ਪੁਲਵਾਮਾ ਹਮਲਾ: ਭਾਰਤ ਨੇ ਪਾਕਿਸਤਾਨ ਤੋਂ ਦਰਾਮਦ ਹੁੰਦੇ ਸਾਮਾਨ ’ਤੇ ਕਸਟਮ ਡਿਊਟੀ 200 ਫੀਸਦ ਕੀਤੀ

ਭਾਰਤ ਨੇ ਪਾਕਿਸਤਾਨ 'ਤੇ ਤੁਰੰਤ ਪ੍ਰਭਾਵ ਨਾਲ ਦਰਾਮਦ ਹੁੰਦੇ ਸਾਮਾਨ 'ਤੇ 200 ਫੀਸਦ ਕਸਟਮ ਡਿਊਟੀ ਲਗਾ ਦਿੱਤੀ ਹੈ।

ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਕੋਲੋਂ 'ਮੋਸਟ ਫੇਵਰਡ ਨੇਸ਼ਨ' ਦਾ ਦਰਜਾ ਵੀ ਵਾਪਸ ਲੈ ਲਿਆ ਸੀ।

ਭਾਰਤ ਨੇ ਇਹ ਫ਼ੈਸਲਾ 14 ਫਰਵਰੀ ਨੂੰ ਭਾਰਤ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫਲੇ 'ਤੇ ਹਮਲੇ ਤੋਂ ਬਾਅਦ ਲਿਆ। ਇਸ ਹਮਲੇ ਵਿੱਚ ਸੀਆਰਪੀਐੱਫ ਦੇ ਘੱਟੋ-ਘੱਟ 40 ਜਵਾਨਾਂ ਦੀ ਮੌਤ ਹੋਈ ਹੈ।

ਭਾਰਤ ਵੱਲੋਂ ਇਸ ਹਮਲੇ ਦਾ ਮੂੰਹ-ਤੋੜ ਜਵਾਬ ਦੇਣ ਦੀ ਗੱਲ ਕੀਤੀ ਗਈ ਹੈ।

ਕਸਟਮ ਡਿਊਟੀ ਵਧਾਉਣ ਦੇ ਫ਼ੈਸਲੇ ਬਾਰੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਟਵੀਟ ਕਰਦਿਆਂ ਲਿਖਿਆ, “ਭਾਰਤ ਨੇ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਕੋਲੋਂ 'ਮੋਸਟ ਫੇਵਰਡ ਨੇਸ਼ਨ' ਦਾ ਦਰਜਾ ਵਾਪਸ ਲੈਣ ਤੋਂ ਬਾਅਦ ਪਾਕਿਸਤਾਨ ਤੋਂ ਦਰਾਮਦ ਹੁੰਦੇ ਸਾਮਾਨ 'ਤੇ ਬੇਸਿਕ ਕਸਮਟ ਡਿਊਟੀ 200 ਫੀਸਦ ਕਰ ਦਿੱਤੀ ਹੈ।”

ਇਹ ਵੀ ਪੜ੍ਹੋ-

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇਸ ਫ਼ੈਸਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਦਰਾਮਦਗੀ ਵਿੱਚ ਕਾਫੀ ਕਮੀ ਆਵੇਗੀ ਕਿਉਂਕਿ ਇਸ ਨਾਲ ਉਹ ਆਪਣੇ ਸਾਮਾਨ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਕਰੇਗਾ।

ਸਾਲ 2017-18 'ਚ ਭਾਰਤ-ਪਾਕਿਸਤਾਨ ਵਿਚਾਲੇ ਕਰੀਬ 3482.3 ਕਰੋੜ ਦਾ ਵਪਾਰ ਹੋਇਆ ਹੈ।

ਪਾਕਿਸਤਾਨ ਵੱਲੋਂ ਭਾਰਤ ਵਿੱਚ ਫਲ ਅਤੇ ਸੀਮੈਂਟ ਦੀ ਦਰਾਮਦਗੀ ਵਧੇਰੇ ਹੁੰਦੀ ਹੈ, ਜਿਸ 'ਤੇ ਮੌਜੂਦਾ ਕਸਟਮ ਡਿਊਟੀ ਕ੍ਰਮਵਾਰ 30-40 ਫੀਸਦ ਅਤੇ 7.5 ਫੀਸਦ ਹੈ।

ਪੀਟੀਆਈ ਨੇ ਅਧਿਕਾਰਿਤ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਭਾਰਤ ਵਿੱਚ ਪਾਕਿਸਤਾਨ ਵੱਲੋਂ ਆਉਂਦੇ ਸਾਮਾਨ 'ਤੇ 200 ਫੀਸਦ ਦੀ ਕਸਟਮ ਡਿਊਟੀ ਲਗਾਏ ਜਾਣ ਦਾ ਮਤਲਬ ਹੈ ਪਾਕਿਸਤਾਨ ਵੱਲੋਂ ਸਾਮਾਨ ਦੀ ਦਰਾਮਦਗੀ 'ਤੇ ਲਗਪਗ ਪਾਬੰਦੀ।

ਇਸ ਦੇ ਨਾਲ ਹੀ ਭਾਰਤ ਕੁਝ ਸਾਮਾਨ ਦੇ ਵਪਾਰ 'ਤੇ ਪਾਬੰਦੀ ਵੀ ਲਗਾ ਸਕਦਾ ਹੈ।

ਕਿਨ੍ਹਾਂ ਚੀਜ਼ਾਂ ਦਾ ਹੁੰਦਾ ਹੈ ਵਪਾਰ?

ਪਾਕਿਸਤਾਨ ਵੱਲੋਂ ਭਾਰਤ ਵਿੱਚ ਤਾਜ਼ਾ ਫਲ, ਸੀਮੈਂਟ, ਪੈਟ੍ਰੋਲੀਅਮ ਪਦਾਰਥ, ਥੋਕ ਖਣਿਜ, ਅਕਾਰਬਨਿਕ ਰਸਾਇਣ, ਕਪਾਹ, ਕੱਚੇ ਮਸਾਲੇ, ਉਨ, ਰਬੜ, ਮੈਡੀਕਲ ਸਾਮਾਨ, ਪਲਾਸਟਿਕ, ਖੇਡਾਂ ਦਾ ਸਾਮਾਨ ਆਦਿ ਸਾਮਾਨ ਭੇਜੇ ਜਾਂਦੇ ਹਨ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕੀ ਕਿਹਾ?

ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਨੇ ਕਾਫਿਲੇ ’ਤੇ ਅੱਤਵਾਦੀ ਹਮਲੇ ਬਾਰੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਉਹ ਇਸ ਹਮਲੇ ਦੀ ਨਿੰਦਾ ਕਰਦੇ ਹਨ ਅਤੇ ਹਿੰਸਾ ਉਨ੍ਹਾਂ ਦੇ ਦੇਸ ਦਾ ਰਾਹ ਨਹੀਂ ਹੈ।

ਉਨ੍ਹਾਂ ਨੇ ਕਿਹਾ, “ਇਹ ਜੋ ਘਟਨਾ ਹੋਈ ਹੈ ਉਸ ਦੀ ਮੈਂ ਨਿੰਦਾ ਕਰਦਾ ਹਾਂ। ਮੈਂ ਸਮਝਦਾ ਹਾਂ ਕਿ ਹਿੰਸਾ ਨਾ ਸਾਡਾ ਰਾਹ ਸੀ ਅਤੇ ਨਾ ਹੈ।”

ਉਨ੍ਹਾਂ ਅੱਗੇ ਕਿਹਾ, ”ਅਫਸੋਸ ਮੈਨੂੰ ਥੋੜ੍ਹਾ ਇਹ ਹੋਇਆ ਕਿ ਭਾਰਤ ਨੇ ਅਜੇ ਤੱਕ ਇਸ ਮਾਮਲੇ ਦੀ ਕੋਈ ਜਾਂਚ ਨਹੀਂ ਕੀਤੀ ਹੈ ਅਤੇ ਫੌਰੀ ਤੌਰ ’ਤੇ ਪਾਕਿਸਤਾਨ ’ਤੇ ਇਲਜ਼ਾਮ ਲਗਾ ਦਿੱਤਾ ਹੈ।”

“ਪਾਕਿਸਤਾਨ ’ਤੇ ਇਲਜ਼ਾਮ ਲਾਉਣਾ ਇੱਕ ਮਿੰਟ ਦੀ ਗੱਲ ਹੈ ਤੁਸੀਂ ਇਲਜ਼ਾਮ ਲਗਾ ਦਿਓ ਅਤੇ ਆਪਣਾ ਮਲਬਾ ਸਾਡੇ ਵੱਲ ਸੁੱਟ ਦਿਓ ਪਰ ਅੱਜ ਸਾਰੀ ਦੁਨੀਆਂ ਇਸ ਨਾਲ ਪ੍ਰਭਾਵਿਤ ਨਹੀਂ ਹੋਵੇਗੀ।”

“ਦੁਨੀਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਕਰਨੀ ਵੀ ਚਾਹੀਦੀ ਹੈ। ਇਹ ਜਾਨਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਨੂੰ ਕੋਈ ਮੁਆਫ਼ ਨਹੀਂ ਕਰ ਸਕਦਾ ਹੈ।”

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)