ਪਾਕਿਸਤਾਨ-ਭਾਰਤ ਤਣਾਅ : ਮਿਰਾਜ-2000: ਭਾਰਤ ਦੇ ਪਾਕਿਸਤਾਨ ਵੱਲ ਬੰਬ ਸੁੱਟਣ ਲਈ ਵਰਤੇ ਜਹਾਜ਼ ਬਾਰੇ ਜਾਣੋ

ਭਾਰਤੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਤੜਕੇ ਹੀ ਪਾਕਿਸਤਾਨ ਦੇ ਇਲਾਕੇ 'ਚ ਬਾਲਾਕੋਟ ਵਿਖੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਭ ਤੋਂ ਵੱਡੇ ਕੈਂਪ 'ਤੇ ਹਮਲਾ ਕੀਤਾ ਗਿਆ ਜਿਸ ਵਿੱਚ "ਕਈ" ਅੱਤਵਾਦੀ ਮਾਰੇ ਗਏ।

ਇਹ ਬੰਬ ਸੁੱਟ ਲਈ ਮਿਰਾਜ-2000 ਲੜਾਕੂ ਜਹਾਜ਼ਾਂ ਰਾਹੀਂ ਕੀਤੀ ਗਈ।

ਮਿਰਾਜ-2000 ਭਾਰਤੀ ਹਵਾਈ ਫੌਜ ਦੇ ਸਭ ਤੋਂ ਮਹੱਤਵਪੂਰਨ ਹਥਿਆਰਾਂ ਵਿੱਚੋਂ ਇੱਕ ਹੈ। ਭਾਰਤ ਨੇ 1999 ਵਿੱਚ ਕਾਰਗਿਲ ਦੀ ਜੰਗ ਵੇਲੇ ਵੀ ਪਾਕਿਸਤਾਨੀ ਫੌਜਾਂ ਖਿਲਾਫ ਇਹੀ ਜਹਾਜ਼ ਵਰਤੇ ਸਨ।

ਇਹ ਜਹਾਜ਼ 1980 ਦੇ ਦਹਾਕੇ ਵਿੱਚ ਇੰਡੀਅਨ ਏਅਰ ਫੋਰਸ 'ਚ ਸ਼ਾਮਲ ਕੀਤੇ ਗਏ ਸਨ ਅਤੇ ਇਨ੍ਹਾਂ ਦਾ ਨਾਂ 'ਵਜਰ' ਰੱਖਿਆ ਗਿਆ। ਇਹ ਫਰਾਂਸ ਦੀ ਕੰਪਨੀ ਦਾਸੌ ਏਵੀਏਸ਼ਨ ਦੁਆਰਾ ਬਣਾਏ ਗਏ ਸਨ, ਉਹੀ ਕੰਪਨੀ ਜੋ ਰਫ਼ਾਲ ਜਹਾਜ਼ ਵੀ ਬਣਾਉਂਦੀ ਹੈ।

ਇਹ ਵੀ ਜ਼ਰੂਰ ਪੜ੍ਹੋ

ਜਹਾਜ਼ ਦਾ ਭਾਰ 7,500 ਕਿਲੋ ਹੈ, ਇਹ 2,336 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਪਹੁੰਚ ਸਕਦਾ ਹੈ।

ਲੇਜ਼ਰ ਨਾਲ ਚੱਲਣ ਵਾਲੇ ਬੰਬ ਇਸ ਜਹਾਜ਼ ਦੇ ਖੰਭਾਂ ਉੱਪਰ ਰੱਖੇ ਜਾ ਸਕਦੇ ਹਨ ਅਤੇ ਇਹ ਜ਼ਮੀਨ ਅਤੇ ਹਵਾ ਦੋਹਾਂ 'ਚ ਹਮਲੇ ਕਰ ਸਕਦਾ ਹੈ।

ਭਾਰਤ ਤੋਂ ਇਲਾਵਾ ਅੱਠ ਦੇਸ ਇਸ ਜਹਾਜ਼ ਨੂੰ ਵਰਤ ਰਹੇ ਹਨ। ਇਨ੍ਹਾਂ ਵਿੱਚ ਫਰਾਂਸ, ਸੰਯੁਕਤ ਅਰਬ ਅਮੀਰਾਤ ਅਤੇ ਚੀਨ ਸ਼ਾਮਲ ਹਨ।

ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਭਾਰਤ ਨੇ ਪਹਿਲਾਂ ਤਾਂ 40 ਮਿਰਾਜ ਖਰੀਦੇ ਸਨ ਅਤੇ ਫਿਰ 9 ਹੋਰ ਖਰੀਦੇ ਸਨ। ਕਾਰਗਿਲ ਦੀ ਜੰਗ ਵਿੱਚ ਇਨ੍ਹਾਂ ਜਹਾਜ਼ਾਂ ਦੀ ਸਮਰੱਥਾ ਤੋਂ ਪ੍ਰਭਾਵਿਤ ਹੋ ਕੇ ਭਾਰਤ ਨੇ 2011 ਵਿੱਚ ਇਨ੍ਹਾਂ ਨੂੰ ਅਪ-ਗ੍ਰੇਡ ਵੀ ਕੀਤਾ। ਉਸ ਜੰਗ ਵਿੱਚ ਪਾਕਿਸਤਾਨੀ ਫੌਜ ਦੇ ਟਿਕਾਣਿਆਂ ਉੱਪਰ ਲੇਜ਼ਰ ਬੰਬ ਇਸੇ ਜਹਾਜ਼ ਤੋਂ ਮਾਰੇ ਗਏ ਸਨ।

ਸਾਲ 2015 ਵਿੱਚ ਕੰਪਨੀ ਨੇ ਅਪਗ੍ਰੇਡ ਕੀਤੇ ਜਹਾਜ਼ ਭਾਰਤ ਨੂੰ ਦਿੱਤੇ। ਇਨ੍ਹਾਂ ਵਿੱਚ ਨਵੇਂ ਰਡਾਰ ਅਤੇ ਇਲੈਕਟ੍ਰੋਨਿਕ ਸਿਸਟਮ ਹਨ ਜਿਨ੍ਹਾਂ ਨਾਲ ਇਸ ਦੀ ਮਾਰੂ ਤਾਕਤ ਅਤੇ ਭਾਰ ਢੋਣ ਦੀ ਸਮਰੱਥਾ ਵਧੀ ਹੈ।

ਇਹ ਪੇ-ਲੋਡ ਕੀ ਹੈ?

ਕਿਹਾ ਜਾ ਰਿਹਾ ਹੈ ਕਿ ਜਹਾਜ਼ ਉੱਧਰ ਬੰਬਾਰੀ ਕਰਨ ਲਈ ਪੇ-ਲੋਡ ਛੱਡ ਆਏ। ਸਰਲ ਭਾਸ਼ਾ ਵਿੱਚ ਕਹੀਏ ਤਾਂ ਬੰਬ ਸੁੱਟ ਕੇ ਆਏ।

ਪੇ-ਲੋਡ ਤਕਨੀਕੀ ਸ਼ਬਦ ਹੈ ਜਿਸ ਦਾ ਭਾਵ ਹੈ ਵਿਸਫੋਟਕ ਸ਼ਕਤੀ। ਕਿਸੇ ਜਹਾਜ਼ ਦਾ ਕਿੰਨਾ ਪੇ-ਲੋਡ ਹੈ, ਇਹੀ ਉਸ ਦੀ ਸਮਰੱਥਾ ਵੀ ਦੱਸਦਾ ਹੈ।

ਉਂਝ ਪੁਲਾੜ ਵਿੱਚ ਜਾਂਦੇ ਰਾਕੇਟਾਂ ਉੱਪਰ ਰਾਖੇ ਸੈਟੇਲਾਈਟ ਨੂੰ ਵੀ ਪੇ-ਲੋਡ ਹੀ ਆਖਿਆ ਜਾਂਦਾ ਹੈ ਕਿਉਂਕਿ ਉਸ ਦਾ ਕੰਮ ਵੀ ਸੈਟੇਲਾਈਟ ਨੂੰ ਕਿਤੇ ਭੇਜਣਾ ਜਾਂ ਛੱਡ ਕੇ ਆਉਣਾ ਹੀ ਹੁੰਦਾ ਹੈ।

ਕਿਵੇਂ ਕੀਤੀ ਗਈ ਕਾਰਵਾਈ

ਭਾਰਤੀ ਹਵਾਈ ਫ਼ੌਜ ਦੇ ਸੂਤਰਾਂ ਨੇ ਬੀਬੀਸੀ ਨੂੰ ਇਸ ਤੱਥ ਦੀ ਪੁਸ਼ਟੀ ਕੀਤੀ ਹੈ ਕਿ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਅਸਲ ਕੰਟਰੋਲ ਰੇਖਾ (ਲਾਈਨ ਆਫ ਕੰਟਰੋਲ ਜਾਂ LOC) ਪਾਰ ਕਰਕੇ ਕਈ ਥਾਵਾਂ ਉੱਤੇ ਬੰਬ ਸੁੱਟੇ ਹਨ।

ਇਹ ਵੀ ਜ਼ਰੂਰ ਪੜ੍ਹੋ

ਹਵਾਈ ਫੌਜ ਦੇ ਸੂਤਰਾਂ ਨੇ ਬੀਬੀਸੀ ਪੱਤਰਕਾਰ ਜੁਗਲ ਪੁਰੋਹਿਤ ਨੂੰ ਦੱਸਿਆ ਕਿ ਮੰਗਲਵਾਰ ਤੜਕੇ ਅੰਬਾਲਾ ਤੋਂ ਕਈ ਮਿਰਾਜ ਜਹਾਜ਼ ਉੜੇ ਅਤੇ ਬਿਨਾਂ ਕੌਮਾਂਤਰੀ ਸਰਹੱਦ ਦਾ ਉਲੰਘਣ ਕੀਤੇ ਤੈਅ ਨਿਸ਼ਾਨਿਆਂ ਉੱਤੇ ਬੰਬ ਬਰਸਾਏ।

ਸੂਤਰਾਂ ਨੇ ਕਿਹਾ ਕਿ ਇਹ ਪੂਰੀ ਕਾਰਵਾਈ ਕਰੀਬ ਅੱਧੇ ਘੰਟੇ ਵਿਚ ਪੂਰੀ ਕੀਤੀ । ਜਹਾਜ਼ ਤੜਕੇ ਕਰੀਬ ਤਿੰਨ ਵਜੇ ਉੱਡੇ ਅਤੇ ਸਾਢੇ ਤਿੰਨ ਵਜੇ ਸੁਰੱਖਿਅਤ ਵਾਪਸ ਆ ਗਏ।

ਇਹ ਵੀ ਜ਼ਰੂਰ ਦੇਖੋ

ਪਾਕਿਸਤਾਨ ਨੂੰ ਪਤਾ ਕਿਵੇਂ ਨਹੀਂ ਲੱਗਿਆ?

ਕੀ ਪਾਕਿਸਤਾਨ ਨੂੰ ਉਸ ਦੀ ਹਵਾਈ ਫੌਜ ਦੇ ਨਿਗਰਾਨੀ ਸਿਸਟਮ ਰਾਹੀਂ ਪਤਾ ਨਹੀਂ ਲੱਗਿਆ ਕਿ ਭਾਰਤ ਦੇ ਜਹਾਜ਼ ਕਾਰਵਾਈ ਲਈ ਵੜ ਆਏ ਹਨ?

ਦਿ ਇੰਸਟੀਟਿਊਟ ਫ਼ਾਰ ਡਿਫੈਂਸ ਸਟਡੀਜ਼ ਐਂਡ ਐਨਲਿਸਿਸ ਦੇ ਡਾਇਰੈਕਟਰ ਲਕਸ਼ਮਣ ਕੁਮਾਰ ਬਹਿਰਾ ਦਾ ਕਹਿਣਾ ਹੈ ਕਿ ਭਾਰਤ ਮੁਕਾਬਲੇ ਪਾਕਿਸਤਾਨ ਦੀ ਹਵਾਈ ਫੌਜ ਕਮਜ਼ੋਰ ਹੈ।

ਉਨ੍ਹਾਂ ਮੁਤਾਬਕ, "ਭਾਰਤ ਨੇ ਬਹੁਤ ਘਹਤ ਸਮੇਂ ਵਿੱਚ ਹਮਲੇ ਨੂੰ ਅੰਜਾਮ ਦਿੱਤਾ, ਇੰਨੇ ਸਮੇਂ ਵਿੱਚ ਪਾਕਿਸਤਾਨ ਦਾ ਸਿਸਟਮ ਕੁਝ ਨਹੀਂ ਕਰ ਸਕਿਆ ਹੋਵੇਗਾ।"

ਇਹ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)