You’re viewing a text-only version of this website that uses less data. View the main version of the website including all images and videos.
#90sKidsRumours: ਢਿੱਡ ਵਿੱਚ ਬੂਟੇ ਉੱਗਣ ਤੋਂ ਲੈ ਕੇ ਅੰਡਰਟੇਕਰ ਦੀਆਂ ਸੱਤ ਜਾਨਾਂ ਤੱਕ 90ਵਿਆਂ ਦੀਆਂ ਅਫਵਾਹਾਂ ਹੋਈਆਂ ਵਾਇਰਲ
ਇਹ ਇੱਕ ਆਮ ਧਾਰਨਾ ਹੈ ਕਿ ਬੀਤਿਆ ਸਮਾਂ ਹੀ ਬਿਹਤਰ ਸੀ ਜਾਂ ਘੱਟੋਘੱਟ ਬਚਪਨ ਤਾਂ ਜਵਾਨੀ ਅਤੇ ਬੁਢਾਪੇ ਨਾਲੋਂ ਬਹੁਤ ਹੀ ਚੰਗਾ ਸੀ।
ਭਾਰਤ ’ਚ ਸੋਸ਼ਲ ਮੀਡੀਆ ਉੱਪਰ ਇਸ ਖਿਆਲ ਦੀ ਹਨ੍ਹੇਰੀ ਜਿਹੀ ਆ ਗਈ ਹੈ। ਲੋਕ ਖਾਸ ਤੌਰ 'ਤੇ 1990ਵਿਆਂ ਵਿੱਚ ਬੀਤੇ ਬਚਪਨ ਨੂੰ ਯਾਦ ਕਰਦਿਆਂ ਉਸ ਵੇਲੇ ਦੀਆਂ ਅਫਵਾਹਾਂ, ਗਲਤਫਹਿਮੀਆਂ ਅਤੇ ਮਿੱਠੀਆਂ ਯਾਦਾਂ ਤਾਜ਼ਾ ਕਰ ਰਹੇ ਹਨ।
ਟਵਿੱਟਰ ਉੱਪਰ ਤਾਂ #90sKidsRumours ਭਾਵ '90ਵਿਆਂ ਦੇ ਬੱਚਿਆਂ ਦੀਆਂ ਅਫਵਾਹਾਂ' ਦਾ ਹੈਸ਼ਟੈਗ ਵਾਇਰਲ ਹੋਇਆ ਹੈ।
ਪ੍ਰਸ਼ਾਂਤ ਮਿਸ਼ਰਾ ਨਾਂ ਦੇ ਇੱਕ ਟਵਿੱਟਰ ਯੂਜ਼ਰ ਨੇ ਇਨ੍ਹਾਂ 'ਅਫਵਾਹਾਂ' ਵਿੱਚੋਂ ਇੱਕ ਸਾਂਝੀ ਕੀਤੀ: "ਸਭ ਤੋਂ ਵੱਡੀ ਅਫਵਾਹ: ਬਾਰ੍ਹਵੀਂ ਤੋਂ ਬਾਅਦ ਜ਼ਿੰਦਗੀ ਸੌਖੀ ਹੋ ਜਾਵੇਗੀ।"
ਹੇਠਾਂ ਲੋਕਾਂ ਨੇ ਕੂਮੈਂਟ ਕਰ ਕੇ ਉਨ੍ਹਾਂ ਨਾਲ ਸਹਿਮਤੀ ਜਤਾਈ, ਨਾਲ ਹੀ ਸ਼ੋਏਬ ਅਨਵਰ ਨੇ ਆਖਿਆ: "ਅਫਵਾਹ ਨਹੀਂ, ਇਹ ਸਰਾਸਰ ਝੂਠ ਹੈ।"
ਕਈਆਂ ਨੇ ਪੈਨਸਿਲ ਦੀ ਲਿਖਾਈ ਨੂੰ ਮਿਟਾਉਣ ਵਾਲੇ ਈਰੇਜ਼ਰ ('ਰਬੜ') ਦੀ ਤਸਵੀਰ ਲਾ ਕੇ ਕਿਹਾ ਕਿ ਬਹੁਤ ਬੱਚੇ ਇਹ ਮੰਨਦੇ ਸਨ ਕਿ ਇਸ ਦਾ ਨੀਲਾ ਹਿੱਸਾ ਜ਼ਿਆਦਾ "ਪੱਕਾ" ਹੁੰਦਾ ਹੈ ਅਤੇ ਪੈੱਨ ਦੀ ਸਿਆਹੀ ਵੀ ਮਿਟਾ ਸਕਦਾ ਹੈ।
ਹੇਠਾਂ ਘੱਟੋ ਘੱਟ ਤਿੰਨ ਲੋਕਾਂ ਨੇ ਮਜ਼ਾਕ ਕੀਤਾ: "ਸਿਆਹੀ ਦਾ ਤਾਂ ਪਤਾ ਨਹੀਂ ਪਰ ਇਹ ਪੇਜ ਜ਼ਰੂਰ ਪਾੜ ਦਿੰਦਾ ਸੀ।"
ਇਹ ਵੀ ਜ਼ਰੂਰ ਪੜ੍ਹੋ
ਕ੍ਰਿਕਟ ਪ੍ਰੇਮੀਆਂ ਨੇ ਦੋ ਅਫਵਾਹਾਂ ਖਾਸੀਆਂ ਸ਼ੇਅਰ ਕੀਤੀਆਂ। ਇੱਕ ਤਾਂ ਇਹ ਕਿ ਆਸਟ੍ਰੇਲੀਆ ਦੇ ਬੱਲੇਬਾਜ਼ ਰਿਕੀ ਪੌਂਟਿੰਗ ਦੇ ਬੱਲੇ ਵਿੱਚ ਸਪਰਿੰਗ ਸੀ ਤਾਂ ਹੀ ਉਹ ਇੰਨੇ ਚੰਗੇ ਸ਼ੌਟ ਇੰਨੀ ਆਸਾਨੀ ਨਾਲ ਲਗਾਉਂਦਾ ਸੀ। ਦੂਜਾ ਇਹ ਕਿ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਰੋਜ਼ ਪੰਜ ਕਿਲੋ ਦੁੱਧ ਪੀਂਦੇ ਸਨ।
ਦੁੱਧ ਵਾਲੀ ਅਫਵਾਹ 'ਚ ਕਈਆਂ ਨੇ ਵੀਰੇਂਦਰ ਸਹਿਵਾਗ ਦਾ ਵੀ ਨਾਂ ਲਿਆ।
ਰੌਸ਼ਨ ਰਾਏ ਨੇ 2016 ਵਿੱਚ ਭਾਰਤ ਸਰਕਾਰ ਦੇ ਨੋਟਬੰਦੀ ਤੋਂ ਬਾਅਦ ਨਵੇਂ ਆਏ 2000 ਦੇ ਨੋਟ ਵਿੱਚ ਕੰਪਿਊਟਰ ਚਿੱਪ ਵਾਲੀ ਅਫਵਾਹ ਬਾਰੇ ਵਿਅੰਗ ਕਰਦਿਆਂ ਆਖਿਆ: "ਬੀਤੇ ਸਮੇਂ 'ਚ ਅਫਵਾਹ ਸੀ ਕਿ ਪੋੰਟਿੰਗ ਦੇ ਬੈਟ ਵਿੱਚ ਸਪਰਿੰਗ ਹੈ, ਹੁਣ ਅਫਵਾਹ ਹੈ ਕਿ ਨੋਟ ਵਿੱਚ ਚਿੱਪ ਹੈ।"
ਇੱਕ ਹੋਰ ਟਵਿੱਟਰ ਯੂਜ਼ਰ ਨੇ ਤਰਬੂਜ਼ ਦੀ ਤਸਵੀਰ ਪੋਸਟ ਕਰ ਕੇ ਨਾਲ ਉਸ ਅਫਵਾਹ ਦਾ ਜ਼ਿਕਰ ਕੀਤੀ ਜਿਸ ਮੁਤਾਬਕ, “ਜੇ ਤੁਸੀਂ ਇਸ ਦੇ ਬੀਜ ਖਾਓਗੇ ਤਾਂ ਢਿੱਡ ਵਿੱਚ ਬੂਟਾ ਉੱਗ ਆਵੇਗਾ।"
ਵੀਡੀਓ ਗੇਮ ਦੇ ਸ਼ੌਕੀਨਾਂ ਨੇ ਉਸ ਵੇਲੇ ਦੀ ਇੱਕ "ਕੈਸੇਟ" ਦੀ ਤਸਵੀਰ ਨਾਲ ਲਿਖਾਈ ਕਿ ਇਸ ਉੱਪਰ ਲਿਖਿਆ ਹੁੰਦਾ ਸੀ ਕਿ ਇਸ ਵਿੱਚ '9999999' ਗੇਮਜ਼ ਹਨ ਪਰ "ਇਹ ਸਭ ਤੋਂ ਵੱਡਾ ਝੂਠ ਸੀ"।
ਕਈਆਂ ਨੇ ਤਾਂ ਅਫਵਾਹਾਂ ਤੋਂ ਅਗਾਂਹ ਵੱਧ ਕੇ ਉਸ ਵੇਲੇ ਦੀਆਂ ਮਸ਼ਹੂਰ ਗੇਮਜ਼ ਦੀਆਂ ਤਸਵੀਰਾਂ ਉਂਝ ਵੀ ਸਾਂਝੀਆਂ ਕੀਤੀਆਂ।
ਰੈਸਲਿੰਗ ਐਂਟਰਨਟੇਨਮੈਂਟ ਬਾਰੇ ਇੱਕ ਅਫਵਾਹ ਬਹੁਤ ਸ਼ੇਅਰ ਹੋਈ ਕਿ ਉਸ ਵੇਲੇ ਦੇ ਮਸ਼ਹੂਰ ਰੈਸਲਿੰਗ ਕਿਰਦਾਰ 'ਅੰਡਰਟੇਕਰ' ਮਰ ਕੇ ਦੁਬਾਰਾ ਜ਼ਿੰਦਾ ਹੋ ਗਿਆ ਸੀ।
ਕਈਆਂ ਨੇ ਉਸ ਅਫਵਾਹ ਦਾ ਵੀ ਜ਼ਿਕਰ ਕੀਤਾ ਕਿ ਉਸ ਦੀਆਂ ਸੱਤ ਜਾਨਾਂ ਸਨ ਅਤੇ ਕਈਆਂ ਨੇ ਤਾਂ ਕਿਹਾ ਕਿ ਉਹ ਮੰਨਦੇ ਸਨ ਅੰਡਰਟੇਕਰ ਦੀਆਂ 11 ਜਾਨਾਂ ਸਨ।
ਸਹਾਨਾ ਨਾਂ ਦੀ ਇੱਕ ਟਵਿੱਟਰ ਯੂਜ਼ਰ ਨੇ ਮੋਰ ਦੇ ਪੰਖ ਦੀ ਤਸਵੀਰ ਲਗਾ ਕੇ ਯਾਦ ਕੀਤਾ ਕਿ ਬੱਚੇ ਮੰਨਦੇ ਸਨ ਕਿ ਜੇ ਇਹ ਪੰਖ ਆਪਣੀ ਨੋਟਬੁੱਕ ('ਕਾਪੀ') ਵਿੱਚ ਰੱਖਣਗੇ ਤਾਂ ਅਜਿਹੇ ਕਈ ਹੋਰ ਪੰਖ ਪੈਦਾ ਹੋ ਜਾਣਗੇ।
ਸਿਆਸੀ ਕਾਰਕੁਨ ਸ਼ੈਲਾ ਰਸ਼ੀਦ ਨੇ ਵੀ ਆਪਣਾ ਹਿੱਸਾ ਪਾਇਆ ਅਤੇ ਯਾਦ ਕੀਤਾ ਕਿ ਕਿਵੇਂ ਬੱਚੇ ਉਸ ਵੇਲੇ ਮਸ਼ਹੂਰ ਪਾਕਿਸਤਾਨੀ ਗਾਇਕ ਬਾਰੇ ਇੱਕ ਅਫਵਾਹ ਨੂੰ ਸੱਚ ਮੰਨਦੇ ਸਨ ਕਿ ਉਨ੍ਹਾਂ ਨੇ "ਆਪਣੀ ਪ੍ਰੇਮਿਕਾ ਦਾ ਕਤਲ ਉਸ ਦੇ ਵਿਆਹ 'ਤੇ ਕੀਤਾ, ਫਿਰ ਜੇਲ੍ਹ ਗਏ ਅਤੇ ਉੱਥੇ ਹੀ ਆਪਣੇ ਦਰਦ ਭਰੇ ਨਗਮੇ ਲਿਖੇ"।
ਜਿਨ੍ਹਾਂ ਨੇ ਅਫਵਾਹਾਂ ਨਹੀਂ ਸਗੋਂ ਉਂਝ ਯਾਦਾਂ ਸ਼ੇਅਰ ਕੀਤੀਆਂ ਉਨ੍ਹਾਂ ਵਿੱਚੋਂ ਇੱਕ, ਸ਼ੁੱਧ ਪੰਡਿਤ ਨਾਂ ਦੇ ਵਿਅਕਤੀ ਨੇ ਟਵਿੱਟਰ ਉੱਪਰ ਗੋਲ ਪਾਪੜਾਂ ਦੀ ਫੋਟੋ ਪਾਈ ਜਿਨ੍ਹਾਂ ਨੂੰ ਪੰਜਾਬ ਦੇ ਕਈ ਇਲਾਕਿਆਂ 'ਚ 'ਪੋਪਲੇ' ਆਖਿਆ ਜਾਂਦਾ ਹੈ।
ਮਨੀ ਪਟੇਲ ਨਾਂ ਦੇ ਇੱਕ ਨੌਜਵਾਨ ਜਾਪਦੇ ਟਵਿੱਟਰ ਯੂਜ਼ਰ ਨੇ ਉਸ ਸਮੇਂ ਦੀ ਹੁਣ ਦੇ ਸਮੇ ਨਾਲ ਤੁਲਨਾ ਕਰਦਿਆਂ ਪੋਸਟ ਕੀਤਾ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਦੇ ਬਚਪਨ ਵੇਲੇ ਬੱਚੇ ਬਾਹਰ ਖੜਦੇ ਸਨ ਅਤੇ ਮੋਬਾਈਲ ਹੁੰਦੇ ਹੀ ਨਹੀਂ ਸਨ।
ਤਿੰਨ ਦਿਨਾਂ ਤੋਂ ਚੱਲ ਰਿਹਾ ਇਹ ਫਤੂਰ ਲਗਾਤਾਰ ਜਾਰੀ ਸੀ।
ਇਹ ਵੀ ਜ਼ਰੂਰ ਪੜ੍ਹੋ
ਇਹ ਵੀਡੀਓ ਵੀ ਦੇਖ ਸਕਦੇ ਹੋ