ਪਾਕਿਸਤਾਨ - ਭਾਰਤ ਤਣਾਅ: ਭਾਰਤੀ ਹਵਾਈ ਅੱਡਿਆਂ ’ਤੇ ਉਡਾਣਾਂ ਬਹਾਲ

ਪਾਕਿਸਤਾਨ ਦੇ ਬਾਲਾਕੋਟ ਵਿੱਚ ਭਾਰਤੀ ਹਵਾਈ ਫੌਜ ਦੀ ਕਾਰਵਾਈ ਤੋਂ ਬਾਅਦ ਲਾਈਨ ਆਫ਼ ਕੰਟਰੋਲ ’ਤੇ ਦੋਵਾਂ ਪਾਸਿਓਂ ਗੋਲੀ ਬਾਰੀ ਹੋ ਰਹੀ ਹੈ।

ਇਸ ਤਣਾਅ ਦੇ ਮਾਹੌਲ ਵਿੱਚ ਪਹਿਲਾਂ ਇਹ ਖ਼ਬਰ ਆ ਰਹੀ ਸੀ ਕਿ ਉੱਤਰੀ ਭਾਰਤ ਵਿੱਚ ਨੌਂ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ ਪਰ ਹੁਣ ਉਨ੍ਹਾਂ ਹਵਾਈ ਅੱਡਿਆਂ ’ਤੇ ਉਡਾਣਾਂ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ

ਪਾਕਿਸਤਾਨ ਵਿੱਚ ਛੇ ਹਵਾਈ ਅੱਡਿਆਂ ਤੋਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਚੰਡੀਗੜ੍ਹ, ਪਠਾਨਕੋਟ, ਹਲਵਾਰਾ ਹਵਾਈ ਅੱਡਿਆਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ।

ਅੰਮ੍ਰਿਤਸਰ, ਸ੍ਰੀਨਗਰ, ਜੰਮੂ ਅਤੇ ਲਾਹੌਰ ਤੋਂ ਉਡਾਣਾਂ ਬੰਦ

ਪੀਟੀਆ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਸ਼੍ਰੀਨਗਰ,ਜੰਮੂ ਅੰਮ੍ਰਿਤਸਰ, ਪਠਾਨਕੋਟ, ਸ਼ਿਮਲਾ, ਕਾਂਗੜਾ, ਕੁੱਲੂ -ਮਨਾਲੀ, ਲੇਹ, ਹਵਾਈ ਅੱਡਿਆਂ ਤੋਂ ਫਿਲਹਾਲ ਗੈਰ-ਫੋਜੀ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਜੰਮੂ ਲੇਹ ਅਤੇ ਸ਼੍ਰੀਨਗਰ ਨੂੰ ਜਾ ਰਹੀਆਂ ਕੁਝ ਉਡਾਣਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਪੰਜਾਬ ਦੇ ਸਰਹੱਦੀ ਜਿਲ੍ਹੇ ਫਿਰੋਜ਼ਪੁਰ, ਤਰਨਤਾਰਨ, ਗੁਰਦਾਸਪੁਰ, ਅੰਮ੍ਰਿਤਸਰ ਤੇ ਫ਼ਾਜ਼ਿਲਕਾ ਮੰਗਲਵਾਰ ਵਿੱਚ ਤੋਂ ਹੀ ਹਾਈ ਅਲਰਟ ਹੈ।

ਪਾਕਿਸਤਾਨ ਵਿੱਚ ਲਾਹੋਰ, ਇਸਲਾਮਾਬਾਦ,ਫੈਸਲਾਬਾਦ, ਮੁਲਤਾਨ, ਸਿਆਲਕੋਟ ਤੇ ਪਿਸ਼ਾਵਰ ਹਵਾਈ ਅੱਡਿਆਂ ’ਤੇ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਜੰਮੂ- ਕਸ਼ਮੀਰ ਐੱਲਓਸੀ ’ਤੇ ਤਣਾਅ

ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਇੱਕ-ਦੂਜੇ ਉੱਪਰ ਸੰਘਰਸ਼ ਵਿਰਾਮ ਦੀ ਉਲੰਘਣਾ ਦਾ ਇਲਜ਼ਾਮ ਲਗਾਇਆ ਹੈ।

ਸਵੇਰੇ ਹੋਏ ਬਾਲਾਕੋਟ ਏਅਰ ਸਟਰਾਈਕ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਕੋਟਲੀ ਸੈਕਟਰ ਵਿੱਚ ਭਾਰਤ ਵੱਲੋਂ ਕੀਤੀ ਗੋਲੀਬਾਰੀ ਵਿੱਚ ਚਾਰ ਮੌਤਾਂ — ਤਿੰਨ ਔਰਤਾਂ ਤੇ ਇੱਕ ਬੱਚਾ — ਦੀ ਰਿਪੋਰਟ ਹੈ। ਕਈ ਲੋਕ ਜ਼ਖਮੀ ਵੀ ਹੋਏ ਹਨ।

ਅਧਿਕਾਰੀਆਂ ਮੁਤਾਬਕ ਭਾਰਤੀ ਸੁਰੱਖਿਆ ਬਲਾਂ ਨੇ ਕੰਟਰੋਲ ਰੇਖਾ 'ਤੇ ਰਵਾਕੋਟ, ਭਾਂਬਰ, ਚਾਕੋਤ ਅਤੇ ਕੋਟਲੀ ਵਿੱਚ ਮਸ਼ੀਨਗਨ ਨਾਲ ਗੋਲੀਆਂ ਚਲਾਈਆਂ ਅਤੇ ਕਈ ਗੋਲੇ (ਮੋਰਟਾਰ) ਵੀ ਵਰਤੇ।

ਇਹ ਜ਼ਰੂਰ ਪੜ੍ਹੋ

ਕੋਟਲੀ ਵਿੱਚ ਸਭ ਤੋਂ ਜ਼ਿਆਦਾ ਅਸਰ ਹੋਇਆ।

ਭਾਰਤ ਨੇ ਪਾਕਿਸਤਾਨ ਉੱਪਰ ਸੀਜ਼ਫਾਇਰ ਦੀ ਉਲੰਘਣਾ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਸ ਪਾਸਿਓਂ ਅਖਨੂਰ, ਨੌਸ਼ੇਰਾ ਅਤੇ ਕ੍ਰਿਸ਼ਨਾ ਘਾਟੀ ਸੈਕਟਰ ਵਿੱਚ ਗੋਲੀਬਾਰੀ ਹੋਈ।

ਭਾਰਤੀ ਫੌਜ ਦੇ ਅਧਿਕਾਰਤ ਬਿਆਨ ਮੁਤਾਬਕ, "ਇਹ (ਸੰਘਰਸ਼ ਵਿਰਾਮ ਦੀ ਉਲੰਘਣਾ) ਭਾਰਤੀ ਸਮੇਂ ਅਨੁਸਾਰ ਸ਼ਾਮ 5.30 ਵਜੇ ਸ਼ੁਰੂ ਹੋਈ। ਪਾਕਿਸਤਾਨ ਨੇ ਬਿਨਾਂ ਕਿਸੇ ਉਕਸਾਹਟ ਦੇ ਭਾਰੀ ਗੋਲੀਬਾਰੀ ਕੀਤੀ। ਭਾਰਤੀ ਫੌਜ ਮਜ਼ਬੂਤੀ ਅਤੇ ਪ੍ਰਭਾਵੀ ਤਰੀਕੇ ਨਾਲ ਜਵਾਬ ਦੇ ਰਹੀ ਹੈ।"

ਇਹ ਵੀਡੀਓ ਜ਼ਰੂਰ ਦੇਖੋ

ਅਧਿਕਾਰੀਆਂ ਮੁਤਾਬਕ ਪੰਜ ਜਵਾਨ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਸੈਨਿਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਪੁੰਛ ਤੇ ਰਾਜੌਰੀ 'ਚ ਕੰਟਰੋਲ ਰੇਖਾ ਤੋਂ ਪੰਜ ਕਿਲੋਮੀਟਰ ਦੇ ਅੰਦਰ ਸਾਰੇ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਹਨ।

ਭਾਰਤ ਵੱਲੋਂ ਕਾਰਵਾਈ 14 ਫ਼ਰਵਰੀ ਇੱਕ ਅੱਤਵਾਦੀ ਹਮਲੇ ਦੇ ਜਵਾਬ ਵਜੋਂ ਕੀਤੀ ਗਈ ਸੀ। ਭਾਰਤ-ਸ਼ਾਸਤ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਹੋਏ ਇਸ ਅੱਤਵਾਦੀ ਹਮਲੇ 'ਚ 44 ਸੁਰੱਖਿਆ ਕਰਮੀ ਮਾਰੇ ਗਏ ਸਨ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)