੈ।
ਪਰ ਸਵਾਲ ਇੱਥੇ ਉੱਠਦਾ ਹੈ, ਕੀ ਭਾਰਤ ਸਾਊਦੀ ਅਰਬ ਨਾਲ ਰਿਸ਼ਤੇ ਵਧਾਉਣ ਖਾਤਿਰ ਇਨ੍ਹਾਂ ਮੁਲਕਾਂ ਨਾਲ ਸਬੰਧ ਤੋੜ ਲਵੇਗਾ?
ਪ੍ਰੋਫੈਸਰ ਪਾਸ਼ਾ ਅਨੁਸਾਰ, "ਭਾਰਤ ਨੇ ਸ਼ੁਰੂ ਤੋਂ ਹੀ ਦਖਲ ਨਾ ਦੇਣ ਦੀ ਨੀਤੀ ਅਪਣਾਈ ਹੋਈ ਹੈ ਅਤੇ ਦੋਸਤਾਂ ਵਿਚਾਲੇ ਸੰਤੁਲਨ ਵੀ ਬਣਾਇਆ ਹੋਇਆ ਹੈ। ਭਾਰਤ ਦੀ ਵਿਦੇਸ਼ ਨੀਤੀ ਇੱਕਦਮ ਤਾਂ ਨਹੀਂ ਬਦਲ ਸਕਦੀ ਹੈ।"
ਅਜੇ ਭਾਰਤ ਤੇ ਸਾਊਦੀ ਅਰਬ ਦੇ ਰਿਸ਼ਤੇ ਪਰਵਾਸੀ ਵਰਕਰਾਂ, ਆਪਸੀ ਵਪਾਰ ਅਤੇ ਨਿਵੇਸ਼ ਦੇ ਮੁੱਦੇ 'ਤੇ ਕੇਂਦਰਿਤ ਹਨ।
ਭਾਰਤ ਨੂੰ ਉਮੀਦ ਹੈ ਕਿ ਸਾਊਦੀ ਅਰਬ ਦੇ ਸ਼ਹਿਜ਼ਾਦੇ ਦੀ ਫੇਰੀ ਦੋਹਾਂ ਦੇਸਾਂ ਵਿਚਾਲੇ ਵੱਡਾ ਨਿਵੇਸ਼ ਅਤੇ ਗਰਮਜੋਸ਼ੀ ਲਿਆਵੇਗੀ।
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਜ਼ਰੂਰ ਦੇਖੋ-