You’re viewing a text-only version of this website that uses less data. View the main version of the website including all images and videos.
ਪਾਕਿਸਤਾਨ-ਭਾਰਤ ਤਣਾਅ : ਬਾਲਾਕੋਟ 'ਚ ਭਾਰਤੀ ਏਅਰ ਸਟਰਾਈਕ ਦੀਆਂ ਇਹ ਫੇਕ ਫੋਟੋਆਂ ਤੁਹਾਡੇ ਕੋਲ ਤਾਂ ਨਹੀਂ ਆਈਆਂ
- ਲੇਖਕ, ਫੈਕਟ ਚੈੱਕ ਟੀਮ
- ਰੋਲ, ਬੀਬੀਸੀ ਨਿਊਜ਼
ਸੋਸ਼ਲ ਮੀਡੀਆ 'ਤੇ ਵੱਡੇ ਪੱਧਰ ਉੱਤੇ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਕਥਿਤ ਤੌਰ 'ਤੇ ਪੁਲਵਾਮਾ ਹਮਲੇ ਦਾ ਬਦਲਾ ਲੈਣ ਲਈ ਭਾਰਤ ਵੱਲੋਂ ਪਾਕਿਸਤਾਨ ਵਿੱਚ ਕੀਤੇ ਗਏ ਹਵਾਈ ਹਮਲੇ ਨੂੰ ਦਿਖਾਇਆ ਗਿਆ ਹੈ।
ਭਾਰਤੀ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਪੁਸ਼ਟੀ ਕੀਤੀ ਹੈ ਕਿ ਮੰਗਲਵਾਰ ਤੜਕੇ ਭਾਰਤ ਨੇ ਇੱਕ ਮੁਹਿੰਮ ਚਲਾ ਕੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਪਾਕਿਸਤਾਨ ਵਿੱਚ ਬਾਲਾਕੋਟ ਸਥਿਤ ਸਭ ਤੋਂ ਵੱਡੇ ਟ੍ਰੇਨਿੰਗ ਕੈਂਪ ਨੂੰ ਨਿਸ਼ਾਨਾ ਬਣਾਇਆ।
ਰਾਹੁਲ ਗਾਂਧੀ, ਮਮਤਾ ਬੈਨਰਜੀ ਅਤੇ ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾਵਾਂ ਨੇ ਹਵਾਈ ਹਮਲੇ ਲਈ ਭਾਰਤੀ ਹਵਾਈ ਫੌਜ ਨੂੰ ਵਧਾਈ ਦਿੱਤੀ ਹੈ।
ਵਿਜੇ ਗੋਖਲੇ ਨੇ ਹਮਲੇ ਨਾਲ ਸੰਬਧਿਤ ਕੋਈ ਤਸਵੀਰ ਜਾਰੀ ਨਹੀਂ ਕੀਤੀ ਪਰ ਹਿੰਦੂਤਵੀ ਰੁਝਾਨ ਵਾਲੇ ਕਈ ਸੋਸ਼ਲ ਮੀਡੀਆ ਪੇਜਾਂ 'ਤੇ ਤਸਵੀਰਾਂ ਜਾਰੀ ਕਰਦੇ ਹੋਏ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਹਵਾਈ ਹਮਲੇ ਦੀਆਂ ਤਸਵੀਰਾਂ ਹਨ।
ਇਹ ਵੀ ਪੜ੍ਹੋ:
ਫੇਸਬੁੱਕ ਗਰੁੱਪ ਅਤੇ ਵੱਟਸਐਪ ਗਰੁੱਪ ਵਿੱਚ ਇਹ ਤਸਵੀਰਾਂ ਹਜ਼ਾਰਾਂ ਵਾਰ ਸ਼ੇਅਰ ਕੀਤੀਆਂ ਗਈਆਂ ਹਨ।
ਹਾਲਾਂਕਿ, ਸਾਂਝੀਆ ਕੀਤੀਆਂ ਜਾ ਰਹੀਆਂ ਤਸਵੀਰਾਂ ਦਾ ਹਵਾਈ ਹਮਲੇ ਨਾਲ ਕੋਈ ਸਬੰਧ ਨਹੀਂ ਹੈ।
ਤਸਵੀਰ 1
ਇੱਕ ਤਸਵੀਰ ਇਸ ਦਾਅਵੇ ਦੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਕਿ ਇਹ ਜੈਸ਼-ਏ-ਮੁਹੰਮਦ ਦੇ ਸੰਸਥਾਪਕ ਮਸੂਦ ਅਜ਼ਹਰ ਦਾ ਕੰਟਰੋਲ ਰੂਮ ਅਤੇ ਟ੍ਰੇਨਿੰਗ ਕੈਂਪ ਹੈ। ਇਸੇ ਮਹੀਨੇ ਪੁਲਵਾਮਾ ਵਿੱਚ ਸੀਆਰਪੀਐੱਫ਼ ਦੇ ਕਾਫ਼ਲੇ 'ਤੇ ਹੋਏ ਹਮਲੇ ਦੀ ਜ਼ਿੰਮੇਦਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ।
ਇਸ ਤਸਵੀਰ ਦੇ ਕੈਪਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਖ਼ਿਲਾਫ਼ ਭਾਰਤੀ ਹਵਾਈ ਫੌਜ ਦਾ ਪਹਿਲੀ ਵਾਰ ਇਸਤੇਮਾਲ ਕੀਤਾ ਗਿਆ ਹੈ। ਪਰ ਸਾਲ 1971 ਦੇ ਭਾਰਤ-ਪਾਕਿਸਤਾਨ ਯੁੱਧ ਵਿੱਚ ਵੀ ਭਾਰਤੀ ਹਵਾਈ ਫੌਜ ਦੀ ਵਰਤੋਂ ਕੀਤੀ ਗਈ ਸੀ।
ਵਾਇਰਲ ਹੋਈ ਇਹ ਤਸਵੀਰ ਫਰਵਰੀ ਵਿੱਚ ਰਾਜਸਥਾਨ ਦੇ ਪੋਖਰਣ 'ਚ ਹੋਏ ਭਾਰਤੀ ਹਵਾਈ ਫੌਜ ਦੀ ਵੱਡੀ ਮੁਹਿੰਮ ''ਵਾਯੂ ਸ਼ਕਤੀ-2019'' ਜਾਂ ਏਅਰ ਪਾਵਰ ਦੌਰਾਨ ਲਈ ਗਈ ਸੀ। ਇਹ ਤਸਵੀਰ ਐਸੋਸੀਏਟ ਪ੍ਰੈੱਸ (ਏਪੀ) ਦੇ ਅਜੀਤ ਸੋਲੰਕੀ ਨੇ ਲਈ ਸੀ।
ਤਸਵੀਰ 2
ਇੱਕ ਦੂਜੀ ਤਸਵੀਰ ਨੂੰ "ਪੁਲਵਾਮਾ ਦੇ ਬਦਲੇ" ਦੇ ਸਬੂਤ ਦੇ ਤੌਰ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵਿੱਚ ਇੱਕ ਜਹਾਜ਼ ਨੂੰ ਬੰਬ ਸੁੱਟਦੇ ਹੋਏ ਵਿਖਾਇਆ ਗਿਆ ਹੈ।
ਹਾਲਾਂਕਿ, ਇਸ ਤਸਵੀਰ ਦਾ ਭਾਰਤ ਜਾਂ ਪਾਕਿਸਤਾਨ ਨਾਲ ਕੋਈ ਸਬੰਧ ਨਹੀਂ ਹੈ।
ਇਹ ਵੀ ਪੜ੍ਹੋ:
ਇਹ ਤਸਵੀਰ ਸਾਲ 2014 ਵਿੱਚ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ। ਉਦੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਹ ਤਸਵੀਰ ਗਜ਼ਾ ਵਿੱਚ ਇਸਰਾਇਲ ਦੇ ਹਮਲੇ 'ਆਪ੍ਰੇਸ਼ਨ ਪ੍ਰੋਟੈਕਿਟਵ ਐਜ਼' ਦੇ ਦੌਰਾਨ ਲਈ ਗਈ ਸੀ।
ਹਾਲਾਂਕਿ, ਇਹ ਤਸਵੀਰ ਇੱਕ ਖਿਆਲੀ ਤਸਵੀਰ ਹੈ। ਇਸੇ ਰੋਮ ਦੇ ਪੱਤਰਕਾਰ ਡੇਵਿਡ ਸੇਨਸਿਓਤੀ ਦੇ ਬਲਾਗ
'ਦਿ ਏਵੀਏਸ਼ਨਿਸਟ' ਲਈ ਖਾਸ ਤੌਰ 'ਤੇ ਬਣਾਇਆ ਗਿਆ ਸੀ। ਇਹ ਤਸਵੀਰ 2012 ਵਿੱਚ ਤਿਆਰ ਕੀਤੀ ਗਈ ਸੀ। ਇਸ ਵਿੱਚ ਦੱਸਿਆ ਗਿਆ ਸੀ ਕਿ F-15 ਜ਼ਰੀਏ ਤਹਿਰਾਨ ਸਥਿਤ ਇੱਕ ਪਰਮਾਣੂ ਪਲਾਂਟ 'ਤੇ ਹਮਲਾ ਕੀਤਾ ਜਾਵੇ ਤਾਂ ਕਿਵੇਂ ਦਾ ਦ੍ਰਿਸ਼ ਹੋਵੇਗਾ।
ਤਸਵੀਰ 3
ਤੀਜੀ ਤਸਵੀਰ ਇੱਕ ਸੈਟੇਲਾਈਟ ਈਮੇਜ ਹੈ। ਇਸਦਾ ਕੈਪਸ਼ਨ ਹੈ, ''ਨਵੇਂ ਕਬਰੀਸਤਾਨ ਲਈ ਪਾਕਿਸਤਾਨ ਨੂੰ ਵਧਾਈ।''
ਸ਼ੇਅਰ ਕੀਤੀ ਜਾ ਰਹੀ ਇਹ ਤਸਵੀਰ ਅਪ੍ਰੈਲ 2018 ਦੀ ਹੈ। ਇਹ ਤਸਵੀਰ ਸੀਰੀਆ ਦੇ ''ਹਿਮ ਸ਼ਿਨਸ਼ਾਰ ਕੈਮੀਕਲ ਵੈਪਨਜ਼ ਨਾਲ ਹੋਏ ਨੁਕਸਾਨ ਦੇ ਸ਼ੁਰੂਆਤੀ ਅਨੁਮਾਨ ਨੂੰ ਦਿਖਾਉਂਦੀ ਹੈ। ਇਸ ਤਸਵੀਰ ਦਾ ਕ੍ਰੈਡਿਟ ਐਸੋਸੀਏਟ ਪ੍ਰੈੱਸ ਨੂੰ ਦਿੱਤਾ ਗਿਆ ਹੈ।
ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਦੇ ਮੁਤਾਬਕ ਉਨ੍ਹਾਂ ਦੀ ਹਵਾਈ ਫੌਜ ਅਤੇ ਨੇਵੀ ਨੇ ਸੀਰੀਆ ਦੀਆਂ ਤਿੰਨ ਮੁੱਖ ਸਾਈਟਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 105 ਮਿਸਾਲਾਂ ਦਾਗੀਆਂ ਗਈਆਂ। ਇਹ ਕਥਿਤ ਤੌਰ 'ਤੇ ਸੀਰੀਆ ਦੇ ''ਰਸਾਇਣ ਹਥਿਆਰਾਂ ਦੇ ਢਾਂਚੇ'' ਖ਼ਿਲਾਫ਼ ਕਾਰਵਾਈ ਸੀ।
ਤਸਵੀਰ 4
ਹਵਾਈ ਹਮਲੇ ਦੀ ਇੱਕ ਹੋਰ ਤਸਵੀਰ ਵੱਡੇ ਪੱਧਰ 'ਤੇ ਸ਼ੇਅਰ ਕੀਤੀ ਜਾ ਰਹੀ ਹੈ। ਇਸ ਤਸਵੀਰ ਬੀਤੇ ਹਫ਼ਤੇ ਭਾਰਤੀ ਹਵਾਈ ਫੌਜ ਦੇ ਪੋਖਰਣ ਵਿੱਚ ਹੋਏ ਅਭਿਆਸ ਦੌਰਾਨ ਲਈ ਗਈ ਸੀ।
ਇਹ ਵੀ ਪੜ੍ਹੋ:
ਇਹ ਅਭਿਆਸ 14 ਫਰਵਰੀ 2019 ਨੂੰ ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਹਮਲੇ ਦੇ ਦੋ ਦਿਨ ਬਾਅਦ ਹੋਇਆ। ਇਹ ਤਸਵੀਰ ਰਾਇਟਰਸ ਦੇ ਅਮਿਤ ਦਵੇ ਨੇ ਲਈ ਹੈ।
(ਅਜਿਹੀਆਂ ਖ਼ਬਰਾਂ, ਵੀਡੀਓ, ਤਸਵੀਰਾਂ ਜਾਂ ਦਾਅਵੇ ਤੁਹਾਡੇ ਕੋਲ ਵੀ ਆਉਂਦੇ ਹਨ, ਜਿਨ੍ਹਾਂ 'ਤੇ ਤੁਹਾਨੂੰ ਸ਼ੱਕ ਹੈ ਤਾਂ ਉਨ੍ਹਾਂ ਦੀ ਸੱਚਾਈ ਜਾਣਨ ਲਈ ਤੁਸੀਂ +91-9811520111 'ਤੇ ਵੱਟਐਪ ਜ਼ਰੀਏ ਉਨ੍ਹਾਂ ਨੂੰ BBC News ਨੂੰ ਭੇਜੋ ਜਾਂ ਇੱਥੇ ਕਲਿੱਕ ਕਰੋ)
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ