You’re viewing a text-only version of this website that uses less data. View the main version of the website including all images and videos.
ਪੁਲਵਾਮਾ ਜੋ ਦੁੱਧ ਅਤੇ ਕੇਸਰ ਲਈ ਵੀ ਮਸ਼ਹੂਰ ਹੈ
ਸੀਆਰਪੀਐੱਫ ਦੇ ਕਾਫ਼ਲੇ ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਦਾ ਜਿਲ੍ਹਾ ਪੁਲਵਾਮਾ ਚਰਚਾ ਵਿੱਚ ਆ ਗਿਆ ਹੈ। ਜਿਲ੍ਹਾ ਪਹਿਲਾਂ ਵੀ ਕੱਟੜਪੰਥੀ ਹਮਲਿਆਂ ਦਾ ਸ਼ਿਕਾਰ ਹੁੰਦਾ ਰਿਹਾ ਹੈ।
ਲੰਘੇ ਕੁਝ ਸਾਲਾਂ ਤੋਂ ਸਹਿਮ ਦੇ ਸਾਏ ਥੱਲੇ ਜਿਊਂ ਰਿਹਾ ਇਹ ਜਿਲ੍ਹਾ ਹਮੇਸ਼ਾ ਹੀ ਅਜਿਹਾ ਨਹੀਂ ਰਿਹਾ ਸਗੋਂ, ਕਸ਼ਮੀਰ ਦੇ ਕੁਝ ਬੇਹੱਦ ਖ਼ੂਬਸੂਰਤ ਇਲਾਕਿਆਂ ਵਿੱਚੋਂ ਗਿਣਿਆ ਜਾਂਦਾ ਰਿਹਾ ਹੈ।
ਦੱਖਣੀ ਕਸ਼ਮੀਰ ਦਾ ਪੁਲਵਾਮਾ ਜ਼ਿਲ੍ਹਾ ਉੱਤਰ ਵਿੱਚ ਸ਼੍ਰੀਨਗਰ, ਬਡਗਾਮ, ਪੱਛਮ ਵਿੱਚ ਪੁੰਛ ਅਤੇ ਦੱਖਣ-ਪੂਰਬ ਵਿੱਚ ਅਨੰਤਨਾਗ ਨਾਲ ਘਿਰਿਆ ਹੋਇਆ ਹੈ।
ਅਨੰਤਨਾਗ ਜ਼ਿਲ੍ਹੇ ਤੋਂ ਹੀ ਪੁਲਵਾਮਾ, ਸ਼ੋਪੀਆਂ ਅਤੇ ਤ੍ਰਾਲ ਤਹਸੀਲਾਂ ਨੂੰ 1979 ਵਿੱਚ ਵੱਖ ਕਰਕੇ ਇਹ ਜ਼ਿਲ੍ਹਾ ਬਣਾਇਆ ਗਿਆ। ਇਸ ਨੂੰ ਚਾਰ ਤਹਿਸੀਲਾਂ ਪੁਲਵਾਮਾ, ਪੰਪੋਰ, ਅਵੰਤੀਪੋਰਾ ਅਤੇ ਤ੍ਰਾਲ ਵਿੱਚ ਵੰਡਿਆ ਗਿਆ ਸੀ।
2007 ਵਿੱਚ ਜ਼ਿਲ੍ਹੇ ਨੂੰ ਸ਼ੋਪੀਆਂ ਅਤੇ ਪੁਲਵਾਮਾ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ।
ਹੁਣ ਇੱਥੇ ਅੱਠ ਤਹਿਸੀਲਾਂ— ਪੁਲਵਾਮਾ, ਤ੍ਰਾਲ, ਅਵੰਤੀਪੋਰਾ, ਪੰਪੋਰ, ਰਾਜਪੋਰਾ, ਸ਼ਾਹੂਰਾ, ਕਾਕਪੋਰਾ ਅਤੇ ਅਰਿਪਲ ਹਨ।
ਸ਼੍ਰੀਨਗਰ ਦੇ ਡਲਗੇਟ ਤੋਂ ਮਹਿਜ਼ 28 ਕਿਲੋਮੀਟਰ ਦੂਰ 951 ਵਰਗ ਕਿਲੋਮੀਟਰ ਵਿੱਚ ਫੈਲੇ ਪੁਲਵਾਮਾ ਦੀ ਆਬਾਦੀ 2011 ਦੀ ਜਨਗਣਨਾ ਦੇ ਅਨੁਸਾਰ ਲਗਭਗ 5.70 ਲੱਖ ਹੈ।
ਇੱਥੇ ਜਨਸੰਖਿਆ ਘਣਤਾ 598 ਪ੍ਰਤੀ ਕਿਲੋਮੀਟਰ ਹੈ ਅਤੇ ਆਬਾਦੀ ਦੇ ਲਿਹਾਜ਼ ਨਾਲ ਭਾਰਤ ਦੇ 640 ਜ਼ਿਲ੍ਹਿਆਂ ਵਿੱਚ ਇਸ ਦਾ 535ਵਾਂ ਨੰਬਰ ਹੈ।
ਇਹ ਵੀ ਪੜ੍ਹੋ:
ਜ਼ਿਲ੍ਹੇ ਵਿੱਚ ਮਰਦ-ਔਰਤ ਅਨੁਪਾਤ 1000 ਮਰਦਾਂ ਪਿੱਛੇ 913 ਔਰਤਾਂ ਦਾ ਹੈ।
ਇੱਥੇ 85.65 ਫੀਸਦੀ ਸ਼ਹਿਰੀ ਅਤੇ 14.35 ਫੀਸਦੀ ਪੇਂਡੂ ਅਬਾਦੀ ਹੈ। ਜ਼ਿਲ੍ਹੇ ਦੇ 65.41 ਫ਼ੀਸਦੀ ਮਰਦ ਅਤੇ 53.81 ਫ਼ੀਸਦੀ ਔਰਤਾਂ ਪੜ੍ਹੀਆਂ ਲਿਖੀਆਂ ਹਨ।
ਪੁਲਵਾਮਾ ਦੇ ਮੌਸਮ ਜੇ ਗੱਲ ਕੀਤੀ ਜਾਵੇ ਤਾਂ ਇੱਥੇ ਵੱਡੀ ਗਿਣਤੀ ਵਿੱਚ ਝਰਨੇ ਅਤੇ ਕੁਦਰਤੀ ਨਜ਼ਾਰੇ ਦੇਖਣ ਨੂੰ ਮਿਲਦੇ ਹਨ।
ਕੇਸਰ ਦੀ ਖੇਤੀ ਲਈ ਮਸ਼ਹੂਰ
ਇੱਥੋਂ ਦਾ ਅਰਥਚਾਰਾ ਮੁੱਖ ਤੌਰ 'ਤੇ ਖੇਤੀ ਉੱਤੇ ਨਿਰਭਰ ਕਰਦਾ ਹੈ। ਇੱਥੇ ਚੌਲ ਅਤੇ ਕੇਸਰ ਦੀ ਖੇਤੀ ਹੁੰਦੀ ਹੈ। ਪੁਲਵਾਮਾ ਜ਼ਿਲ੍ਹਾ ਦੁਨੀਆਂ ਭਰ ਵਿੱਚ ਕੇਸਰ ਦੇ ਉਤਪਾਦਨ ਲਈ ਮਸ਼ਹੂਰ ਹੈ। ਕੇਸਰ ਪੁਲਵਾਮਾ, ਪੰਪੋਰ ਅਤੇ ਕਾਕਾਪੋਰਾ ਬਲਾਕ ਵਿੱਚ ਉਗਾਇਆ ਜਾਂਦਾ ਹੈ।
ਜਿਲ੍ਹੇ ਦੇ ਕੁਲ ਘਰੇਲੂ ਉਤਪਾਦ ਵਿੱਚ ਝੋਨੇ, ਆਇਲ ਸੀਡ, ਕੇਸਰ ਅਤੇ ਦੁੱਧ ਵਰਗੇ ਖੇਤੀ ਉਤਪਾਦਾਂ ਦਾ ਅਹਿਮ ਯੋਗਦਾਨ ਹੈ।
ਫਲਾਂ ਦੇ ਮਾਮਲੇ ਵਿੱਚ ਇੱਥੇ ਸੇਬ, ਬਾਦਾਮ, ਅਖਰੋਟ ਅਤੇ ਚੈਰੀ ਦੀ ਖੇਤੀ ਹੁੰਦੀ ਹੈ। ਇੱਥੇ 70 ਫੀਸਦੀ ਆਬਾਦੀ ਇਨ੍ਹਾਂ ਫਸਲਾਂ ਦੀ ਖੇਤੀ ਵਿੱਚ ਲੱਗੀ ਹੋਈ ਹੈ। ਬਾਕੀ 30 ਫੀਸਦੀ ਲੋਕ ਹੋਰ ਫਸਲਾਂ ਦੀ ਖੇਤੀ ਕਰਦੇ ਹਨ।
ਇਸ ਤੋਂ ਇਲਾਵਾ ਦੁੱਧ ਦੇ ਉਤਪਾਦਨ ਲਈ ਵੀ ਪੁਲਵਾਮਾ ਜਾਣਿਆ ਜਾਂਦਾ ਹੈ ਅਤੇ ਇਸ ਨੂੰ 'ਕਸ਼ਮੀਰ ਦਾ ਆਨੰਦ' ਕਿਹਾ ਜਾਂਦਾ ਹੈ।
ਪੁਲਵਾਮਾ ਵਿਸ਼ੇਸ਼ ਤੌਰ 'ਤੇ ਰਾਜਾ ਅਵੰਤੀਵਰਮਨ ਅਤੇ ਲਾਲਤਾਦਿਤਯ ਦੀਆਂ ਬਣਾਈਆਂ ਪੁਰਾਤਨ ਯਾਦਗਾਰਾਂ ਲਈ ਮਸ਼ਹੂਰ ਹੈ।
ਅਵੰਤੀਪੋਰਾ ਸ਼ਹਿਰ ਬਸਤਰਵਾਨ ਜਾਂ ਵਾਸਤੂਰਵਾਨ ਪਹਾੜ ਦੇ ਪੈਰਾਂ ਵਿੱਚ ਸਥਿਤ ਹੈ, ਜਿੱਥੇ ਜੰਮੂ-ਸ਼੍ਰੀਨਗਰ ਰਾਜਮਾਰਗ ਦੇ ਨਾਲ ਜੇਹਲਮ ਦਰਿਆ ਵੱਗਦਾ ਹੈ।
ਇਹ ਸ਼ਹਿਰ ਹਾਲੇ ਵੀ ਅਵੰਤੀਪੁਰਾ ਦੇ ਆਪਣੇ ਪੁਰਾਣੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ:
ਇਹ ਉਹ ਥਾਂ ਹੈ ਜਿੱਥੇ ਕਲ੍ਹਣ ਨੇ ਆਪਣੇ ਮਹਾਂਕਾਵਿ ਰਾਜਤਰੰਗਿਣੀ (ਰਾਜਿਆਂ ਦਾ ਦਰਿਆ) ਦੀ ਰਚਨਾ ਕੀਤੀ ਸੀ।
ਸੱਚਮੁੱਚ ਹੀ ਰਾਜਤਰੰਗਿਣੀ ਇਸ ਖੇਤਰ ਦੇ ਪੁਰਾਤਨ ਇਤਿਹਾਸ ਦਾ ਇੱਕਲਾ ਸਾਹਿਤਿਕ ਪ੍ਰਮਾਣ ਹੈ।
ਕਲ੍ਹਣ ਕਸ਼ਮੀਰ ਦੇ ਰਾਜਾ ਹਰਸ਼ ਦੇਵ ਦੇ ਸਮਕਾਲੀ ਸਨ ਉਨ੍ਹਾਂ ਨੇ 2500 ਸਾਲਾਂ ਦੇ ਇਤਿਹਾਸ ਨੂੰ ਸਮੇਟਦੇ ਹੋਏ ਰਾਜਤਰੰਗਿਣੀ ਦਾ ਲਿਖਣ ਕਾਰਜ 1150 ਵਿੱਚ ਪੂਰਾ ਕੀਤਾ। ਇਸ ਵਿੱਚ ਆਖ਼ਰੀ 400 ਸਾਲਾਂ ਦਾ ਇਤਿਹਾਸ ਵਿਸਥਾਰ ਵਿੱਚ ਦਿੱਤਾ ਗਿਆ ਹੈ।
ਇਸ ਮਹਾਂਕਾਵਿ ਵਿੱਚ 7826 ਸੋਲਕ ਹਨ ਅਤੇ 8 ਭਾਗਾਂ ਵਿੱਚ ਵੰਡਿਆ ਹੋਇਆ ਹੈ। ਇਹ ਕਸ਼ਮੀਰ ਦੇ ਸਿਆਸੀ ਤੇ ਸੱਭਿਆਚਾਰਕ ਇਤਿਹਾਸ ਦਾ ਕਾਵਿਕ ਵਰਨਣ ਹੈ। ਇਸ ਨੂੰ ਸੰਸਕ੍ਰਿਤ ਦੇ ਮਹਾਂਕਾਵ ਦੇ ਮੁਕਟ ਦੀ ਮਣੀ ਕਿਹਾ ਜਾਂਦਾ ਹੈ।
ਰਾਜਤਰੰਗਿਣੀ ਅਨੁਸਾਰ ਸ਼ਹਿਰ ਦੀ ਸਥਾਪਨਾ ਰਾਜਾ ਅਵੰਤੀਵਰਮਨ ਦੇ ਨਾਮ ਤੇ ਹੋਈ ਸੀ।
ਅਵੰਤੀਵਰਮਨ ਇੱਕ ਸ਼ਾਂਤੀ ਪਸੰਦ ਸ਼ਾਸਕ ਸੀ ਜੋ ਆਪਣੇ ਖੇਤਰ ਦੇ ਵਿਸਥਾਰ ਲਈ ਕਦੇ ਵੀ ਸੈਨਾ ਦੀ ਵਰਤੋਂ ਨਹੀਂ ਕਰਦੇ ਸਨ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਆਪਣੀ ਪੂਰੀ ਸ਼ਕਤੀ ਲੋਕ ਭਲਾਈ ਅਤੇ ਵਿੱਤੀ ਵਿਕਾਸ ਵਿੱਚ ਲਾ ਦਿੱਤੀ। ਉਨ੍ਹਾਂ ਦੇ ਰਾਜ ਵਿੱਚ ਕਲਾ, ਵਾਸਤੂਕਲਾ ਅਤੇ ਸਿੱਖਿਆ ਦੇ ਖੇਤਰ ਵਿੱਚ ਕਾਫ਼ੀ ਵਿਕਾਸ ਹੋਇਆ।
ਜੰਮੂ-ਕਸ਼ਮੀਰ ਭੂ-ਵਿਗਿਆਨਿਕ ਅਤੇ ਖਨਨ ਵਿਭਾਗ ਦੀ ਜ਼ਿਲ੍ਹਾ ਸਰਵੇਖਣ ਰਿਪੋਰਟ ਮੁਤਾਬਕ ਜ਼ਿਲ੍ਹੇ ਵਿੱਚ ਜੇਹਲਮ ਦਰਿਆ ਦੇ ਨਾਲ-ਨਾਲ ਅਰਪਾਲ, ਰੋਮਸ਼ੀਸ ਸਣੇ ਕਈ ਧਾਰਾਵਾਂ ਨਿਕਲਦੀਆੰ ਹਨ।
ਇਹ ਸਾਰੀਆਂ ਧਾਰਾਵਾਂ ਕੁਦਰਤ ਵਿੱਚ ਵਿੱਚ ਬਾਰਹਾਮਾਸੀ ਹਨ ਅਤੇ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ 'ਤੇ ਖਣਿਜਾਂ ਨੂੰ ਜਮ੍ਹਾਂ ਕਰਦੀਆਂ ਹਨ।
ਜੇਹਲਮ ਤੋਂ ਰੇਤ ਅਤੇ ਬਜਰੀ ਤੋਂ ਇਲਾਵਾ ਇੱਥੇ ਵੱਡੀ ਮਾਤਰਾ ਵਿੱਚ ਚੂਨਾ ਪੱਥਰ ਵੀ ਕੱਢਿਆ ਜਾਂਦਾ ਹੈ।
ਇਸ ਤੋਂ ਇਲਾਵਾ ਇਲਾਕੇ ਦੇ ਬਲੂਆ ਪੱਥਰ ਅਤੇ ਚੀਕਣੀ ਮਿੱਟੀ ਨਾਲ ਵੀ ਸੂਬੇ ਨੂੰ ਆਮਦਨ ਹੁੰਦੀ ਹੈ।
ਇਹ ਵੀ ਪੜ੍ਹੋ:
ਆਤਮਘਾਤੀ ਹਮਾਲਵਰ ਪੁਲਵਾਮਾ ਤੋਂ ਹੀ ਸੀ
ਪੁਲਵਾਮਾ ਵਿੱਚ ਸੀਆਰਪੀਐਫ਼ ਦੇ ਕਾਫ਼ਲੇ ’ਤੇ 14 ਫਰਵਰੀ ਵੀਰਵਾਰ ਨੂੰ ਹੋਏ ਆਤਮਘਾਤੀ ਹਮਲੇ ਨੂੰ ਅੰਜਾਮ ਦੇਣ ਵਾਲਾ 21 ਸਾਲਾ ਆਦਿਲ ਅਹਿਮਦ ਡਾਰ ਪੁਲਵਾਮਾ ਦੇ ਨੇੜੇ ਹੀ ਗੁੰਡੀਬਾਗ ਦਾ ਰਹਿਣ ਵਾਲਾ ਸੀ।
ਉਨ੍ਹਾਂ ਦਾ ਪਿੰਡ ਉਸ ਥਾਂ ਤੋਂ ਸਿਰਫ਼ 10 ਕਿਲੋਮੀਟਰ ਦੀ ਦੂਰੀ ’ਤੇ ਹੈ ਜਿੱਥੋਂ ਉਹ ਸੁਰੱਖਿਆ ਕਾਫ਼ਲੇ ਨੂੰ ਧਮਾਕਾਖੇਜ਼ ਸਮੱਗਰੀ ਨਾਲ ਭਰੀ ਗੱਡੀ ਦੀ ਟੱਕਰ ਮਾਰ ਕੇ ਘਟਨਾ ਨੂੰ ਅੰਜਾਮ ਦੇਣ ਵਿੱਚ ਕਾਮਯਾਬ ਹੋਇਆ ਸੀ। ਇਸ ਘਟਨਾ ਵਿੱਚ ਹੁਣ ਤੱਕ 40 ਤੋਂ ਵੱਧ ਸੀਆਰਪੀਐਫ਼ ਦੇ ਜਵਾਨਾਂ ਦੀ ਮੌਤ ਹੋ ਚੁੱਕੀ ਹੈ।
ਗ੍ਰਹਿ ਮੰਤਰਾਲੇ ਦੇ ਹਾਲ ਦੇ ਅੰਕੜਿਆਂ ਅਨੁਸਾਰ ਜੰਮੂ-ਕਸ਼ਮੀਰ ਵਿੱਚ ਸਾਲ 2014 ਅਤੇ 2018 ਦੌਰਾਨ ਅੱਤਵਾਦੀ ਘਟਨਾਵਾਂ ਵਿੱਚ ਮਰਨ ਵਾਲੇ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਵਿੱਚ 93 ਫੀਸਦੀ ਵਾਧਾ ਹੋਇਆ ਹੈ।
ਇਸ ਤੋਂ ਇਲਾਵਾ ਇਨ੍ਹਾਂ ਪੰਜ ਸਾਲਾਂ ਦੌਰਾਨ ਸੂਬੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ 176 ਫੀਸਦੀ ਵਧੀਆਂ ਹਨ।
ਕੁੱਲ ਮਿਲਾਕੇ ਇਨ੍ਹਾਂ ਸਾਲਾਂ ਵਿੱਚ ਸੂਬੇ ਨੇ 1,808 ਕੱਟੜਪੰਥੀ ਘਟਨਾਵਾਂ ਨੂੰ ਝੱਲਿਆ ਹੈ। ਯਾਨਿ ਕਿ ਇਨ੍ਹਾਂ ਪੰਜ ਸਾਲਾਂ ਦੇ ਦੌਰਾਨ ਹਰੇਕ ਮਹੀਨੇ ਅਜਿਹੀਆਂ 28 ਘਟਨਾਵਾਂ ਹੋਈਆਂ ਹਨ।