You’re viewing a text-only version of this website that uses less data. View the main version of the website including all images and videos.
ਕਿਰਨ ਖੇਰ ਨੇ ਪ੍ਰਿਅੰਕਾ ਦੀ ਇਸ ਤਸਵੀਰ ਨਾਲ ਉਡਾਇਆ ਕਾਂਗਰਸ ਦਾ ਮਜ਼ਾਕ
- ਲੇਖਕ, ਫੈਕਟ ਚੈਕ ਟੀਮ
- ਰੋਲ, ਬੀਬੀਸੀ ਨਿਊਜ਼
ਕਾਂਗਰਸ ਦੀ ਇੱਕ ਪੁਰਾਣੀ ਰੈਲੀ ਦਾ ਫੋਟੋ ਸੋਸ਼ਲ ਮੀਡੀਆ ਤੇ ਲਖਨਊ ਵਿੱਚ ਸੋਮਵਾਰ ਨੂੰ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਦੇ ਰੋਡ-ਸ਼ੋਅ ਦਾ ਕਹਿ ਕੇ ਸਾਂਝਾ ਕੀਤਾ ਜਾ ਰਿਹਾ ਹੈ।
ਇਸ ਤਸਵੀਰ ਵਿੱਚ ਬਹੁਤ ਭਾਰੀ ਭੀੜ ਦੇਖੀ ਜਾ ਸਕਦੀ ਹੈ ਤੇ ਭੀੜ ਵਿੱਚੋਂ ਕੁਝ ਲੋਕਾਂ ਨੇ ਕਾਂਗਰਸ ਦੇ ਝੰਡੇ ਚੁੱਕੇ ਹੋਏ ਹਨ।
ਕਾਂਗਰਸ ਦੀ ਸਪੋਕਸਪਰਸਨ ਪ੍ਰਿਅੰਕਾ ਚਤੁਰਵੇਦੀ ਨੇ ਵੀ ਇਹ ਪੁਰਾਣੀ ਤਸਵੀਰ ਸੋਮਵਾਰ ਨੂੰ ਹੋਏ ਰੋਡ-ਸ਼ੋਅ ਦੌਰਾਨ ਟਵੀਟ ਕੀਤੀ ਸੀ। ਜਿਸ ਨੂੰ ਬਾਅਦ ਵਿੱਚ ਉਨ੍ਹਾਂ ਦੇ ਟਵਿੱਟਰ ਅਕਾਊਂਟ ਤੋਂ ਡਿਲੀਟ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ:
ਸੋਮਵਾਰ ਸ਼ਾਮ ਨੂੰ ਆਪਣੀ ਗਲਤੀ ਸੁਧਾਰਦੇ ਹੋਏ ਪ੍ਰਿਅੰਕਾ ਗਾਂਧੀ ਨੇ ਲਖਨਊ ਦੇ ਰੋਡ-ਸ਼ੋਅ ਦੀਆਂ ਤਸਵੀਰਾਂ ਟਵੀਟ ਕੀਤੀਆਂ।
ਇਸ ਤੋਂ ਬਾਅਦ ਕਾਂਗਰਸ ਨਾਲ ਜੁੜੇ ਕਈ ਅਧਿਕਾਰਤ ਸੋਸ਼ਲ ਮੀਡੀਆ ਸਫ਼ਿਆਂ ਤੋਂ ਇਹ ਤਸਵੀਰ ਹਟਾ ਦਿੱਤੀ ਗਈ।
ਹਾਲਾਂਕਿ, ਭਾਰਤੀ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਅਤੇ ਉੱਤਰ ਪ੍ਰਦੇਸ਼ ਮਹਿਲਾ ਕਾਂਗਰਸ ਦੇ ਟਵਿੱਟਰ ਅਕਾਊਂਟ ਉੱਤੇ ਇਹ ਤਸਵੀਰ ਹਾਲੇ ਵੀ ਦੇਖੀ ਜਾ ਸਕਦੀ ਹੈ।
ਸੋਮਵਾਰ ਨੂੰ ਲਖਨਊ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਭੈਣ ਪ੍ਰਿਅੰਕਾ ਗਾਂਧੀ ਦੇ ਰਸਮੀਂ ਤੌਰ 'ਤੇ ਸਿਆਸਤ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨਾਲ ਪਹਿਲਾ ਰੋਡ-ਸ਼ੋਅ ਕੀਤਾ ਸੀ।
ਉਨ੍ਹਾਂ ਦੇ ਕਾਫ਼ਲੇ ਵਿੱਚ ਕਾਂਗਰਸ ਪ੍ਰਧਾਨ, ਪੱਛਮੀਂ ਉੱਤਰ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਜਯੋਤੀਰਾਦਿਤਿਆ ਸਿੰਧੀਆ, ਰਾਜ ਬੱਬਰ ਅਤੇ ਹੋਰ ਕਈ ਸੀਨੀਅਰ ਕਾਂਗਰਸੀ ਆਗੂ ਸ਼ਾਮਲ ਸਨ।
ਲਖਨਊ ਵਿੱਚ ਬੀਬੀਸੀ ਦੇ ਸਹਿਯੋਗੀ ਸਮੀਰਾਤਮਜ ਮਿਸ਼ਰ ਮੁਤਾਬਕ ਇਸ ਕਾਫ਼ਲੇ ਨੂੰ ਲਖਨਊ ਹਾਈਵੇ ਤੋਂ ਸੂਬਾ ਕਾਂਗਰਸ ਦੇ ਮੁੱਖ ਦਫ਼ਤਰ ਤੱਕ 15 ਕਿਲੋਮੀਟਰ ਦਾ ਸਫ਼ਰ ਕਰਨ ਵਿੱਚ ਉਨ੍ਹਾਂ ਨੂੰ ਲਗਭਪਗ ਪੰਜ ਘੰਟੇ ਲੱਗੇ।
ਪਾਰਟੀ ਦੇ ਕਾਰਕੁਨਾਂ ਨੇ ਪੂਰੇ ਸ਼ਹਿਰ ਨੂੰ ਪ੍ਰਿੰਅਕਾ ਗਾਂਧੀ ਦੇ ਪੋਸਟਰਾਂ ਨਾਲ ਭਰ ਦਿੱਤਾ ਸੀ। ਜਿਵੇਂ ਉਹ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਨਹੀਂ ਸਗੋਂ ਜਿੱਤ ਕੇ ਆ ਰਹੇ ਹੋਣ।
ਪੁਰਾਣੀ ਫੋਟੋ ਦੀ ਸਚਾਈ
ਜਿਸ ਪੁਰਾਣੀ ਵਾਇਰਲ ਤਸਵੀਰ ਨੂੰ ਕਾਂਗਰਸ ਹਮਾਇਤੀ 'ਪਾਰਟੀ ਦੀ ਹਰਮਨ ਪਿਆਰਤਾ' ਦੇ ਪ੍ਰਤੀਕ ਵਜੋਂ ਸਾਂਝੀ ਕਰ ਰਹੇ ਸਨ ਅਤੇ ਜਿਸ ਨੂੰ ਕਾਂਗਰਸ ਦੇ ਵਿਰੋਧੀ ਕਾਂਗਰਸੀ ਆਗੂਆਂ ਦੀ ਗਲਤੀ ਦੱਸ ਰਹੇ ਹਨ, ਉਹ 5 ਦਸੰਬਰ ਦੀ 2018 ਦੀ ਹੈ।
ਇਸ ਤਸਵੀਰ ਨੂੰ ਸਾਬਕਾ ਕ੍ਰਿਕਟ ਖਿਡਾਰੀ ਮੁਹੰਮਦ ਅਜ਼ਹਰੂਦੀਨ ਨੇ ਟਵੀਟ ਕੀਤਾ ਸੀ ਤੇ ਲਿਖਿਆ ਸੀ, "ਆਪਣੇ ਘਰੇਲੂ ਸੂਬੇ ਤੇਲੰਗਾਨਾ ਵਿੱਚ ਚੋਣ ਪ੍ਰਚਾਰ ਲਈ ਆਉਣਾ ਹਮੇਸ਼ਾ ਹੀ ਖ਼ਾਸ ਹੁੰਦਾ ਹੈ। ਲੋਕਾਂ ਦਾ ਉਤਸ਼ਾਹ ਤੇ ਪਿਆਰ ਜ਼ਬਰਦਸਤ ਹੈ।
ਕਾਂਗਰਸੀ ਆਗੂ ਅਜ਼ਹਰੂਦੀਨ ਤੇਲੰਗਾਨਾ ਦੇ ਮੇਡਕ ਲੋਕ ਸਭਾ ਹਲਕੇ ਵਿੱਚ ਪੈਂਦੇ ਗਜਵੇਲ ਵਿਧਾਨ ਸਭਾ ਹਲਕੇ ਵਿੱਚ ਕਾਂਗਰਸੀ ਉਮੀਦਵਾਰ ਪ੍ਰਤਾਪ ਰੈੱਡੀ ਦੇ ਪ੍ਰਚਾਰ ਲਈ ਪਹੁੰਚੇ ਸਨ।
ਗਜੇਵੇਲ ਵਿਧਾਨ ਸਭਾ ਤੇਲੰਗਾਨਾ ਖੇਤਰ ਦੇ ਪਹਿਲੇ ਮੁੱਖ ਮੰਤਰੀ ਕੇ ਚੰਦਰਸ਼ੇਖ਼ਰ ਰਾਓ ਦਾ ਹਲਕਾ ਹੈ ਅਤੇ ਇਸ ਹਲਕੇ ਤੋਂ ਕੇਸੀਆਰ ਨੂੰ ਹਰਾਉਣ ਲਈ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਪੂਰਾ ਜ਼ੋਰ ਲਾ ਦਿੱਤਾ ਸੀ।
ਇਸ ਤੋਂ ਬਾਅਦ 'ਟੀਮ ਰਾਹੁਲ ਗਾਂਧੀ' ਅਤੇ 'ਕਾਂਗਰਸ ਲਿਆਓ ਦੇਸ ਬਚਾਓ' ਵਰਗੇ ਕਾਂਗਰਸ ਪੱਖੀ ਗਰੁੱਪਾਂ ਵਿੱਚ ਇਹ ਤਸਵੀਰ ਹੁਣ ਇੱਕ ਵਾਰ ਫਿਰ ਸਾਂਝੀ ਕੀਤੀ ਗਈ। ਇਸ ਵਾਰ ਇਸ ਵਿੱਚ ਲਖਨਊ ਦੇ ਰੋਡ-ਸ਼ੋਅ ਦੀ ਤਸਵੀਰ ਵੀ ਜੋੜ ਦਿੱਤੀ ਗਈ।
ਟਵਿੱਟਰ ਤੇ ਕਈ ਲੋਕਾਂ ਨੇ ਇਸੇ ਪੁਰਾਣੀ ਤਸਵੀਰ ਨੂੰ ਉੱਤਰ ਪ੍ਰਦੇਸ਼ ਵਿੱਚ ਗਾਂਧੀ ਪਰਿਵਾਰ ਦੀ ਹਰਮਨਪਿਆਰਤਾ ਨਾਲ ਜੋਰ ਕੇ ਪੋਸਟ ਕੀਤਾ ਹੈ।
ਕਾਂਗਰਸ ਦਾ ਮਜ਼ਾਕ
ਭਾਜਪਾ ਦੀ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖ਼ੇਰ ਨੇ ਵੀ ਇਸ ਤਸਵੀਰ ਨੂੰ ਟਵੀਟ ਕੀਤਾ ਅਤੇ ਕਾਂਗਰਸੀ ਆਗੂਆਂ ਦਾ ਮਜ਼ਾਕ ਬਣਾਇਆ।
ਉਨ੍ਹਾਂ ਨੇ ਲਿਖਿਆ, "ਪਤਾ ਲੱਗਿਆ ਹੈ ਕਿ ਲਖਨਊ ਵਿੱਚ ਪ੍ਰਿਅੰਕਾ ਗਾਂਧੀ ਦੇ ਸਵਾਗਤ ਵਿੱਚ ਕਥਿਤ ਤੌਰ 'ਤੇ ਪਹੁੰਚੀ ਭੀੜ ਦਿਖਾਉਣ ਲਈ ਕਾਂਗਰਸ ਨੇ ਇੱਕ ਫੋਟੋ ਟਵੀਟ ਕੀਤੀ ਸੀ। ਜਿਸ ਨੂੰ ਥੋੜ੍ਹੀ ਦੇਰ ਬਾਅਦ ਹਟਾ ਦਿੱਤਾ ਗਿਆ ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕੰਧਾਂ 'ਤੇ ਜਿਹੜੇ ਪੋਸਟਰ ਲੱਗੇ ਹਨ, ਉਹ ਤੇਲੁਗੂ ਵਿੱਚ ਹਨ। ਜੇ ਇਹ ਗੱਲ ਸੱਚੀ ਹੈ ਤਾਂ ਹਾਸੋਹੀਣੀ ਹੈ।"
ਸੋਸ਼ਲ ਮੀਡੀਆ 'ਤੇ ਹਿੰਦੂਤਵ ਪੱਖੀ ਗਰੁੱਪਾਂ ਵਿੱਚ ਵੀ ਹੁਣ ਇਹ ਤਸਵੀਰ ਸਾਂਝੀ ਕੀਤੀ ਜਾ ਰਹੀ ਹੈ। ਲੋਕਾਂ ਨੇ ਲਿਖਿਆ ਹੈ ਕਿ ਕਾਂਗਰਸ ਦੀ ਚੋਰੀ ਫੜ੍ਹੀ ਗਈ, ਰੋਡ-ਸ਼ੋਅ ਵਿੱਚ ਭੀੜ ਦਿਖਾਉਣ ਲਈ ਪਾਰਟੀ ਨੇ ਪੁਰਾਣੀ ਤਸਵੀਰ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: