'84 ਸਿੱਖ ਕਤਲੇਆਮ: ਮੁਆਵਜ਼ੇ ਨੂੰ ਕੀਤੀ ਨਾਂਹ, ਆਪਣੇ ਦਮ 'ਤੇ ਪਹੁੰਚੇ ਸਿਖਰਾਂ 'ਤੇ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ, ਪੱਤਰਕਾਰ

31 ਅਕਤੂਬਰ 1984 ਨੂੰ ਸਵੇਰ ਤੱਕ ਸਭ ਕੁਝ ਠੀਕ ਸੀ, ਪਰ ਸ਼ਾਮ ਮਨਹੂਸ ਸਾਬਤ ਹੋਈ। ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭੀੜ ਨੇ ਦਿੱਲੀ ਦੇ ਸਦਰ ਬਾਜ਼ਾਰ ਨੇੜੇ ਕਸਾਬ ਪੁਰਾ ਇਲਾਕੇ ਵਿੱਚ ਜੰਮ ਕੇ ਲੁੱਟ ਖੋਹ ਕੀਤੀ।

ਹਿੰਸਾ ਤੇ ਕਤਲੋਗਾਰਦ ਨੇ ਅਮਰਜੀਤ ਸਿੰਘ ਲਈ ਵੀ ਔਖੀ ਘੜੀ ਲਿਆਂਦੀ। ਉਨ੍ਹਾਂ ਦਾ ਪੂਰਾ ਕਾਰੋਬਾਰ ਬਰਬਾਦ ਹੋ ਗਿਆ। ਬੀਬੀਸੀ ਪੰਜਾਬੀ ਨਾਲ ਤਿੰਨ ਦਹਾਕੇ ਪਹਿਲਾਂ ਦੀਆਂ ਕੌੜੀਆਂ ਯਾਦਾਂ ਉਨ੍ਹਾਂ ਨੇ ਸਾਂਝੀਆਂ ਕੀਤੀਆਂ।

ਅਮਰਜੀਤ ਸਿੰਘ ਦੱਸਦੇ ਹਨ, "ਕੁਝ ਹੀ ਪਲਾਂ ਵਿੱਚ ਸਾਡੀ ਉਮਰ ਭਰ ਦੀ ਪੂੰਜੀ ਲੁੱਟ ਲਈ ਗਈ ਪਰ ਇੱਕ ਚੀਜ਼ ਲੁਟੇਰਿਆਂ ਦੇ ਹੱਥ ਨਹੀਂ ਲੱਗੀ ਉਹ ਸੀ ਸਾਡੀ ਕਿਸਮਤ, ਜਿਸ ਨੂੰ ਉਹ ਲੁੱਟ ਨਹੀਂ ਸਕੇ।''

ਇਹ ਵੀ ਪੜ੍ਹੋ:

ਦਿੱਲੀ ਦੇ ਕਾਰੋਬਾਰੀ ਅਮਰਜੀਤ ਸਿੰਘ ਅੱਜ ਕੱਲ ਸ਼ਹਿਰ ਦੇ ਕਰੋਲ ਬਾਗ਼ ਇਲਾਕੇ ਵਿੱਚ ਰਹਿੰਦੇ ਹਨ।

ਹੋਟਲ ਅਤੇ ਕੱਪੜੇ ਦੇ ਕਾਰੋਬਾਰੀ ਅਮਰਜੀਤ ਸਿੰਘ ਹੁਣ 1984 ਦੇ ਕਤਲੇਆਮ ਦੀ ਗੱਲ ਨਹੀਂ ਕਰਨਾ ਚਾਹੁੰਦੇ, ਪਰ ਇਹ ਇੱਕ ਅਜਿਹਾ ਜ਼ਖ਼ਮ ਹੈ ਜਿਸ ਨੂੰ ਉਹ ਭੁੱਲਾ ਵੀ ਨਹੀਂ ਪਾ ਰਹੇ ਹਨ।

ਸਵਾਲ ਪੁੱਛਣ ਉੱਤੇ ਉਹ ਆਖਦੇ ਹਨ, "ਉਹ ਦਿਨ ਬਹੁਤ ਹੀ ਭਿਆਨਕ ਸਨ, ਅਸੀਂ ਉਸ ਨੂੰ ਭੁੱਲਣਾ ਚਾਹੁੰਦੇ ਹਾਂ , ਨਹੀਂ ਚਾਹੁੰਦੇ ਜੋ ਸਾਡੇ ਨਾਲ ਹੋਈ ਉਹ ਫਿਰ ਤੋਂ ਕਿਸੇ ਹੋਰ ਨਾਲ ਹੋਵੇ।''

1984 ਸਮੇਂ ਅਮਰਜੀਤ ਸਿੰਘ ਦੀ ਉਮਰ 23 ਸਾਲ ਦੀ ਸੀ। 1947 ਸਮੇਂ ਵੰਡ ਦੀ ਮਾਰ ਝੱਲ ਚੁੱਕੇ ਅਮਰਜੀਤ ਸਿੰਘ ਦੇ ਪਿਤਾ ਨੇ ਰੋਜ਼ੀ ਰੋਟੀ ਲਈ ਸਦਰ ਬਾਜ਼ਾਰ ਨੇੜੇ ਕਸਾਬ ਪੁਰਾ ਇਲਾਕੇ ਵਿੱਚ ਵਿੱਚ ਕਰਿਆਨੇ ਦੀ ਦੁਕਾਨ ਕੀਤੀ।

ਪੰਜ ਭਰਾਵਾਂ ਨੇ ਪਿਤਾ ਦੇ ਨਾਲ ਮਿਲ ਕੇ ਕੁਝ ਸਾਲਾਂ ਵਿੱਚ ਤਿੰਨ ਦੁਕਾਨਾਂ ਕਰਕੇ ਕਾਰੋਬਾਰ ਵਿੱਚ ਵਾਧਾ ਕਰ ਲਿਆ। ਪਰਿਵਾਰ 1947 ਦੀ ਵੰਡ ਨੂੰ ਭੁੱਲ ਚੁੱਕਿਆ ਸੀ। ਜ਼ਿੰਦਗੀ ਆਰਾਮ ਨਾਲ ਚੱਲ ਰਹੀ ਸੀ।

ਅਚਾਨਕ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਈ ਹਿੰਸਾ ਦੌਰਾਨ ਅਮਰਜੀਤ ਸਿੰਘ ਦੇ ਪਰਿਵਾਰ ਦਾ ਜਾਨੀ ਨੁਕਸਾਨ ਹੋਣ ਤੋਂ ਤਾਂ ਬਚ ਗਿਆ ਪਰ ਕਮਾਈ ਦਾ ਸਾਧਨ ਖ਼ਤਮ ਹੋ ਗਿਆ ਸੀ। ਤਿੰਨੋਂ ਦੁਕਾਨਾਂ ਭੀੜ ਨੇ ਲੁੱਟ ਲਈਆਂ ਸਨ।

ਉਮਰ ਭਰ ਦੀ ਪੂੰਜੀ ਲੁਟੇਰਿਆਂ ਦੇ ਹੱਥ ਲੱਗ ਚੁੱਕੀ ਸੀ। ਅਮਰਜੀਤ ਸਿੰਘ ਦੱਸਦੇ ਹਨ ਕਿ ਪਰਿਵਾਰ ਕੋਲ ਇੰਨੇ ਪੈਸੇ ਵੀ ਨਹੀਂ ਸਨ ਕਿ ਫਿਰ ਤੋਂ ਦੁਕਾਨ ਸ਼ੁਰੂ ਕਰ ਸਕੀਏ।

ਇਸ ਦੌਰਾਨ ਤਿੰਨ ਸੋ ਰੁਪਏ ਮਹੀਨਾ ਤਨਖ਼ਾਹ ਉੱਤੇ ਇੱਕ ਉੱਤੇ ਨੌਕਰੀ ਕਰ ਲਈ। ਹੌਲੀ-ਹੌਲੀ ਇੱਕ ਬੈਂਕ ਮੈਨੇਜਰ ਨੇ ਤਰਸ ਖਾ ਕੇ ਸਾਨੂੰ ਤੀਹ ਹਜ਼ਾਰ ਰੁਪਏ ਕਰਜ਼ਾ ਦੇ ਦਿੱਤਾ ਜਿਸ ਤੋਂ ਬਾਅਦ ਫਿਰ ਤੋਂ ਕੰਮ ਸ਼ੁਰੂ ਕੀਤਾ।

ਇਹ ਵੀ ਪੜ੍ਹੋ:

'ਲੁੱਟਣ ਤੋਂ ਬਾਅਦ ਟਿੱਚਰਾਂ ਵੀ ਕਰਦੇ ਸੀ'

ਅਮਰਜੀਤ ਸਿੰਘ ਦੱਸਦੇ ਹਨ ਕਿ ਜਦੋਂ ਕਰਜ਼ਾ ਲੈ ਕੇ ਫਿਰ ਤੋਂ ਦੁਕਾਨ ਸ਼ੁਰੂ ਕੀਤੀ ਤਾਂ ਉੱਥੇ ਦਿਲ ਨਹੀਂ ਲਗਦਾ ਸੀ।

ਇਲਾਕੇ ਦੇ ਲੋਕਾਂ ਨੇ ਦੁਕਾਨ ਅੱਗੇ ਖੜ੍ਹੇ ਹੋ ਕੇ ਸਾਨੂੰ ਟਿੱਚਰਾਂ ਕਰਨੀਆਂ ਅਤੇ ਨਾਲ ਹੀ ਹੱਸ-ਹੱਸ ਕੇ ਦੱਸਣਾ ਕਿ ਕਿੰਜ ਉਨ੍ਹਾਂ ਨੇ ਸਰਦਾਰਾਂ ਦੀਆਂ ਦੁਕਾਨਾਂ ਲੁੱਟੀਆਂ।

ਇਹ ਟਿੱਚਰਾਂ ਦਾ ਇਹ ਸਿਲਸਿਲਾ 1984 ਦੀ ਕਤਲੋਗਾਰਦ ਤੋਂ ਬਾਅਦ ਕਈ ਮਹੀਨੇ ਤੱਕ ਚੱਲਦਾ ਰਿਹਾ।

ਰੋਜ਼ਾਨਾ ਦੀਆਂ ਇਹਨਾਂ ਟਿੱਚਰਾਂ ਤੋਂ ਤੰਗ ਆ ਕੇ ਆਖ਼ਰਕਾਰ ਅਮਰਜੀਤ ਸਿੰਘ ਦੇ ਪਰਿਵਾਰ ਨੇ ਤਿੰਨੋ ਦੁਕਾਨ ਵੇਚ ਕੇ ਕਿਸੇ ਹੋਰ ਥਾਂ ਉੱਤੇ ਕੰਮ-ਕਾਜ ਸ਼ੁਰੂ ਕਰਨ ਦੀ ਫ਼ੈਸਲਾ ਕੀਤਾ।

ਚੰਗੇ ਭਲੇ ਚੱਲਦੇ ਕੰਮ ਨੂੰ ਛੱਡ ਕੇ ਅਮਰਜੀਤ ਸਿੰਘ ਨੇ ਚਾਂਦਨੀ ਚੌਂਕ ਵਿੱਚ ਕੱਪੜੇ ਦਾ ਕੰਮ ਸ਼ੁਰੂ ਕੀਤਾ। ਇਹੀ ਕੰਮ ਅਮਰਜੀਤ ਨੂੰ ਰਾਸ ਆ ਗਿਆ ਅਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਇਸ ਸਮੇਂ ਅਮਰਜੀਤ ਸਿੰਘ ਦਾ ਕਰੋਲ ਬਾਜ਼ਾਰ ਵਿੱਚ ਕੱਪੜਿਆਂ ਦਾ ਵੱਡਾ ਸ਼ੋ-ਰੂਮ ਹੈ ਅਤੇ ਇਸੇ ਇਲਾਕੇ ਵਿੱਚ ਵੱਡੇ ਹੋਟਲ ਹਨ।

ਅਮਰਜੀਤ ਸਿੰਘ ਦੱਸਦੇ ਹਨ ਕਿ ਜਿਨ੍ਹਾਂ ਲੋਕਾਂ ਨੇ ਸਾਡੀਆਂ ਦੁਕਾਨਾਂ ਲੁੱਟੀਆਂ ਸਨ ਉਹ ਉਸੇ ਇਲਾਕੇ ਵਿੱਚ ਗ਼ਰੀਬੀ ਵਿੱਚ ਦਿਨ ਕੱਟ ਰਹੇ ਹਨ ਅਤੇ ਪਰਮਾਤਮਾ ਨੇ ਸਾਡੀ ਲੁੱਟੀ ਪੂੰਜੀ ਤੋਂ ਕਈ ਗੁਣਾ ਜ਼ਿਆਦਾ ਬਦਲੇ ਵਿੱਚ ਦਿੱਤਾ।

'ਨਹੀਂ ਲਿਆ ਸਰਕਾਰੀ ਮੁਆਵਜ਼ਾ'

ਅਮਰਜੀਤ ਸਿੰਘ ਦੱਸਦੇ ਹਨ ਕਿ ਸਰਕਾਰ ਨੇ 1984 ਵਿੱਚ ਹੋਈ ਹਿੰਸਾ ਦਾ ਮੁਆਵਜ਼ਾ ਦਿੱਤਾ ਪਰ ਮੈ ਨਹੀਂ ਲਿਆ, ਕਿਉਂਕਿ ਮੈਨੂੰ ਆਪਣੀ ਕਿਸਮਤ ਅਤੇ ਮਿਹਨਤ ਉੱਤੇ ਭਰੋਸਾ ਸੀ ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ।

ਅੱਜ ਜਦੋਂ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹਾਂ ਇੱਕ ਵਾਰ ਕੰਬਣੀ ਛਿੜ ਜਾਂਦੀ ਹੈ। ਇਸ ਕਰ ਕੇ ਉਸ ਦੌਰ ਨੂੰ ਯਾਦ ਨਹੀਂ ਕਰਨਾ ਚਾਹੁੰਦੇ ਕਿਉਂਕਿ 1984 ਵਿੱਚ ਸਿੱਖਾਂ ਉੱਤੇ ਬਹੁਤ ਅੱਤਿਆਚਾਰ ਹੋਇਆ ਸੀ।

( ਇਹ ਕਹਾਣੀ ਮੂਲ ਤੌਰ 'ਤੇ 2017 ਵਿੱਚ ਛਾਪੀ ਗਈ ਸੀ)

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)