ਲੁਧਿਆਣਾ ਗੈਂਗਰੇਪ ਦੀ ਪੂਰੀ ਕਹਾਣੀ ਜੋ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸੀ

    • ਲੇਖਕ, ਸੁਰਿੰਦਰ ਮਾਨ
    • ਰੋਲ, ਲੁਧਿਆਣਾ ਤੋਂ ਬੀਬੀਸੀ ਪੰਜਾਬੀ ਦੇ ਲਈ

ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦਿਨਕਰ ਗੁਪਤਾ ਨੇ ਕਿਹਾ ਹੈ ਕਿ ਲੁਧਿਆਣਾ ਦੇ ਸਮੂਹਿਕ ਬਲਾਤਕਾਰ ਦੀ ਘਟਨਾ ਦੇ ਮਾਮਲੇ ਦੀ ਮੁੱਢਲੀ ਜਾਂਚ ਦੌਰਾਨ 6 ਮੁਲਜ਼ਮਾਂ ਦੀ ਨਿਸ਼ਾਨਦੇਹੀ ਹੋਈ ਸੀ ਅਤੇ ਉਹ ਸਾਰੇ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਕਿਹਾ,''ਇਹ ਗੈਰਮਨੁੱਖੀ ਕਾਰਾ ਸੀ ਅਤੇ ਪੁਲਿਸ ਨੇ ਚੁਣੌਤੀ ਵਜੋਂ ਲੈ ਕੇ ਇਸ ਮਸਲੇ ਨੂੰ ਹੱਲ ਕੀਤਾ ਹੈ। ਇਸ ਮਾਮਲੇ ਦੀ ਜਾਂਚ ਲਈ ਡੀਐੱਸਪੀ ਹਰਕੰਵਲ ਤੇ ਮਹਿਲਾ ਪੁਲਿਸ ਦੀ ਮਦਦ ਨਾਲ ਵਿਸ਼ੇਸ ਜਾਂਚ ਟੀਮ ਵੱਲੋਂ 60 ਦਿਨਾਂ 'ਚ ਜਾਂਚ ਪੂਰੀ ਕਰ ਲਈ ਜਾਵੇਗੀ।''

ਦਿਨਕਰ ਗੁਪਤਾ ਨੇ ਸਾਫ਼ ਕੀਤਾ ਕਿ ਜਾਂਚ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਇਸ ਗੱਲ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕਿਹੜੇ-ਕਿਹੜੇ ਪੁਲਿਸ ਅਫ਼ਸਰਾਂ ਨੇ ਇਸ ਮਾਮਲੇ 'ਚ ਫੌਰੀ ਕਾਰਵਾਈ ਕਰਨ 'ਚ ਢਿੱਲ-ਮੱਠ ਵਰਤੀ ਸੀ।

ਡੀਜੀਪੀ ਨੇ ਦੱਸਿਆ ਕਿ ਮਾਮਲੇ ਵਿੱਚ ਤੁਰੰਤ ਕਾਰਵਾਈ ਨਾ ਕਰਨ ਦੇ ਮਾਮਲੇ 'ਚ ਪਹਿਲਾਂ ਹੀ ਇੱਕ ਸਹਾਇਕ ਸਬ ਇੰਸਪੈਕਟਰ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਜਾ ਚੁੱਕਿਆ ਹੈ।

ਕੌਣ ਨੇ ਮੁਲਜ਼ਮ

ਇਸ ਤੋਂ ਪਹਿਲਾਂ ਪੁਲਿਸ ਨੇ ਇਸ ਮਾਮਲੇ ਲਈ ਕਥਿਤ ਤੌਰ 'ਤੇ ਵਾਂਟੇਡ ਸਾਦਿਕ ਅਲੀ, ਜਗਰੂਪ ਸਿੰਘ ਉਰਫ਼ ਰੁਪੀ ਤੇ ਸੁਰਮੂ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ:

ਹੁਣ ਪੁਲਿਸ ਨੇ ਫੜੇ ਗਏ ਇਨ੍ਹਾਂ ਵਿਅਕਤੀਆਂ ਵੱਲੋਂ ਪੁਲਿਸ ਰਿਮਾਂਡ ਦੌਰਾਨ ਦਿੱਤੀ ਗਈ ਜਾਣਕਾਰੀ ਦੇ ਅਧਾਰ 'ਤੇ ਅਜੈ ਉਰਫ਼ ਬ੍ਰਿੱਜ, ਸੈਫ਼ ਅਲੀ ਖ਼ਾਨ ਅਤੇ ਇੱਕ ਨਾਬਾਲਿਗ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਹੈ।

ਪੁਲਿਸ ਮੁਤਾਬਕ ਫੜੇ ਗਏ ਮੁਲਜ਼ਮਾਂ ਵਿੱਚੋਂ 4 ਜਣੇ ਕਠੂਆ (ਜੰਮੂ-ਕਸ਼ਮੀਰ) ਦੇ ਰਹਿਣ ਵਾਲੇ ਹਨ ਪਰ ਪੁਲਿਸ ਜਾਂਚ ਦੌਰਾਨ ਇਨ੍ਹਾਂ ਦਾ ਪਿਛੋਕੜ ਲੁਧਿਆਣਾ ਸ਼ਹਿਰ ਨਾਲ ਹੀ ਦੱਸਿਆ ਗਿਆ ਹੈ। ਇਨ੍ਹਾਂ 6 ਮੁਲਜ਼ਮਾਂ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਦੱਸਿਆ ਗਿਆ ਹੈ।

ਫਾਸਟ ਟਰੈਕ ਕੋਰਟ 'ਚ ਚੱਲੇਗਾ ਕੇਸ

ਡੀਜੀਪੀ ਨੇ ਕਿਹਾ ਕਿ ਇਹ ਘਟਨਾ ਹਰ ਦਿਲ ਨੂੰ ਝੰਜੋੜਨ ਵਾਲੀ ਤੇ ਅਤਿ ਦੁਖਦਾਈ ਹੈ ਤੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਸਜ਼ਾ ਦੇ ਅੰਜਾਮ ਤੱਕ ਪਹੁੰਚਾਉਣ 'ਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ।

ਉਨਾਂ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਛੇਤੀ ਹੀ ਗੱਲਬਾਤ ਕਰਕੇ ਇਸ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਕੋਰਟ ਰਾਹੀਂ ਕਰਵਾਈ ਜਾਵੇਗੀ।

ਦਿਨਕਰ ਗੁਪਤਾ ਨੇ ਕਿਹਾ ਕਿ ਇਸ ਮਾਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਦੋ ਮਹੀਨਿਆਂ ਦੇ ਅੰਦਰ-ਅੰਦਰ ਸਜ਼ਾ ਦਿਵਾਉਣ ਲਈ ਪੁਲਿਸ ਪ੍ਰਸਾਸ਼ਨ ਵਚਨਬੱਧ ਹੈ।

ਕਿਵੇਂ ਮੁਲਜ਼ਮਾਂ ਤੱਕ ਪਹੁੰਚੀ ਪੁਲਿਸ

ਡੀਜੀਪੀ ਨੇ ਕਿਹਾ ਕਿ ਇਹ ਅੰਨ੍ਹਾ (ਬਲਾਈਂਡ) ਕੇਸ ਸੀ ਕਿਉਂਕਿ ਮੁਲਜ਼ਮਾਂ ਦੀ ਪਛਾਣੇ ਬਾਰੇ ਪੀੜਤਾ ਤੇ ਪੁਲਿਸ ਨੂੰ ਕੋਈ ਇਲਮ ਨਹੀਂ ਸੀ ਪਰ ਫਿਰ ਵੀ ਪੀੜਤਾ ਵੱਲੋਂ ਪੁਲਿਸ ਨੂੰ ਮੁਲਜ਼ਮਾਂ ਦੇ ਦੱਸੇ ਗਏ ਹੁਲੀਏ ਦੇ ਅਧਾਰ 'ਤੇ ਇੱਕ ਮਾਹਰ ਟੀਮ ਵੱਲੋਂ ਤਿਆਰ ਕੀਤੇ ਗਏ ਰੇਖਾ ਚਿੱਤਰਾਂ (ਸਕੈਚਸ) ਦੇ ਜ਼ਰੀਏ ਪੁਲਿਸ ਮੁਲਜ਼ਮਾਂ ਤੱਕ ਪਹੁੰਚੀ।

ਇਹ ਵੀ ਪੜ੍ਹੋ:

ਭਾਵੇਂ ਪੁਲਿਸ ਨੂੰ ਦਿੱਤੇ ਗਏ ਆਪਣੇ ਪਹਿਲੇ ਬਿਆਨਾਂ 'ਚ ਪੀੜਤਾ ਨੇ ਜ਼ਬਰ-ਜਿਨਾਹ ਕਰਨ ਵਾਲਿਆਂ ਦੀ ਗਿਣਤੀ 9-10 ਦੱਸੀ ਸੀ ਪਰ ਹੁਣ ਲੁਧਿਆਣਾ ਰੇਂਜ ਦੇ ਡੀਆਈਜੀ ਰਣਬੀਰ ਸਿੰਘ ਖਟੜਾ ਦਾ ਕਹਿਣਾ ਹੈ ਕਿ ਪੀੜਤਾ ਵੱਲੋਂ ਮੁਲਜ਼ਮਾਂ ਦੀਆਂ ਦੱਸੀਆਂ ਗਈਆਂ ਸ਼ਕਲਾਂ ਦੇ ਅਧਾਰ 'ਤੇ ਸਿਰਫ਼ 6 ਜਣਿਆਂ ਦੀ ਹੀ ਪੁਸ਼ਟੀ ਹੋਈ ਹੈ। ਉਨਾਂ ਕਿਹਾ ਕਿ ਫਿਰ ਵੀ ਜਾਂਚ ਦਾ ਕੰਮ ਜਾਰੀ ਹੈ।

ਡੀਜੀਪੀ ਨੇ ਦੱਸਿਆ ਕਿ ਭਾਵੇਂ ਇਹ ਮਾਮਲਾ ਲੁਧਿਆਣਾ ਦੇਹਾਤੀ ਖੇਤਰ ਨਾਲ ਜੁੜਿਆ ਹੋਇਆ ਹੈ ਪਰ ਮੁਲਜ਼ਮਾਂ ਨੂੰ ਗ੍ਰਿਫ਼ਤਾਰੀ ਲਈ ਸੂਬੇ ਦੇ ਹਰ ਜ਼ਿਲ੍ਹੇ ਦੀ ਪੁਲਿਸ ਨੇ ਮੁਸ਼ੱਕਤ ਕੀਤੀ।

ਪੁਲਿਸ ਇਸ ਧਾਰਨਾ 'ਤੇ ਵੀ ਕੰਮ ਕਰ ਰਹੀ ਹੈ ਕਿ ਫੜੇ ਗਏ ਮੁਲਜ਼ਮ ਇਸ ਤੋਂ ਪਹਿਲਾਂ ਕਿਹੜੇ-ਕਿਹੜੇ ਹੋਰ ਜੁਰਮਾਂ ਵਿੱਚ ਸ਼ਾਮਲ ਰਹੇ ਹਨ ਤੇ ਡੀਜੀਪੀ ਦਾ ਕਹਿਣਾ ਹੈ ਕਿ ਫੜੇ ਗਏ ਵਿਅਕਤੀਆਂ ਤੋਂ ਹੋਣ ਵਾਲੀ ਹੋਰ ਪੁੱਛਗਿੱਛ ਦੌਰਾਨ ਕਈ ਤਰ੍ਹਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਮੁਲਜ਼ਮਾਂ ਦੇ ਰਿਕਾਰਡ ਦੀ ਪੜਤਾਲ

ਡੀਜੀਪੀ ਦੇ ਹੁਕਮਾਂ ਤੋਂ ਬਾਅਦ ਲੁਧਿਆਣਾ ਦੇਹਾਤੀ ਦੀ ਪੁਲਿਸ ਪਿੰਡ ਈਸੇਵਾਲ ਨੇੜਲੀ ਨਹਿਰ 'ਤੇ ਬਣੀ ਸੜਕ ਦੇ ਨਾਲ ਲਗਦੇ ਸੰਨਸਾਨ ਖੇਤਰਾਂ ਵਿੱਚ ਚੌਕਸੀ ਵਧਾ ਦਿੱਤੀ ਹੈ ਤੇ ਇਸ ਇਲਾਕੇ ਵਿੱਚ ਵਿਰਾਨ ਪਏ ਪਲਾਟਾਂ ਤੇ ਫਾਰਮ ਹਾਊਸ ਬਾਕਾਇਦਾ ਦੌਰ 'ਤੇ ਚੈਕ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ:

ਇਸ ਤੋਂ ਇਲਾਵਾ ਪੁਲਿਸ ਨੇ ਕੁੱਝ ਮੋਟਰਸਾਇਕਲ ਵੀ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ 'ਚੋ ਬਰਾਮਦ ਕੀਤੇ ਹਨ। ਸਮਝਿਆ ਜਾਂਦਾ ਹੈ ਕਿ ਇਹ ਵਾਹਨ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦਿਨ ਕਥਿਤ ਤੌਰ 'ਤੇ ਵਰਤੇ ਗਏ ਸਨ।

ਲੰਘੇ ਸ਼ਨਿੱਚਰਵਾਰ ਦੇਰ ਰਾਤ ਵਾਪਰੀ ਸਮੂਹਿਕ ਬਲਾਤਕਾਰ ਦੀ ਘਟਨਾ ਸਮੇਂ ਮੁਲਜ਼ਮਾਂ ਨੇ ਪੀੜਤਾ ਤੇ ਉਸ ਦੇ ਦੋਸਤ ਦੀ ਕਾਰ ਨੂੰ ਮੋਟਰਸਾਇਕਲਾਂ ਨਾਲ ਘੇਰਿਆ ਸੀ ਤੇ ਫਿਰ ਇੱਟਾਂ ਮਾਰ ਕੇ ਕਾਰ ਦਾ ਸ਼ੀਸ਼ਾ ਤੋੜ ਕੇ ਲੜਕੀ ਨੂੰ ਅਗਵਾ ਕਰ ਲਿਆ ਸੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)