You’re viewing a text-only version of this website that uses less data. View the main version of the website including all images and videos.
ਫੈਕਟ ਚੈੱਕ : ਕੀ ਧਰਮ ਬਦਲ ਕੇ ਇਸਾਈ ਬਣੇ ਗਏ ਹਨ ਪ੍ਰਕਾਸ਼ ਰਾਜ
- ਲੇਖਕ, ਫ਼ੈਕਟ ਚੈੱਕ ਟੀਮ
- ਰੋਲ, ਬੀਬੀਸੀ ਨਿਊਜ਼
ਸਿਆਸਤਦਾਨ ਬਣੇ ਦੱਖਣ ਭਾਰਤੀ ਅਦਾਕਾਰ ਪ੍ਰਕਾਸ਼ ਰਾਜ ਦੀਆਂ ਕੁਝ ਤਸਵੀਰਾਂ ਇਸ ਦਾਅਵੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ ਕਿ ਉਹ ਧਰਮ ਬਦਲ ਕੇ ਇਸਾਈ ਬਣ ਗਏ ਹਨ।
ਇਸ ਦਾਅਵੇ ਦੇ ਨਾਲ ਇਹ ਤਸਵੀਰਾਂ ਉਸ ਸਮੇਂ ਵਾਇਰਲ ਹੋਈਆਂ ਜਦੋਂ ਉਹ ਐਤਵਾਰ ਨੂੰ ਬੈਂਗਲੌਰ ਦੇ ਬੇਥੇਲ ਚਰਚ ਵਿੱਚ ਗਏ।
ਪ੍ਰਕਾਸ਼ ਰਾਜ ਦੀ ਚਰਚ ਦੇ ਪਾਦਰੀ ਨਾਲ ਖਿੱਚੀ ਗਈ ਤਸਵੀਰ ਨੂੰ ਫੇਸਬੁੱਕ ਗਰੁੱਪ ''ਵੀ ਸਪੋਰਟ ਅਜੀਤ ਡੋਵਲ'' ਨੇ ਸ਼ੇਅਰ ਕਰਦੇ ਹੋਏ ਅਦਾਕਾਰ ਨੂੰ ਅਜਿਹਾ ਪਾਖੰਡੀ ਦੱਸਿਆ ਜੋ ਭਗਵਾਨ ਅਯੱਪਾ ਨੂੰ ਨਹੀਂ ਮੰਨਦਾ।
ਟਵੀਟ ਕਰਕੇ ਕਿਹਾ ਗਿਆ ਕਿ ਪ੍ਰਕਾਸ਼ ਰਾਜ ਮਾਮਲੇ ਨੂੰ 'ਭਗਵਾਨ ਅਯੱਪਾ ਬਨਾਮ ਇਸਾਈ ਭਗਵਾਨ' ਦਾ ਰੰਗ ਦੇਣਾ ਚਾਹੁੰਦੇ ਹਨ।
ਕਈ ਹਿੰਦੁਤਵ ਸਮਰਥਕਾਂ ਨੇ ਪ੍ਰਕਾਸ਼ ਰਾਜ 'ਤੇ ਹਿੰਦੂਆਂ ਨਾਲ ਨਫ਼ਰਤ ਕਰਨ ਅਤੇ ਇਸਾਈ ਧਰਮ ਦਾ ਪ੍ਰਚਾਰ ਕਰਨ ਦਾ ਇਲਜ਼ਾਮ ਲਗਾਇਆ।
ਇਹ ਵੀ ਪੜ੍ਹੋ:
ਟਵਿੱਟਰ ਹੈਂਡਲ "ਰਮੇਸ਼ ਰਾਮਚੰਦਰਨ" ਨੇ ਟਵੀਟ ਕੀਤਾ ਕਿ ਪ੍ਰਕਾਸ਼ ਰਾਜ ਅਜਿਹੇ ਪਾਖੰਡੀ ਪਾਦਰੀ ਦੇ ਨਾਲ ਪ੍ਰਾਥਨਾ ਕਰ ਰਹੇ ਹਨ ਜਿਸ ਨੇ ਕਰਨਾਟਕ ਵਿੱਚ ਹਜ਼ਾਰਾਂ ਹਿੰਦੂਆਂ ਦਾ ਇਸਾਈ ਧਰਮ ਵਿੱਚ ਪਰਿਵਰਤਨ ਕੀਤਾ ਹੈ।
ਕਈ ਟਵਿੱਟਰ ਹੈਂਡਲਾ ਨੇ "ਇਸਾਈ ਨਾਸਤਿਕ" ਕਹਿੰਦੇ ਹੋਏ ਉਨ੍ਹਾਂ ਦੀ ਨਿਖੇਧੀ ਕੀਤੀ ਹੈ।
ਸਾਡੀ ਪੜਤਾਲ ਵਿੱਚ ਪਤਾ ਲੱਗਿਆ ਹੈ ਕਿ ਇਹ ਵਾਇਰਲ ਹੋਈਆਂ ਤਸਵੀਰਾਂ ਨੂੰ ਗਲਤ ਤਰੀਕੇ ਨਾਲ ਸ਼ੇਅਰ ਕੀਤਾ ਗਿਆ ਹੈ।
ਸਾਨੂੰ ਪਤਾ ਲੱਗਿਆ ਕਿ ਇਹ ਤਸਵੀਰਾਂ ਸੱਚੀਆਂ ਹਨ ਪਰ ਉਨ੍ਹਾਂ ਦਾ ਸੰਦਰਭ ਉਹ ਨਹੀਂ ਹੈ, ਜੋ ਸੋਸ਼ਲ ਮੀਡੀਆ 'ਤੇ ਦੱਸਿਆ ਜਾ ਰਿਹਾ ਹੈ।
ਗਰੁੱਪਾਂ ਅਤੇ ਟਵਿੱਟਰ ਹੈਂਡਲਾਂ ਨੇ ਪ੍ਰਕਾਸ਼ ਰਾਜ ਦੀ ਧਾਰਮਿਕ ਸਥਾਨਾਂ, ਜਿਵੇਂ ਕਿ ਮਸਜਿਦ, ਗੁਰਦੁਆਰਾ ਜਾਂ ਮੰਦਿਰ ਜਾਣ ਦੀਆਂ ਤਸਵੀਰਾਂ ਸ਼ੇਅਰ ਨਹੀਂ ਕੀਤੀਆਂ ਹਨ।
ਧਾਰਮਿਕ ਸਥਾਨਾਂ ਦੀ ਯਾਤਰਾ
ਅਜਿਹਾ ਨਹੀਂ ਹੈ ਕਿ ਪ੍ਰਕਾਸ਼ ਰਾਜ ਸਿਰਫ਼ ਚਰਚਾਂ ਵਿੱਚ ਹੀ ਜਾਂਦੇ ਹਨ। ਉਨ੍ਹਾਂ ਦੇ ਅਧਿਕਾਰਕ ਟਵਿੱਟਰ ਅਤੇ ਫੇਸਬੁੱਕ ਪੇਜ 'ਤੇ ਉਨ੍ਹਾਂ ਦੇ ਮਸਜਿਦ, ਚਰਚ, ਮੰਦਿਰ ਅਤੇ ਗੁਰਦੁਆਰੇ ਜਾਣ ਦੀਆਂ ਵੀ ਤਸਵੀਰਾਂ ਹਨ।
ਉਨ੍ਹਾਂ ਨੇ ਟਵੀਟ ਕੀਤਾ ਹੈ, "ਸਾਰੇ ਧਰਮਾਂ ਦਾ ਸਨਮਾਨ ਕਰਨਾ, ਬਦਲੇ ਵਿੱਚ ਸਭ ਤੋਂ ਸਨਮਾਨ ਅਤੇ ਆਸ਼ੀਰਦਵਾਦ ਹਾਸਲ ਕਰਨਾ ਸਾਡੇ ਦੇਸ ਦੀ ਆਤਮਾ ਵਿੱਚ ਹੈ। ਆਓ ਸੰਮਲਿਤ ਭਾਰਤ ਦਾ ਗੁਣਗਾਣ ਕਰੀਏ, ਸੰਮਲਿਤ ਭਾਰਤ ਯਕੀਨੀ ਬਣਾਈਏ।"
ਪ੍ਰਕਾਸ਼ ਰਾਜ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਸੰਦੇਸ਼ ਆਉਣ ਵਾਲੀਆਂ ਆਮ ਚੋਣਾਂ ਨੂੰ ਫਿਰਕੂ ਰੰਗ ਵਿੱਚ ਰੰਗਣ ਦੀ ਕੋਸ਼ਿਸ਼ ਨਾਲ ਸ਼ੇਅਰ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਕਿਹਾ, "ਮੈਂ ਚਰਚ, ਮਸਜਿਦ, ਗੁਰਦੁਆਰਿਆ ਜਾਂ ਮੰਦਿਰ ਵਿੱਚ ਉਦੋਂ ਜਾਂਦਾ ਹਾਂ ਜਦੋਂ ਉੱਥੇ ਲੋਕ ਧਰਮ ਨਿਰਪੱਖਤਾ ਲਈ ਆਪਣੇ ਢੰਗ ਨਾਲ ਪ੍ਰਾਥਨਾ ਕਰਨਾ ਚਾਹੁੰਦੇ ਹਨ ਅਤੇ ਮੈਂ ਇਸ ਗੱਲ ਦਾ ਸਨਮਾਨ ਕਰਦਾ ਹਾਂ। ਭਗਤ ਜੋ ਤਰੀਕੇ ਅਪਣਾ ਰਹੇ ਹਨ, ਉਸ ਨਾਲ ਉਨ੍ਹਾਂ ਦੀ ਸੋਚ ਨੂੰ ਲੈ ਕੇ ਪਤਾ ਲਗਦਾ ਹੈ ਕਿ ਉਹ ਕਿਵੇਂ ਦੇਸ ਵਿੱਚ ਨਫ਼ਰਤ ਫੈਲਾ ਰਹੇ ਹਨ।"
ਪ੍ਰਕਾਸ਼ ਰਾਜ ਖ਼ੁਦ ਨੂੰ ਨਾਸਤਿਕ ਮੰਨਦੇ ਹਨ। ਸੋਸ਼ਲ ਮੀਡੀਆ ਨੇ ਉਨ੍ਹਾਂ 'ਤੇ ਇਸ ਗੱਲ ਨੂੰ ਲੈ ਕੇ ਨਿਸ਼ਾਨਾ ਸਾਧਿਆ ਕਿ ਉਹ ਭਗਵਾਨ ਅਯੱਪਾ ਨੂੰ ਨਹੀਂ ਮੰਨਦੇ ਪਰ ਇਸਾਈ ਧਰਮ ਵਿੱਚ ਵਿਸ਼ਵਾਸ ਰੱਖਦੇ ਹਨ।
ਭਗਵਾਨ ਅਯੱਪਾ ਨੂੰ ਲੈ ਕੇ ਕੀਤੇ ਗਏ ਦਾਅਵੇ
ਇਹ ਦਾਅਵੇ ਪ੍ਰਕਾਸ਼ ਰਾਜ ਦੇ ਸੋਸ਼ਲ ਮੀਡੀਆ 'ਤੇ ਮੌਜੂਦ ਉਨ੍ਹਾਂ ਵੀਡੀਓਜ਼ ਦੇ ਆਧਾਰ 'ਤੇ ਕੀਤੇ ਗਏ ਸਨ, ਜਿਸ ਵਿੱਚ ਉਨ੍ਹਾਂ ਨੇ ਔਰਤਾਂ ਨੂੰ ਕੇਰਲ ਦੇ ਸਬਰੀਮਲਾ ਮੰਦਿਰ ਵਿੱਚ ਦਾਖ਼ਲ ਹੋਣ ਤੋਂ ਰੋਕੇ ਜਾਣ ਦੇ ਸਬੰਧ ਵਿੱਚ ਗੱਲ ਕੀਤੀ ਸੀ।
ਵੀਡੀਓ ਵਿੱਚ ਪ੍ਰਕਾਸ਼ ਰਾਜ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, "ਕੋਈ ਵੀ ਧਰਮ ਜੋ ਕਿਸੇ ਔਰਤ ਨੂੰ, ਮੇਰੀ ਮਾਂ ਨੂੰ ਪੂਜਾ ਕਰਨ ਤੋਂ ਰੋਕਦਾ ਹੈ, ਉਹ ਮੇਰਾ ਧਰਮ ਨਹੀਂ ਹੈ। ਜੋ ਵੀ ਭਗਤ ਮੇਰੀ ਮਾਂ ਨੂੰ ਪੂਜਾ ਕਰਨ ਤੋਂ ਰੋਕੇਗਾ, ਮੇਰੇ ਲਈ ਉਹ ਭਗਤ ਨਹੀਂ ਹੈ। ਜਿਹੜਾ ਭਗਵਾਨ ਨਹੀਂ ਚਾਹੁੰਦਾ ਕਿ ਮੇਰਾ ਮਾਂ ਉਸਦੀ ਪੂਜਾ ਕਰੇ, ਉਹ ਮੇਰੇ ਲਈ ਭਗਵਾਨ ਨਹੀਂ ਹੈ।"
ਇਹ ਬਿਆਨ ਉਨ੍ਹਾਂ ਔਰਤਾਂ ਦੇ ਸਮਰਥਨ ਵਿੱਚ ਦਿੱਤਾ ਗਿਆ ਸੀ ਜੋ ਸਬਰੀਮਲਾ ਮੰਦਿਰ ਵਿੱਚ ਐਂਟਰੀ ਦੇ ਅਧਿਕਾਰ ਲਈ ਪ੍ਰਦਰਸ਼ਨ ਕਰ ਰਹੀ ਸੀ।
ਆਪਣੇ ਧਰਮ ਨੂੰ ਲੈ ਕੇ ਕੀਤੇ ਜਾ ਰਹੇ ਫ਼ਰਜ਼ੀ ਦਾਅਵਿਆਂ ਨੂੰ ਲੈ ਕੇ ਪ੍ਰਕਾਸ਼ ਰਾਜ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਕਹਿੰਦੇ ਹਨ, "ਰੱਬ ਨੂੰ ਮੰਨਣਾ ਜਾਂ ਨਾ ਮੰਨਣਾ ਮਹੱਤਵਪੂਰਨ ਨਹੀਂ ਹੈ। ਮਹੱਤਵਪੂਰਨ ਹੈ ਕਿ ਦੂਜਿਆਂ ਦੇ ਯਕੀਨ ਦਾ ਸਨਮਾਨ ਕਰਨਾ। ਧਰਮ ਵਿੱਚ ਸਿਆਸਤ ਨੂੰ ਨਾ ਲਿਆਓ।"
ਦੇਸ ਵਿੱਚ ਵਧ ਰਹੀ ਫ਼ੇਕ ਨਿਊਜ਼ 'ਤੇ ਗੱਲ ਕਰਦੇ ਹੋਏ ਪ੍ਰਕਾਸ਼ ਰਾਜ ਨੇ ਬੀਬੀਸੀ ਨੂੰ ਕਿਹਾ ਕਿ ਇਹ ਖ਼ਬਰਾਂ ਉਦੋਂ ਵਾਇਰਲ ਹੋ ਜਾਂਦੀਆਂ ਹਨ, ਜਦੋਂ ਕੁਝ ਲੋਕਾਂ ਦਾ ਸਮੂਹ ਆਵਾਜ਼ ਚੁੱਕਣ ਵਾਲਿਆਂ ਨੂੰ ''ਐਂਟੀ-ਨੈਸ਼ਨਲ'', ''ਅਰਬਨ ਨਕਸਲੀ'', ਟੁੱਕੜੇ-ਟੁੱਕੜੇ ਗੈਂਗ ਦੇ ਮੈਂਬਰ ਜਾਂ ''ਹਿੰਦੂ ਵਿਰੋਧੀ'' ਕਰਾਰ ਦਿੰਦਾ ਹੈ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ