ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੇ ਪਾਕ ਨੂੰ ਸਬਕ ਸਿਖਾਉਣ ਦੇ ਕੀ ਮਾਅਨੇ

    • ਲੇਖਕ, ਅਜੇ ਸ਼ੁਕਲਾ
    • ਰੋਲ, ਰੱਖਿਆ ਮਾਹਰ, ਬੀਬੀਸੀ ਲਈ

ਭਾਰਤ ਸ਼ਾਸ਼ਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫਲੇ ’ਤੇ ਹੋਏ ਹਮਲੇ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਜਵਾਬੀ ਕਾਰਵਾਈ ਲਈ ਫੌਜ ਨੂੰ ਖੁੱਲ੍ਹ ਦੇ ਦਿੱਤੀ ਹੈ।

ਇਹ ਹਮਲਾ ਪਿਛਲੇ ਤਿੰਨ ਦਹਾਕਿਆਂ ਦੌਰਾਨ ਭਾਰਤ ’ਤੇ ਹੋਇਆ ਸਭ ਤੋਂ ਖ਼ਤਰਨਾਕ ਕੱਟੜਪੰਥੀ ਹਮਲਾ ਹੈ।

ਇਸ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕੱਟੜਪੰਥੀ ਸੰਗਠਨਾਂ ਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।

ਉੱਥੇ ਹੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਦਿਆਂ ਕਰਾਰਾ ਜਵਾਬ ਦੇਣ ਦੀ ਧਮਕੀ ਵੀ ਦਿੱਤੀ ਹੈ। ਮੀਡੀਆ ਵਿੱਚ ਵੀ ਹਮਲਾਵਰ ਸੁਰਾਂ ਹਨ ਅਤੇ ਕੁਝ ਕੁ ਟੀਵੀ ਚੈਨਲ ਤਾਂ ਬਦਲਾ ਲੈਣ ਲਈ ਉਤਾਵਲੇ ਨਜ਼ਰ ਆ ਰਹੇ ਹਨ।

ਆਤਮਘਾਤੀ ਕਾਰ ਨਾਲ ਅੰਜਾਮ ਦਿੱਤੇ ਗਏ ਇਸ ਹਮਲੇ ਦੀ ਜਿੰਮੇਵਾਰੀ ਪਾਕਿਸਤਾਨੀ ਧਰਤੀ ਤੋਂ ਚੱਲਣ ਵਾਲੇ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਹੈ। ਸੰਯੁਕਤ ਰਾਸ਼ਟਰ ਸਮੇਤ ਕਈ ਦੇਸਾਂ ਨੇ ਇਸ ਸੰਗਠਨ ਨੂੰ ਕੱਟੜਪੰਥੀ ਸੰਗਠਨ ਵਜੋਂ ਸੂਚੀਬੱਧ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ:

ਇਸ ਦੇ ਮੋਢੀ ਮੌਲਾਨਾ ਮਸੂਦ ਅਜ਼ਹਰ ਨੂੰ ਭਾਰਤੀ ਸੁਰੱਖਿਆ ਦਸਤਿਆਂ ਨੇ 1990 ਦੇ ਦਹਾਕੇ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ।

1999 ਵਿੱਚ ਦਿੱਲੀ ਆ ਰਹੇ ਇੱਕ ਜਹਾਜ਼ ਨੂੰ ਅਗਵਾ ਕਰਕੇ ਕੰਧਾਰ ਲਿਜਾਇਆ ਗਿਆ ਅਤੇ ਉਸਦੇ ਯਾਤਰੀਆਂ ਦੇ ਬਦਲੇ ਚਾਰ ਅੱਤਵਾਦੀਆਂ ਨੂੰ ਭਾਰਤ ਸਰਕਾਰ ਨੇ ਰਿਹਾ ਕੀਤਾ ਸੀ। ਉਨ੍ਹਾਂ ਵਿੱਚੋਂ ਇੱਕ ਅਜ਼ਹਰ ਵੀ ਸੀ।

ਭਾਰਤ ਸਰਕਾਰ ਹਮੇਸ਼ਾ ਉਸ ਜਹਾਜ਼ ਅਗਵਾ ਕਾਂਡ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਰਿਹਾ ਹੈ।

ਜੈਸ਼-ਏ-ਮੁਹੰਮਦ ਕਾਰਨ ਤਣਾਅ

ਲੰਘੇ ਕਈ ਸਾਲਾਂ ਤੋਂ ਅਜ਼ਹਰ ਨੂੰ ‘ਗਲੋਬਲ ਟੈਰੋਰਿਸਟ’ ਵਜੋਂ ਸੂਚੀਬੱਧ ਕਰਵਾਉਣ ਲਈ ਭਾਰਤ ਸੰਯੁਕਤ ਰਾਸ਼ਟਰ ’ਤੇ ਦਬਾਅ ਪਾਉਂਦਾ ਰਿਹਾ ਹੈ। ਉੱਥੇ ਹੀ ਪਾਕਿਸਤਾਨ ਦੇ ਸਹਿਯੋਗੀ ਦੇਸ ਚੀਨ ਹਮੇਸ਼ਾ ਇਸ ਪਹਿਲ ਦੇ ਵਿਰੋਧ ਵਿੱਚ ਖੜ੍ਹਾ ਰਿਹਾ ਹੈ।

ਖ਼ੈਰ, ਪੁਲਵਾਮਾ ਹਮਲੇ ਵਿੱਚ ਜੈਸ਼- ਏ - ਮੁਹੰਮਦ ਦੀ ਸ਼ਮੂਲੀਅਤ ਨਾਲ ਪਾਕਿਸਤਾਨ ਦਾ ਸਿੱਧਾ ਸਬੰਧ ਸਾਹਮਣੇ ਆਉਂਦਾ ਹੈ। 2001 ਵਿੱਚ ਭਾਰਤੀ ਸੰਸਦ ’ਤੇ ਹੋਏ ਹਮਲੇ ਲਈ ਜੈਸ਼ ਨੂੰ ਜਿੰਮੇਵਾਰ ਦੱਸਿਆ ਗਿਆ। ਇਸ ਹਮਲੇ ਵਿੱਚ 9 ਸੁਰੱਖਿਆ ਕਰਮੀ ਮਾਰੇ ਗਏ ਸਨ।

ਇਸ ਤੋਂ ਬਾਅਦ ਦੋਹਾਂ ਦੇਸਾਂ ਦਰਮਿਆਨ ਤਣਾਅ ਬਣਿਆ ਰਿਹਾ ਤੇ ਕੁਝ ਮਹੀਨਿਆਂ ਤੱਕ ਜੰਗ ਵਰਗੇ ਹਾਲਾਤ ਵੀ ਰਹੇ।

2016 ਵਿੱਚ ਪਠਾਨਕੋਟ ਅਤੇ ਉੜੀ ਦੇ ਭਾਰਤੀ ਫੌਜੀ ਟਿਕਾਣਿਆਂ ’ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਭਾਰਤੀ ਫੌਜ ਨੇ ਦਾਅਵਾ ਕੀਤਾ ਕਿ ਉਸਨੇ ਲਾਈਨ ਆਫ਼ ਕੰਟਰੋਲ ’ਤੇ ਮੌਜੂਦ ਅੱਤਵਾਦੀਆਂ ਦੇ ਕੈਂਪਾਂ ਉੱਤੇ 'ਸਰਜੀਕਲ ਸਟਰਾਈਕ' ਕੀਤੀ ਸੀ।

2016 ਦੀ ਸਰਜੀਕਲ ਸਟਰਾਈਕ ਸਮੇਂ ਅਤੇ ਨਿਸ਼ਾਨੇ ਦੋਹਾਂ ਦੇ ਲਿਹਾਜ ਨਾਲ ਬੇਹੱਦ ਬਹੁਤ ਸੀਮਤ ਸੀ ਜਿਸ ਕਾਰਨ ਪਾਕਿਸਤਾਨ ਨੇ ਇਸ ਦੇ ਹੋਣ ਤੋਂ ਵੀ ਇਨਕਾਰ ਕਰ ਦਿੱਤਾ।

ਉੰਝ ਭਾਰਤੀ ਫੌਜ, ਇਹ ਮੰਨ ਚੁੱਕੀ ਹੈ ਕਿ ਨੁਕਸਾਨ ਪਹੁੰਚਾਉਣ ਵਾਲੇ ਅੱਤਵਾਦੀ ਹਮਲੇ ਬਾਰੇ ਜੇ ਉਸ ਨੂੰ ਪਾਕਿਸਤਾਨ ਦੇ ਖਿਲਾਫ਼ ਕਿਸੇ ਵੀ ਸਮੇਂ ਕਾਰਵਾਈ ਕਰਨੀ ਪਵੇ ਤਾਂ ਉਹ ਸਮਰੱਥ ਹੈ।

ਹਾਲਾਂਕਿ ਅਜਿਹਾ ਕੋਈ ਕਦਮ ਉਸ ਖ਼ਤਰੇ ਨੂੰ ਵਧਾਉਂਦਾ ਹੈ ਅਤੇ ਉੱਥੇ ਤੱਕ ਪਹੁੰਚਾ ਸਕਦਾ ਹੈ ਜਿੱਥੇ ਸਾਹਮਣੇ ਸਿਰਫ਼ ਜੰਗ ਹੀ ਹੋਵੇ।

ਉਹ ਡਰ ਉਦੋਂ ਹੋਰ ਵੀ ਵਧ ਜਾਂਦਾ ਹੈ ਜਦੋਂ ਦੋਹਾਂ ਦੇਸਾਂ ਕੋਲ ਪਰਮਾਣੂ ਹਥਿਆਰ ਹੋਣ। ਪਾਕਿਸਤਾਨ ਨੇ ਇਨ੍ਹਾਂ ਹਥਿਆਰਾਂ ਦੀ ਵਰਤੋਂ ਦੇ ਸੰਕੇਤ ਕਈ ਵਾਰ ਦਿੱਤੇ ਹਨ।

ਹਾਲਾਂਕਿ, ਆਤਮਘਾਤੀ ਹਮਲੇ ਦੀ ਜੈਸ਼-ਏ-ਮੁਹੰਮਦ ਨੇ ਜਿਸ ਤਰ੍ਹਾਂ ਜਿੰਮੇਵਾਰੀ ਲਈ ਹੈ ਤੇ ਉਸ ਦੇ ਮੋਢੀ ਮਸੂਦ ਜਿਸ ਤਰ੍ਹਾਂ ਪਾਕਿਸਤਾਨ ਵਿੱਚ ਆਜ਼ਾਦ ਘੁੰਮ ਰਿਹਾ ਹੈ, ਉਸ ਨੂੰ ਦੇਖਦੇ ਹੋਏ ਭਾਰਤ ਦੇ ਲੋਕਾਂ ਨੂੰ ਕਿਸੇ ਕਿਸਮ ਦੇ ਸਬੂਤ ਦੀ ਲੋੜ ਨਹੀਂ ਹੈ।

ਵੈਸੇ ਪਾਕਿਸਤਾਨੀ ਫੌਜ ਦੇ ਅਧੀਨ ਕੰਮ ਕਰਨ ਵਾਲੀ ਖੂਫੀਆ ਏਜੰਸੀ ਇੰਟਰ ਸਰਵਿਸ ਇੰਟੈਲੀਜੈਂਸ (ਆਈਐੱਸਆਈ) ਨੂੰ ਵੀ ਜੈਸ਼-ਏ-ਮੁਹੰਮਦ ਤੋਂ ਸਮੱਸਿਆ ਰਹੀ ਹੈ।

ਅਸਲ ਵਿੱਚ ਜੈਸ਼, ਲਸ਼ਕਰ-ਏ-ਤਇਬਾ ਵਰਗਾ ਅੱਤਵਾਦੀ ਸੰਗਠਨ ਨਹੀਂ ਹੈ ਜੋ ਪਾਕਿਸਤਾਨ ਦੀ ਫੌਜ ਦੇ ਹੁਕਮਾਂ ਨੂੰ ਮੰਨਦਾ ਰਿਹਾ ਹੈ।

ਜੈਸ਼ ਪਾਕਿਤਾਨੀ ਫੌਜੀ ਟਿਕਾਣਿਆਂ ’ਤੇ ਹਮਲਾ ਕਰਨੋਂ ਵੀ ਘਬਰਾਉਂਦਾ ਨਹੀਂ ਰਿਹਾ।

2003 ਵਿੱਚ ਸੰਗਠਨ ਨੇ ਪਾਕਿਸਤਾਨ ਦੇ ਤਤਕਾਲੀ ਫੌਜੀ ਹੁਕਮਰਾਨ ਪਰਵੇਜ਼ ਮੁਸ਼ਰੱਫ ਉੱਪਰ ਦੋ ਵਾਰ ਕਾਤਲਾਨਾ ਹਮਲਾ ਕੀਤਾ ਸੀ।

ਬਾਵਜੂਦ ਇਸ ਦੇ ਇਹ ਦੇਖਣਾ ਹੋਵੇਗਾ ਕਿ ਜੈਸ਼-ਏ-ਮੁਹੰਮਦ ’ਤੇ ਕੀ ਕਾਰਵਾਈ ਹੁੰਦੀ ਹੈ- ਇਸ ਬਾਰੇ ਭਾਰਤ ਵੱਲੋਂ ਕਾਫ਼ੀ ਦਬਾਅ ਰਹੇਗਾ ਅਤੇ ਚੀਨ ਤੋਂ ਵੀ ਸੰਭਵ ਹੈ।

ਅਜਿਹੇ ਵਿੱਚ ਸੰਭਵ ਹੈ ਕਿ ਇਸ ਸਮੂਹ ਨੂੰ ਪਾਕਿਸਤਾਨ ਵਿੱਚ ਬੈਨ ਕਰ ਦਿੱਤਾ ਜਾਵੇ।

ਭੂਗੋਲਿਕ ਸਿਆਸਤ ਤੋਂ ਉਰੇ, ਇਸ ਆਤਮਘਾਤੀ ਹਮਲੇ ਨੂੰ ਸਥਾਨਕ ਪੱਖੋਂ ਵੇਖਣਾ ਅਹਿਮ ਹੋਵੇਗਾ। ਲੰਘੇ ਇੱਕ ਸਾਲ ਦੌਰਾਨ ਭਾਰਤੀ ਸੁਰੱਖਿਆ ਦਸਤਿਆਂ ਨੇ ਲਗਪਗ 300 ਕਸ਼ਮੀਰੀ ਅੱਤਵਾਦੀਆਂ ਨੂੰ ਮਾਰਿਆ ਹੈ, ਇਨ੍ਹਾਂ ਵਿੱਚੋਂ ਜ਼ਿਆਦਾਤਰ ਦੱਖਣੀ-ਕਸ਼ਮੀਰ ਦੇ ਸਨ, ਜਿੱਥੇ ਇਹ ਹਮਲਾ ਹੋਇਆ ਹੈ।

ਇਸ ਇਲਾਕੇ ਵਿੱਚ ਜਿਨ੍ਹਾਂ ਅੱਤਵਾਦੀ ਸੰਗਠਨਾਂ ਦਾ ਦਬਦਬਾ ਹੈ ਉਨ੍ਹਾਂ ਵਿੱਚ ਹਿਜਬ-ਉਲ-ਮੁਜਾਹਿਦੀਨ,ਆਤਮਘਾਤੀ ਹਮਲਿਆਂ ਨੂੰ ਗ਼ੈਰ-ਇਸਲਾਮਿਕ ਮੰਨਦਾ ਹੈ। ਅਜਿਹੇ ਵਿੱਚ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ ਤਇਬਾ ਉੱਤੇ ਹੀ ਅਜਿਹੇ ਹਮਲੇ ਕਰਨ ਦੀ ਜਿੰਮੇਵਾਰੀ ਹੈ।

ਇਹ ਭਾਰਤੀ ਖੂਫੀਆ ਤੰਤਰ ਦੀ ਗੰਭੀਰ ਅਸਫ਼ਲਤਾ ਹੈ। ਪੁਲਿਸ ਅਤੇ ਖੂਫੀਆ ਏਜੰਸੀਆਂ ਨੂੰ ਇਸ ਸਵਾਲ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ ਕਿ ਜੈਸ਼-ਏ-ਮੁਹੰਮਦ, ਭਾਰਤੀ ਫੌਜ ਦੇ ਇੰਨੇ ਵੱਡੇ ਕਾਫਲੇ ’ਤੇ ਹਮਲਾ ਕਰਨ ਵਿੱਚ ਕਿਵੇਂ ਕਾਮਯਾਬ ਰਿਹਾ।

ਇਨ੍ਹਾਂ ਸਵਾਲਾਂ ਵਿੱਚ ਧਮਾਕਾਖੇਜ਼ਾਂ ਦੀ ਭਾਰੀ ਮਾਤਰਾ ਨਾਲ ਲੱਦੀ ਕਾਰ ਦੇ ਇੰਤਜ਼ਾਮ ਨੂੰ ਲੈ ਕੇ ਉਸਦੀ ਨਿਗਰਾਨੀ, ਹਮਲੇ ਦਾ ਪਹਿਲਾਂ ਤੋਂ ਅਭਿਆਸ ਅਤੇ ਕਈ ਪੱਧਰਾਂ ’ਤੇ ਸੁਰੱਖਿਆ ਪ੍ਰਣਾਲੀ ਵਿੱਚ ਸੰਨ੍ਹ ਨਾਲ ਜੁੜੇ ਮਾਮਲੇ ਸ਼ਾਮਲ ਹੋਣਗੇ।

ਫਿਲਹਾਲ, ਭਾਰਤ ਸਰਕਾਰ ਵਿਕਲਪਾਂ ’ਤੇ ਵਿਚਾਰ ਕਰ ਰਹੀ ਹੈ। ਆਰਥਿਕ ਤੌਰ ’ਤੇ ਉਸਨੇ ਕਦਮ ਉਠਾਉਂਦੇ ਹੋਏ ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਵਾਪਸ ਲੈਣ ਲੈਣ ਦਾ ਫੈਸਲਾ ਕਰ ਲਿਆ ਹੈ, ਜਿਸ ਨਾਲ ਪਾਕਿਸਤਾਨ ਨੂੰ ਕਾਰੋਬਾਰੀ ਲਾਭ ਨਹੀਂ ਮਿਲਣਗੇ।

ਇਸ ਤੋਂ ਇਲਾਵਾ ਭਾਰਤ ਸਰਕਾਰ ਪਾਕਿਸਤਾਨ ਨੂੰ ਸਿਆਸੀ ਤੌਰ ’ਤੇ ਵੀ ਅੱਲਗ-ਥਲੱਗ ਕਰਨ ਦੀ ਗੱਲ ਕਰ ਰਹੀ ਹੈ। ਜਦੋਂ ਤੱਕ ਪਾਕਿਸਤਾਨ ਜੈਸ਼-ਏ-ਮੁਹੰਮਦ ’ਤੇ ਕੋਈ ਕਾਰਵਾਈ ਨਹੀਂ ਕਰਦਾ, ਉਸ ਸਮੇਂ ਤੱਕ ਅਜਿਹੇ ਹਮਲੇ ਹੋਰ ਹੋ ਸਕਦੇ ਹਨ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)