ਪਾਕਿਸਤਾਨ-ਭਾਰਤ ਤਣਾਅ: ਕਸ਼ਮੀਰ ਮਸਲਾ ਵਾਰ-ਵਾਰ ਭਾਰਤ ਤੇ ਪਾਕਿਸਤਾਨ ’ਚ ਜੰਗ ਦਾ ਮੁੱਦਾ ਕਿਉਂ ਬਣਦਾ ਹੈ

ਕਸ਼ਮੀਰ ਦੁਨੀਆਂ 'ਚ ਸਭ ਤੋਂ ਵੱਧ ਫੌਜੀ ਤਾਇਨਾਤੀ ਵਾਲੇ ਖਿੱਤਿਆਂ ਵਿੱਚੋਂ ਇੱਕ ਹੈ ਅਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਲਗਾਤਾਰ ਇੱਕ ਮਸਲਾ ਹੈ।

ਭਾਰਤ ਵੱਲੋਂ ਪਾਕਿਸਤਾਨ ਵਿੱਚ ਕਥਿਤ ਅੱਤਵਾਦੀ ਟ੍ਰੇਨਿੰਗ ਕੈਂਪ ਉੱਪਰ ਮੰਗਲਵਾਰ, 26 ਫ਼ਰਵਰੀ ਨੂੰ ਹਵਾਈ ਹਮਲੇ ਤੋਂ ਬਾਅਦ ਮਾਮਲਾ ਮੁੜ ਇੱਕ ਗੰਭੀਰ ਮੋੜ 'ਤੇ ਆ ਕੇ ਖੜ੍ਹਾ ਹੈ।

ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ 14 ਫ਼ਰਵਰੀ ਨੂੰ (ਭਾਰਤ-ਸ਼ਾਸਤ) ਕਸ਼ਮੀਰ ਵਿੱਚ ਹੋਏ ਇੱਕ ਅੱਤਵਾਦੀ ਹਮਲੇ ਦੇ ਬਦਲੇ ਵਜੋਂ ਜੈਸ਼-ਏ-ਮੁਹੰਮਦ ਸੰਗਠਨ ਦੇ ਸਭ ਤੋਂ ਵੱਡੇ ਕੈਂਪ ਉੱਪਰ ਬੰਬ ਸੁੱਟੇ ਹਨ।

ਪਾਕਿਸਤਾਨ ਨੇ ਕਿਹਾ ਹੈ ਕਿ ਹੁਣ ਉਹ ਆਪਣੀ ਮਰਜ਼ੀ ਦੀ ਥਾਂ ਅਤੇ ਮੌਕੇ 'ਤੇ ਜਵਾਬੀ ਕਾਰਵਾਈ ਕਰੇਗਾ।

ਇਸ ਘਟਨਾਕ੍ਰਮ ਵਿੱਚ ਇਹ ਤੱਥ ਵੀ ਜ਼ਰੂਰੀ ਹੈ ਕਿ ਇਸ ਖਿੱਤੇ ਵਿੱਚ 2018 ਵਿੱਚ ਦਹਾਕੇ ਦੀ ਸਭ ਤੋਂ ਜ਼ਿਆਦਾ ਹਿੰਸਾ ਵੇਖੀ ਗਈ। ਇਸ ਹਿੰਸਾ ਵਿੱਚ 500 ਵਿਅਕਤੀ ਮਾਰੇ ਗਏ ਜਿਨ੍ਹਾਂ ਵਿੱਚ ਅੱਤਵਾਦੀ, ਸੁਰੱਖਿਆ ਬਲ ਅਤੇ ਆਮ ਨਾਗਰਿਕ ਸ਼ਾਮਲ ਸਨ।

ਕਸ਼ਮੀਰ ਵਿੱਚ ਮੌਜੂਦਾ ਹਾਲਾਤ ਖ਼ਤਰਨਾਕ ਕਿਉਂ?

ਬ੍ਰਿਟਿਸ਼ ਹਕੂਮਤ ਤੋਂ ਮਿਲੀ ਆਜ਼ਾਦੀ ਵੇਲੇ ਤੋਂ ਹੀ ਭਾਰਤ ਤੇ ਪਾਕਿਸਤਾਨ 'ਚ ਕਸ਼ਮੀਰ ਇੱਕ ਭਖਵਾਂ ਮੁੱਦਾ ਰਿਹਾ ਹੈ। ਫਿਲਹਾਲ ਇਸ ਦਾ ਕੁਝ ਹਿੱਸਾ ਭਾਰਤ ਕੋਲ ਹੈ, ਕੁਝ ਪਾਕਿਸਤਾਨ ਕੋਲ ਅਤੇ ਕੁਝ ਤਾਂ ਚੀਨ ਕੋਲ ਵੀ ਹੈ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤਿਆਂ ਵਿੱਚ ਕੋਈ ਨਰਮੀ ਆਉਣ ਦੀ ਉਮੀਦ ਘੱਟ ਹੈ।

ਇਹ ਵੀ ਜ਼ਰੂਰ ਪੜ੍ਹੋ

ਇਸ ਪਰਿਪੇਖ ਵਿੱਚ ਇਹ ਸਭ ਤੋਂ ਖ਼ਤਰਨਾਕ ਪੱਖ ਹੈ ਕਿ ਭਾਰਤ ਅਤੇ ਪਾਕਿਸਤਾਨ, ਦੋਵੇਂ ਮੁਲਕਾਂ ਕੋਲ ਐਟਮੀ ਹਥਿਆਰ ਹਨ ਜੋ ਕਿ ਮਨੁੱਖੀ ਹੌਂਦ ਨੂੰ ਹੀ ਖਤਰੇ ਵਿੱਚ ਪਾ ਸਕਦੇ ਹਨ।

ਕਸ਼ਮੀਰ ਮਸਲੇ ਦਾ ਜ਼ਿਆਦਾਤਰ ਸੰਤਾਪ ਉੱਥੇ ਦੇ ਲੋਕਾਂ ਨੇ ਹੀ ਭੋਗਿਆ ਹੈ, ਹਾਲਾਂਕਿ ਬਾਕੀ ਖਿੱਤੇ ਵਿੱਚ ਵੀ ਇਸ ਦਾ ਅਸਰ ਹੁੰਦਾ ਹੈ।

ਇਸ ਉੱਪਰ ਹੀ 1947 ਅਤੇ 1965 ਦੀਆਂ ਜੰਗਾਂ ਵੀ ਹੋਈਆਂ ਹਨ। ਹਿੰਸਾ ਵਿੱਚ ਅਣਗਿਣਤ ਹਮਲੇ ਵੀ ਸ਼ਾਮਲ ਹਨ।

ਇਸੇ ਕਰਕੇ ਹੁਣ ਕਸ਼ਮੀਰ ਦੇ ਅਰਥਚਾਰੇ ਨੂੰ ਕਮਜ਼ੋਰ ਆਖਿਆ ਜਾ ਸਕਦਾ ਹੈ ਅਤੇ ਨੌਕਰੀਆਂ ਦੀ ਵੀ ਘਾਟ ਹੈ। ਸਿਆਸੀ ਪੱਧਰ 'ਤੇ ਮਸਲਾ ਬਹੁਤ ਗੰਭੀਰ ਬਣ ਚੁੱਕਿਆ ਹੈ। ਬ੍ਰਿਟਿਸ਼ ਪਾਰਲੀਮੈਂਟ ਦੇ ਮੈਂਬਰ ਅਤੇ ਕਸ਼ਮੀਰ ਬਾਰੇ ਵਿਸ਼ਲੇਸ਼ਕ ਨਜ਼ੀਰ ਅਹਿਮਦ ਮੁਤਾਬਕ ਇਸੇ ਕਰਕੇ ਇਹ ਅੱਤਵਾਦੀਆਂ ਲਈ ਜ਼ਰਖੇਜ਼ ਜ਼ਮੀਨ ਹੈ।

ਮਾਹਿਰ ਇਹ ਵੀ ਕਹਿੰਦੇ ਹਨ ਕਿ ਜੇ ਕਸ਼ਮੀਰ ਉੱਪਰ ਧਿਆਨ ਨਾ ਦਿੱਤਾ ਗਿਆ ਤਾਂ ਅਫ਼ਗਾਨਿਸਤਾਨ ਵਰਗੇ ਨੇੜਲੇ ਮੁਲਕਾਂ ਵਿੱਚ ਇਸਲਾਮਿਕ ਸਟੇਟ ਅਤੇ ਤਾਲਿਬਾਨ ਅੱਤਵਾਦੀ ਸੰਗਠਨਾਂ ਉੱਤੇ ਕਾਬੂ ਪਾਉਣਾ ਮੁਸ਼ਕਲ ਰਹੇਗਾ।

ਇੱਥੇ ਰਾਜ ਕਿਸ ਦਾ ਹੈ?

ਬ੍ਰਿਟਿਸ਼ ਰਾਜ ਮੁੱਕਣ ਤੋਂ ਪਹਿਲਾਂ ਹੀ ਭਾਰਤ ਵਿੱਚ ਕਸ਼ਮੀਰ ਉੱਤੇ ਨਹਿਸ ਸ਼ੁਰੂ ਹੋ ਗਈ ਸੀ। ਜਦੋਂ ਭਾਰਤ ਦੀ ਵੰਡ ਕਰ ਕੇ ਮੁਸਲਿਮ ਬਹੁਗਿਣਤੀ ਵਾਲਾ ਪਾਕਿਸਤਾਨ ਬਣਾਇਆ ਗਿਆ ਤਾਂ ਇਹ ਮਾਮਲਾ ਫਸਵਾਂ ਸੀ।

ਕਸ਼ਮੀਰ ਰਿਆਸਤ ਦੇ ਮਹਾਰਾਜਾ ਹਰੀ ਸਿੰਘ ਕੋਲ ਇਹ ਵਿਕਲਪ ਸੀ ਕਿ ਉਹ ਭਾਰਤ ਤੇ ਪਾਕਿਸਤਾਨ ਵਿੱਚੋਂ ਕਿਸੇ ਨੂੰ ਵੀ ਚੁਣ ਲਵੇ। ਉਸ ਵੇਲੇ ਲੋਕਾਂ ਕੋਲੋਂ ਰਾਇਸ਼ੁਮਾਰੀ ਕਰਾਉਣ ਦਾ ਕੋਈ ਵਿਕਲਪ ਨਹੀਂ ਸੀ। ਮਹਾਰਾਜਾ ਨੇ ਭਾਰਤ ਵਿੱਚ ਰਲਣ ਦਾ ਫੈਸਲਾ ਕੀਤਾ ਅਤੇ ਇਸ ਤੋਂ ਬਾਅਦ ਦੋ ਸਾਲ ਪਾਕਿਸਤਾਨ ਤੇ ਭਾਰਤ ਦੀ ਜੰਗ ਚੱਲਦੀ ਰਹੀ।

ਜਦੋਂ ਯੁੱਧ-ਵਿਰਾਮ ਲੱਗਿਆ ਤਾਂ ਪਾਕਿਸਤਾਨ ਨੇ ਆਪਣੀ ਫੌਜ ਵਾਪਸ ਲਿਜਾਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਸ਼ਮੀਰ ਦੇ ਦੋ ਹਿੱਸੇ ਹੋ ਕੇ ਰਹਿ ਗਏ।

ਇੱਧਰ ਭਾਰਤ ਤੇ ਪਾਕਿਸਤਾਨ ਖਹਿਬੜ ਰਹੇ ਸਨ ਤਾਂ ਚੀਨ ਨੇ ਪੂਰਬੀ ਪਾਸਿਓਂ ਕਸ਼ਮੀਰ ਦੇ ਇੱਕ ਹਿੱਸੇ ਉੱਪਰ 1950ਵਿਆਂ ਵਿੱਚ ਕਬਜ਼ਾ ਕਰ ਲਿਆ। ਚੀਨ ਇਸ ਨੂੰ ਅਕਸਾਈ ਚਿਨ ਆਖਦਾ ਹੈ।

ਇਹ ਵੀ ਜ਼ਰੂਰ ਪੜ੍ਹੋ

ਭਾਰਤ ਤੇ ਪਾਕਿਸਤਾਨ ਦੀ ਦੂਜੀ ਜੰਗ 1965 ਵਿੱਚ ਹੋਈ, ਫਿਰ ਉਸ ਤੋਂ ਬਾਅਦ ਕਸ਼ਮੀਰ ਦੇ ਅੰਦਰ ਵਧਦੇ ਵਿਦਰੋਹ ਅਤੇ ਪਾਕਿਸਤਾਨ ਵੱਲੋਂ ਅੱਤਵਾਦ ਨੂੰ ਦਿੱਤੇ ਹੁੰਗਾਰੇ ਕਰਕੇ ਹਾਲਾਤ 1990ਵਿਆਂ ਤੱਕ ਬਹੁਤ ਖਰਾਬ ਹੋ ਗਏ।

ਸਾਲ 1999 ਵਿੱਚ ਦੋਵਾਂ ਮੁਲਕਾਂ ਦਾ ਸੈਨਿਕ ਮੁਕਾਬਲਾ ਕਾਰਗਿਲ ਵਿੱਚ ਹੋਇਆ। ਉਸ ਵੇਲੇ ਤੱਕ ਦੋਵੇਂ ਐਟਮੀ ਹਥਿਆਰਾਂ ਦੇ ਮਾਲਕ ਬਣ ਚੁੱਕੇ ਸਨ।

ਹਜ਼ਾਰਾਂ ਲੋਕ ਇਸ ਮਸਲੇ ਕਰਕੇ ਮਾਰੇ ਜਾ ਚੁੱਕੇ ਹਨ।

ਕਸ਼ਮੀਰੀ ਚਾਹੁੰਦੇ ਕੀ ਹਨ?

1950ਵਿਆਂ ਤੋਂ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਕਸ਼ਮੀਰ ਵਿੱਚ ਰਾਇਸ਼ੁਮਾਰੀ ਕਰਵਾ ਕੇ ਫੈਸਲਾ ਹੋਣਾ ਚਾਹੀਦਾ ਹੈ।

ਭਾਰਤ ਨੇ ਇਸ ਦਾ ਸ਼ੁਰੂ ਵਿੱਚ ਤਾਂ ਸਮਰਥਨ ਕੀਤਾ ਸੀ ਪਰ ਹੁਣ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਵਾਰ-ਵਾਰ ਹੁੰਦੀਆਂ ਚੋਣਾਂ ਵਿੱਚ ਵੋਟ ਪਾ ਕੇ ਕਸ਼ਮੀਰੀਆਂ ਨੇ ਇਹ ਕਹਿ ਦਿੱਤਾ ਹੈ ਕਿ ਉਹ ਭਾਰਤ ਨਾਲ ਹਨ।

ਪਾਕਿਸਤਾਨ ਇਸ ਗੱਲ ਨੂੰ ਨਹੀਂ ਮੰਨਦਾ। ਉਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਕਸ਼ਮੀਰ ਨਹੀਂ ਚੌਂਦੇ ਕਿ ਭਾਰਤ ਉਨ੍ਹਾਂ ਉੱਪਰ ਰਾਜ ਕਰੇ, ਸਗੋਂ ਆਜ਼ਾਦੀ ਜਾਂ ਪਾਕਿਸਤਾਨ ਦੇ ਪੱਖ ਵਿੱਚ ਹਨ।

ਭਾਰਤ-ਸ਼ਾਸਤ ਜੰਮੂ-ਕਸ਼ਮੀਰ ਸੂਬੇ ਦੀ 60 ਫ਼ੀਸਦੀ ਜਨਸੰਖਿਆ ਮੁਸਲਮਾਨ ਹੈ, ਜੋ ਇਸ ਨੂੰ ਆਪਣੇ ਆਪ 'ਚ ਵਿਲੱਖਣ ਬਣਾਉਂਦੀ ਹੈ ਕਿਉਂਕਿ ਭਾਰਤ ਵਿੱਚ ਹੋਰ ਕੋਈ ਅਜਿਹਾ ਸੂਬਾ ਨਹੀਂ ਹੈ।