ਪਾਕਿਸਤਾਨ-ਭਾਰਤ ਤਣਾਅ : ਭਾਰਤ ਵੱਲ ਐਲਓਸੀ ਉੱਤੇ ਬੰਬ ਸੁੱਟੇ, ਦੋ ਭਾਰਤੀ ਲੜਾਕੂ ਜਹਾਜ਼ ਡੇਗੇ ਤੇ ਦੋ ਪਾਇਲਟ ਕਾਬੂ -ਪਾਕ ਦਾ ਦਾਅਵਾ

ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫੂਰ ਨੇ ਦਾਅਵਾ ਕੀਤਾ ਪਾਕਿਸਤਾਨੀ ਹਵਾਈ ਫੌਜ ਨੇ ਆਪਣੇ ਦਾਇਰੇ ਵਿਚ ਰਹਿ ਕੇ ਭਾਰਤ ਸਾਸ਼ਿਤ ਕਸ਼ਮੀਰ ਦੇ 6 ਥਾਵਾਂ ਉੱਤੇ ਸਟਰਾਇਕ ਕੀਤਾ ਹੈ।

ਗਫੂਰ ਨੇ ਕਿਹਾ ਹੈ ਕਿ ਬਾਲਾਕੋਟਾ ਵਿਚ ਮੰਗਲਵਾਰ ਦੀ ਭਾਰਤੀ ਕਾਰਵਾਈ ਤੋਂ ਬਾਅਦ ਬੁੱਧਵਾਰ ਨੂੰ ਇਹ ਸਟਰਾਇਕ ਕੀਤੇ ਗਏ । ਇਸ ਸਟਰਾਇਕ ਦੌਰਾਨ ਇਹ ਯਕੀਨੀ ਬਣਾਇਆ ਕਿ ਇਸ ਦਾ ਨਿਸ਼ਾਨਾਂ ਕੋਈ ਮਿਲਟਰੀ ਤੇ ਸਿਵਲੀਅਨ ਸੰਸਥਾਨ ਨਾ ਬਣੇ। ਇਹ ਕਾਰਵਾਈ ਸਵੈ ਰੱਖਿਆ ਤੇ ਸਵੈ ਸਮਰੱਥਾ ਦਿਖਾਉਣ ਵਾਲੀ ਸੀ।

ਗਫੂਰ ਨੇ ਕਿਹਾ, 'ਪਾਕਿਸਤਾਨ ਦੀ ਕਾਰਵਾਈ ਤੋਂ ਬਾਅਦ ਭਾਰਤ ਦੇ ਦੋ ਹਵਾਈ ਜਹਾਜ਼ਾਂ ਨੇ ਹਰਕਤ ਦਿਖਾਈ ਪਰ ਪਾਕਿਸਤਾਨ ਨੇ ਇਨ੍ਹਾਂ ਨੂੰ ਨਿਸ਼ਾਨਾਂ ਬਣਾਇਆ। ਉਨ੍ਹਾਂ ਵਿੱਚੋਂ ਇੱਕ ਪਾਕਿਸਤਾਨ ਸਾਸ਼ਿਤ ਕਸ਼ਮੀਰ ਵਿਚ ਡਿੱਗਿਆ ਅਤੇ ਦੂਜਾ ਭਾਰਤ ਸਾਸ਼ਿਤ ਕਸ਼ਮੀਰ ਵੱਲ'।

ਪਾਕਿਸਤਾਨੀ ਫੌਜ ਦੋ ਭਾਰਤੀ ਜਹਾਜ਼ ਨੂੰ ਡੇਗਣ ਤੇ ਦੋ ਪਾਇਲਟਾਂ ਨੂੰ ਕਾਬੂ ਕਰਨ ਦਾ ਦਾਅਵਾ ਕਰ ਰਹੀ ਹੈ, ਪਰ ਇਸ ਉੱਤੇ ਭਾਰਤ ਦੀ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ ਅਤੇ ਬੀਬੀਸੀ ਆਪਣੇ ਤੌਰ ਉੱਤੇ ਪਾਕਿਸਤਾਨ ਦੇ ਦਾਅਵੇ ਦੀ ਪੁਸ਼ਟੀ ਨਹੀਂ ਕਰਦੀ।

ਇਹ ਵੀ ਪੜ੍ਹੋ:

ਭਾਰਤੀ ਦਾਅਵੇ ਨੂੰ ਰੱਦ ਕੀਤਾ

ਗਫੂਰ ਨੇ ਦਾਅਵਾ ਕੀਤਾ ਕਿ ਦੋ ਭਾਰਤੀ ਪਾਇਲਟ ਫੜੇ ਗਏ ਹਨ, ਉਨ੍ਹਾਂ ਵਿੱਚੋਂ ਇੱਕ ਜ਼ਖ਼ਮੀ ਹੈ ਤੇ ਇੱਕ ਹਸਪਤਾਲ ਵਿਚ ਹੈ ਤੇ ਦੂਜਾ ਹਿਰਾਸਤ ਵਿਚ ।

ਉਨ੍ਹਾਂ ਐਫ਼-16 ਪਾਕਿਸਤਾਨੀ ਜਹਾਜ਼ ਨੂੰ ਡੇਗਣ ਦੇ ਭਾਰਤ ਦੇ ਦਾਅਵੇ ਨੂੰ ਰੱਦ ਕਰਦਿਆਂ ਉਲਟਾ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਵਰਤੋਂ ਹੀ ਨਹੀਂ ਕੀਤੀ ।

ਉਨ੍ਹਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ ਅਤੇ ਇਸ ਦਾ ਇੱਕੋ ਇੱਕ ਹੱਲ ਗੱਲਬਾਤ ਹੈ। ਜੰਗ ਮਸਲੇ ਦਾ ਹੱਲ ਨਹੀਂ ਹੈ ਅਤੇ ਪਾਕਿਸਤਾਨ ਦੀ ਇਸ ਪੇਸ਼ਕਸ਼ ਉੱਤੇ ਭਾਰਤ ਠੰਢੇ ਦਿਮਾਗ ਨਾਲ ਸੋਚੇ । ਇਸ ਮਾਮਲੇ ਵਿਚ ਕੌਮਾਂਤਰੀ ਭਾਈਚਾਰੇ ਨੂੰ ਦਖਲ ਦੇਣਾ ਚਾਹੁੰਦਾ ਹੈ।

ਇਸ ਤੋਂ ਪਹਿਲਾਂ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫੈਸਲ ਨੇ ਵੀ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਨੇ ਗੈਰ-ਫੌਜੀ ਟਿਕਾਣਿਆਂ ਨੂੰ ਨਿਸ਼ਾਨਾਂ ਬਣਾਇਆ ਹੈ ਅਤੇ ਮਨੁੱਖੀ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਇਸ ਦਾ ਖਿਆਲ ਰੱਖਿਆ ਹੈ।

ਆਪਣੇ ਬਿਆਨ ਵਿਚ ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਵੱਲੋਂ ਸਵੈ-ਰੱਖਿਆ ਦੇ ਹੱਕ ਅਤੇ ਸਮਰੱਥਾ ਵਿਖਾਉਣਾ ਹੀ ਇਸ ਦਾ ਟੀਚਾ ਸੀ। ਸਾਡਾ ਹਾਲਾਤ ਨੂੰ ਵਿਗਾੜਨ ਦਾ ਕੋਈ ਇਰਾਦਾ ਨਹੀਂ ਹੈ ਪਰ ਜੇ ਮਜਬੂਰ ਕੀਤਾ ਜਾਂਦਾ ਹੈ ਤਾਂ ਅਸੀਂ ਇਸ ਲਈ ਵੀ ਤਿਆਰ ਹਾਂ। ਇਸੇ ਕਰਕੇ ਅਸੀਂ ਕਾਰਵਾਈ ਚਿਤਾਵਨੀ ਦੇ ਕੇ ਅਤੇ ਦਿਨ ਦੀ ਰੌਸ਼ਨੀ ਵਿੱਚ ਕੀਤੀ।

ਜੰਮੂ ਤੇ ਕਸ਼ਮੀਰ ਅਤੇ ਪੰਜਾਬ ਦੇ ਹਵਾਈ ਅੱਡੇ ਬੰਦ ਕਰਨ ਦੇ ਹੁਕਮ

ਬਾਲਾਕੋਟ ਵਿਚ ਏਅਰਸਟਰਾਈਕ ਕਰਨ ਤੋਂ ਬਾਅਦ ਹਾਈ ਅਲਰਟ ਉੱਤੇ ਚੱਲ ਰਹੇ ਭਾਰਤ ਦੇ ਸ੍ਰੀਨਗਰ, ਜੰਮੂ, ਲੇਹ, ਅੰਮ੍ਰਿਤਸਰ ਤੇ ਚੰਡੀਗੜ੍ਹ ਹਵਾਈ ਅੱਡਿਆਂ ਤੋਂ ਸਿਵਲੀਅਨ ਉਡਾਣਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਇੰਡੀਅਨ ਏਅਰਫੋਰਸ ਦਾ ਜਹਾਜ਼ ਕਰੈਸ਼ ਹੋਣ ਤੋਂ ਬਾਅਦ ਸ਼੍ਰੀਨਗਰ, ਜੰਮੂ ਅਤੇ ਲੇਹ ਦੇ ਏਅਰਪੋਰਟ ਬੰਦ ਕਰ ਦਿੱਤੇ ਗਏ ਹਨ।

ਏਅਰਲਾਈਨ ਅਧਿਕਾਰੀਆਂ ਮੁਤਾਬਕ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਏਅਰਪੋਰਟ ਵੀ ਬੰਦ ਕਰ ਦਿੱਤੇ ਗਏ ਹਨ।

ਸ਼੍ਰੀਨਗਰ ਵਿੱਚ ਏਅਰਪੋਰਟ ਅਥਾਰਿਟੀ ਦੇ ਅਧਿਕਾਰੀਆਂ ਨੇ ਪੀਟੀਆਈ ਨੂੰ ਦੱਸਿਆ,''ਐਮਰਜੈਂਸੀ ਦੇ ਮੱਦੇਨਜ਼ਰ ਨਾਗਰਿਕ ਹਵਾਈ ਸੇਵਾ ਨੂੰ ਅਸਥਾਈ ਰੂਪ ਤੋਂ ਬੰਦ ਕੀਤਾ ਗਿਆ ਹੈ।''

ਪਾਕਿਸਤਾਨ-ਭਾਰਤ ਤਣਾਅ ਬਾਰੇ ਹੋਰ ਖ਼ਬਰਾਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)