You’re viewing a text-only version of this website that uses less data. View the main version of the website including all images and videos.
ਪੁਲਵਾਮਾ ਹਮਲਾ: ਡਿਊਟੀ ਜਾਣ ਤੋਂ ਪਹਿਲਾਂ ਮਨਿੰਦਰ ਸਿੰਘ ਨੇ ਪਿਤਾ ਨੂੰ ਕਿਹਾ 'ਤੁਹਾਡੇ ਹੱਥਾਂ ਦੀ ਆਖਰੀ ਚਾਹ ਪੀਣ ਲੱਗਿਆਂ'
''ਮਨਿੰਦਰ ਜਾਣ ਤੋਂ ਪਹਿਲਾਂ ਚਾਹ ਪੀਣ ਲੱਗਿਆਂ ਕਹਿੰਦਾ ਸੀ ਤੁਹਾਡੇ ਹੱਥਾਂ ਦੀ ਆਖਰੀ ਚਾਹ ਪੀਣ ਲੱਗਿਆਂ।''
ਇਹ ਗੱਲ ਪੁਲਵਾਮਾ ਹਮਲੇ 'ਚ ਦੀਨਾਨਗਰ ਦੇ ਰਹਿਣ ਵਾਲੇ ਸੀਆਰਪੀਐੱਫ ਜਵਾਨ ਮਨਿੰਦਰ ਸਿੰਘ ਦੀ ਵੀ ਮੌਤ ਮਗਰੋਂ ਉਨ੍ਹਾਂ ਦੇ ਪਿਤਾ ਸਤਪਾਲ ਨੇ ਕਹੀ ਸੀ।
14 ਫਰਵਰੀ, 2019 ਨੂੰ ਭਾਰਤ ਸਾਸ਼ਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਸੀਆਰਪੀਐੱਫ ਦੇ ਮਾਰੇ ਗਏ ਜਵਾਨਾਂ ਵਿੱਚੋਂ 4 ਪੰਜਾਬ ਤੋਂ ਵੀ ਸਨ।
ਮਨਿੰਦਰ ਦੀ ਵੀ ਇਸ ਹਮਲੇ ਵਿੱਚ ਮੌਤ ਹੋ ਗਈ ਸੀ ਉਹ ਹਮਲੇ ਤੋਂ ਇੱਕ ਦਿਨ ਪਹਿਲਾਂ ਹੀ ਡਿਊਟੀ ਜੁਆਇਨ ਕਰਨ ਲਈ ਘਰੋਂ ਰਵਾਨਾ ਹੋਇਆ ਸੀ।
ਪੰਜਾਬ ਦੇ ਜਿਨ੍ਹਾਂ ਜਵਾਨਾਂ ਦੀਆਂ ਜਾਨਾਂ ਗਈਆਂ ਬੀਬੀਸੀ ਪੱਤਰਕਾਰ ਅਤੇ ਉਸਦੇ ਸਹਿਯੋਗੀ ਪੱਤਰਕਾਰਾਂ ਨੇ ਉਨ੍ਹਾਂ ਜਵਾਨਾਂ ਦੇ ਪਰਿਵਾਰ ਵਾਲਿਆਂ ਨਾਲ 2019 ਵਿੱਚ ਗੱਲਬਾਤ ਕੀਤੀ ਸੀ। ਇਸ ਰਿਪੋਰਟ ਵਿੱਚ ਉਸੇ ਗੱਲਬਾਤ ਦੇ ਕੁਝ ਅੰਸ਼ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ।
ਮਨਿੰਦਰ ਸਿੰਘ
ਬੀਬੀਸੀ ਪੰਜਾਬੀ ਲਈ ਗੁਰਪ੍ਰੀਤ ਸਿੰਘ ਚਾਵਲਾ ਨੇ ਦੀਨਾਨਗਰ ਵਿੱਚ ਮਨਿੰਦਰ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ।
ਮਨਿੰਦਰ ਦੇ ਪਿਤਾ ਸਤਪਾਲ ਅਤਰੀ ਹਮਲੇ ਤੋਂ ਇੱਕ ਦਿਨ ਪਹਿਲਾਂ 13 ਫਰਵਰੀ ਨੂੰ ਪੁੱਤਰ ਨਾਲ ਬੈਠੇ ਚਾਹ ਪੀ ਰਹੇ ਸਨ।
ਸਤਪਾਲ ਦੇ ਚਿਹਰੇ 'ਤੇ ਮਾਯੂਸੀ ਅਤੇ ਬੇਬਸੀ ਸੀ, ਪੁੱਤਰ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਸੀ, ''ਮਨਿੰਦਰ ਜਾਣ ਤੋਂ ਪਹਿਲਾਂ ਚਾਹ ਪੀਣ ਲੱਗਿਆਂ ਕਹਿੰਦਾ ਸੀ ਤੁਹਾਡੇ ਹੱਥਾਂ ਦੀ ਆਖਰੀ ਚਾਹ ਪੀਣ ਲੱਗਿਆਂ।''
''ਮੈਂ ਉਸ ਨੂੰ ਕਿਹਾ ਕਿ ਬੇਟਾ ਐਦਾਂ ਨਾ ਕਹਿ ਤੂੰ ਮੁੜ ਛੁੱਟੀ 'ਤੇ ਆਉਣਾ ਹੀ ਹੈ, ਅੱਗੋਂ ਕਹਿੰਦਾ ਕਿ ਅਪ੍ਰੈਲ ਵਿੱਚ ਛੁਟੀ ਮਿਲੇਗੀ ਤਾਂ ਆਵਾਂਗਾ।"
ਪਿਤਾ ਨੇ ਅੱਗੇ ਦੱਸਿਆ, "ਜੰਮੂ ਪਹੁੰਚ ਕੇ ਮੈਨੂੰ ਉਸ ਦਾ ਫੋਨ ਆਇਆ, ਪੁੱਛਦਾ ਸੀ, ਡੈਡੀ ਤੁਸੀਂ ਰੋਟੀ ਖਾ ਲਈ? ਮੈਂ ਉਸ ਨੂੰ ਦੱਸਿਆ ਕਿ ਹਾਂ ਬੇਟਾ, ਜਿਹੜੀ ਸਬਜ਼ੀ ਤੂੰ ਬਣਾ ਕੇ ਗਿਆ ਸੀ ਉਸੇ ਨਾਲ ਖਾ ਲਈ ਹੈ... ਕਹਿੰਦਾ ਸੀ ਕਿ ਮੁੜ ਕੇ ਕਰੇਗਾ ਫੋਨ ਹੁਣ ਕਿੱਥੇ ਆਉਣਾ ਮੇਰੇ ਬੇਟੇ ਨੇ?"
ਮਨਿੰਦਰ ਦੀ ਭੈਣ ਲਵਲੀ ਨੇ ਦੱਸਿਆ, ''ਮਾਂ ਦੀ 9 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਮੈਂ ਹੀ ਪੇਕੇ ਘਰ ਆ ਕੇ ਪਿਤਾ ਦੇ ਕੰਮ ਕਰਦੀ ਸੀ। ਮਨਿੰਦਰ ਦਾ ਹਾਲੇ ਵਿਆਹ ਕਰਨਾ ਸੀ।''
ਲਵਲੀ ਨੇ ਅੱਗੇ ਦੱਸਿਆ, "ਆਖ਼ਰੀ ਵਾਰ ਬਸ ਇਹੀ ਗੱਲ ਹੋਈ ਸੀ...ਮੈਂ ਚੱਲਿਆਂ ਦੀਦੀ, ਤੁਸੀਂ ਆਇਓ ਕਿਸੇ ਦਿਨ ਘਰ। ਡੈਡੀ ਦਾ ਧਿਆਨ ਰੱਖਿਓ ਤੇ ਮੇਰੇ ਕੱਪੜੇ ਵਗੈਰਾ ਧੋ ਜਾਇਓ।"
"ਆਖ਼ਰੀ ਸ਼ਬਦ ਜੋ ਮੇਰੇ ਸੀ, ਉਹ ਇਹ ਸੀ ਕਿ ਮੈਂ ਵੀ ਤੇਰੀ ਸ਼ਾਦੀ ਕਰਨੀ ਹੈ।"
ਇਹ ਵੀ ਪੜ੍ਹੋ-
ਕੁਲਵਿੰਦਰ ਸਿੰਘ
"ਮੈਨੂੰ ਆਪਣੇ ਪੁੱਤਰ 'ਤੇ ਮਾਣ ਹੈ ਕਿ ਉਸ ਨੇ ਆਪਣਾ ਬਲੀਦਾਨ ਦਿੱਤਾ, ਪਰ ਦੁੱਖ ਇੱਕ ਗੱਲ ਦਾ ਹੈ ਕਿ ਦੁਸ਼ਮਣਾਂ ਨੇ ਸਾਹਮਣਿਓਂ ਵਾਰ ਨਹੀਂ ਕੀਤਾ, ਕਾਸ਼, ਉਨ੍ਹਾਂ ਸਾਹਮਣਿਓਂ ਵਾਰ ਕੀਤਾ ਹੁੰਦਾ।"
ਇਹ ਲਫ਼ਜ਼ ਸਨ ਹਮਲੇ ਵਿੱਚ ਮਾਰੇ ਗਏ ਸੀਆਰਪੀਐੱਫ ਜਵਾਨ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਦੇ।
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਆਨੰਦਪੁਰ ਸਾਹਿਬ ਹਲਕੇ ਦੇ ਪਿੰਡ ਰੌਲੀ ਦਾ ਦੌਰਾ ਕੀਤਾ ਸੀ।
ਇਸੇ ਪਿੰਡ ਦੇ ਰਹਿਣ ਵਾਲੇ 26 ਸਾਲਾਂ ਕੁਲਵਿੰਦਰ ਦੀ ਮੌਤ ਤੋਂ ਪਹਿਲਾਂ ਉਸ ਦੇ ਪਿਤਾ ਅਤੇ ਪੂਰਾ ਪਿੰਡ ਉਸ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ।
ਉਸ ਦੇ ਗੁਆਂਢੀ ਸੋਹਣ ਸਿੰਘ ਨੇ ਦੱਸਿਆ, "ਉਹ ਮੰਗਿਆ ਗਿਆ ਸੀ ਅਤੇ ਨਵੰਬਰ 'ਚ ਉਸ ਦਾ ਵਿਆਹ ਰੱਖਿਆ ਸੀ। ਪਿੰਡ ਦੇ ਬਜ਼ੁਰਗ ਉਸ ਦੀ ਮੰਗਣੀ ਵਿੱਚ ਗਏ ਸਨ।"
ਉਹ ਕੁਝ ਦਿਨ ਪਹਿਲਾਂ ਛੁੱਟੀ ਕੱਟ ਕੇ ਗਿਆ ਸੀ। ਜਦੋਂ ਕਾਫ਼ਲੇ 'ਤੇ ਹਮਲਾ ਹੋਇਆ ਤਾਂ ਉਹ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ 92 ਯੂਨਿਟ 'ਚ ਸ਼ਾਮਿਲ ਹੋਣ ਲਈ ਜਾ ਰਿਹਾ ਸੀ।
ਦਰਸ਼ਨ ਸਿੰਘ ਨੇ ਨਮ ਅੱਖਾਂ ਨਾਲ ਦੱਸਿਆ ਸੀ, "ਉਹ 31 ਜਨਵਰੀ ਨੂੰ ਘਰ ਆਇਆ ਸੀ ਅਤੇ 10 ਫਰਵਰੀ ਨੂੰ ਗਿਆ ਸੀ। ਅਸੀਂ ਸਿਰਫ਼ ਉਸ ਦੇ ਵਿਆਹ ਦੀ ਗੱਲ ਕਰਦੇ ਰਹਿੰਦੇ। ਅਸੀਂ ਹਲਵਾਈ ਸਮੇਤ ਤਿਆਰੀਆਂ ਬਾਰੇ ਗੱਲਾਂ ਕਰਦੇ ਸੀ।"
ਪੇਸ਼ੇ ਤੋਂ ਡਰਾਈਵਰ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਪੁੱਤਰ ਨੂੰ ਪਾਲਣਾ ਉਨ੍ਹਾਂ ਲਈ ਸੌਖਾ ਨਹੀਂ ਸੀ।
ਉਨ੍ਹਾਂ ਕਿਹਾ, "ਉਸ ਦੀ ਮਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਅਤੇ ਲਗਭਗ ਮੈਂ ਇਕੱਲਿਆਂ ਹੀ ਆਪਣੇ ਪੁੱਤਰ ਨੂੰ ਪਾਲਿਆ। ਹਾਲਾਂਕਿ ਸਾਡੀ ਮਾਲੀ ਹਾਲਤ ਠੀਕ ਨਹੀਂ ਸੀ ਪਰ ਫਿਰ ਵੀ ਮੈਂ ਕੋਸ਼ਿਸ਼ ਕੀਤੀ ਕਿ ਉਸ ਨੂੰ ਸਭ ਕੁਝ ਦਿਆਂ।"
ਆਪਣੇ ਪੁੱਤਰ ਦੇ ਨਾਮ ਵਾਲੀ ਲਿਖੀ ਹੋਈ ਜੈਕਟ ਪਾਈ ਦਰਸ਼ਨ ਸਿੰਘ ਨੇ ਦੱਸਿਆ ਕੁਲਵਿੰਦਰ ਨਾਲ ਉਸ ਦਾ ਰਿਸ਼ਤਾ ਦੋਸਤ ਵਾਂਗ ਸੀ ਅਤੇ ਜਦੋਂ ਉਹ ਆਇਆ ਸੀ ਤਾਂ ਉਹ ਮੈਨੂੰ ਆਪਣੀ ਇਹ ਜੈਕਟ ਦੇ ਕੇ ਗਿਆ ਸੀ।
ਉਹ ਕਹਿੰਦੇ ਸਨ, "ਮੈਨੂੰ ਲਗਦਾ ਹੈ ਕਿ ਉਹ ਹਮੇਸ਼ਾ ਮੇਰੇ ਨਾਲ ਹੈ। ਕੁਲਵਿੰਦਰ ਸਾਨੂੰ ਅਕਸਰ ਕਸ਼ਮੀਰ ਦੇ ਅਣਸੁਖਾਵੇਂ ਹਾਲਾਤ ਬਾਰੇ ਦੱਸਦਾ ਹੁੰਦਾ ਸੀ। ਉਸ ਦੀ ਮਾਂ ਪਿਛਲੇ 8 ਸਾਲਾਂ ਤੋਂ ਡਿਪ੍ਰੈਸ਼ਨ ਵਿੱਚ ਹੈ।"
"ਸੋਚਿਆਂ ਸੀ ਕਿ ਉਸ ਦਾ ਵਿਆਹ ਹੋਵੇਗਾ ਤੇ ਉਸ ਦੀ ਪਤਨੀ ਆਵੇਗੀ ਤਾਂ ਸ਼ਾਇਦ ਚੀਜ਼ਾਂ ਬਦਲ ਜਾਣਗੀਆਂ ਪਰ ਸਾਨੂੰ ਕੀ ਪਤਾ ਸੀ ਅਸੀਂ ਉਸ ਦੀ ਲਾਸ਼ ਦਾ ਇਸ ਤਰ੍ਹਾਂ ਇੰਤਜ਼ਾਰ ਕਰਾਂਗੇ।"
ਜੈਮਲ ਸਿੰਘ
ਲਗਭਗ 15 ਕੁ ਦਿਨ ਪਹਿਲਾਂ ਹੀ ਪਿੰਡੋਂ ਛੁੱਟੀ ਕੱਟ ਕੇ ਗਏ ਮੋਗਾ ਦੇ ਜੈਮਲ ਸਿੰਘ ਨੇ ਡਿਊਟੀ ਜੁਆਇਨ ਕੀਤੀ ਸੀ।
ਪੁੱਤਰ ਬਾਰੇ ਖ਼ਬਰ ਮਿਲੀ ਤਾਂ ਪਿਤਾ ਜਸਵੰਤ ਸਿੰਘ ਨੇ ਸਥਾਨਕ ਪੱਤਰਕਾਰ ਸੁਰਿੰਦਰ ਮਾਨ ਨੂੰ ਦੱਸਿਆ ਸੀ, "ਅਸੀਂ ਸਾਢੇ 6 ਵਜੇ ਦੇ ਫ਼ੋਨ ਕਰਦੇ ਸਾਂ, ਨਹੀਂ ਮਿਲਦਾ ਪਿਆ ਸੀ..ਫ਼ਿਰ ਸਾਡਾ ਭਣੇਵਾ ਇੱਕ ਜੰਮੂ ਵਿੱਚ, ਉਹਦੇ ਲਾਗੇ ਰਹਿੰਦਾ...ਉਸ ਨੇ ਪੜਤਾਲ ਕਰਕੇ ਦੱਸਿਆ..ਉਸ ਨੇ ਫੋਨ ਕੀਤਾ, ਮੈਂ ਚੰਡੀਗੜ੍ਹ ਸੀ ਉਦੋਂ।"
1994 ਵਿੱਚ ਫੋਰਸ ਵਿੱਚ ਭਰਤੀ ਹੋਏ ਜੈਮਲ ਸਿੰਘ ਦਾ ਇੱਕ ਪੁੱਤਰ ਹੈ ਜਿਸਦੀ ਪਿਤਾ ਦੀ ਮੌਤ ਸਮੇਂ ਉਮਰ 5 ਸਾਲ ਦੀ ਸੀ।
ਜੈਮਲ ਸਿੰਘ ਦੇ ਇੱਕ ਰਿਸ਼ਤੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਜੈਮਲ ਦੀ ਉਨ੍ਹਾਂ ਨਾਲ ਆਖ਼ਰੀ ਵਾਰ ਗੱਲਬਾਤ ਤਿੰਨ ਦਿਨ ਪਹਿਲਾਂ ਹੀ ਹੋਈ ਸੀ। ਹਮਲੇ ਵਾਲੇ ਦਿਨ ਵੀ ਉਹ ਫੋਨ ਮਿਲਾ ਰਹੇ ਸਨ ਪਰ ਮਿਲਿਆ ਨਹੀਂ।
ਉਨ੍ਹਾਂ ਨੇ ਅੱਗੇ ਦੱਸਿਆ ਸੀ, ''ਜਦੋਂ ਗੱਲ ਹੋਈ ਸੀ ਤਾਂ ਜੈਮਲ ਕਹਿੰਦਾ ਸੀ ਰਸਤਾ ਬੰਦ ਹੈ ਅਸੀਂ ਬੈਠੇ ਹਾਂ। ਜਦੋਂ ਖ਼ਬਰ ਸੁਣੀ ਸਾਡਾ ਤਾਂ ਉਦੋਂ ਹੀ ਮਨ ਬੁਝ ਗਿਆ ਸੀ। ਫ਼ੋਨ ਮਿਲਾਉਂਦੇ ਰਹੇ, ਪਰ ਮਿਲਿਆ ਨਹੀਂ।"
ਸੁਖਜਿੰਦਰ ਸਿੰਘ
ਤਰਨਤਾਰਨ ਦੇ ਪਿੰਡ ਗੰਡੀਵਿੰਢ ਦੇ ਜਵਾਨ ਸੁਖਜਿੰਦਰ ਸਿੰਘ ਸੀਆਰਪੀਐਫ ਦੀ 76ਵੀਂ ਬਟਾਲੀਅਨ ਵਿੱਚ ਸਨ।
ਸੁਖਜਿੰਦਰ ਸਿੰਘ ਜਦੋਂ ਬੱਸ ਵਿੱਚ ਸ਼੍ਰੀਨਗਰ ਜਾ ਰਹੇ ਸਨ ਉਨ੍ਹਾਂ ਨੇ ਆਪਣੀ ਪਤਨੀ ਤੇ ਭਰਾ ਨਾਲ ਗੱਲ ਕੀਤੀ ਸੀ।
ਪਰ ਕੀ ਪਤਾ ਸੀ ਉਨ੍ਹਾਂ ਵੱਲੋਂ ਹਮਲੇ ਤੋਂ 4 ਘੰਟੇ ਪਹਿਲਾਂ ਕੀਤੀ ਗੱਲ ਉਸ ਦੀ ਜ਼ਿੰਦਗੀ ਦੀ ਆਖ਼ਰੀ ਗੱਲ ਹੋ ਜਾਵੇਗੀ।
ਸੁਖਜਿੰਦਰ ਨੇ ਪਿਤਾ ਗੁਰਮੇਜ਼ ਸਿੰਘ ਨੇ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨਾਲ ਗੱਲ ਕਰਦਿਆਂ ਦੱਸਿਆ ਸੀ, "ਉਸ ਨੇ ਫੋਨ ਦੇ ਆਪਣੇ ਭਰਾ ਨੂੰ ਦੱਸਿਆ ਕਿ ਸਾਨੂੰ ਪਹੁੰਚਣ 'ਚ ਸਿਰਫ਼ 4 ਘੰਟੇ ਲੱਗਣਗੇ ਅਤੇ ਪਹੁੰਚ ਕੇ ਫਿਰ ਫੋਨ ਕਰੇਗਾ।"
ਉਨ੍ਹਾਂ ਨੇ ਅੱਗੇ ਦੱਸਿਆ, "ਉਸ ਨੇ ਆਪਣੀ ਪਤਨੀ ਸਰਬਜੀਤ ਨਾਲ ਵੀ ਗੱਲ ਕੀਤੀ ਸੀ ਜੋ ਕਿ ਆਪਣੇ ਪੇਕੇ ਗਈ ਹੋਈ ਸੀ।"
ਸੁਖਜਿੰਦਰ ਸਿੰਘ 19 ਸਾਲਾਂ ਦੀ ਉਮਰ ਵਿੱਚ ਸੀਆਰਪੀਐਫ 'ਚ ਭਰਤੀ ਹੋਏ ਸਨ। ਸੁਖਜਿੰਦਰ ਸਿੰਘ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਸਰਬਜੀਤ, 7 ਮਹੀਨਿਆਂ ਦਾ ਪੁੱਤਰ ਗੁਰਜੋਤ, ਪਿਤਾ ਅਤੇ ਭਰਾ ਹਨ।
ਭਰਾ ਗੁਰਜੰਟ ਸਿੰਘ ਆਖ਼ਰੀ ਗੱਲਬਾਤ ਬਾਰੇ ਦੱਸਿਆ ਸੀ, "ਉਹ ਪਰਿਵਾਰ ਦੀ ਸੁੱਖ-ਸਾਂਧ ਪੁੱਛ ਰਹੇ ਸਨ ਅਤੇ ਕਿਹਾ ਸੀ ਕਿ ਸ਼੍ਰੀਨਗਰ ਪਹੁੰਚ ਕੇ ਫੋਨ ਕਰਾਂਗਾ।"
ਸੁਖਜਿੰਦਰ ਦੇ ਭਰਾ ਨੇ ਰੋ-ਰੋ ਕੇ ਸੁੱਜੀਆਂ ਅੱਖਾਂ ਨਾਲ ਕਿਹਾ ਸੀ, "ਭਾਰਤ ਨੂੰ ਸ਼ਾਂਤ ਨਹੀਂ ਬੈਠਣਾ ਚਾਹੀਦਾ। ਬੱਸ 'ਚ ਬੈਠੇ ਸੈਨਿਕਾਂ 'ਤੇ ਅਚਨਚੇਤ ਹਮਲਾ ਕੀਤਾ। ਜੇਕਰ ਹਿੰਮਤ ਹੈ ਤਾਂ ਸਾਹਮਣਿਓਂ ਹਮਲਾ ਕਰਦੇ। ਇਸ ਵੇਲੇ ਸਾਡੇ ਆਗੂਆਂ ਨੂੰ ਸੋਚਣਾ ਚਾਹੀਦਾ ਹੈ ਕਿ ਅਣਮੁੱਲੀਆਂ ਜਾਨਾਂ ਗੁਆ ਕੇ ਉਹ ਪਾਕਿਸਤਾਨ ਖ਼ਿਲਾਫ਼ ਕੀ ਰਣਨੀਤੀ ਬਣਾਉਣ ਜਾ ਰਹੇ ਹਨ।''