ਮੋਦੀ ਖਿਲਾਫ਼ ਮਮਤਾ ਬੈਨਰਜੀ ਨੇ ਖੁਦ ਨੂੰ ਇੰਝ ਚਮਕਾਇਆ- ਨਜ਼ਰੀਆ

    • ਲੇਖਕ, ਕਲਿਆਣੀ ਸ਼ੰਕਰ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਲਈ

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਧਰਨੇ 'ਤੇ ਬੈਠਣ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਿਆਸੀ ਕਦ 'ਚ ਵਾਧਾ ਹੋਇਆ ਹੈ।

ਮਮਤਾ ਬੈਨਰਜੀ ਲੋਕ ਸਭਾ ਚੋਣਾਂ ਲਈ ਬਣਾਈ ਆਪਣੀ ਰਣਨੀਤੀ ਦੇ ਤਹਿਤ ਹੌਲੀ-ਹੌਲੀ ਕਦਮ ਵਧੀ ਰਹੀ ਹਨ ਤਾਂ ਜੋ ਉਹ ਨਰਿੰਦਰ ਮੋਦੀ ਨੂੰ ਮਾਤ ਦੇ ਕੇ ਪ੍ਰਧਾਨ ਮੰਤਰੀ ਅਹੁਦੇ 'ਤੇ ਬੈਠ ਸਕਣ।

ਸ਼ਾਰਧਾ ਚਿਟ ਫੰਡ ਘੁਟਾਲਾ ਮਾਮਲੇ ਵਿੱਚ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਕੋਲੋਂ ਸੀਬੀਆਈ ਦੀ ਪੁੱਛਗਿੱਛ ਦੇ ਖ਼ਿਲਾਫ਼ ਧਰਨੇ 'ਤੇ ਬੈਠਣਾ ਵੀ ਕੌਮੀ ਸਿਆਸਤ 'ਚ ਆਉਣ ਵੱਲ ਚੁੱਕਿਆ ਗਿਆ ਇੱਕ ਕਦਮ ਹੈ।

ਸੀਬੀਆਈ ਨੇ ਰਾਜੀਵ ਕੁਮਾਰ 'ਤੇ ਸ਼ਾਰਧਾ ਚਿਟ ਫੰਡ ਮਾਮਲੇ ਵਿੱਚ ਸਬੂਤਾਂ ਨੂੰ ਨਸ਼ਟ ਕਰਨ ਦਾ ਇਲਜ਼ਾਮ ਲਗਾਇਆ ਹੈ।

ਇਸ ਮਾਮਲੇ ਵਿੱਚ ਮਮਤਾ ਬੈਨਰਜੀ ਇਸਪਲਾਨਾਡੇ ਇਲਾਕੇ ਦੇ ਮੈਟਰੋ ਚੈਨਲ 'ਤੇ ਧਰਨੇ 'ਤੇ ਬੈਠੀ। ਇਹ ਉਹੀ ਥਾਂ ਹੈ ਜਿੱਥੇ ਸਾਲ 2006 ਵਿੱਚ ਉਨ੍ਹਾਂ ਨੇ ਸਿੰਗੂਰ 'ਚ ਟਾਟਾ ਮੋਟਰਜ਼ ਦੀ ਫੈਕਟਰੀ ਲਈ ਖੇਤੀ ਦੀ ਜ਼ਮੀਨ ਅਧਿਗ੍ਰਹਿਣ ਦੇ ਖ਼ਿਲਾਫ਼ ਧਰਨਾ ਦਿੱਤਾ ਸੀ।

ਇਹ ਵੀ ਪੜ੍ਹੋ-

ਹਾਲਾਂਕਿ, ਇਸ ਵੇਲੇ ਵਿਰੋਧੀ ਧਿਰ ਵਿੱਚ ਪ੍ਰਧਾਨ ਮੰਤਰੀ ਅਹੁਦੇ ਲਈ ਕਈ ਉਮੀਦਵਾਰ ਹਨ ਪਰ ਅਜੇ ਤੱਕ ਵਿਰੋਧੀ ਪਾਰਟੀਆਂ ਵਿੱਚ ਕਿਸੇ ਇੱਕ ਚਿਹਰੇ ਲਈ ਆਮ ਸਹਿਮਤੀ ਨਹੀਂ ਬਣੀ ਹੈ।

ਪਰ ਮਮਤਾ ਬੈਨਰਜੀ ਨੇ ਆਪਣੀ ਥਾਂ ਰਾਹੁਲ ਗਾਂਧੀ ਅਤੇ ਸ਼ਰਧ ਪਵਾਰ ਵਰਗੇ ਉਮੀਦਵਾਰਾਂ ਦੇ ਨਾਲ ਪਹਿਲੀ ਕਤਾਰ ਵਿੱਚ ਬਣਾ ਲਈ ਹੈ।

ਜੇਕਰ ਮਮਤਾ ਬੈਨਰਜੀ ਆਪਣੇ ਇਸ ਵਰਤਮਾਨ ਸੰਘਰਸ਼ ਵਿੱਚ ਮੋਦੀ ਨੂੰ ਹਰਾ ਦਿੰਦੇ ਹਨ ਤਾਂ ਉਹ ਨਿਸ਼ਚਿਤ ਤੌਰ 'ਤੇ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰੀ ਹਾਸਿਲ ਕਰ ਲੈਣਗੇ।

ਵਿਰੋਧੀ ਪਾਰਟੀਆਂ ਦਾ ਸਮਰਥਨ

ਮਮਤਾ ਬੈਨਰਜੀ ਨੇ ਆਪਣੀ ਇਸ ਲੜਾਈ ਵਿੱਚ ਵਿਰੋਧੀ ਪਾਰਟੀਆਂ ਦਾ ਸਮਰਥਨ ਹਾਸਿਲ ਕੀਤਾ ਹੈ।

ਪਰ ਇਹ ਮਮਤਾ ਬੈਨਰਜੀ ਦੇ ਇੱਕ ਖ਼ਾਸ ਅਕਸ ਕਾਰਨ ਹੋਇਆ ਹੈ, ਜੋ ਉਨ੍ਹਾਂ ਨੇ ਬੀਤੇ ਕਈ ਸਾਲਾਂ 'ਚ ਬਣਾਇਆ ਹੈ।

ਇਸ ਦੇ ਨਾਲ ਹੀ ਖੇਤਰੀ ਨੇਤਾਵਾਂ ਵਿੱਚ ਇੱਕ ਤਰ੍ਹਾਂ ਦਾ ਡਰ ਹੈ ਕਿ ਜੇ ਮਮਤਾ ਦੇ ਨਾਲ ਕੁਝ ਹੁੰਦਾ ਹੈ ਤਾਂ ਭਵਿੱਖ ਵਿੱਚ ਉਹੀ ਉਨ੍ਹਾਂ ਦੇ ਨਾਲ ਵੀ ਹੋ ਸਕਦਾ ਹੈ।

ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਖੇਤਰੀ ਦਲ ਰਾਹੁਲ ਦੀ ਬਜਾਇ ਮਮਤਾ ਬੈਨਰਜੀ ਨਾਲ ਸਹਿਜ ਹਨ।

ਇਸੇ ਕਰਕੇ ਸਾਬਕਾ ਪ੍ਰਧਾਨ ਮੰਤਰੀ ਦੇਵੇਗੌੜਾ ਤੋਂ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਖੇਤਰੀ ਨੇਤਾ, ਜਿਵੇਂ, ਚੰਦਰ ਬਾਬੂ ਨਾਇਡੂ ਲੋਕਤੰਤਰ ਬਚਾਉਣ ਦੀ ਅਪੀਲ 'ਤੇ ਉਨ੍ਹਾਂ ਦੇ ਸਮਰਥਨ 'ਚ ਆ ਕੇ ਖੜੇ ਹੋ ਜਾਂਦੇ ਹਨ।

ਮਮਤਾ ਬੈਨਰਜੀ ਇਸੇ ਵੇਲੇ ਹੀ ਬੇਹੱਦ ਚਾਲਾਕੀ ਨਾਲ ਇਸ ਸਿਆਸੀ ਮੌਕੇ ਦਾ ਲਾਭ ਚੁੱਕ ਕੇ ਖ਼ੁਦ ਨੂੰ ਚਰਚਾ 'ਚ ਲੈ ਆਉਂਦੀ ਹੈ।

ਇਹ ਦੇਖਣਾ ਆਪਣੇ ਆਪ ਵਿੱਚ ਰੋਚਕ ਹੈ ਕਿ ਐਤਵਾਰ ਦੀ ਰਾਤ ਧਰਨੇ ਦਾ ਐਲਾਨ ਕਰਨ ਤੋਂ ਬਾਅਦ ਕਿੰਨੀ ਤੇਜ਼ੀ ਨਾਲ ਉਨ੍ਹਾਂ ਦੀ ਪਾਰਟੀ ਉਨ੍ਹਾਂ ਸਮਰਥਨ 'ਚ ਖੜੀ ਹੋ ਗਈ ਸੀ।

ਉਨ੍ਹਾਂ ਦੀ ਪਾਰਟੀ ਦੇ ਵਰਕਰ ਕੁਝ ਹੀ ਮਿੰਟਾਂ 'ਚ ਧਰਨੇ ਵਾਲੀ ਥਾਂ ਪਹੁੰਚ ਗਏ ਅਤੇ ਆਮ ਆਦਮੀ ਪਾਰਟੀ ਤੋਂ ਲੈ ਕੇ ਰਾਹੁਲ ਗਾਂਧੀ ਨੇ ਤੇਜ਼ੀ ਨਾਲ ਉਨ੍ਹਾਂ ਦਾ ਸਮਰਥਨ ਕਰਨ ਦਾ ਐਲਾਨ ਕਰਦਿਆਂ ਉਨ੍ਹਾਂ ਨਾਲ ਗੱਲਬਾਤ ਕਰ ਲਈ।

ਧਰਨੇ ਦੀ ਪਿੱਠਭੂਮੀ

ਇਸ ਪੂਰੀ ਪ੍ਰਕਿਰਿਆ ਵਿੱਚ ਸਭ ਤੋਂ ਪਹਿਲੀ ਗੱਲ ਇਹੀ ਹੋਈ ਕਿ ਮਮਤਾ ਬੈਨਰਜੀ ਨੇ ਆਪਣਾ ਸਿਆਸੀ ਮਾਦਾ ਦਿਖਾਉਂਦਿਆਂ ਹੋਇਆਂ 19 ਜਨਵਰੀ ਨੂੰ ਲਗਭਗ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਕੋਲਕਾਤਾ 'ਚ ਆਪਣੀ ਰੈਲੀ 'ਚ ਸ਼ਾਮਿਲ ਕਰ ਲਿਆ।

ਕੋਲਕਾਤਾ ਦੇ ਬ੍ਰਿਗਰੇਡ ਗਰਾਊਂਡ ਦੀ ਰੈਲੀ 'ਚ 23 ਪਾਰਟੀਆਂ ਦੇ ਨੇਤਾਵਾਂ ਨਾ ਆਪਣੇ ਹੱਥ ਜਦੋਂ ਇੱਕੋ ਵੇਲੇ ਚੁੱਕੇ ਤਾਂ ਭਾਜਪਾ ਲਈ ਇਹ ਕਾਫ਼ੀ ਅਸਹਿਜ ਕਰਨ ਵਾਲਾ ਸੰਕੇਤ ਸੀ।

ਇਸ ਰੈਲੀ ਦਾ ਸੰਦੇਸ਼ ਇਹ ਸੀ ਕਿ ਮਮਤਾ ਬੈਨਰਜੀ ਆਪਣੇ ਵੋਟਰਾਂ ਦੀ ਨਜ਼ਰ ਵਿੱਚ ਖ਼ੁਦ ਨੂੰ ਇੱਕ ਵੱਡੀ ਕੌਮੀ ਨੇਤਾ ਵਜੋਂ ਸਥਾਪਿਤ ਕਰਨਾ ਚਾਹੁੰਦੀ ਹੈ।

ਹਾਲਾਂਕਿ, ਇਸ ਦਾ ਵਿਆਪਕ ਸੰਦੇਸ਼ ਪੂਰੇ ਦੇਸ ਲਈ ਸੀ ਕਿ ਵਿਰੋਧੀ ਨੇਤਾ ਉਨ੍ਹਾਂ ਦੀ ਆਗਵਾਈ ਹੇਠ ਖੜ੍ਹੇ ਹੋਣ ਲਈ ਤਿਆਰ ਹਨ।

ਅਜਿਹੇ ਵਿੱਚ ਆਸ ਇਹ ਹੈ ਕਿ ਜਦੋਂ ਵਿਰੋਧੀ ਪਾਰਟੀਆਂ ਆਪਣਾ ਨੇਤਾ ਚੁਣਨ ਲਈ ਪ੍ਰਕਿਰਿਆ ਸ਼ੁਰੂ ਕਰਨ ਤਾਂ ਦੀਦੀ ਕਿਸੇ ਤਰ੍ਹਾਂ ਦੇ ਮੁਕਾਬਲਾ ਨਹੀਂ ਚਾਹੁੰਦੀ ਹੈ।

ਮੋਦੀ ਦੇ ਖ਼ਿਲਾਫ਼

ਸਾਲ 2014 ਤੋਂ ਮਮਤਾ ਬੈਨਰਜੀ ਨੇ ਮੋਦੀ ਸਰਕਾਰ ਖ਼ਿਲਾਫ਼ ਆਪਣਾ ਮੋਰਚਾ ਖੋਲ੍ਹਿਆ ਹੋਇਆ ਹੈ। ਇਸ ਵਿੱਚ ਗਊ-ਹੱਤਿਆ ਤੋਂ ਲੈ ਕੇ ਗਊ-ਮਾਸ 'ਤੇ ਪਾਬੰਦੀ , ਜੀਐੱਸਟੀ, ਨੋਟਬੰਦੀ ਅਤੇ ਕਈ ਹੋਰ ਵਿਵਾਦਤ ਮੁੱਦੇ ਸ਼ਾਮਿਲ ਹਨ।

ਮਮਤਾ ਨੇ ਆਪਣਾ ਅਕਸ ਇੱਕ ਅਜਿਹੇ ਵਿਰੋਧੀ ਨੇਤਾ ਵਜੋਂ ਬਣਾਇਆ ਹੈ ਜੋ ਕਿ ਦੇਸ ਲਈ ਸੰਘਰਸ਼ ਕਰ ਸਕਦੀ ਹੈ।

ਅਜਿਹੇ ਵਿੱਚ ਮਮਤਾ ਦਾ ਇੱਕ ਅਜਿਹੀ ਔਰਤ ਦਾ ਅਕਸ ਬਣਿਆ ਜਿਸ ਨੂੰ ਸੱਤਾ ਦਾ ਕੋਈ ਮੋਹ ਨਹੀਂ ਹੈ। ਇਨ੍ਹਾਂ ਸਾਰਿਆਂ ਕਾਰਨਾਂ ਨੇ ਮਮਤਾ ਦੀ ਕਾਫੀ ਮਦਦ ਕੀਤੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਦਾ ਦਿਲ ਜਿੱਤਣ 'ਚ ਸਫ਼ਲਤਾ ਹਾਸਿਲ ਕੀਤੀ ਹੈ ਅਤੇ ਨੌਜਵਾਨ ਸ਼ਕਤੀ ਹੀ ਸਿਆਸਤ ਵਿੱਚ ਮਮਤਾ ਬੈਨਰਜੀ ਦੀ ਮਦਦ ਕਰਦੀ ਹੈ।

ਇਹ ਵੀ ਪੜ੍ਹੋ-

ਮਮਤਾ ਦੀ ਰਣਨੀਤੀ ਸਮਝਣ ਲਈ ਉਨ੍ਹਾਂ ਦੇ ਘਰ ਚਾਰ ਦਹਾਕੇ ਲੰਬੇ ਸਿਆਸੀ ਕਰੀਅਰ ਦੇ ਪਿੱਛੇ ਉਨ੍ਹਾਂ ਦੀ ਸੋਚ ਨੂੰ ਸਮਝਣਾ ਜ਼ਰੂਰੀ ਹੈ।

ਦਿੱਲੀ ਦੀ ਸਿਆਸਤ

7 ਵਾਰ ਲੋਕ ਸਭਾ ਮੈਂਬਰ ਮਮਤਾ ਬੈਨਰਜੀ ਦਿੱਲੀ ਦੀ ਸਿਆਸਤ ਦੇ ਲਿਹਾਜ਼ ਨਾਲ ਘੱਟ ਤਜਰਬੇਕਾਰ ਨਹੀਂ ਹਨ।

ਉਹ ਹੁਣ ਤੱਕ ਤਿੰਨ ਵਾਰ ਕੇਂਦਰੀ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਕੋਲ ਕੌਮੀ ਸਿਆਸਤ ਦਾ ਤਜਰਬਾ ਵੀ ਹੈ।

80 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਹੀ ਮਮਤਾ ਬੈਨਰਜੀ ਨੇ ਸਮਝ ਲਿਆ ਸੀ ਕਿ ਪੱਛਮੀ ਬੰਗਾਲ 'ਚ ਉਨ੍ਹਾਂ ਦੀ ਮੁੱਖ ਵਿਰੋਧੀ ਪਾਰਟੀ ਸੀਪੀਆਈ-ਐਮ ਹੈ।

ਉਨ੍ਹਾਂ ਨੇ ਉਦੋਂ ਤੋਂ ਹੀ ਕਮਿਊਨਿਜ਼ਮ ਦੇ ਖ਼ਿਲਾਫ਼ ਆਪਣਾ ਮੋਰਚਾ ਖੋਲ੍ਹਿਆ ਹੋਇਆ ਹੈ।

ਨੰਦੀਗਰਾਮ ਤੋਂ ਲੈ ਕੇ ਸਿੰਗੂਰ ਲਈ ਧਰਨੇ ਕਰਦਿਆਂ ਉਨ੍ਹਾਂ ਦਾ ਮੁੱਖ ਉਦੇਸ਼ ਕਾਮਰੇਡਾਂ ਨੂੰ ਸੱਤਾਂ ਤੋਂ ਬਾਹਰ ਕਰਨਾ ਸੀ।

ਉਹ ਸੰਘਰਸ਼ ਦੀ ਸਿਆਸਤ ਕਰਨ ਵਾਲੀ ਨੇਤਾ ਹਨ ਅਤੇ ਸੜਕ ਦੀ ਸਿਆਸਤ 'ਚ ਮਾਹਿਰ ਮੰਨੀ ਜਾਂਦੀ ਹਨ।

ਇਸੇ ਇਕਾਗਰਤਾ ਕਾਰਨ ਮਮਤਾ ਬੈਨਰਜੀ ਨੇ ਸਾਲ 2011 'ਚ 33 ਸਾਲਾਂ ਤੋਂ ਸੱਤਾ 'ਤੇ ਬਿਰਾਜਮਾਨ ਸੀਪੀਆਈ-ਐਮ ਨੂੰ ਸੱਤਾ ਤੋਂ ਬਾਹਰ ਕੀਤਾ ਸੀ।

ਇਸ ਤੋਂ ਬਾਅਦ 2016 ਵਿੱਚ ਵੀ ਮਮਤਾ ਬੈਨਰਜੀ ਨੇ ਸਫ਼ਲ ਵਾਪਸੀ ਕੀਤੀ ਅਤੇ ਹੁਣ ਉਹ ਹੈਟ੍ਰਿਕ ਦੀ ਤਿਆਰੀ 'ਚ ਹਨ।

ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2014 ਦੀਆਂ ਚੋਣਾਂ 'ਚ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੀਆਂ 42 'ਚੋਂ 34 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਸੀ।

ਇਸ ਤਰ੍ਹਾਂ ਉਹ ਭਾਜਪਾ, ਕਾਂਗਰਸ, ਏਆਈਏਡੀਐਮਕੇ (AIADMK) ਤੋਂ ਬਾਅਦ ਸਭ ਤੋਂ ਵੱਡੀ ਸਿਆਸੀ ਸ਼ਕਤੀ ਬਣ ਕੇ ਉਭਰੀ ਸੀ।

ਇਸ ਵਿੱਚ ਹੁਣ ਅਗਲਾ ਵੱਡਾ ਪ੍ਰਦਰਸ਼ਨ ਪਾਰਲੀਮੈਂਟ ਦੇ ਬਜਟ ਸੈਸ਼ਨ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾਂ 12 ਫਰਵਰੀ ਨੂੰ ਹੋਵੇਗਾ। ਉਸ ਦਿਨ ਸਾਰੇ ਗ਼ੈਰ-ਭਾਜਪਾ ਮੁੱਖ ਮੰਤਰੀ ਧਰਨੇ 'ਤੇ ਬੈਠਣਗੇ।

ਇਸ ਤਰ੍ਹਾਂ ਇਹ ਰਣਨੀਤੀ ਅੱਗੇ ਵਧੇਗੀ ਅਤੇ ਮਮਤਾ ਬੈਨਰਜੀ ਇੱਥੇ ਵੀ ਕੇਂਦਰ 'ਚ ਰਹੇਗੀ।

ਹਾਲਾਂਕਿ, ਮਮਤਾ ਬੈਨਰਜੀ ਲਈ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰੀ ਲਈ ਦੂਜੇ ਨੇਤਾਵਾਂ ਦਾ ਸਮਰਥਨ ਹਾਸਿਲ ਕਰਨਾ ਇੱਚ ਚੁਣੌਤੀ ਹੋਵੇਗਾ ਕਿਉਂਕਿ ਉਹ ਵੀ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਮੰਨਦੇ ਹਨ।

ਅਜਿਹੇ ਵਿੱਚ ਮਮਤਾ ਬੈਨਰਜੀ ਦੀਆਂ ਇੱਛਾਵਾਂ ਜੋ ਵੀ ਹੋਣ ਪਰ ਫਿਲਹਾਲ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਭਾਜਪਾ-ਵਿਰੋਧੀ ਸਮੂਹ ਦੇ ਮੁਖੀ ਵਜੋਂ ਪੇਸ਼ ਕਰ ਦਿੱਤਾ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)