ਪੁਲਵਾਮਾ 'ਚ ਸੀਆਰਪੀਐੱਫ਼ 'ਤੇ ਹਮਲਾ, 40 ਜਵਾਨ ਮਾਰੇ ਗਏ

    • ਲੇਖਕ, ਰਿਆਜ਼ ਮਸਰੂਰ
    • ਰੋਲ, ਬੀਬੀਸੀ ਪੱਤਰਕਾਰ, ਸ਼੍ਰੀਨਗਰ

ਭਾਰਤ ਸ਼ਾਸਿਤ ਕਸ਼ਮੀਰ ਵਿੱਚ ਪੁਲਵਾਮਾ ਜ਼ਿਲ੍ਹੇ ਦੇ ਲੇਥਪੁਰਾ ਨੇੜੇ ਸ੍ਰੀਨਗਰ-ਜੰਮੂ ਰਾਜਮਾਰਗ ਉੱਤੇ ਅੱਤਵਾਦੀਆਂ ਨੇ ਆਈਈਡੀ ਧਮਾਕਾ ਕਰਕੇ ਸੀਆਰਪੀਐੱਫ਼ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿਚ 40 ਜਵਾਨ ਮਾਰੇ ਗਏ ਅਤੇ ਕਈ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ।

ਸੀਆਰਪੀਐੱਫ਼ ਦੇ ਜਵਾਨਾਂ ਦੀ ਬੱਸ ਇਸ ਰਸਤੇ ਤੋਂ ਜਾ ਰਹੀ ਸੀ। ਇਸੇ ਦੌਰਾਨ ਅੱਤਵਾਦੀਆਂ ਨੇ ਬੱਸ ਨੂੰ ਨਿਸ਼ਾਨਾਂ ਬਣਾ ਕੇ ਧਮਾਕਾ ਕੀਤਾ ਗਿਆ।

ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਇਸ ਹਮਲੇ ਨੂੰ ਆਤਮਘਾਤੀ ਵਾਰਦਾਤ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਹਮਲੇ ਤੋਂ ਬਾਅਦ ਹਾਈਵੇਅ ਨੂੰ ਰੋਕ ਦਿੱਤਾ ਗਿਆ ਹੈ। ਜਿੱਥੇ ਕਿ ਹਰ ਵੇਲੇ ਟ੍ਰੈਫਿਕ ਰਹਿੰਦਾ ਹੈ। ਇਸਦੇ ਆਲੇ-ਦੁਆਲੇ ਦੇ ਖੇਤਰ ਵਿੱਚ ਵੀ ਭਾਲ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਹਮਲਾ ਦੁਪਹਿਰ ਬਾਅਦ ਸਵਾ ਤਿੰਨ ਵਜੇ ਹੋਇਆ ਹੈ।

ਹਮਲੇ ਤੋਂ ਬਾਅਦ ਦਾ ਮੰਜ਼ਰ

'ਜਦੋਂ ਮੈਂ ਧਮਾਕੇ ਵਾਲੀ ਥਾਂ ਉੱਤੇ ਪਹੁੰਚਿਆ ਤਾਂ ਹਾਈਵੇਅ ਉੱਤੇ 100 ਮੀਟਰ ਤੱਕ ਖ਼ੂਨ ਦੇ ਨਿਸ਼ਾਨ ਅਤੇ ਜਵਾਨਾਂ ਦੇ ਅੰਗ ਖਿਡੇ ਪਏ ਸਨ', ਸਥਾਨਕ ਪੱਤਰਕਾਰ ਮੁਹੰਮਦ ਯੂਨਸ ਧਮਾਕੇ ਦੇ ਮੰਜ਼ਰ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੇ ਹਨ।

ਪੀਟੀਆਈ ਨਾਲ ਗੱਲਬਾਤ ਦੌਰਾਨ ਮੁਹੰਮਦ ਯੂਨਸ ਦੱਸਿਆ ਕਿ ਉਹ ਹਮਲੇ ਵਾਲੀ ਥਾਂ 'ਤੇ ਕੁਝ ਹੀ ਦੂਰੀ ਉੱਤੇ ਸਨ ਅਤੇ ਧਮਾਕੇ ਤੋਂ ਕੁਝ ਦੇਰ ਬਾਅਦ ਹੀ ਉੱਥੇ ਪਹੁੰਚ ਗਏ। ਮੁਤਾਬਕ ਧਮਾਕੇ ਇੰਨੀ ਜ਼ੋਰ ਨਾਲ ਹੋਇਆ ਕਿ ਇਸ ਦੀ ਅਵਾਜ਼ ਕਈ ਮੀਲ ਤੱਕ ਸੁਣਾਈ ਦਿੱਤੀ ।

ਇਹ ਵੀ ਪੜ੍ਹੋ:

ਸੀਆਰਪੀਐੱਫ਼ (ਆਪ੍ਰੇਸ਼ਨ) ਦੇ ਆਈਜੀ ਜ਼ੁਲਫ਼ਕਾਰ ਹਸਨ ਦਾ ਕਹਿਣਾ ਹੈ, ''ਇਸ ਕਾਫ਼ਲੇ ਵਿੱਚ ਕੁੱਲ 70 ਗੱਡੀਆਂ ਸਨ ਅਤੇ ਇਨ੍ਹਾਂ ਵਿੱਚੋਂ ਇੱਕ ਗੱਡੀ ਹਮਲੇ ਦੀ ਲਪੇਟ ਵਿੱਚ ਆ ਗਈ।''

ਦੂਜੇ ਪਾਸੇ ਸੀਆਰਪੀਐੱਫ਼ ਦੇ ਡੀਜੀ ਆਰ ਆਰ ਭਟਨਾਗਰ ਨੇ ਕਿਹਾ,''ਇਹ ਇੱਕ ਵੱਡਾ ਕਾਫ਼ਲਾ ਸੀ ਅਤੇ ਵੱਖ-ਵੱਖ ਗੱਡੀਆਂ ਵਿੱਚ 2500 ਮੁਲਾਜ਼ਮ ਸਫ਼ਰ ਕਰ ਰਹੇ ਸਨ। ਕਾਫ਼ਲੇ 'ਤੇ ਵੀ ਕੁਝ ਗੋਲੀਆਂ ਲੱਗੀਆਂ ਸਨ।''

ਕੁਰਬਾਨੀ ਬੇਕਾਰ ਨਹੀਂ ਜਾਵੇਗੀ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਵੀਟ ਵਿੱਚ ਲਿਖਿਆ ਹੈ,''ਪੁਲਵਾਮਾ ਵਿੱਚ ਸੀਆਰਪੀਐੱਫ਼ 'ਤੇ ਹੋਏ ਕਾਇਰਤਾਪੂਰਣ ਹਮਲੇ ਦੀ ਮੈਂ ਨਿੰਦਾ ਕਰਦਾ ਹਾਂ।

ਸਾਡੇ ਬਹਾਦੁਰ ਜਵਾਨਾਂ ਦੀ ਇਹ ਕੁਰਬਾਨੀ ਬੇਕਾਰ ਨਹੀਂ ਜਾਵੇਗੀ। ਪੂਰੇ ਦੇਸ ਮੋਢੇ ਨਾਲ ਮੋਢਾ ਮਿਲਾ ਕੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹਾ ਹੈ। ਦੁਆ ਹੈ ਕਿ ਜ਼ਖ਼ਮੀ ਜਵਾਨ ਛੇਤੀ ਠੀਕ ਹੋ ਜਾਣਗੇ।''

ਜੰਮੂ ਤੇ ਕਸ਼ਮੀਰ ਵਿਚਾਲੇ ਇਹ 300 ਕਿੱਲੋਮੀਟਰ ਹਾਈਵੇਅ ਭਾਰਤ ਲਈ ਕੂਟਨੀਤਿਕ ਪੱਖੋਂ ਅਹਿਮ ਹੈ। ਕਸ਼ਮੀਰ ਵਿਚ ਗੜਬੜ ਦੇ ਮੱਦੇਨਜ਼ਰ ਇਹ ਸ਼ਾਹ ਮਾਰਗ ਭਾਰਤ ਫੌਜ ਸਖ਼ਤ ਨਿਗਰਾਨੀ ਹੇਠ ਰਹਿੰਦਾ ਹੈ।

ਹਮਲੇ ਤੋਂ ਬਾਅਦ ਹਾਈਵੇਅ ਨੂੰ ਰੋਕ ਦਿੱਤਾ ਗਿਆ ਹੈ। ਜਿੱਥੇ ਕਿ ਹਰ ਵੇਲੇ ਟ੍ਰੈਫਿਕ ਰਹਿੰਦਾ ਹੈ। ਇਸਦੇ ਆਲੇ-ਦੁਆਲੇ ਦੇ ਖੇਤਰ ਵਿੱਚ ਵੀ ਭਾਲ ਕੀਤੀ ਜਾ ਰਹੀ ਹੈ।

ਦੋ ਬੱਸਾਂ ਵਿੱਚ ਜਵਾਨ ਸਵਾਰ ਸਨ ਅਤੇ ਇਨ੍ਹਾਂ ਦੀ ਸੁਰੱਖਿਆ ਵਿੱਚ ਪੁਲਿਸ ਦੀਆਂ ਗੱਡੀਆਂ ਅੱਗੇ-ਪਿੱਛੇ ਚੱਲ ਰਹੀਆਂ ਸਨ।

ਜੈਸ਼-ਏ-ਮੁਹੰਮਦ ਨੇ ਲਈ ਜ਼ਿੰਮੇਵਾਰੀ

ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬੁਲਾਰੇ ਮੁਹੰਮਦ ਹਸਨ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਆਦਿਲ ਅਹਿਮਦ ਉਰਫ਼ ਵਿਕਾਸ ਕਮਾਂਡੋ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ। ਵਿਕਾਸ ਕਮਾਂਡੋ ਨੂੰ ਪੁਲਵਾਮਾ ਜ਼ਿਲ੍ਹੇ ਦਾ ਨਾਗਰਿਕ ਦੱਸਿਆ ਜਾ ਰਿਹਾ ਹੈ। ਇਹ ਹਮਲਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਸੁਰੱਖਿਆ ਬਲਾਂ ਲਈ ਝਟਕੇ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

ਗ੍ਰਹਿ ਮੰਤਰਾਲੇ ਮੁਤਾਬਕ 2018 ਵਿੱਚ ਘੱਟੋ-ਘੱਟ 250 ਕੱਟੜਵਾਦੀ, 84 ਸੁਰੱਖਿਆ ਕਰਮੀ ਅਤੇ 150 ਆਮ ਲੋਕ ਮਾਰੇ ਗਏ। ਇਸ ਸਾਲ ਪਿਛਲੇ 6 ਹਫ਼ਤਿਆਂ ਵਿੱਚ 20 ਕੱਟੜਵਾਦੀ ਮਾਰੇ ਗਏ ਹਨ।

ਹਮਲੇ ਦੀ ਚੁਫੇਰਿਓ ਸਖ਼ਤ ਨਿੰਦਾ

ਭਾਰਤ ਦੇ ਸਾਬਕਾ ਫੌਜ ਮੁਖੀ ਅਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਜਨਰਲ ਵੀਕੇ ਸਿੰਘ ਨੇ ਇਸ ਅੱਤਵਾਦੀ ਹਮਲੇ ਨੂੰ ਕਾਇਰਤਾਪੂਰਣ ਦੱਸਦੇ ਹੋਏ ਟਵੀਟ ਕੀਤਾ ਹੈ, ''ਇੱਕ ਫੌਜੀ ਅਤੇ ਭਾਰਤੀ ਨਾਗਰਿਕ ਹੋਣ ਦੇ ਨਾਤੇ ਇਸ ਕਾਇਰਤਾਪੂਰਣ ਹਮਲੇ ਨੂੰ ਲੈ ਕੇ ਮੇਰਾ ਖ਼ੂਨ ਖੌਲ ਰਿਹਾ ਹੈ। ਪਲਵਾਮਾ ਵਿੱਚ ਸਾਡੇ ਬਹਾਦੁਰ ਫੌਜੀਆਂ ਨੇ ਜਾਨ ਗਵਾਈ ਹੈ। ਮੈਂ ਇਸ ਕੁਰਬਾਨੀ ਨੂੰ ਸਲਾਮ ਕਰਦਾ ਹਾਂ ਅਤੇ ਵਾਅਦਾ ਕਰਦਾ ਹਾਂ ਕਿ ਸਾਡੇ ਸੈਨਿਕਾਂ ਦੇ ਖ਼ੂਨ ਦੇ ਹਰ ਕਤਰੇ ਦਾ ਬਦਲਾ ਲਿਆ ਜਾਵੇਗਾ।''

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਹਮਲੇ ਨੂੰ ਕਾਇਰਤਾ ਭਰਿਆ ਦੱਸਦੇ ਹੋਏ ਟਵੀਟ ਕੀਤਾ ਹੈ,''ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ਼ ਦੇ ਕਾਫ਼ਲੇ 'ਤੇ ਹੋਏ ਹਮਲੇ ਨਾਲ ਮੈਂ ਪ੍ਰੇਸ਼ਾਨ ਹਾਂ। ਸ਼ਹੀਦਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ ਹੈ ਅਤੇ ਜਿਹੜੇ ਜ਼ਖ਼ਮੀ ਹੋਏ ਹਨ, ਉਨ੍ਹਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ।''

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਕੀ ਉਮਰ ਅਬਦੁੱਲਾ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ, "ਵਾਦੀ ਤੋਂ ਦੁਖ਼ ਭਰੀ ਖ਼ਬਰ ਆ ਰਹੀ ਹੈ। ਮੈਂ ਇਸ ਹਮਲੇ ਦੀ ਸਖ਼ਤ ਨਿੰਦਾ ਕਰਦੀ ਹਾਂ। ਮੈਂ ਜ਼ਖ਼ਮੀਆਂ ਲਈ ਦੁਆ ਕਰਦਾ ਹਾਂ ਅਤੇ ਮਾਰੇ ਗਏ ਜਵਾਨਾਂ ਪ੍ਰਤੀ ਸੰਵੇਦਨਾ ਜ਼ਾਹਰ ਕਰਦਾ ਹਾਂ।"

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਮਲੇ 'ਤੇ ਕਿਹਾ, "ਜੰਮੂ-ਕਸ਼ਮੀਰ ਦੇ ਪੁਲਵਾਮਾ ਤੋਂ ਕਾਫ਼ੀ ਸਦਮੇ ਵਾਲੀ ਖ਼ਬਰ ਆ ਰਹੀ ਹੈ। ਮੈਂ ਸੀਆਰਪੀਐੱਫ਼ ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਜਿਸ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਭਾਰਤੀਆਂ ਨੂੰ ਇਸ ਦੁਖ਼ ਦੇ ਸਮੇਂ ਵਿੱਚ ਇੱਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ।''

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਟਵੀਟ ਕਰਕੇ ਕਿਹਾ,''ਅਵੰਤੀਪੁਰਾ ਤੋਂ ਕਈ ਜਵਾਨਾਂ ਦੇ ਮਾਰੇ ਅਤੇ ਜ਼ਖ਼ਮੀ ਹੋਣ ਦੀ ਦੁਖ਼ ਭਰੀ ਖ਼ਬਰ ਆ ਰਹੀ ਹੈ। ਕੋਈ ਵੀ ਸ਼ਬਦ ਇਸ ਹਮਲੇ ਦੀ ਨਿੰਦਾ ਕਰਨ ਲਈ ਕਾਫ਼ੀ ਨਹੀਂ ਹੈ। ਇਸ ਪਾਗਲਪਨ ਦੇ ਖ਼ਤਮ ਹੋਣ ਤੋਂ ਪਹਿਲਾਂ ਹੋਰ ਕਿੰਨੀਆਂ ਜਾਨਾਂ ਜਾਣਗੀਆਂ?

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)