You’re viewing a text-only version of this website that uses less data. View the main version of the website including all images and videos.
‘ਜਦੋਂ ਰੇਲ ਗੱਡੀ ਕਾਨਪੁਰ ਪਹੁੰਚੀ, ਆਵਾਜ਼ਾਂ ਸੁਣੀਆਂ, ਸਰਦਾਰ ਹੈ ਤਾਂ ਮਾਰੋ’
ਉੱਤਰ ਪ੍ਰਦੇਸ਼ ਸਰਕਾਰ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਕਾਨਪੁਰ ਵਿੱਚ ਹੋਈਆਂ ਵਾਰਦਾਤਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।
ਮੰਗਲਵਾਰ ਰਾਤ ਨੂੰ ਜਾਰੀ ਇੱਕ ਪ੍ਰੈੱਸ ਬਿਆਨ ਮੁਤਾਬਿਕ ਯੂਪੀ ਪੁਲਿਸ ਦੇ ਸਾਬਕਾ ਡੀਜੀਪੀ ਅਤੁਲ ਦੀ ਅਗਵਾਈ ਵਿੱਚ 4 ਮੈਂਬਰੀ ਕਮੇਟੀ 125 ਕਤਲਾਂ ਦੀ ਜਾਂਚ ਦਾ ਕੰਮ 6 ਮਹੀਨੇ ਵਿੱਚ ਪੂਰਾ ਕਰੇਗੀ।
ਇਹ ਜਾਂਚ ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਕੀਤੀ ਜਾ ਰਹੀ ਹੈ।
2017 ਵਿੱਚ 1984 ਦੇ ਸਿੱਖ ਕਤਲੇਆਮ ਦੀ ਬਰਸੀ ਮੌਕੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਦਲਜੀਤ ਅਮੀ ਨੇ ਸਮਾਜਿਕ ਤੇ ਮਨੁੱਖੀ ਅਧਿਕਾਰ ਕਾਰਕੁਨ ਕੁਲਬੀਰ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ ਸੀ।
ਕੁਲਬੀਰ ਸਿੰਘ ਕਤਲੇਆਮ ਦੌਰਾਨ ਰੇਲ ਗੱਡੀ ਰਾਹੀਂ ਦਿੱਲੀ ਤੋਂ ਬਿਹਾਰ ਆ ਰਹੇ ਸਨ ਅਤੇ ਕਾਨਪੁਰ ਵਿੱਚ ਉਨ੍ਹਾਂ ਨੂੰ ਸਿੱਖ ਹੋਣ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਕੁਲਬੀਰ ਨੇ ਦੱਸਿਆ ਸਿੱਖ ਕਤਲੇਆਮ ਦੌਰਾਨ ਆਪਣੇ ਉੱਤੇ ਹੋਏ ਹਮਲੇ ਅਤੇ ਕਤਲੇਆਮ ਦੇ ਹਾਲਾਤ ਦਾ ਅੱਖੀਂ ਡਿੱਠਾ ਹਾਲ ਸਾਂਝਾ ਕੀਤਾ ਸੀ।
ਪੇਸ਼ ਹਨ ਉਨ੍ਹਾਂ ਦੀ ਜ਼ਬਾਨੀ ਪੂਰੇ ਘਟਨਾਕ੍ਰਮ ਦਾ ਵੇਰਵਾ:
31 ਅਕਤੂਬਰ 1984 ਵਾਲੇ ਦਿਨ ਹੀ ਮੇਰੀ ਦਿੱਲੀ ਤੋਂ ਬਿਹਾਰ ਵਾਪਸੀ ਰੇਲ ਗੱਡੀ ਰਾਹੀਂ ਸੀ।
ਮੈਨੂੰ ਕਾਨਪੁਰ ਤੋਂ ਥੋੜ੍ਹੇ ਪਹਿਲਾਂ ਹੀ ਰਸਤੇ 'ਚ ਸੁਣਨ 'ਚ ਆਇਆ ਕਿ ਇੰਦਰਾ ਗਾਂਧੀ ਨੂੰ ਕਿਸੇ ਨੇ ਮਾਰ ਦਿੱਤਾ ਅਤੇ ਲੋਕ ਟਰਨੇ 'ਚ ਗੱਲਾਂ ਕਰਨ ਲੱਗੇ ਤੇ ਥੋੜ੍ਹਾ ਰੌਲਾ-ਰੱਪਾ ਪੈਣਾ ਸ਼ੁਰੂ ਹੋ ਗਿਆ ਸੀ।
ਇਹ ਵੀ ਪੜ੍ਹੋ:
ਜਿਵੇਂ ਹੀ ਟਰੇਨ ਕਾਨਪੁਰ ਸਟੇਸ਼ਨ 'ਤੇ ਪਹੁੰਚੀ ਤਾਂ ਉੱਥੇ ਬਹੁਤ ਜ਼ਿਆਦਾ ਰੌਲਾ ਸੀ ਅਤੇ ਕਿਸੇ ਨੇ ਅਚਾਨਕ ਆ ਕੇ ਦੱਸਿਆ ਕਿ ਸਿੱਖਾਂ ਨੂੰ ਕੁੱਟਿਆ ਤੇ ਮਾਰਿਆ ਜਾ ਰਿਹਾ ਹੈ, ਉਨ੍ਹਾਂ 'ਤੇ ਹਮਲੇ ਕੀਤੇ ਜਾ ਰਹੇ ਹਨ।
ਟਰੇਨ ਦੇ ਟੁਆਇਲਟ 'ਚ ਲੁਕਣਾ ਪਿਆ
ਮੇਰੇ ਨਾਲ ਮੇਰਾ ਦੋਸਤ ਮੇਘਨਾਥ ਅਤੇ ਅੰਮ੍ਰਿਤਸਰ ਤੋਂ ਇੱਕ ਹੋਰ ਸਿੱਖ ਸੀ ਤੇ ਮੇਘਨਾਥ ਨੇ ਸਾਨੂੰ ਕਿਹਾ ਤੁਸੀਂ ਗੁਸਲਖਾਨੇ ਵਿੱਚ ਲੁੱਕ ਜਾਉ।"
ਪਹਿਲਾਂ ਲਗਿਆ ਕਿ ਥੋੜ੍ਹਾ ਰੌਲਾ-ਰੱਪਾ ਹੀ ਹੋਵੇਗਾ ਪਰ ਵਕਤ ਦੀ ਨਜ਼ਾਕਤ ਨੂੰ ਸਮਝਦੇ ਹੋਏ ਅਸੀਂ ਮੇਘਨਾਥ ਦੀ ਗੱਲ ਮੰਨ ਲਈ ਤੇ ਲੁਕ ਗਏ।
ਇਹ ਵੀ ਪੜ੍ਹੋ:
ਸ਼ੋਰ ਇੰਨਾ ਜ਼ਿਆਦਾ ਸੀ ਕਿ ਅਸੀਂ ਅੰਦਰੋਂ ਸੁਣ ਵੀ ਰਹੇ ਸੀ, “ਕੋਈ ਸਿੱਖ, ਹੈ ਕੀ ਕੋਈ ਸਰਦਾਰ ਹੈ ਤਾਂ ਫੜੋ ਮਾਰੋ ਉਸ ਨੂੰ”
ਅਸੀਂ ਸੁਣਿਆ ਕਿ ਕਿਸੇ ਨੇ ਮੇਘਨਾਥ ਨੂੰ ਪੁੱਛਿਆ ਕਿ ਅੰਦਰ ਕੌਣ ਹੈ ਤਾਂ ਉਸ ਨੇ ਕਿਹਾ ਕਿ ਕੋਈ ਔਰਤ ਹੈ, ਇਹ ਸੁਣ ਕੇ ਉਹ ਉੱਥੋਂ ਚਲੇ ਗਏ।"
ਇਸ ਤਰ੍ਹਾਂ ਅਸੀਂ ਕਾਨਪੁਰ ਤੋਂ ਤਾਂ ਸਹੀ ਸਲਾਮਤ ਨਿਕਲ ਆਏ ਪਰ ਉਸ ਤੋਂ ਬਾਅਦ ਇੱਕ ਸੱਚਮੁਚ ਦਾ ਖੌਫ਼ ਸਾਡੇ ਮਨ ਵਿੱਚ ਆ ਗਿਆ।
ਫਿਰ ਅਸੀਂ ਇਲਾਹਾਬਾਦ ਸਟੇਸ਼ਨ 'ਤੇ ਆ ਗਏ। ਉੱਥੇ ਆ ਕੇ ਦੇਖਿਆ ਕਿ ਸਟੇਸ਼ਨ ਬਿਲਕੁਲ ਸੁੰਨਸਾਨ ਸੀ। ਕੋਈ ਬੰਦਾ ਵੀ ਨਜ਼ਰ ਨਹੀਂ ਆਇਆ। ਇੱਕ ਬੰਦਾ ਦੋ ਪੰਨਿਆਂ ਦਾ ਅਖ਼ਬਾਰ ਵੇਚ ਰਿਹਾ ਸੀ।
ਜਿਸ ਵਿੱਚ ਲਿਖਿਆ ਸੀ ਕਿ, 'ਇੰਦਰਾ ਗਾਂਧੀ ਨੂੰ ਸਿੱਖਾਂ ਨੇ ਮਾਰ ਦਿੱਤਾ।' ਉਸ ਵਿੱਚ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੀਆਂ ਤਸਵੀਰਾਂ ਵੀ ਛਪੀਆਂ ਹੋਈਆਂ ਸਨ। ਉਸ ਤੋਂ ਬਾਅਦ ਡਰ ਹੋਰ ਵੱਧ ਗਿਆ।
ਉਹ ਰਾਤ ਸਾਡੀ ਠੀਕ-ਠਾਕ ਨਿਕਲ ਗਈ ਪਰ ਰਸਤੇ 'ਚ ਸਫ਼ਰ ਦੌਰਾਨ ਮੇਘਨਾਥ ਨੇ ਸਾਨੂੰ ਕਿਹਾ ਕਿ ਖ਼ਤਰਾ ਵੱਧ ਗਿਆ ਹੈ।
ਇਸੇ ਤਰ੍ਹਾਂ ਹੀ ਹੋਰਨਾਂ ਯਾਤਰੀਆਂ ਨੇ ਵੀ ਕਿਹਾ, ''ਤੁਸੀਂ ਆਪਣੇ ਕੇਸ ਕੱਟ ਲਉ ਤਾਂ ਜੋ ਤੁਸੀਂ ਬਾਕੀ ਰਸਤੇ ਸਲਾਮਤ ਰਹਿ ਸਕੋਗੇ।"
ਅਸੀਂ ਕੈਂਚੀ ਲੈ ਕੇ ਬਾਥਰੂਮ 'ਚ ਚਲੇ ਗਏ ਪਰ ਮੈਂ ਆਪਣੇ ਵਾਲ ਨਹੀਂ ਕੱਟੇ ਹਾਲਾਂਕਿ ਅੰਮ੍ਰਿਤਸਰ ਵਾਲੇ ਸਿੱਖ ਨੇ ਆਪਣੇ ਵਾਲ ਕੱਟ ਲਏ ਸਨ।
ਜਦੋਂ ਅਸੀਂ ਬਿਹਾਰ ਅੰਦਰ ਦਾਖ਼ਲ ਹੋਏ ਤਾਂ ਥੋੜ੍ਹੀ ਰਾਹਤ ਮਹਿਸੂਸ ਹੋਈ ਕਿ ਹੁਣ ਆਪਣੇ ਇਲਾਕੇ 'ਚ ਆ ਗਏ ਹਾਂ।
'ਸਿੱਖਾਂ ਨੂੰ ਮਾਰ ਦਿਓ' ਦੇ ਨਾਅਰੇ
ਉੱਥੇ ਵੀ ਸਟੇਸ਼ਨ 'ਤੇ ਬਹੁਤ ਰੌਲਾ ਸੀ, ਸਿੱਖਾਂ ਨੂੰ ਮਾਰ ਦਿਓ, ਸਿੱਖਾਂ ਨੂੰ ਮਾਰ ਦਿਓ। ਕਿਸੇ ਨੇ ਰੇਲਗੱਡੀ ਦੀ ਖਿੜਕੀ ਨੂੰ ਪੱਥਰ ਮਾਰ ਕੇ ਸ਼ੀਸ਼ਾ ਤੋੜ ਦਿੱਤਾ ਤੇ ਰੌਲਾ ਪਾ ਦਿੱਤਾ ਕਿ ਅੰਦਰ ਇੱਕ ਸਰਦਾਰ ਹੈ।
ਜਦੋਂ ਭੀੜ ਨੇ ਦਰਵਾਜ਼ਾ ਭੰਨਿਆ ਤਾਂ ਮੈਂ ਬਾਹਰ ਵੱਲ ਆਇਆ ਅਤੇ ਦੇਖਿਆ ਜੋ ਭੀੜ ਕੁੱਟਣ ਲਈ ਆਈ ਹੈ ਉਸ ਵਿੱਚ ਉਨ੍ਹਾਂ ਦਾ ਇੱਕ ਜਾਣਕਾਰ ਦੇਵ ਕੁਮਾਰ ਵੀ ਸੀ।
ਦੇਵ ਕੁਮਾਰ ਨੇ ਮੇਰੇ ਵੱਲ ਦੇਖਿਆ ਤੇ ਮੇਰਾ ਨਾਂ ਲੈ ਕੇ ਮੈਨੂੰ ਬਚਾਉਣ ਲਈ ਭੱਜਿਆ ਅਤੇ ਇਸੇ ਦੌਰਾਨ 20-25 ਬੰਦੇ ਉਸ ਨੂੰ ਹੀ ਕੁੱਟਣ ਲੱਗ ਗਏ ਤੇ ਮੈਂ ਉਸ ਮੌਕੇ ਦਾ ਫਾਇਦਾ ਚੁੱਕ ਕੇ ਉੱਥੋਂ ਭੱਜ ਗਿਆ।
ਕੁਲਬੀਰ ਨੇ ਕਿਹਾ, "ਇਸ ਦੌਰਾਨ ਜਿੰਨੀ ਵੀ ਮਾਰ ਪਈ ਉਹ ਸਿਰ 'ਤੇ ਅਤੇ ਪਿੱਠ 'ਤੇ ਪਈ ਜਿਸ ਦੇ ਦੋ ਨਿਸ਼ਾਨ ਅਜੇ ਵੀ ਬਾਕੀ ਹਨ। ਅੱਜ 30 ਸਾਲ ਤੋਂ ਵੱਧ ਹੋ ਗਏ ਹਨ ਪਰ ਲਗਦਾ ਹੈ ਜਖ਼ਮ ਜਿਵੇਂ ਅਜੇ ਵੀ ਤਾਜ਼ਾ ਹਨ।"
ਇਹ ਵੀ ਪੜ੍ਹੋ: