#Balakot: ਸਿਰਫ਼ 7 ਜਣਿਆਂ ਨੂੰ ਹੀ ਪਤਾ ਸੀ ਹਵਾਈ ਹਮਲੇ ਦੀ ਟਾਇਮਿੰਗ -5 ਅਹਿਮ ਖ਼ਬਰਾਂ

ਦਾ ਹਿੰਦੋਸਤਾਨ ਟਾਇਮਜ਼ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਬਾਲਾਕੋਟ ਵਿਚ ਅੱਤਵਾਦੀ ਸੰਗਠਨ ਜੈਸ਼-ਏ-ਮੁੰਹਮਦ ਦੇ ਟ੍ਰੇਨਿੰਗ ਸੈਂਟਰ ਉੱਤੇ 26 ਫਰਬਰੀ ਨੂੰ ਭਾਰਤੀ ਹਵਾਈ ਫੌਜ ਦੇ ਹਮਲੇ ਦੀ ਜਾਣਕਾਰੀ ਸਿਰਫ਼ 7 ਜਣਿਆਂ ਨੂੰ ਹੀ ਸੀ।

ਅਖ਼ਬਾਰ ਦੀ ਰਿਪੋਰਟ ਮੁਤਾਬਕ ਪੁਲਵਾਮਾ ਹਮਲੇ ਤੋਂ ਬਾਅਦ ਇਸ ਦੀ ਜਿੰਮੇਵਾਰੀ ਲੈਣ ਵਾਲੇ ਅੱਤਵਾਦੀ ਸੰਗਠਨ ਦੇ ਠਿਕਾਣੇ ਦੀ ਨਿਸ਼ਾਨਦੇਹੀ ਕਰਨ ਦੀ ਜ਼ਿੰਮੇਵਾਰੀ ਖੁਫ਼ੀਆ ਏਜੰਸੀ ਰਾਅ ਨੂੰ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਮਲੇ ਦੀ ਮੰਨਜੂਰੀ 18 ਫਰਬਰੀ ਨੂੰ ਦਿੱਤੀ ਸੀ।

ਖੁਫ਼ੀਆ ਏਜੰਸੀ ਦੇ ਸੂਤਰਾਂ ਮੁਤਾਬਕ ਇਸ ਹਮਲੇ ਦੀ ਜਾਣਕਾਰੀ ਸਿਰਫ਼ ਸੱਤ ਜਣਿਆ ਨੂੰ ਹੀ ਸੀ। ਇਨ੍ਹਾਂ ਵਿਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ, ਤਿੰਨਾਂ ਸੈਨਾਵਾਂ ਦੇ ਮੁਖੀ ਅਤੇ ਆਈਬੀ ਤੇ ਰਾਅ ਦੇ ਪ੍ਰਮੁੱਖ ਸ਼ਾਮਿਲ ਸਨ।

22 ਫ਼ਰਬਰੀ ਨੂੰ ਹੀ ਹਵਾਈ ਫੌਜ ਦੇ ਲੜਾਕੂ ਜਹਾਜ਼ ਨੇ ਸਰਹੱਦ ਨੇੜਲੇ ਏਅਰਬੇਸ ਉੱਤੇ ਉਡਾਣ ਭਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਕਿ ਪਾਕਿਸਤਾਨ ਦਾ ਧਿਆਨ ਭਟਕਾਇਆ ਜਾ ਸਕੇ। 25 ਫਰਬਰੀ ਨੂੰ ਜੈਸ਼ ਦੇ ਕੈਂਪ ਵਿਚ 300-350 ਅੱਤਵਾਦੀਆਂ ਦੇ ਮੌਜੂਦ ਹੋਣ ਦੀ ਜਾਣਕਾਰੀ ਮਿਲੀ ਅਤੇ ਏਅਰਫੋਰਸ ਨੂੰ ਹਮਲੇ ਲਈ ਹਰੀ ਝੰਡੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ:

ਉੱਧਰ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਬਾਲਾਕੋਟ ਹਮਲੇ ਤੋਂ ਬਾਅਦ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਪੁਲਵਾਮਾ ਹਮਲੇ ਵਿੱਚ ਮਾਰੇ ਗਏ ਜਵਾਨਾਂ ਦਾ ਅਸਲ 'ਤੇਰਵੀਂ ਸ਼ਰਧ' ਅੱਜ ਹੈ।

ਉਨ੍ਹਾਂ ਕਿਹਾ ਕਿ ਦੁਨੀਆਂ ਹੁਣ ਤਾਕਤ ਦੀ ਭਾਸ਼ ਸਮਝ ਰਹੀ ਹੈ। ਉਨ੍ਹਾਂ ਕਿਹਾ,''ਪੁਲਵਾਮਾ ਹਮਲੇ ਵਿੱਚ ਮਾਰੇ ਗਏ 40 ਜਵਾਨਾਂ ਦਾ ਸਹੀ ਮਾਅਨੇ ਵਿੱਚ ਅੱਜ ਤੇਰਵੀਂ ਸ਼ਰਧ ਹੈ।''

ਇਸ ਤੋਂ ਇਲਾਵਾ ਹਮਲੇ ਦਾ ਹਵਾਲਾ ਦਿੰਦੇ ਹੋਏ ਅਮਿਤ ਸ਼ਾਹ ਨੇ ਬੀਤੇ ਦਿਨੀਂ ਲੋਕਾਂ ਨੂੰ ਅਪੀਲ ਕੀਤੀ ਕਿ ਮੋਦੀ ਨੂੰ ਵਾਪਿਸ ਲਿਆਓ।

ਸ਼ਾਹ ਨੇ ਕਿਹਾ ਕਿ ਮੋਦੀ ਤੋਂ ਇਲਾਵਾ ਦੂਜਾ ਹੋਰ ਕੋਈ ਲੀਡਰ ਨਹੀਂ ਜਿਹੜਾ ਅੱਤਵਾਦ ਨੂੰ ਬਰਦਾਸ਼ਤ ਨਾ ਕਰਦਾ ਹੋਵੇ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕਰਤਾਰਪੁਰ ਲਾਂਘੇ ਲਈ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਆਏ ਨੈਸ਼ਨਲ ਹਾਈਵੇਅ ਅਥਾਰਿਟੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਮੀਨ ਮਾਲਕ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਇਸ ਮੌਕੇ ਕਿਸੇ ਵੀ ਤਰ੍ਹਾਂ ਦੇ ਟਕਰਾਅ ਨੂੰ ਟਾਲਣ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੌਜੂਦ ਸਨ।

ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ।

ਕਿਸਾਨ ਸੰਘਰਸ਼ ਕਮੇਟੀ ਆਗੂਆਂ ਨੇ ਜ਼ਿਲ੍ਹਾ ਤਰਨਤਾਰਨ ਅਤੇ ਅੰਮ੍ਰਿਤਸਰ 'ਚ ਐਕੁਆਇਰ ਕੀਤੀ ਜ਼ਮੀਨ ਦੀਆਂ ਨਕਲਾਂ ਕਿਸਾਨਾਂ ਨੂੰ ਦਿਖਾਈਆਂ।

ਉਨ੍ਹਾਂ ਕਿਹਾ ਕਿ ਉੱਥੇ ਪ੍ਰਤੀ ਏਕੜ 70 ਤੋਂ 80 ਲੱਖ ਰੁਪਏ ਕਿਸਾਨਾਂ ਨੂੰ ਮਿਲੇ ਹਨ ਪਰ ਡੇਰਾ ਬਾਬਾ ਨਾਨਕ ਵਿਚ ਕਿਸਾਨਾਂ ਨੂੰ ਪ੍ਰਤੀ ਏਕੜ ਸਿਰਫ਼ 20 ਲੱਖ ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਪ੍ਰਤੀ ਏਕੜ ਇਕ ਕਰੋੜ ਰੁਪਏ ਦੀ ਮੰਗ ਕੀਤੀ।

ਬਜਟ ਸੈਸ਼ਨ ਦੇ ਆਖ਼ਰੀ ਦਿਨ ਪੰਜ ਬਿੱਲ ਪਾਸ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਅਖੀਰਲੇ ਦਿਨ ਅੱਧੇ ਘੰਟੇ ਦੇ ਅੰਦਰ ਪੰਜ ਬਿੱਲ ਪਾਸ ਕੀਤੇ ਗਏ। ਇਹ ਬਿੱਲ ਬਿਨਾ ਕਿਸੇ ਚਰਚਾ ਦੇ ਪਾਸ ਕੀਤੇ ਗਏ।

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪੇਸ਼ ਕੀਤੇ ਗਏ ਗੈਰਕਾਨੂੰਨੀ ਉਸਾਰੀਆਂ ਨੂੰ ਮਾਨਤਾ ਦੇਣ ਸਬੰਧੀ ਬਿੱਲ ਨੂੰ ਪ੍ਰਵਾਨਗੀ, ਮੈਂਬਰਾ ਦੀ ਤਨਖਾਹਾਂ ਅਤੇ ਭੱਤਿਆਂ ਵਿੱਚ ਬਦਲਾਅ ਕਰਨ ਸਬੰਧੀ ਬਿੱਲ, ਜਾਨਵਰਾਂ 'ਤੇ ਜ਼ੁਲਮ ਨੂੰ ਰੋਕਣ ਸਬੰਧੀ ਬਿੱਲ, ਅੰਮ੍ਰਿਤਸਰ ਵਾਲ ਸਿਟੀ ਅਤੇ ਭਾਰਤੀ ਸਟੈਂਪ ਸਬੰਧੀ ਪੰਜ ਬਿੱਲ ਪਾਸ ਕੀਤੇ ਗਏ।

ਆਮ ਆਦਮੀ ਪਾਰਟੀ ਦੇ ਵਿਧਾਇਕ ਇਨ੍ਹਾਂ ਬਿੱਲਾਂ 'ਤੇ ਚਰਚਾ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਇਸਦੀ ਇਜਾਜ਼ਤ ਨਹੀਂ ਦਿੱਤੀ ਗਈ।

ਖੁੱਲ੍ਹੀ ਅਦਾਲਤ 'ਚ ਹੋਵੇਗੀ ਰਫਾਲ ਮਾਮਲੇ ਦੀ ਸੁਣਵਾਈ

ਰਫ਼ਾਲ ਮਾਮਲੇ 'ਤੇ ਮੁੜ ਤੋਂ ਸੁਣਵਾਈ ਸ਼ੁਰੂ ਕਰਨ ਲਈ ਸੁਪਰੀਮ ਕੋਰਟ ਤਿਆਰ ਹੋ ਗਿਆ ਹੈ।

ਇਹ ਸੁਣਵਾਈ ਖੁੱਲ੍ਹੀ ਅਦਾਲਤ ਵਿੱਚ ਹੋਵੇਗੀ ਅਤੇ ਮਾਮਲੇ ਨਾਲ ਸੰਬਧਿਤ ਸਾਰੀਆਂ ਅਰਜ਼ੀਆਂ 'ਤੇ ਕੋਰਟ ਸੁਣਵਾਈ ਕਰੇਗੀ।

ਇਹ ਵੀ ਪੜ੍ਹੋ:

ਸੁਪਰੀਮ ਕੋਰਟ ਦੀ ਚੀਫ਼ ਜਸਟਿਸ ਰੰਜਨ ਗੋਗੋਈ ਨੇ ਚੈਂਬਰ ਵਿੱਚ ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਚੀਫ਼ ਜਸਟਿਸ, ਜਸਟਿਸ ਐਸ ਕੇ ਕੌਲ ਅਤੇ ਜਸਟਿਸ ਕੇਐਮ ਜੋਸੇਫ਼ ਦੀ ਬੈਂਚ ਨੇ ਇਹ ਫ਼ੈਸਲਾ ਲਿਆ।

ਟਰੰਪ-ਕਿਮ ਦੀ ਮੁਲਾਕਾਤ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਬੈਠਕ ਕਰਨ ਲਈ ਵੇਅਤਨਾਮ ਪਹੁੰਚ ਗਏ ਹਨ।

ਪਿਛਲੇ ਸਾਲ ਸਿੰਗਾਪੁਰ ਸੰਮੇਲਨ ਤੋਂ ਬਾਅਦ ਦੋਵਾਂ ਲੀਡਰਾਂ ਦੀ ਇਹ ਦੂਜੀ ਬੈਠਕ ਹੈ। ਕਿਮ ਜੋਂਗ ਉਨ ਪਹਿਲਾਂ ਹੀ ਟਰੇਨ ਅਤੇ ਕਾਰ ਰਾਹੀਂ ਹਨੋਈ ਪਹੁੰਚ ਗਏ ਹਨ।

ਦੋ ਦਿਨਾਂ ਤੱਕ ਚੱਲਣ ਵਾਲੀ ਇਸ ਬੈਠਕ ਵਿੱਚ ਬੁੱਧਵਾਰ ਨੂੰ ਦੋਵਾਂ ਲੀਡਰਾਂ ਕੋਰੀਆਈ ਪ੍ਰਾਇਦੀਪ ਵਿੱਚ ਪਰਮਾਣੂ ਖਤਰੇ ਨੂੰ ਘੱਟ ਕਰਨ 'ਤੇ ਹੋਏ ਵਿਕਾਸ ਬਾਰੇ ਗੱਲ ਕਰਨਗੇ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)