ਪੁਲਵਾਮਾ 'ਚ ਸੀਆਰਪੀਐੱਫ਼ 'ਤੇ ਹਮਲਾ : ਮੋਦੀ ਨੇ ਕਿਹਾ ਖ਼ੂਨ ਦੇ ਹਰ ਕਤਰੇ ਦੀ ਕੀਮਤ ਵਸੂਲਾਂਗੇ

ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਕੌਮਾਂਤਰੀ ਪੱਧਰ ਤੇ ਅਲਗ-ਥਲਗ ਕਰਨ ਦੇ ਕਦਮ ਚੁੱਕੇ ਜਾਣਗੇ।

ਭਾਰਤ ਨੇ ਪਾਕਿਸਤਾਨ ਤੋਂ 'ਮੋਸਟ ਫੇਵਰਡ ਨੇਸ਼ਨ' ਦਾ ਸਟੇਟਸ ਵਾਪਿਸ ਲੈ ਲਿਆ ਹੈ।

ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਹੈ ਕਿ ਹੁਣ ਤੋਂ ਜਿਸ ਵੇਲੇ ਇਸ ਤਰ੍ਹਾਂ ਦਾ ਕਾਫਲਾ ਚੱਲੇਗਾ ਉਸ ਵੇਲੇ ਆਮ ਲੋਕਾਂ ਦੀ ਕੁਝ ਸਮੇਂ ਲਈ ਆਵਾਜਾਹੀ ਨੂੰ ਦੇਰ ਲਈ ਰੋਕਿਆ ਜਾਵੇਗਾ।

ਉਨ੍ਹਾਂ ਅੱਗੇ ਕਿਹਾ, ''ਪ੍ਰਸ਼ਾਸਨ ਨੂੰ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਗਿਆ ਹੈ ਕਿ ਭਾਈਚਾਰਕ ਸਾਂਝ ਨੂੰ ਜੋ ਕੋਈ ਵੀ ਵਿਗਾੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ।''

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਮਲੇ ਦੇ ਪਿੱਛੇ ਜੋ ਤਾਕਤਾਂ ਹਨ, ਉਨ੍ਹਾਂ ਨੂੰ ਇਸ ਦੀ ਸਜ਼ਾ ਜ਼ਰੂਰ ਮਿਲੇਗੀ।

ਮੋਦੀ ਨੇ ਕਿਹਾ, ''ਖ਼ੂਨ ਦੇ ਇੱਕ ਇੱਕ ਕਤਰੇ ਦੀ ਕੀਮਤ ਵਸੂਲ ਕੇ ਰਹਾਂਗੇ। ਸ਼ਹੀਦ ਫੌਜੀਆਂ ਨੇ ਦੇਸ ਸੇਵਾ ਵਿੱਚ ਆਪਣੇ ਸਾਹਾਂ ਦਾ ਬਲੀਦਾਨ ਦਿੱਤਾ ਹੈ। ਮੇਰੀਆਂ ਤੇ ਹਰੇਕ ਭਾਰਤੀ ਦੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ।"

"ਦੇਸ ਵਿੱਚ ਗੁੱਸਾ ਹੈ ਤੇ ਖੂਨ ਖੌਲ ਰਿਹਾ ਹੈ। ਦੇਸ ਦੀਆਂ ਉਮੀਦਾਂ, ਕੁਝ ਕਰ ਗੁਜ਼ਰਨ ਦੀਆਂ ਇੱਛਾਵਾਂ ਵੀ ਕੁਦਰਤੀ ਹਨ।"

"ਮੈਨੂੰ ਪੂਰਾ ਭਰੋਸਾ ਹੈ ਕਿ ਦੇਸ ਭਗਤੀ ਦੇ ਰੰਗ ਵਿੱਚ ਰੰਗੇ ਲੋਕ ਸਾਡੀਆਂ ਏਜੰਸੀਆਂ ਨੂੰ ਸਹੀ ਜਾਣਕਾਰੀ ਦੇਣਗੇ ਤਾਂ ਕਿ ਆਤੰਕ ਨੂੰ ਕੁਚਲਣ ਦੀ ਲੜਾਈ ਹੋਰ ਤੇਜ਼ ਹੋ ਸਕੇ।"

"ਮੈਂ ਆਤੰਕੀ ਸੰਗਠਨਾਂ ਤੇ ਉਨ੍ਹਾਂ ਦੇ ਸਰਪਰਸਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਬਹੁਤ ਵੱਡੀ ਗਲਤੀ ਕਰ ਚੁੱਕੇ ਹਨ ਜਿਸ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ।"

ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਸੰਮਨ

ਸੂਤਰਾਂ ਮੁਤਾਬਕ ਪੁਲਵਾਮਾ ਹਮਲੇ ਦੇ ਸਬੰਧ ਵਿੱਚ ਭਾਰਤ ਦੇ ਵਿਦੇਸ਼ ਸਕੱਤਰ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਸੰਮਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਜੈਸ਼-ਏ-ਮੁਹੰਮਦ ਖਿਲਾਫ਼ ਕਦਮ ਚੁੱਕੇ ਅਤੇ ਪਾਕਿਸਤਾਨ ਦੀ ਧਰਤੀ ਉੱਤੇ ਚੱਲ ਰਹੀ ਕਿਸੇ ਵੀ ਤਰ੍ਹਾਂ ਦੀ ਅੱਤਵਾਦੀ ਗਤੀਵਿਧੀ ਰੋਕੀ ਜਾਵੇ।

ਪਾਕਿਸਤਾਨ ਨੇ ਕੀ ਕਿਹਾ ਸੀ?

ਪਾਕਿਸਤਾਨ ਨੇ ਕਿਹਾ ਹੈ ਕਿ ਇਹ 'ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ'।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਗਿਆ, "ਅਸੀਂ ਦੁਨੀਆਂ ਵਿੱਚ ਕਿਤੇ ਵੀ ਹੋਣ ਵਾਲੀ ਹਿਸਾਂ ਦੀ ਹਮੇਸ਼ਾ ਨਿੰਦਾ ਕੀਤੀ ਹੈ।"

"ਅਸੀਂ ਭਾਰਤੀ ਮੀਡੀਆ ਤੇ ਸਰਕਾਰ ਵੱਲੋਂ ਇਸ ਹਮਲੇ ਨੂੰ ਬਿਨਾਂ ਜਾਂਚ-ਪੜਤਾਲ ਦੇ ਪਾਕਿਸਤਾਨ ਨਾਲ ਜੋੜਨ ਦੇ ਇਲਜ਼ਾਮਾਂ ਨੂੰ ਖਾਰਿਜ ਕਰਦੇ ਹਾਂ।"

ਸੀਆਰਪੀਐੱਫ਼ ਦੀ ਬੱਸ 'ਤੇ ਹੋਏ ਹਮਲੇ ਵਿੱਚ 46 ਜਵਾਨਾਂ ਦੀ ਮੌਤ ਹੋਈ ਹੈ ਅਤੇ ਕਈ ਜ਼ਖ਼ਮੀ ਹੋਏ ਹਨ।

ਇਹ ਵੀ ਪੜ੍ਹੋ:-

ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਇਸ ਹਮਲੇ ਨੂੰ ਆਤਮਘਾਤੀ ਵਾਰਦਾਤ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਹਮਲੇ ਲਈ ਪਾਕਿਸਤਾਨ ਦੀ ਨਿਖੇਦੀ ਕੀਤੀ।

ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਤੇ ਮਸੂਦ ਅਜ਼ਹਰ ਨੂੰ ਪਾਕਿਸਤਾਨ ਵਿੱਚ "ਪੂਰੀ ਆਜ਼ਾਦੀ" ਦੇਣ ਦੇ ਇਲਜ਼ਾਮ ਲਗਾਏ।

ਕੇਂਦਰ ਦੇਵੇ ਕਰਾਰਾ ਜਵਾਬ- ਕੈਪਟਨ ਅਮਰਿੰਦਰ ਸਿੰਘ

ਪੁਲਵਾਮਾ ਹਮਲੇ ਦੀ ਅੱਜ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਨਿਖੇਧੀ ਕੀਤੀ ਗਈ ਅਤੇ ਇਸ ਮਗਰੋਂ ਵਿਧਾਨ ਸਭਾ ਦਾ ਸੈਸ਼ਨ ਟਾਲ ਦਿੱਤਾ ਗਿਆ।

ਪੁਲਵਾਮਾ ਹਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਪਾਕਿਸਤਾਨੀ ਫੌਜ ਅਤੇ ਆਈਐੱਸਆਈ ਨੂੰ ਕੇਂਦਰ ਵੱਲੋਂ ਕਰਾਰਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ।''

ਉਨ੍ਹਾਂ ਅੱਗੇ ਕਿਹਾ ਕਿ ਉਮੀਦ ਹੈ ਇਹ ਘਟਨਾ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਨਹੀਂ ਕਰੇਗੀ।

ਮਾਰੇ ਗਏ ਜਵਾਨਾਂ ਵਿੱਚੋਂ ਜਿਹੜੇ ਜਵਾਨ ਪੰਜਾਬ ਤੋਂ ਸਨ ਉਨ੍ਹਾਂ ਦੇ ਪਰਿਵਾਰਾਂ ਲਈ ਕੈਪਟਨ ਸਰਕਾਰ ਨੇ ਮਦਦ ਦਾ ਐਲਾਨ ਕੀਤਾ ਹੈ।

ਪੰਜਾਬ ਸਰਕਾਰ ਮ੍ਰਿਤਕ ਜਵਾਨ ਦੇ ਪਰਿਵਾਰ ਵਿੱਚੋਂ ਇੱਕ ਸ਼ਖਸ ਨੂੰ ਨੌਕਰੀ ਦੇਵੇਗੀ ਅਤੇ 12 ਲੱਖ ਰੁਪਏ ਦੀ ਪੀੜਤ ਪਰਿਵਾਰ ਨੂੰ ਮਾਲੀ ਇਮਦਾਦ ਮੁਹੱਈਆ ਕਰਾਏਗੀ।

ਪੁਲਵਾਮਾ ਹਮਲੇ ਮਗਰੋਂ ਹੋਰ ਕੀ-ਕੀ ਹੋਇਆ

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਫੌਜਾਂ ਨੂੰ ਹਮਲੇ ਦਾ ਬਣਦਾ ਜਵਾਬ ਦੇਣ ਦੀ ਪੂਰਨ ਆਜ਼ਾਦੀ ਦੇ ਦਿੱਤੀ ਗਈ ਹੈ।
  • ਭਾਰਤ ਨੇ ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਵਾਪਸ ਲੈਣ ਦਾ ਫੈਸਲਾ ਲਿਆ।
  • ਪਾਕਿਸਤਾਨ ਨੇ ਕਿਹਾ ਹੈ "ਅਸੀਂ ਭਾਰਤੀ ਮੀਡੀਆ ਤੇ ਸਰਕਾਰ ਵੱਲੋਂ ਇਸ ਹਮਲੇ ਨੂੰ ਬਿਨਾਂ ਜਾਂਚ-ਪੜਤਾਲ ਦੇ ਪਾਕਿਸਤਾਨ ਨਾਲ ਜੋੜਨ ਦੇ ਇਲਜ਼ਾਮਾਂ ਨੂੰ ਖਾਰਿਜ ਕਰਦੇ ਹਾਂ।"
  • ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ। ਜੈਸ਼ ਦੇ ਦਾਅਵੇ ਮੁਤਾਬਕ ਪੁਲਵਾਮਾ ਨਿਵਾਸੀ ਆਦਿਲ ਉਰਫ਼ ਵਕਾਸ ਕਮਾਂਡੋ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ।
  • ਵੀਰਵਾਰ ਨੂੰ ਹੋਏ ਹਮਲੇ ਤੋਂ ਸ਼ੁੱਕਰਵਾਰ ਨੂੰ ਜੰਮੂ ਦੇ ਕਈ ਇਲਾਕਿਆਂ ਵਿੱਚ ਹਿੰਸਕ ਪ੍ਰਦਰਸ਼ਨ ਹੋਏ। ਹਿੰਸਾ ਕਰਕੇ ਜੰਮੂ ਦੇ ਕਈ ਇਲਾਕਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ।
  • ਜੰਮੂ-ਕਸ਼ਮੀਰ ਦੇ ਖੂਫ਼ੀਆ ਵਿਭਾਗ ਦੇ ਸੀਨੀਅਰ ਅਫ਼ਸਰਾਂ ਨੇ ਬੀਬੀਸੀ ਕੋਲ ਇਸ ਤੱਥ ਦਾ ਖੁਲਾਸਾ ਕੀਤਾ ਹੈ ਕਿ 12 ਫਰਵਰੀ ਨੂੰ ਜੈਸ਼-ਏ-ਮੁਹੰਮਦ ਵੱਲੋਂ ਭਾਰਤੀ ਸੁਰੱਖਿਆ ਬਲਾਂ ਉੱਤੇ ਆਤਮਘਾਤੀ ਹਮਲੇ ਦਾ ਅਲਰਟ ਜਾਰੀ ਕੀਤਾ ਸੀ।
  • ਪੁਲਵਾਮਾ ਹਮਲੇ ਤੋਂ ਬਾਅਦ ਅਦਾਕਾਰਾ ਸ਼ਬਾਨਾ ਆਜ਼ਮੀ ਅਤੇ ਉਨ੍ਹਾਂ ਦੇ ਪਤੀ ਜਾਵੇਦ ਅਖ਼ਤਰ ਨੇ ਆਪਣਾ ਕਰਾਚੀ ਦੌਰਾ ਰੱਦ ਕਰ ਦਿੱਤਾ ਹੈ। ਸ਼ਬਾਨਾ ਨੇ ਟਵੀਟ ਕੀਤਾ ਕਿ ਪਾਕਿਸਤਾਨ ਨਾਲ ਸਾਰੇ ਸੱਭਿਆਚਾਰਕ ਲੈਣ-ਦੇਣ ਖ਼ਤਮ ਕਰ ਦੇਣੇ ਚਾਹੀਦੇ ਹਨ। ਜਾਵੇਦ ਅਖ਼ਤਰ ਨੇ ਕਿਹਾ ਕਿ ਉਨ੍ਹਾਂ ਦਾ ਸੀਆਰਪੀਐਫ ਨਾਲ ਡੂੰਘਾ ਰਿਸ਼ਤਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਫੋਰਸ ਲਈ ਗੀਤ ਲਿਖਿਆ ਸੀ।
  • ਉੱਤਰ ਪ੍ਰਦੇਸ਼ ਦੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਮੁਅੱਤਲ ਕਰ ਦਿੱਤਾ ਹੈ, ਉਸ 'ਤੇ ਇਲਜ਼ਾਮ ਹਨ ਕਿ ਉਸ ਨੇ ਪੁਲਵਾਮਾ ਹਮਲੇ ਤੋਂ ਬਾਅਦ ਕਥਿਤ ਤੌਰ 'ਤੇ 'How is the Jaish, Great Sir' ਟਵੀਟ ਕੀਤਾ ਹੈ।ਪੁਲਵਾਮਾ ਹਮਲੇ ਮਗਰੋਂ ਕੀ-ਕੀ ਹੋਇਆ

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)