ਪੁਲਵਾਮਾ ਹਮਲੇ ਤੋਂ ਬਾਅਦ ਪ੍ਰਿਅੰਕਾ ਗਾਂਧੀ ਦੇ 'ਹੱਸਣ ਵਾਲੇ ਵੀਡੀਓ' ਦਾ ਸੱਚ

    • ਲੇਖਕ, ਫੈਕਟ ਚੈਕ ਟੀਮ
    • ਰੋਲ, ਬੀਬੀਸੀ ਨਿਊਜ਼

ਸੋਸ਼ਲ ਮੀਡੀਆ 'ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦਾ ਇੱਕ 'ਸਲੋ-ਮੋਸ਼ਨ ਵੀਡੀਓ' ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਲਿਖਿਆ ਹੈ, "ਪੁਲਵਾਮਾ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਹੱਸਦੀ ਹੋਈ ਪ੍ਰਿਅੰਕਾ ਵਾਡਰਾ।"

ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਲੋਕਾਂ ਨੇ ਇਹ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਜਿਹੇ ਮੁੱਦੇ ਨੂੰ ਲੈ ਕੇ ਪ੍ਰਿਅੰਕਾ ਗਾਂਧੀ ਗੰਭੀਰ ਅਤੇ ਸੰਵੇਦਨਸ਼ੀਲ ਨਹੀਂ ਹਨ।

ਅਸੀਂ ਦੇਖਿਆ ਕਿ ਉੱਤਰ ਪ੍ਰਦੇਸ਼ ਦੇ ਲਖਨਊ 'ਚ ਸਥਿਤ ਕਾਂਗਰਸ ਪਾਰਟੀ ਦਫ਼ਤਰ 'ਤੇ ਵੀਰਵਾਰ ਦੇਰ ਸ਼ਾਮ ਹੋਈ ਪ੍ਰੈਸ ਕਾਨਫਰੰਸ ਦੇ ਵੀਡੀਓ ਨੂੰ ਥੋੜ੍ਹਾ ਹੌਲੀ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਬਿਲਕੁਲ ਗ਼ਲਤ ਸੰਦਰਭ ਦੇ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਕਾਂਗਰਸ ਪਾਰਟੀ ਵੱਲੋਂ ਪਹਿਲਾਂ ਤੋਂ ਤੈਅ ਪ੍ਰਿਅੰਕਾ ਗਾਂਧੀ ਦੀ ਇਸ 'ਪਹਿਲੀ ਪ੍ਰੈਸ ਕਾਨਫਰੰਸ' ਦਾ ਪੂਰਾ ਵੀਡੀਓ ਦੇਖ ਕੇ ਸਾਫ਼ ਹੋ ਜਾਂਦਾ ਹੈ ਕਿ ਇਹ ਦਾਅਵਾ ਗ਼ਲਤ ਹੈ।

ਟਵਿੱਟਰ 'ਤੇ @iAnkurSingh ਨਾਮ ਦੇ ਯੂਜਰ ਨੇ ਵੀ ਇਸੇ ਤਰ੍ਹਾਂ ਦਾ ਇੱਕ ਵੀਡੀਓ ਪੋਸਟ ਕੀਤਾ ਹੈ।

ਇਹ ਵੀ ਪੜ੍ਹੋ-

ਉਨ੍ਹਾਂ ਦੇ ਇਸ ਟਵੀਟ ਨੂੰ ਵ੍ਹੱਟਸਐਪ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਪੋਸਟ ਕੀਤੇ ਗਏ ਵੀਡੀਓ ਨੂੰ ਕਰੀਬ 50 ਹਜ਼ਾਰ ਵਾਰ ਦੇਖਿਆ ਗਿਆ ਹੈ।

ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀਆਰਪੀਐਫ ਦੇ ਜਵਾਨਾਂ 'ਤੇ ਹੋਏ ਦਹਿਸ਼ਗਰਦੀ ਹਮਲੇ ਦੀ ਖ਼ਬਰ ਆਉਣ ਦੇ ਕਰੀਬ 4 ਘੰਟੇ ਬਾਅਦ ਪ੍ਰਿਅੰਕਾ ਗਾਂਧੀ ਨੇ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਇਸ ਸੰਦੇਸ਼ ਨਾਲ ਕੀਤੀ ਸੀ-

"ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪ੍ਰੋਗਰਾਮ ਸਿਆਸੀ ਚਰਚਾ ਲਈ ਰੱਖਿਆ ਗਿਆ ਸੀ ਪਰ ਪੁਲਵਾਮਾ 'ਚ ਜੋ ਅੱਤਵਾਦੀ ਹਮਲਾ ਹੋਇਆ ਹੈ, ਉਸ ਵਿੱਚ ਸਾਡੇ ਜਵਾਨ ਸ਼ਹੀਦ ਹੋਏ ਹਨ। ਇਸ ਲਈ ਅਸੀਂ ਇਹ ਠੀਕ ਨਹੀਂ ਸਮਝਦੇ ਕਿ ਅਜੇ ਕੋਈ ਸਿਆਸੀ ਚਰਚਾ ਕਰੀਏ।"

ਪ੍ਰਿਅੰਕਾ ਗਾਂਧੀ ਨੇ ਇਸ ਤੋਂ ਬਾਅਦ ਕਿਹਾ, "ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੋਇਆ ਹੈ। ਸ਼ਹੀਦਾਂ ਦੇ ਰਿਸ਼ਤੇਦਾਰ ਹੌਂਸਲਾ ਰੱਖਣ। ਅਸੀਂ ਮੋਢੋ ਨਾਲ ਮੋਢਾ ਜੋੜ ਕੇ ਉਨ੍ਹਾਂ ਨਾਲ ਖੜ੍ਹੇ ਹਾਂ।"

ਇਸ ਤੋਂ ਬਾਅਦ ਪਾਰਟੀ ਨੇਤਾ ਜਿਓਤੀਰਾਦਿਤਿਆ ਸਿੰਧੀਆ ਅਤੇ ਰਾਜ ਬੱਬਰ ਦੇ ਨਾਲ ਪ੍ਰਿਅੰਕਾ ਗਾਂਧੀ ਨੇ ਕੁਝ ਦੇਰ ਦਾ ਮੌਨ ਧਾਰਿਆ ਅਤੇ 4 ਮਿੰਟ 'ਚ ਹੀ ਉਹ ਪ੍ਰੈਸ ਕਾਨਫਰੰਸ ਵਾਲੀ ਥਾਂ ਤੋਂ ਨਿਕਲ ਗਈ ਸੀ।

ਕਈ ਮੀਡੀਆ ਰਿਪੋਰਟਸ 'ਚ ਲਿਖਿਆ ਗਿਆ ਹੈ ਕਿ ਪ੍ਰਿਅੰਕਾ ਗਾਂਧੀ ਨੇ ਪੁਲਵਾਮਾ ਹਮਲੇ 'ਚ ਮਾਰੇ ਗਏ ਜਵਾਨਾਂ ਦੀ ਖ਼ਬਰ ਤੋਂ ਬਾਅਦ ਆਪਣੀ ਪ੍ਰੈਸ ਕਾਨਫਰੰਸ ਰੱਦ ਕਰ ਦਿੱਤੀ।

ਪਰ ਪੁਲਵਾਮਾ ਹਮਲੇ ਨੂੰ ਲੈ ਕੇ ਦੇਸ ਵਿੱਚ ਥਾਂ-ਥਾਂ 'ਤੇ ਮਾਤਮ ਮਨਾਇਆ ਜਾ ਰਿਹਾ ਹੈ, ਕੁਝ ਸੋਸ਼ਲ ਮੀਡੀਆ ਯੂਜਰ ਇਸ ਵਿੱਚ ਸਿਆਸਤ ਭਾਲ ਰਹੇ ਹਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)