ਪੁਲਵਾਮਾ 'ਚ ਸੀਆਰਪੀਐੱਫ਼ 'ਤੇ ਹਮਲਾ: ਮੋਦੀ ਸਰਕਾਰ ਵੇਲੇ ਹੋਏ 5 ਵੱਡੇ ਅੱਤਵਾਦੀ ਹਮਲੇ

ਵੀਰਵਾਰ ਨੂੰ ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਲੇਥਪੋਰਾ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ ਸੀਆਰਪੀਐੱਫ ਦੇ 40 ਜਵਾਨ ਮਾਰੇ ਗਏ ਹਨ ਅਤੇ ਕਈ ਜਵਾਨ ਜ਼ਖਮੀ ਹਨ।

ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਨੇਤਾ ਅਰੁਣ ਜੇਤਲੀ, ਕਾਂਗਰਸ ਮੁਖੀ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਇਸ ਹਮਲੇ 'ਤੇ ਸ਼ੋਕ ਜਤਾਇਆ ਹੈ ਅਤੇ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

ਇਹ ਵੀ ਪੜ੍ਹੋ:

ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, "ਮੋਦੀ ਸਰਕਾਰ ਵਿੱਚ ਕੌਮੀ ਸੁਰੱਖਿਆ 'ਤੇ ਸਮਝੌਤਾ ਹੋਣਾ ਲਗਾਤਾਰ ਜਾਰੀ ਹੈ।"

ਕਾਂਗਰਸ ਦਾ ਦਾਅਵਾ ਹੈ ਕਿ ਮੋਦੀ ਸਰਕਾਰ ਵਿੱਚ 18 ਵੱਡੇ ਅੱਤਵਾਦੀ ਹਮਲੇ ਹੋਏ ਹਨ।

ਸਾਲ 2014 ਤੋਂ ਹੁਣ ਤੱਕ ਪੰਜ ਅੱਤਵਾਦੀ ਹਮਲਿਆਂ ਬਾਰੇ ਜਾਣੋ:

ਉੜੀ ਹਮਲਾ: 18 ਸਤੰਬਰ, 2016 ਨੂੰ ਭਾਰਤ ਸ਼ਾਸਤ ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਵਿੱਚ ਐੱਲਓਸੀ ਨੇੜੇ ਸਥਿਤ ਭਾਰਤੀ ਫੌਜ ਦੇ ਕੈਂਪ 'ਤੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿੱਚ 19 ਜਵਾਨ ਮਾਰੇ ਗਏ ਸਨ। ਇਸ ਹਮਲੇ ਨੂੰ ਦੋ ਦਹਾਕਿਆਂ ਦਾ ਸਭ ਤੋਂ ਵੱਡਾ ਹਮਲਾ ਦੱਸਿਆ ਗਿਆ ਹੈ।

ਪਠਾਨਕੋਟ ਹਮਲਾ: 2 ਜਨਵਰੀ, 2016 ਨੂੰ ਅੱਤਵਾਦੀਆਂ ਨੇ ਪੰਜਾਬ ਦੇ ਪਠਾਨਕੋਟ ਏਅਰਬੇਸ 'ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ 7 ਸੁਰੱਖਿਆ ਮੁਲਾਜ਼ਮ ਮਾਰੇ ਗਏ ਸਨ ਜਦਕਿ 20 ਹੋਰ ਜਵਾਨ ਜ਼ਖ਼ਮੀ ਹੋਏ ਸਨ। ਜਵਾਬੀ ਕਾਰਵਾਈ ਵਿੱਚ ਚਾਰ ਅੱਤਵਾਦੀਆਂ ਦੀ ਵੀ ਮੌਤ ਹੋਈ ਸੀ।

ਗੁਰਦਾਸਪੁਰ ਹਮਲਾ: 27 ਜੁਲਾਈ, 2015 ਨੂੰ ਪੰਜਾਬ ਦੇ ਗੁਰਦਾਸਪੁਰ ਦੇ ਦੀਨਾ ਨਗਰ ਵਿੱਚ ਹਮਲਾਵਰਾਂ ਨੇ ਤੜਕਸਾਰ ਹੀ ਇੱਕ ਬੱਸ 'ਤੇ ਫਾਇਰਿੰਗ ਕੀਤੀ ਅਤੇ ਇਸ ਤੋਂ ਬਾਅਦ ਪੁਲਿਸ ਥਾਣੇ 'ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਐੱਸਪੀ (ਡਿਟੈਕਟਿਵ) ਸਣੇ ਚਾਰ ਪੁਲਿਸ ਮੁਲਾਜ਼ਮ ਅਤੇ ਤਿੰਨ ਨਾਗਰਿਕ ਮਾਰੇ ਗਏ ਸਨ।

ਅਮਰਨਾਥ ਯਾਤਰੀਆਂ 'ਤੇ ਹਮਲਾ: 10 ਜੁਲਾਈ, 2017 ਨੂੰ ਅਮਰਨਾਥ ਜਾ ਰਹੇ ਸ਼ਰਧਾਲੂਆਂ 'ਤੇ ਅਨੰਤਨਾਗ ਜ਼ਿਲ੍ਹੇ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ, ਇਸ ਹਮਲੇ ਵਿੱਚ 7 ਲੋਕ ਮਾਰੇ ਗਏ ਸਨ।

ਪੁਲਵਾਮਾ ਹਮਲਾ: ਵੀਰਵਾਰ ਨੂੰ ਪੁਲਵਾਮਾ ਜ਼ਿਲ੍ਹੇ ਵਿੱਚ ਸ਼੍ਰੀਨਗਰ-ਜੰਮੂ ਕੌਮੀ ਸ਼ਾਹਰਾਹ 'ਤੇ ਅੱਤਵਾਦੀਆਂ ਨੇ ਆਈਈਡੀ ਧਮਾਕਾ ਕਰ ਸੀਆਰਪੀਐੱਫ ਦੇ ਕਾਫਿਲੇ 'ਤੇ ਹਮਲਾ ਕੀਤਾ ਹੈ।

ਇਸ ਹਮਲੇ ਵਿੱਚ ਹੁਣ ਤੱਕ 30 ਤੋਂ ਵੱਧ ਜਵਾਨ ਮਾਰੇ ਗਏ ਹਨ ਅਤੇ ਕਈ ਜ਼ਖ਼ਮੀ ਹਾਲਤ ਵਿੱਚ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਹਮਲੇ ਨੂੰ ਉੜੀ ਹਮਲੇ ਤੋਂ ਵੀ ਵੱਡਾ ਹਮਲਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)