ਫੈਕਟ ਚੈੱਕ: ਕੀ ਰਾਹੁਲ ਤੇ ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਤੋਂ ਮੰਨੀ 'ਹਾਰ'

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਸੱਜੇ ਪੱਖੀ ਰੁਝਾਨ ਵਾਲੇ ਫੇਸਬੁੱਕ ਗਰੁੱਪਾਂ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦਾ ਇੱਕ ਪੁਰਾਣਾ ਵੀਡੀਓ ਕਈ ਵਾਰ ਸ਼ੇਅਰ ਕੀਤਾ ਗਿਆ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਲੀਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਹਾ ਮੰਨਦੇ ਹਨ ਅਤੇ ਇੱਕ ਸਮੇਂ ਵਿੱਚ ਉਨ੍ਹਾਂ ਦੀ ਤਾਰੀਫ਼ ਕਰ ਚੁੱਕੇ ਹਨ।

ਕੁਝ ਗਰੁੱਪਾਂ ਵਿੱਚ ਇਨ੍ਹਾਂ ਵਾਇਰਲ ਵੀਡੀਓਜ਼ ਦੇ ਨਾਲ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ 'ਪ੍ਰਿਅੰਕਾ ਗਾਂਧੀ ਅਤੇ ਕਾਂਗਰਸ ਪਾਰਟੀ ਚੋਣਾਂ ਤੋਂ ਪਹਿਲਾਂ ਹੀ ਹਥਿਆਰ ਸੁੱਟ ਚੁੱਕੇ ਹਨ'। ਇਸ ਦਾਅਵੇ ਦੇ ਨਾਲ ਇਹ ਵੀਡੀਓ ਵੱਟਸਐਪ 'ਤੇ ਫਾਰਵਰਡ ਕੀਤਾ ਜਾ ਰਿਹਾ ਹੈ।

ਵਾਇਰਲ ਵੀਡੀਓ ਦੇ ਪਹਿਲੇ ਹਿੱਸੇ ਵਿੱਚ ਪ੍ਰਿਅੰਕਾ ਗਾਂਧੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, "ਮੈਂ ਚਾਹੁੰਦੀ ਹਾਂ ਕਿ ਇਨ੍ਹਾਂ ਚੋਣਾਂ ਵਿੱਚ ਤੁਸੀਂ ਆਪਣਾ ਵੋਟ ਆਪਣੇ ਦੇਸ ਨੂੰ ਦਿਓ, ਸੋਨੀਆ ਗਾਂਧੀ ਨੂੰ ਨਾ ਦਿਓ। ਆਪਣੇ ਬੱਚਿਆਂ ਦੇ ਭਵਿੱਖ ਨੂੰ ਦਿਓ, ਆਪਣੇ ਦੇਸ ਨੂੰ ਦਿਓ।"

ਇਹ ਵੀ ਪੜ੍ਹੋ:

ਜਦਕਿ ਵੀਡੀਓ ਦੇ ਦੂਜੇ ਹਿੱਸੇ ਵਿੱਚ ਰਾਹੁਲ ਗਾਂਧੀ ਕਹਿੰਦੇ ਹਨ, "ਹਿੰਦੁਸਤਾਨ ਵਾਸੀਓ ਤੁਹਾਡਾ ਭਵਿੱਖ ਨਰਿੰਦਰ ਮੋਦੀ ਦੇ ਹੱਥ ਵਿੱਚ ਹੈ। ਸਿਰਫ਼ ਮੋਦੀ ਜੀ ਦੇ ਹੱਥ ਵਿੱਚ, ਹੋਰ ਕਿਸੇ ਦੇ ਹੱਥ ਵਿੱਚ ਨਹੀਂ। ਜੇਕਰ ਤੁਸੀਂ ਸੁਨਿਹਰਾ ਭਵਿੱਖ ਚਾਹੁੰਦੇ ਹੋ ਤਾਂ ਆਪਣਾ ਮੌਜੂਦਾ ਸਮਾਂ ਨਰਿੰਦਰ ਮੋਦੀ ਨੂੰ ਦਿਓ, ਨਰਿੰਦਰ ਮੋਦੀ ਤੁਹਾਨੂੰ ਆਪਣਾ ਕੱਲ੍ਹ ਦੇਣਗੇ।"

ਇਹ ਵਾਇਰਲ ਵੀਡੀਓ ਹੁਣ ਤੱਕ ਸੈਂਕੜੇ ਵਾਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਚੁੱਕਿਆ ਹੈ ਅਤੇ ਵੱਟਸਐਪ 'ਤੇ ਫੈਲਾਇਆ ਜਾ ਰਿਹਾ ਹੈ।

ਪਰ ਸਾਡੀ ਪੜਤਾਲ ਵਿੱਚ ਸਾਨੂੰ ਪਤਾ ਲੱਗਿਆ ਕਿ ਦੋਵੇਂ ਲੀਡਰਾਂ ਦੇ ਭਾਸ਼ਣ ਦੇ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਭਾਸ਼ਣ ਦਾ ਸਿਰਫ਼ ਇੱਕ ਹਿੱਸਾ ਕੱਢ ਕੇ, ਉਸ ਦਾ ਮਤਲਬ ਬਦਲ ਕੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ।

ਪ੍ਰਿਅੰਕਾ ਗਾਂਧੀ ਦਾ ਭਾਸ਼ਣ

ਸਾਡੀ ਪੜਤਾਲ ਵਿੱਚ ਸਾਨੂੰ ਪਤਾ ਲੱਗਿਆ ਕਿ ਪ੍ਰਿਅੰਕਾ ਗਾਂਧੀ ਦੇ ਸਾਲ 2014 ਵਿੱਚ ਦਿੱਤੇ ਗਏ ਭਾਸ਼ਣ ਦਾ ਇੱਕ ਹਿੱਸਾ ਵਾਇਰਲ ਵੀਡੀਓ ਵਿੱਚ ਵਰਤਿਆ ਗਿਆ ਹੈ।

ਕਾਂਗਰਸ ਦੇ ਯੂ-ਟਿਊਬ ਪੇਜ 'ਤੇ ਪ੍ਰਿਅੰਕਾ ਗਾਂਧੀ ਦੇ ਕਰੀਬ 6 ਮਿੰਟ ਲੰਬੇ ਭਾਸ਼ਣ ਦਾ ਇਹ ਵੀਡੀਓ 22 ਅਪ੍ਰੈਲ 2014 ਨੂੰ ਪੋਸਟ ਕੀਤਾ ਗਿਆ ਸੀ।

ਕਾਂਗਰਸ ਮੁਤਾਬਕ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਿਅੰਕਾ ਗਾਂਧੀ ਉੱਤਰ ਪ੍ਰਦੇਸ਼ ਦੇ ਰਾਇਬਰੇਲੀ ਵਿੱਚ ਪਾਰਟੀ ਦੇ ਪ੍ਰਚਾਰ ਲਈ ਗਈ ਸੀ।

ਰਾਇਬਰੇਲੀ ਵਿੱਚ ਦਿੱਤੇ ਭਾਸ਼ਣ ਵਿੱਚ ਪ੍ਰਿਅੰਕਾ ਗਾਂਧੀ ਨੇ ਭਾਰਤੀ ਸਿਆਸਤ, ਦੇਸ ਦੀ ਪੁਰਾਣੀ ਪਛਾਣ, ਇੰਦਰਾ ਗਾਂਧੀ ਦੇ ਸਿਆਸੀ ਸਟਾਈਲ ਅਤੇ ਭਾਰਤੀ ਸਮਾਜ ਦੀ ਦਿਆਲਤਾ ਦੀ ਗੱਲ ਕੀਤੀ ਸੀ।

ਆਪਣੇ ਇਸ ਭਾਸ਼ਣ ਵਿੱਚ ਪ੍ਰਿਅੰਕਾ ਗਾਂਧੀ ਨੇ ਕਿਹਾ ਸੀ, "ਮੈਂ ਤੁਹਾਡੇ ਤੋਂ ਉਮੀਦ ਕਰਦੀ ਹਾਂ ਕਿ ਤੁਸੀਂ ਸੋਨੀਆ ਦਾ ਸਮਰਥਨ ਕਰੋਗੇ। ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਇਹ ਇਸ ਲਈ ਨਹੀਂ ਹੈ ਕਿ ਸਾਡਾ ਪੁਰਾਣਾ ਰਿਸ਼ਤਾ ਹੈ। ਪਰ ਮੈਂ ਚਾਹੁੰਦੀ ਹਾਂ ਕਿ ਇਨ੍ਹਾਂ ਚੋਣਾਂ ਵਿੱਚ ਤੁਸੀਂ ਆਪਣਾ ਵੋਟ ਆਪਣੇ ਦੇਸ ਨੂੰ ਦਿਓ, ਸੋਨੀਆ ਜੀ ਨੂੰ ਨਾ ਦਿਓ।"

"ਆਪਣੇ ਬੱਚਿਆਂ ਦੇ ਭਵਿੱਖ ਨੂੰ ਦਿਓ, ਉਨ੍ਹਾਂ ਨੂੰ ਵੋਟ ਦਿਓ ਜੋ ਤੁਹਾਡੇ ਬੱਚੇ ਲਈ ਰੁਜ਼ਗਾਰ ਦਾ ਬੰਦੋਬਸਤ ਕਰੇ, ਵਿਕਾਸ ਕਰੇ। ਧਰਮ-ਜਾਤ ਦੇ ਆਧਾਰ 'ਤੇ ਤੁਹਾਨੂੰ ਲੜਵਾਏ ਨਾ।"

ਇਹ ਵੀ ਪੜ੍ਹੋ:

1 ਫਰਵਰੀ 2019 ਨੂੰ ਲਖਨਊ ਵਿੱਚ ਹੋਏ ਰੋਡ ਸ਼ੋਅ ਦੇ ਨਾਲ ਪ੍ਰਿਅੰਕਾ ਗਾਂਧੀ ਦੀ ਭਾਰਤੀ ਸਿਆਸਤ ਵਿੱਚ ਅਧਿਕਾਰਕ ਰੂਪ ਨਾਲ ਐਂਟਰੀ ਹੋ ਚੁੱਕੀ ਹੈ। ਉਨ੍ਹਾਂ ਨੂੰ ਪਾਰਟੀ ਨੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਅਤੇ ਰਣਨੀਤੀ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ।

ਪ੍ਰਿਅੰਕਾ ਗਾਂਧੀ ਆਪਣੀ ਸਿਆਸੀ ਪਾਰੀ ਦਾ ਐਲਾਨ ਹੋਣ ਤੋਂ ਬਾਅਦ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਸੱਜੇ ਪੱਖੀ ਵਿਚਾਰ ਰੱਖਣ ਵਾਲੇ ਲੋਕਾਂ ਦੇ ਨਿਸ਼ਾਨੇ 'ਤੇ ਵੀ ਹਨ।

ਫੇਸਬੁੱਕ ਅਤੇ ਟਵਿੱਟਰ 'ਤੇ ਉਨ੍ਹਾਂ ਖਿਲਾਫ਼ ਗ਼ਲਤ ਪ੍ਰਚਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਹਾਲ ਹੀ ਵਿੱਚ ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਸ਼ੇਅਰ ਕੀਤਾ ਗਿਆ ਸੀ ਜਿਸਦੇ ਹਵਾਲੇ ਤੋਂ ਲੋਕ ਉਨ੍ਹਾਂ ਦੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦਾ ਦਾਅਵਾ ਕਰ ਰਹੇ ਸਨ।

ਇਸ ਵੀਡੀਓ ਦੀ ਪੜਤਾਲ ਵਿੱਚ ਬੀਬੀਸੀ ਨੇ ਇਸ ਤਰ੍ਹਾਂ ਦੇ ਸਾਰੇ ਦਾਅਵਿਆਂ ਨੂੰ ਝੂਠਾ ਪਾਇਆ ਸੀ।

ਰਾਹੁਲ ਦਾ ਭਾਸ਼ਣ

ਹੁਣ ਗੱਲ ਰਾਹੁਲ ਗਾਂਧੀ ਦੇ ਉਸ ਭਾਸ਼ਣ ਦੀ ਜਿਸ ਵਿੱਚ ਉਹ ਕਥਿਤ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦੇ ਦਿਖਾਈ ਦੇ ਰਹੇ ਹਨ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਭਾਸ਼ਣ ਦਾ ਜੋ ਹਿੱਸਾ ਵਰਤਿਆ ਗਿਆ ਹੈ, ਉਹ 12 ਜਨਵਰੀ 2017 ਦਾ ਹੈ।

ਇਹ ਵੀ ਪੜ੍ਹੋ:

ਦਿੱਲੀ ਸਥਿਤ ਤਾਲਕਟੋਰਾ ਸਟੇਡੀਅਮ ਵਿੱਚ ਕਾਂਗਰਸ ਦੇ 'ਜਨ ਵੇਦਨਾ ਸੰਮੇਲਨ' ਦੌਰਾਨ ਰਾਹੁਲ ਗਾਂਧੀ ਨੇ ਇਹ ਭਾਸ਼ਣ ਦਿੱਤਾ ਸੀ। ਇਸ ਸੰਮੇਲਨ ਦਾ ਨਾਅਰਾ ਸੀ- 'ਹਾਲ-ਬੇਹਾਲ, ਜਨ ਵੇਦਨਾ ਦੇ ਢਾਈ ਸਾਲ'।

ਆਪਣੇ ਇਸ ਭਾਸ਼ਣ ਵਿੱਚ ਰਾਹੁਲ ਗਾਂਧੀ ਨੇ ਮੁੱਖ ਤੌਰ 'ਤੇ ਇਹ ਆਖਿਆ:

  • ਭਾਜਪਾ ਦੀ ਪਾਲਿਸੀ ਹੈ ਡਰੋ ਅਤੇ ਡਰਾਓ
  • ਹਰ ਧਰਮ ਵਿੱਚ ਕਾਂਗਰਸ ਦਾ ਚਿੰਨ੍ਹ 'ਹੱਥ', ਜਿਸਦਾ ਸੰਦੇਸ਼ ਹੈ ਡਰੋ ਨਾ
  • ਮੋਦੀ ਦਾ ਨੋਟਬੰਦੀ ਦਾ ਫ਼ੈਸਲਾ ਬੇਕਾਰ ਸੀ
  • ਦੇਸ ਜਾਣਦਾ ਹੈ ਕਿ ਕਾਂਗਰਸ ਨੇ 70 ਸਾਲ ਵਿੱਚ ਕੀ-ਕੀ ਕੀਤਾ
  • ਅੱਛੇ ਦਿਨ ਤਾਂ ਹੀ ਵਾਪਿਸ ਆਉਣਗੇ, ਜਦੋਂ 2019 ਵਿੱਚ ਕਾਂਗਰਸ ਵਾਪਿਸ ਆਏਗੀ

ਕਈ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਰਾਹੁਲ ਗਾਂਧੀ ਦਾ 'ਅੰਦਾਜ਼' ਕਾਫ਼ੀ ਬਦਲਿਆ ਹੋਇਆ ਸੀ, ਜਦਕਿ ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਰਾਹੁਲ ਨੇ ਕਰੀਬ 40 ਮਿੰਟ ਲੰਬੇ ਆਪਣੇ ਭਾਸ਼ਣ ਵਿੱਚ ਕਈ ਗਲਤੀਆਂ ਕੀਤੀਆਂ।

ਪਰ ਉਨ੍ਹਾਂ ਦੇ ਇਸ ਲੰਬੇ ਭਾਸ਼ਣ ਵਿੱਚ ਜੋ 25 ਸੈਕਿੰਡ ਦਾ ਹਿੱਸਾ ਵਾਇਰਲ ਵੀਡੀਓ ਵਿੱਚ ਦਿਖਦਾ ਹੈ, ਉਹ ਹਿੱਸਾ ਹੈ ਜਦੋਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ ਕੱਸ ਰਹੇ ਸਨ।

ਰਾਹੁਲ ਗਾਂਧੀ ਨੇ ਕਿਹਾ ਸੀ, "ਭਾਜਪਾ ਵਾਲੇ ਦੇਸ ਦੀ ਹਕੀਕਤ ਨੂੰ ਨਫ਼ਰਤ ਕਰਦੇ ਹਨ। ਇਹ ਜਿੱਥੇ ਜਾਂਦੇ ਹਨ, ਕਹਿੰਦੇ ਹਨ, ਨਵਾਂ ਦੇਸ ਬਣਾਵਾਂਗੇ। ਕੀ ਇਹ ਦੇਸ ਐਨਾ ਖਰਾਬ ਹੈ? ਅਤੇ ਕਹਿੰਦੇ ਹਨ ਨਵਾਂ ਦੇਸ ਇੱਕ ਹੀ ਆਦਮੀ ਬਣਾਵੇਗਾ। ਮਤਲਬ ਹੋਰ ਕਿਸੇ ਵਿੱਚ ਹੈਸੀਅਤ ਨਹੀਂ ਹੈ। ਪੂਰਾ ਹਿੰਦੁਸਤਾਨ ਬੇਵਕੂਫ਼ ਹੈ ਇਸ ਲਈ ਇੱਕ ਹੀ ਆਦਮੀ ਬਣਾਏਗਾ।"

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)