ਲੁਧਿਆਣਾ ਗੈਂਗਰੇਪ ਦੇ ਮੁਲਜ਼ਮ ਕਿਵੇਂ ਚੜ੍ਹੇ ਪੁਲਿਸ ਅੜਿੱਕੇ

    • ਲੇਖਕ, ਸੁਰਿੰਦਰ ਮਾਨ
    • ਰੋਲ, ਲੁਧਿਆਣਾ ਤੋਂ ਬੀਬੀਸੀ ਪੰਜਾਬੀ ਲਈ

ਲੁਧਿਆਣਾ ਸਮੂਹਿਕ ਬਲਾਤਕਾਰ ਦੇ ਤਿੰਨ ਕਥਿਤ ਮੁਲਜ਼ਮਾਂ ਸਾਦਿਕ ਅਲੀ, ਜਗਰੂਪ ਸਿੰਘ ਤੇ ਸੁਰਮੂ ਨੂੰ ਬੁੱਧਵਾਰ ਨੂੰ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨਾਂ ਕਥਿਤ ਮੁਲਜ਼ਮਾਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ।

ਲੁਧਿਆਣਾ ਰੇਂਜ ਦੇ ਡੀਆਈਜੀ ਰਣਬੀਰ ਸਿੰਘ ਖਟੜਾ ਨੇ ਦਾਅਵਾ ਕੀਤਾ, 'ਮਾਮਲੇ ਵਿੱਚ ਨਾਮਜ਼ਦ ਕੀਤੇ ਗਏ 6 ਮੁਲਜ਼ਮਾਂ ਵਿੱਚੋਂ 5 ਦੀ ਸ਼ਨਾਖ਼ਤ ਹੋ ਗਈ ਹੈ। ਕਥਿਤ ਮੁਲਜ਼ਮਾਂ ਦੀ ਪਛਾਣ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਸਾਦਿਕ ਅਲੀ ਕੋਲੋਂ ਪੁੱਛਗਿੱਛ ਦੌਰਾਨ ਕਰਵਾਈ ਗਈ। ਇਸ ਮਾਮਲੇ ਵਿੱਚ ਛੇਵੇਂ ਅਣਪਛਾਤੇ ਦੋਸ਼ੀ ਦੀ ਸ਼ਨਾਖ਼ਤ ਲਈ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ'।

ਇਹ ਵੀ ਪੜ੍ਹੋ:

ਮੁਲਜ਼ਮਾਂ ਉੱਤੇ ਅਦਾਲਤ ਕੰਪਲੈਕਸ 'ਚ ਹਮਲਾ

ਜਦੋਂ ਸਮੂਹਿਕ ਬਲਾਤਕਾਰ ਨਾਲ ਸਬੰਧਤ ਇਨਾਂ ਤਿੰਨਾਂ ਕਥਿਤ ਮੁਲਜ਼ਮਾਂ ਨੂੰ ਪੁਲਿਸ ਅਦਾਲਤ 'ਚ ਪੇਸ਼ ਕਰਨ ਲਈ ਲੈ ਕੇ ਜਾ ਰਹੀ ਸੀ ਤਾਂ ਉੱਥੇ ਮੌਜੂਦ ਕੁਝ ਲੋਕਾਂ ਨੇ ਤਿੰਨਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਇਸ ਨੂੰ ਨਾਕਾਮ ਕਰ ਦਿੱਤਾ।

ਫਿਰ ਵੀ ਕੁਝ ਲੋਕਾਂ ਨੇ ਪੇਸ਼ੀ ਤੋਂ ਬਾਅਦ ਕਥਿਤ ਮੁਲਜ਼ਮਾਂ 'ਤੇ ਚੱਪਲਾਂ ਤੇ ਜੁੱਤੀਆਂ ਸੁੱਟੀਆਂ ਪਰ ਪੁਲਿਸ ਤੇਜ਼ੀ ਨਾਲ ਮੁਲਜ਼ਮਾਂ ਨੂੰ ਬਚਾ ਕੇ ਲੈ ਗਈ।

ਇਸ ਮੌਕੇ ਰੋਹ ਵਿੱਚ ਲੋਕ ਸਮੂਹਿਕ ਬਲਾਤਕਾਰ ਨਾਲ ਜੁੜੇ ਮੁਲਜ਼ਮਾਂ ਲਈ ਜਿੱਥੇ ਫਾਂਸੀ ਦੀ ਮੰਗ ਕਰ ਰਹੇ ਹਨ ਉੱਥੇ ਉਹ ਪੁਲਿਸ ਨਾਲ ਇਸ ਗੱਲੋਂ ਵੀ ਉਲਝ ਗਏ ਕਿ ਮੁਲਜ਼ਮਾਂ ਨੂੰ ਲੋਕਾਂ ਦੇ ਹਵਾਲੇ ਕੀਤਾ ਜਾਵੇ।

ਮੁਲਜ਼ਮਾਂ ਦੇ ਸਕੈੱਚ ਜਾਰੀ

ਡੀਆਈਜੀ ਨੇ ਦੱਸਿਆ, 'ਅਦਾਲਤ ਵੱਲੋਂ ਦਿੱਤੇ ਗਏ ਪੁਲਿਸ ਰਿਮਾਂਡ ਦੌਰਾਨ ਦੋਸ਼ੀਆਂ ਤੋਂ ਇਹ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਕੋਈ ਯੋਜਨਾਬੱਧ ਤਰੀਕੇ ਨਾਲ ਅੰਜ਼ਾਮ ਦਿੱਤਾ ਸੀ ਜਾਂ ਫਿਰ ਇਸ ਦਾ ਕੋਈ ਹੋਰ ਕਾਰਨ ਸੀ'।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੁਲਿਸ ਨੇ ਪੀੜਤ ਕੁੜੀ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਦੇ ਆਧਾਰ 'ਤੇ ਦੋਸ਼ੀਆਂ ਦੇ ਸਕੈੱਚ ਜਾਰੀ ਕਰਕੇ ਆਮ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਪੁਲਿਸ ਦਾ ਸਾਥ ਦੇਣ।

ਪੁਲਿਸ ਮੁਤਾਬਕ ਐਤਵਾਰ ਨੂੰ ਹੀ ਦੋਸ਼ੀਆਂ ਨੂੰ ਫੜਣ ਲਈ ਕਵਾਇਦ ਸ਼ੁਰੂ ਕਰ ਦਿੱਤੀ ਗਈ ਸੀ ਤੇ ਘਟਨਾ ਵਾਲੀ ਥਾਂ 'ਤੇ ਮੌਜੂਦ ਰਹੇ ਮੋਬਾਇਲ ਫੋਨਾਂ ਦੀ ਵੀ ਪੈੜ ਨੱਪੀ ਸੀ।

ਡੀਆਈਜੀ ਨੇ ਕਿਹਾ, ''ਇਸ ਅਪ੍ਰੇਸ਼ਨ ਨੂੰ ਲੁਧਿਆਣਾ ਦਿਹਾਤੀ, ਜਗਰਾਉਂ, ਖੰਨਾ ਤੇ ਨਵਾਂ ਸ਼ਹਿਰ ਦੀ ਪੁਲਿਸ ਨੇ ਮਿਲ ਕੇ ਸੁਲਝਾਇਆ ਹੈ ਤੇ ਨਤੀਜੇ ਵੱਜੋਂ ਤਿੰਨ ਮੁਲਜ਼ਮ ਗ੍ਰਿਫ਼ਤ ਵਿੱਚ ਆ ਗਏ।''

ਇਹ ਵੀ ਪੜ੍ਹੋ:

ਪੁਲਿਸ ਦਾ ਕਹਿਣਾ ਹੈ ਕਿ ਪੀੜਤ ਕੁੜੀ ਹਾਲੇ ਸਦਮੇ ਵਿੱਚ ਹੈ ਪਰ ਫਿਰ ਵੀ ਉਹ ਤੇ ਉਸ ਦਾ ਦੋਸਤ ਪੁਲਿਸ ਨੂੰ ਪੂਰਨ ਸਹਿਯੋਗ ਦੇ ਰਹੇ ਹਨ।

ਫੜ੍ਹੇ ਗਏ ਤਿੰਨ ਲੋਕਾਂ ਨੂੰ ਪੁਲਿਸ ਘਟਨਾ ਵਾਲੀ ਥਾਂ, ਜਿਹੜਾ ਕਿ ਪਿੰਡ ਈਸੇਵਾਲ ਕੋਲ ਸਥਿਤ ਹੈ, 'ਤੇ ਵੀ ਲੈ ਕੇ ਗਈ ਤੇ ਕਈ ਤਰ੍ਹਾਂ ਦੀ ਜਾਣਕਾਰੀ ਹਾਸਲ ਕੀਤੀ।

ਇਸੇ ਦੌਰਾਨ ਭਾਰਤ ਸਰਕਾਰ ਦੇ ਨੈਸ਼ਨਲ ਕਮਿਸ਼ਨ ਫ਼ਾਰ ਵੂਮੈਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਨਕਰ ਗੁਪਤਾ ਨੂੰ ਪੱਤਰ ਲਿਖ ਕੇ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਨ ਦੀ ਤਾਕੀਦ ਕੀਤੀ ਹੈ।

ਕੀ ਹੈ ਮਾਮਲਾ

ਰਣਬੀਰ ਸਿੰਘ ਖੱਟੜਾ ਮੁਤਾਬਕ, ''20 ਸਾਲਾ ਪੀੜ੍ਹਤ ਕੁੜੀ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਸ਼ਨੀਵਾਰ ਰਾਤ ਨੂੰ 8 ਵਜੇ ਕਾਰ ਰਾਹੀ ਲੁਧਿਆਣਾ ਸ਼ਹਿਰ ਦੇ ਦੱਖਣ ਵੱਲ ਪੈਂਦੇ ਪਿੰਡ ਈਸੇਵਾਲ ਨੇੜੇ ਜਾ ਰਹੇ ਸੀ ਕਿ ਦੋ ਮੋਟਰ ਸਾਇਕਲ ਸਵਾਰਾਂ ਨੇ ਅਚਾਨਕ ਉਨ੍ਹਾਂ ਉੱਤੇ ਇੱਟਾ ਨਾਲ ਹਮਲਾ ਕਰ ਦਿੱਤਾ।''

''ਇਸ ਨੇ ਨਾਲ ਹੀ ਤਿੰਨ ਹੋਰ ਮੋਟਰ ਸਾਇਕਲਾਂ ਉੱਤੇ ਸਵਾਰ ਲੋਕ ਉਨ੍ਹਾਂ ਨਾਲ ਆ ਗਏ। ਉਨ੍ਹਾਂ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਕਾਰ ਵਿਚ ਜ਼ਬਰੀ ਸਵਾਰ ਹੋ ਕੇ ਕੁੜੀ ਦੇ ਦੋਸਤ ਦੀ ਕੁੱਟਮਾਰ ਕਰਨ ਲੱਗ ਪਏ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਜਬਰੀ ਜਗਰਾਉਂ ਨੇੜੇ ਇੱਕ ਫਾਰਮ ਹਾਊਸ ਵਿਚ ਲੈ ਗਏ।''

ਉਨ੍ਹਾਂ ਨੇ ਪੀੜਤ ਮੁੰਡੇ ਦੇ ਫੋਨ ਤੋਂ ਉਸਦੇ ਦੋਸਤਾਂ ਨੂੰ ਫੋਨ ਕਰਕੇ ਦੋ ਲੱਖ ਦੀ ਫਿਰੌਤੀ ਮੰਗੀ। ਇਸ ਫੋਨ ਕਾਲ ਤੋਂ ਬਾਅਦ ਲੜਕੇ ਦੇ ਦੋਸਤਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪਰ ਪੁਲਿਸ ਨੇ ਫੌਰੀ ਕਾਰਵਾਈ ਨਹੀਂ ਕੀਤੀ।

ਇਲਜ਼ਾਮ ਹੈ ਕਿ ਬੰਧਕ ਬਣਾਏ ਗਏ ਜੋੜੇ ਨਾਲ ਕਥਿਤ ਤੌਰ ਉੱਤੇ ਕੁੱਟਮਾਰ ਕੀਤੀ ਗਈ ਅਤੇ ਫਿਰ 5 ਜਣਿਆਂ ਨੇ ਕੁੜੀ ਨਾਲ ਬਲਾਤਕਾਰ ਕੀਤਾ। ਮੁਲਜ਼ਮਾਂ ਨੇ ਆਪਣੇ 7 ਹੋਰ ਸਾਥੀਆਂ ਨੂੰ ਬੁਲਾ ਲਿਆ ਤੇ ਉਨ੍ਹਾਂ ਨੇ ਵੀ ਕੁੜੀ ਨਾਲ ਜਬਰ ਜਿਨਾਹ ਕੀਤਾ।

ਐਤਵਾਰ ਨੂੰ ਤੜਕੇ ਇਸ ਜੋੜੇ ਨੂੰ ਰਿਹਾਅ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਐਤਾਵਰ ਸ਼ਾਮ ਨੂੰ ਪੁਲਿਸ ਨੂੰ ਅਗਵਾ ਤੇ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ । ਪੁਲਿਸ ਨੇ ਮੁੱਲਾਂਪੁਰ ਦਾਖਾ ਥਾਣੇ ਵਿਚ ਐਫਆਈਆਰ ਨੂੰਬਰ 17/19 ਦਰਜ ਕੀਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਸਬੰਧ ਵਿੱਚ ਪੀੜਤ ਲੜਕੀ ਦੇ ਬਿਆਨਾਂ ਤੋਂ ਬਾਅਦ 9-10 ਅਣਪਛਾਤਿਆਂ ਖਿਲਾਫ਼ ਭਾਰਤੀ ਦੰਡ ਵਿਧਾਨ ਦੀ ਧਾਰਾ 376, 384 ਅਤੇ 342 ਸਮੇਤ ਹੋਰਨਾਂ ਧਾਰਾਵਾਂ ਮਾਮਲਾ ਦਰਜ ਕਰ ਲਿਆ ਹੈ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)