ਫੇਸਬੁੱਕ 'ਤੇ ਪੋਸਟ ਪਾਉਣ ਦੀ ਅਧਿਆਪਕ ਨੂੰ ਮੁਅੱਤਲੀ ਦੀ ਸਜ਼ਾ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਚੰਡੀਗੜ੍ਹ ਵਿੱਚ ਇੱਕ ਅਧਿਆਪਕ ਨੂੰ ਸਸਪੈਂਡ ਕੀਤਾ ਗਿਆ ਹੈ। ਅਧਿਆਪਕ 'ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਫ਼ੇਸਬੁੱਕ 'ਤੇ ਸਰਕਾਰ ਦੀਆਂ ਨੀਤੀਆਂ ਬਾਰੇ ਆਲੋਚਨਾ ਕੀਤੀ ਹੈ।

ਅਰਵਿੰਦਰ ਰਾਣਾ ਚੰਡੀਗੜ੍ਹ ਵਿੱਚ ਠੇਕੇ ਸਕੀਮ ਤਹਿਤ ਅਧਿਆਪਕ ਹਨ।

ਸਿੱਖਿਆ ਡਾਇਰੈਕਟਰ ਰਬਿੰਦਰਜੀਤ ਸਿੰਘ ਬਰਾੜ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ, ''ਜੋ ਉਹ ਕਰ ਰਿਹਾ ਸੀ, ਉਹ ਗ਼ਲਤ ਹੈ। ਇੱਕ ਸਰਕਾਰੀ ਮੁਲਾਜ਼ਮ ਦੇ ਤੌਰ 'ਤੇ ਉਨ੍ਹਾਂ ਨੂੰ ਸਰਕਾਰ ਜਾਂ ਉਸਦੀਆਂ ਨੀਤੀਆਂ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ।''

ਰਬਿੰਦਰਜੀਤ ਸਿੰਘ ਨੇ ਹੀ ਅਰਵਿੰਦਰ ਰਾਣਾ ਦੇ ਮੁਅੱਤਲਨਾਮੇ 'ਤੇ ਦਸਤਖ਼ਤ ਕੀਤੇ ਹਨ।

ਆਰਡਰ ਕਾਪੀ ਵਿੱਚ ਲਿਖਿਆ ਗਿਆ ਹੈ ਕਿ ਇਹ ਫ਼ੈਸਲਾ ਚੌਕਸੀ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਲਿਆ ਗਿਆ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ,''ਚੌਕਸੀ ਵਿਭਾਗ ਨੇ ਸੂਚਿਤ ਕੀਤਾ ਕਿ ਅਧਿਆਪਕ ਵੱਲੋਂ ਸੋਸ਼ਲ ਮੀਡੀਆ 'ਤੇ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਨੀਤੀਆ ਬਾਰੇ ਆਲੋਚਨਾ ਕੀਤੀ ਜਾ ਰਹੀ ਹੈ।''

ਉਨ੍ਹਾਂ ਕਿਹਾ,'' ਉਸ ਨੇ ਸੋਸ਼ਲ ਮੀਡੀਆ 'ਤੇ ਸਰਕਾਰ ਦੇ ਸੰਵਿਧਾਨਕ ਅਹੁਦੇਦਾਰਾਂ ਖ਼ਿਲਾਫ਼ ਗ਼ਲਤ ਕਮੈਂਟ ਪੋਸਟ ਕੀਤੇ ਸਨ।''

ਹਾਲਾਂਕਿ ਅਰਵਿੰਦਰ ਰਾਣਾ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ।

ਅਰਵਿੰਦ ਰਾਣਾ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ,'' ਨੌਕਰੀ ਵਿੱਚ ਕੋਈ ਅਜਿਹਾ ਤੈਅ ਨਿਯਮ ਨਹੀਂ ਹੈ ਕਿ ਅਸੀਂ ਸੋਸ਼ਲ ਮੀਡੀਆ 'ਤੇ ਕੁਝ ਪਾ ਨਹੀਂ ਸਕਦੇ।''

''ਮੈਂ ਰਾਈਟ ਟੂ ਐਜੂਕੇਸ਼ਨ ਦੇ ਨਿਯਮਾਂ ਬਾਰੇ ਲਿਖ ਰਿਹਾ ਤੇ ਇਹ ਗ਼ਲਤ ਕਿਵੇਂ ਹੋ ਸਕਦਾ ਹੈ। ਅਸੀਂ ਇਹ ਮੁੱਦੇ ਸਿਖਿਆ ਵਿਭਾਗ ਸਾਹਮਣੇ ਵੀ ਚੁੱਕੇ ਸਨ ਪਰ ਉਨ੍ਹਾਂ ਨੇ ਇਸ 'ਤੇ ਧਿਆਨ ਦੇਣ ਦੀ ਬਜਾਏ ਮੈਨੂੰ ਸਸਪੈਂਡ ਕਰ ਦਿੱਤਾ।''

ਠੇਕੇ 'ਤੇ ਰੱਖੇ ਗਏ ਅਧਿਆਪਕ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ ਮੁੱਖ ਮੰਗ ਨੌਕਰੀ ਵਿੱਚ ਰੈਗੁਲਰ ਹੋਣ ਦੀ ਹੈ।

ਸਰਕਾਰ ਵੱਲੋਂ ਕਾਫ਼ੀ ਸਮਾਂ ਪਹਿਲਾਂ ਉਨ੍ਹਾਂ ਨੂੰ ਇਹ ਭਰੋਸਾ ਦਵਾਇਆ ਗਿਆ ਸੀ ਪਰ ਅਜੇ ਤੱਕ ਇਸ ਨੂੰ ਪੂਰਾ ਨਹੀਂ ਕੀਤਾ।

ਕਿਹੋ ਜਿਹੀਆਂ ਪੋਸਟਾਂ ਪਾਉਂਦਾ ਸੀ ਅਰਿਵੰਦ ਰਾਣਾ

ਅਰਵਿੰਦ ਰਾਣਾ ਆਪਣੇ ਫੇਸਬੁੱਕ ਉੱਤੇ ਅਧਿਆਪਕ ਸੰਘਰਸ਼ ਅਤੇ ਵੱਖ ਵੱਖ ਮੁੱਦਿਆਂ ਉੱਤੇ ਸਿਆਸੀ ਪਾਰਟੀਆਂ ਅਤੇ ਸਰਕਾਰੀ ਨੀਤੀਆਂ ਉੱਤੇ ਆਪਣੀ ਰਾਏ ਰੱਖਦੇ ਆਏ ਹਨ। ਰਾਣਾ ਨੇ 8 ਫਰਬਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ ਕਸ਼ਮੀਰ ਦੌਰੇ ਨਾਲ ਸਬੰਧਤ ਖ਼ਬਰ ਉੱਤੇ ਟਿੱਪਣੀ ਕੀਤੀ ਸੀ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)