You’re viewing a text-only version of this website that uses less data. View the main version of the website including all images and videos.
ਐਲ ਚੈਪੋ ਗੁਸਮੈਨ: ਭੰਗ ਦੇ ਖੇਤਾਂ ਚ ਕੰਮ ਕਰਨ ਵਾਲਾ ਮੁੰਡਾ ਕਿਵੇਂ ਬਣਿਆ ਅਮਰੀਕਾ ਦਾ ਸਭ ਤੋਂ ਵੱਡਾ ਨਸ਼ਾ ਤਸਕਰ
ਮੈਕਸੀਕੋ ਦੇ ਡਰੱਗ ਤਸਕਰ ਅਲ ਚੈਪੋ ਗੂਸਮੈਨ ਨੂੰ ਨਿਊਯਾਰਕ ਦੀ ਇੱਕ ਫੈਡਰਲ ਕੋਰਟ ਨੇ ਡਰੱਗ ਤਸਕਰੀ ਦੇ 10 ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਮੰਨਿਆ ਹੈ।
61 ਸਾਲਾ ਗੁਸਮੈਨ ਨੂੰ ਕੋਕੀਨ ਅਤੇ ਹੈਰੋਈਨ ਦੀ ਤਸਕਰੀ, ਗ਼ੈਰ-ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਅਤੇ ਹਵਾਲਾ ਦੇ ਕਈ ਮਾਮਲਿਆਂ ਵਿੱਚ ਦੋਸ਼ੀ ਮੰਨਿਆ ਗਿਆ ਹੈ।
ਅਜੇ ਇਨ੍ਹਾਂ ਮਾਮਲਿਆਂ ਵਿੱਚ ਸਜ਼ਾ ਸੁਣਾਈ ਜਾਣੀ ਬਾਕੀ ਹੈ। ਗੂਸਮੈਨ ਦੀ ਪੂਰੀ ਉਮਰ ਜੇਲ੍ਹ ਵਿੱਚ ਬੀਤ ਸਕਦੀ ਹੈ।
ਇਹ ਵੀ ਪੜ੍ਹੋ-
ਕਿਵੇਂ ਗੂਸਮੈਨ ਬਣਿਆ ਵੱਡਾ ਤਸਕਰ?
ਅਲ ਚੈਪੋ ਗੁਸਮੈਨ ਦਾ ਜਨਮ 1957 ਵਿੱਚ ਕਿਸਾਨ ਦੇ ਪਰਿਵਾਰ ਵਿੱਚ ਹੋਇਆ ਸੀ। ਅਲ ਚੈਪੋ ਗੁਸਮੈਨ ਡਰੱਗ ਤਸਕਰੀ ਨਾਲ ਉਦੋਂ ਜੁੜਿਆ ਜਦੋਂ ਉਸ ਨੇ ਅਫ਼ੀਮ ਤੇ ਭੰਗ ਦੇ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ।
ਉਸ ਤੋਂ ਬਾਅਦ ਉਸ ਨੇ ਇੱਕ ਵੱਡੇ ਡਰੱਗ ਸਪਲਾਈ ਕਰਨ ਵਾਲੇ ਗਰੁੱਪ ਦੇ ਮੁਖੀ ਮਿਗੁਲ ਐਜਿਲ ਫਿਲੇਕਸ ਗਲਾਰਡੋ ਦੇ ਅੰਡਰ ਕੰਮ ਕਰਨਾ ਸ਼ੁਰੂ ਕੀਤਾ।
ਅਲ ਚੈਪੋ ਫਿਰ ਉਭਰਨਾ ਸ਼ੁਰੂ ਹੋ ਗਿਆ। 80ਵਿਆਂ ਦੇ ਦਹਾਕੇ ਵਿੱਚ ਉਸ ਨੇ ਆਪਣਾ ਗਰੁੱਪ ਸਿਨਾਲੋਆ ਬਣਾਇਆ। ਇਹ ਗਰੁੱਪ ਉੱਤਰ ਪੱਛਮੀ ਮੈਕਸੀਕੋ ਵਿੱਚ ਸਰਗਰਮ ਸੀ।
ਹੌਲੀ-ਹੌਲੀ ਉਹ ਅਮਰੀਕਾ ਵਿੱਚ ਡਰੱਗ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਵਿਅਕਤੀ ਬਣ ਗਿਆ। 2009 ਵਿੱਚ ਗੁਸਮੈਨ ਦਾ ਨਾਂ ਫੌਰਬਜ਼ ਦੀ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਵੀ ਆ ਗਿਆ ਸੀ।
ਉਸ ਸੂਚੀ ਵਿੱਚ ਉਸ ਦਾ ਨੰਬਰ ਦੁਨੀਆਂ ਵਿੱਚ 701 ਸੀ। 1993 ਵਿੱਚ ਇੱਕ ਦੂਸਰੇ ਗੈਂਗ ਵੱਲੋ ਹੋਏ ਹਮਲੇ ਵਿੱਚ ਅਲ ਚੈਪੋ ਵਾਲ-ਵਾਲ ਬਚਿਆ ਪਰ ਫਿਰ ਮੈਕਸੀਕੋ ਪ੍ਰਸ਼ਾਸਨ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ 20 ਸਾਲਾਂ ਦੀ ਸਜ਼ਾ ਸੁਣਾਈ ਸੀ।
ਕਿਵੇਂ ਹੋਇਆ ਸੀ ਜੇਲ੍ਹ ਤੋਂ ਫਰਾਰ?
ਗੁਸਮੈਨ ਸਭ ਤੋਂ ਪਹਿਲਾਂ 2001 ਵਿੱਚ ਜੇਲ੍ਹ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋਇਆ ਸੀ। ਪਿਊਨੇ ਗਰਾਂਡੇ ਇੱਕ ਅਤਿ ਸੁਰੱਖਿਆ ਵਾਲੀ ਜੇਲ੍ਹ ਸੀ ਜਿਸ ਵਿੱਚ ਗੂਸਮੈਨ ਕੈਦ ਸੀ।
ਗੁਸਮੈਨ ਜੇਲ੍ਹ ਦੇ ਭ੍ਰਿਸ਼ਟ ਗਾਰਡਾਂ ਦੀ ਮਦਦ ਨਾਲ ਲੌਂਡਰੀ ਬਾਸਕਿਟ ਵਿੱਚ ਲੁਕ ਕੇ ਜੇਲ੍ਹ ਤੋਂ ਭੱਜਣ ਵਿੱਚ ਕਾਮਯਾਬ ਹੋਇਆ ਸੀ।
ਉਸ ਤੋਂ ਬਾਅਦ ਉਹ 13 ਸਾਲਾਂ ਤੱਕ ਫਰਾਰ ਰਿਹਾ ਸੀ। ਇਸ ਵੇਲੇ ਉਸ ਨੇ ਆਪਣੇ ਸਮਰਾਜ ਨੂੰ ਮਜ਼ਬੂਤ ਕੀਤਾ।
2014 ਵਿੱਚ ਉਹ ਮੁੜ ਤੋਂ ਗ੍ਰਿਫ਼ਤਾਰ ਹੋਇਆ ਅਤੇ ਉਸ ਨੂੰ ਸੈਂਟਰਲ ਮੈਕਸੀਕੋ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ।
2015 ਵਿੱਚ ਉਹ ਇਸ ਜੇਲ੍ਹ ਤੋਂ ਵੀ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਵਾਰ ਉਸ ਨੇ 1.5 ਕਿਲੋਮੀਟਰ ਲੰਬੀ ਸੁਰੰਗ ਬਣਾਈ ਸੀ ਜੋ ਉਸ ਦੇ ਕਮਰੇ ਤੋਂ ਸਿੱਧਾ ਬਾਹਰ ਨਿਕਲਦੀ ਸੀ।
ਸੁਰੰਗ ਹਵਾਦਾਰ ਸੀ, ਉਸ ਵਿੱਚ ਲਾਈਟਾਂ ਦਾ ਪ੍ਰਬੰਧ ਸੀ, ਪੌੜੀਆਂ ਸਨ ਅਤੇ ਉਸ ਦਾ ਦੂਜਾ ਮੂੰਹ ਕਿਸੇ ਉਸਾਰੀ ਅਧੀਨ ਇਮਾਰਤ ਵੱਲ ਖੁੱਲ੍ਹਦਾ ਸੀ।
ਮੈਕਸੀਕਨ ਟੀਵੀ ਚੈਨਲਾਂ ਦਿਖਾਇਆ ਸੀ ਕਿ ਕਿਵੇਂ ਗੂਸਮੈਨ ਦੇ ਕਮਰੇ ਤੋਂ ਆਉਂਦੀਆਂ ਆਵਾਜ਼ਾਂ ਦੇ ਬਾਵਜੂਦ ਗਾਰਡਾਂ ਨੂੰ ਉਸ ਦੇ ਸੁਰੰਗ ਬਣਾਉਣ ਬਾਰੇ ਪਤਾ ਨਹੀਂ ਲਗ ਸਕਿਆ ਸੀ।
ਕਹਿੰਦਾ ਸੀ, ਤਸਕਰੀ ਦੇਸ ਲਈ ਜ਼ਰੂਰੀ
ਪਰ ਇਸ ਵਾਰ ਉਹ ਜਲਦ ਹੀ ਮੁੜ ਤੋਂ ਗ੍ਰਿਫ਼ਤਾਰ ਹੋ ਗਿਆ। 2016 ਵਿੱਚ ਉਸ ਨੂੰ ਸਿਨਾਲੋਆ ਤੋਂ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇੱਕ ਸਾਲ ਬਾਅਦ ਉਸ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਸੀ ਜਿੱਥੇ ਉਸ 'ਤੇ ਡਰੱਗ ਤਸਕਰੀ ਸਣੇ ਕਈ ਮਾਮਲੇ ਚੱਲ ਰਹੇ ਹਨ।
ਭਾਵੇਂ ਮੈਕਸਿਕੋ ਵਿੱਚ ਕਈ ਡਰੱਗਸ ਤਸਕਰ ਹਨ ਪਰ ਗੂਸਮੈਨ ਦਾ ਆਪਣਾ ਵੱਖਰਾ ਖ਼ੌਫ ਹੈ। ਉਸ ਦਾ ਗੈਂਗ ਕਈ ਹਿੰਸਕ ਕਾਰਵਾਈਆਂ ਵਿੱਚ ਸ਼ਾਮਿਲ ਰਿਹਾ ਹੈ ਜਿਸ ਵਿੱਚ ਹਜ਼ਾਰਾਂ ਤਸਕਰਾਂ ਦੀ ਮੌਤ ਹੋਈ ਹੈ।
ਪਰ ਉਸ ਦੇ ਜੱਦੀ ਸੂਬੇ ਵਿੱਚ ਉਸ ਨੂੰ ਕਈ ਲੋਕ ਹੀਰੋ ਵੀ ਮੰਨਦੇ ਹਨ। 2015 ਵਿੱਚ ਜਦੋਂ ਉਹ ਫਰਾਰ ਸੀ ਤਾਂ ਉਸ ਨੇ ਅਦਾਕਾਰ ਸ਼ੌਨ ਪੈੱਨ ਨੂੰ ਇੰਟਰਵਿਊ ਦਿੱਤਾ ਸੀ।
ਉਸ ਇੰਟਰਵਿਊ ਵਿੱਚ ਉਸ ਨੇ ਕਿਹਾ ਸੀ ਕਿ ਉਸ ਕੋਲ ਪਨਡੁੱਬੀਆਂ, ਹਵਾਈ ਜਹਾਜ਼, ਟਰੱਕਾਂ ਅਤੇ ਕਿਸ਼ਤੀਆਂ ਦੀ ਪੂਰੀ ਫਲੀਟ ਹੈ।
ਗੂਸਮੈਨ ਆਪਣੇ ਡਰੱਗ ਦੇ ਵਪਾਰ ਦਾ ਬਚਾਅ ਕਰਦੇ ਹੋਏ ਕਹਿੰਦਾ ਸੀ ਕਿ ਉਸ ਦੇ ਦੇਸ ਦੀ ਅਰਥਵਿਵਸਥਾ ਲਈ ਡਰੱਗ ਦੇ ਵਪਾਰ ਤੋਂ ਇਲਾਵਾ ਕੋਈ ਬਦਲ ਨਹੀਂ ਹੈ।