ਪੰਜਾਬ ਪੁਲਿਸ ਵੱਲੋਂ ਕਾਬੂ ਕੀਤੇ ਗਏ ਗੈਂਗਸਟਰ ਨਵ ਲਹੌਰੀਆ ਦੀ ਕਹਾਣੀ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੇਸ਼ੇ ਵੱਜੋਂ ਡਰਾਈਵਰ ਪ੍ਰਦੀਪ ਕੁਮਾਰ ਆਪਣੇ ਮਾਲਕ ਤੇ ਉਨ੍ਹਾਂ ਦੇ ਪਰਿਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਛੱਡ ਕੇ ਵਾਪਸ ਆ ਰਹੇ ਸਨ।

ਹਰਿਆਣਾ ਦੇ ਯਮੁਨਾ ਨਗਰ ਦੇ ਵਸਨੀਕ ਪ੍ਰਦੀਪ ਨੇ ਰੈੱਡ ਲਾਈਟ 'ਤੇ ਗੱਡੀ ਰੋਕੀ, ਅਚਾਨਕ ਕੁਝ ਲੋਕਾਂ ਨੇ ਪਿਸਤੌਲ ਦੀ ਨੋਕ 'ਤੇ ਉਨ੍ਹਾਂ ਤੋਂ ਗੱਡੀ ਖੋਹ ਲਈ।

ਲੁਟੇਰੇ ਗੱਡੀ ਖੋਹ ਕੇ ਕਰਨਾਲ ਵਾਲੇ ਪਾਸਿਓਂ ਭਜਾ ਕੇ ਲੈ ਗਏ। ਇਹ ਘਟਨਾ ਪਿਛਲੇ ਸਾਲ 14 ਦਸੰਬਰ ਦੀ ਹੈ। ਖੋਹੀ ਗਈ ਗੱਡੀ ਇੱਕ ਐੱਸਯੂਵੀ ਸੀ।

ਇਸੇ ਤਰ੍ਹਾਂ ਹੀ 2 ਫਰਵਰੀ ਨੂੰ ਪਟਿਆਲਾ ਤੋਂ ਪਿਸਤੌਲ ਦੀ ਨੋਕ 'ਤੇ ਇੱਕ ਹੋਰ ਗੱਡੀ ਖੋਹੀ ਗਈ।

ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਮਾਮਲਿਆਂ ਨੂੰ ਗੈਂਗਸਟਰ ਨਵਪ੍ਰੀਤ ਸਿੰਘ ਉਰਫ਼ ਲਹੌਰੀਆ ਨੇ ਅੰਜਾਮ ਦਿੱਤਾ ਸੀ।

ਪੰਜਾਬ ਪੁਲਿਸ ਕੋਲ ਇਨ੍ਹਾਂ ਮਾਮਲਿਆਂ ਸਮੇਤ ਲਹੌਰੀਆ ਦੇ ਖ਼ਿਲਾਫ਼ ਦਰਜ 15 ਜੁਰਮਾਂ ਦੀ ਲਿਸਟ ਹੈ।

ਇਹ ਵੀ ਪੜ੍ਹੋ:

2 ਫਰਵਰੀ ਨੂੰ ਲਹੌਰੀਆ ਨੇ ਆਪਣੇ ਸਾਥੀਆਂ ਸਮੇਤ ਪਟਿਆਲਾ ਦੇ ਰਣਜੀਤ ਨਗਰ ਥਾਣੇ ਵਿੱਚ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ।

ਅਗਲੇ ਹੀ ਦਿਨ 3 ਫਰਵਰੀ ਨੂੰ ਲਹੌਰੀਆ ਨੂੰ ਪਟਿਆਲਾ ਪੁਲਿਸ ਨੇ ਪੰਜਾਬ-ਹਰਿਆਣਾ ਸਰਹੱਦ 'ਤੇ ਪੈਂਦੇ ਪਿੰਡ ਧੁਬਲਾ ਤੋਂ ਗ੍ਰਿਫ਼ਤਾਰ ਕਰ ਲਿਆ।

ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਬੀਬੀਸੀ ਨੂੰ ਦੱਸਿਆ ਕਿ ਲਹੌਰੀਆ ਨੇ ਪੁਲਿਸ 'ਤੇ ਕਈ ਫਾਇਰ ਕੀਤੇ।

ਐੱਸਐੱਸਪੀ ਮਨਦੀਪ ਨੇ ਦੱਸਿਆ, "ਅਸੀਂ ਇਲਾਕੇ ਦੀ ਘੇਰਾਬੰਦੀ ਕੀਤੀ ਹੋਈ ਸੀ। ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ ਜਾ ਰਹੀ ਸੀ। ਲਹੌਰੀਏ ਦੀ ਮੈਗਜ਼ੀਨ ਅੜ ਗਈ ਤੇ ਪਿਸਟਲ ਲੋਡ ਨਹੀਂ ਹੋਈ। ਹਮਲਾਵਰਾਂ ਨੇ ਕੁੱਲ 8-9 ਫਾਇਰ ਕੀਤੇ।"

ਇਹ ਵੀ ਪੜ੍ਹੋ:

ਸਿੱਧੂ ਮੁਤਾਬਕ ਲਹੌਰੀਏ ਦੀ ਭਾਲ ਭਾਰਤ ਦੇ ਕਈ ਸੂਬਿਆਂ ਨੂੰ ਸੀ ਇਸ ਕਰ ਕੇ ਇਹ ਅਹਿਮ ਗ੍ਰਿਫ਼ਤਾਰੀ ਹੈ।

ਲਹੌਰੀਆ 8 ਫਰਵਰੀ ਤੱਕ ਪਟਿਆਲਾ ਪੁਲਿਸ ਦੀ ਰਿਮਾਂਡ ਵਿੱਚ ਹੈ। ਉਸ ਖ਼ਿਲਾਫ਼ ਪੰਜਾਬ ਦੇ ਕਈ ਜ਼ਿਲ੍ਹਿਆਂ ਅਤੇ ਭਾਰਤ ਦੇ ਦੂਜੇ ਸੂਬਿਆਂ ਵਿੱਚ ਵੀ ਕਈ ਕੇਸ ਦਰਜ ਹਨ। ਉਸ ਦੂਜੇ ਸੂਬਿਆਂ ਦੀ ਪੁਲਿਸ ਵੀ ਪੁੱਛਗਿੱਛ ਲਈ ਰਿਮਾਂਡ 'ਤੇ ਲੈ ਸਕਦੀ ਹੈ।

ਲਹੌਰੀਏ ਬਾਰੇ ਕੁਝ ਗੱਲਾਂ

  • ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਸਮਾਣਾ ਦੇ ਪਿੰਡ ਜੱਟਾਂ ਪੱਤੀ ਦਾ ਵਸਨੀਕ ਹੈ ਲਹੌਰੀਆ।
  • 2016 ਵਿੱਚ ਗੈਂਗਸਟਰ ਲੌਰੈਂਸ ਬਿਸ਼ਨੋਈ ਅਤੇ ਸੰਪਤ ਨੇਹਰਾ ਦੇ ਸੰਪਰਕ ਵਿੱਚ ਆਇਆ।
  • ਪੁਲਿਸ ਮੁਤਾਬਕ ਇਨ੍ਹਾਂ ਦੀ ਮੁਲਾਕਤ ਜੇਲ੍ਹ ਅੰਦਰ ਹੀ ਹੋਈ ਸੀ।
  • ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਲਹੌਰੀਆ ਦੋਹਾਂ ਗੈਂਗਸਟਰਾਂ ਦੇ ਸੰਪਰਕ ਵਿੱਚ ਰਿਹਾ ਅਤੇ ਹੌਲੀ-ਹੌਲੀ ਦੋਵਾਂ ਦੇ ਬੰਦੇ ਇਕੱਠੇ ਕਰਨ ਲੱਗਿਆ।
  • ਪੁਲਿਸ ਦਾ ਕਹਿਣਾ ਹੈ ਕਿ ਬਿਸ਼ਨੋਈ-ਸੰਪਤ ਗੈਂਗ ਨੇ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਵਾਰਦਾਤਾਂ ਕੀਤੀਆਂ ਤੇ ਇਹਨਾਂ ਸੂਬਿਆਂ ਵਿੱਚ ਗਰੋਹ ਦੇ ਖ਼ਿਲਾਫ਼ ਘੱਟੋ-ਘੱਟ 17 ਕੇਸ ਦਰਜ ਕੀਤੇ ਗਏ ਹਨ।
  • ਲਹੌਰੀਆ ਦਾ ਫੇਸਬੁੱਕ ਅਕਾਉਂਟ ਵੀ ਕਾਫ਼ੀ ਚਰਚਾ ਵਿੱਚ ਹੈ। ਸੋਸ਼ਲ ਮੀਡੀਆ 'ਤੇ ਉਸ ਦਾ ਇੱਕ ਗਾਣਾ ਵੀ ਦੱਸਿਆ ਜਾਂਦਾ ਜਿਸਦਾ ਨਾਂ ਹੈ 'ਮਿਡ ਨਾਈਟ ਟੀਅਰਜ਼' ਜੋ ਉਸ ਦੀ ਜ਼ਿੰਦਗੀ 'ਤੇ ਆਧਾਰਿਤ ਹੈ।
  • ਇੰਜਨੀਇਰਿੰਗ ਵਿੱਚ ਡਿਪਲੋਮਾ ਹੋਲਡਰ ਲਹੌਰੀਆ ਜਲਦੀ ਹੀ ਇੱਕ ਹੋਰ ਪੰਜਾਬੀ ਗੀਤ ਵਿੱਚ ਆਉਣ ਦੀ ਯੋਜਨਾ ਬਣਾ ਰਿਹਾ ਸੀ।

ਸੂਬੇ ਦੇ ਹੋਰ ਗੈਂਗਸਟਰ

ਪੰਜਾਬ ਦੇ ਨੌਜਵਾਨਾਂ ਵਿੱਚ ਗੈਂਗਸਟਰਾਂ ਪ੍ਰਤੀ ਵੱਧ ਰਿਹਾ ਰੁਝਾਨ ਪਿਛਲੇ ਕਈ ਸਾਲਾਂ ਤੋਂ ਵੇਖਣ ਨੂੰ ਮਿਲਿਆ ਹੈ। ਪਿਛਲੇ ਇੱਕ ਦੋ ਸਾਲਾਂ ਵਿੱਚ ਪੁਲਿਸ ਨੇ ਕਈ ਗੈਂਗਸਟਰਾਂ ਨੂੰ ਮਾਰਿਆ ਤੇ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਇੱਕ ਵਿੱਕੀ ਗੌਂਡਰ ਸੀ।

ਸੱਤਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਆਪਣੀ ਵੱਡੀ ਸਫ਼ਲਤਾ ਮੰਨਦੇ ਹਨ ਤੇ ਇਸ ਬਾਬਤ ਸੂਬੇ ਵਿੱਚ ਕਈ ਥਾਂਵਾਂ 'ਤੇ ਸੜਕਾਂ ਕਿਨਾਰੇ ਬੈਨਰ ਵੀ ਨਜ਼ਰ ਆਉਂਦੇ ਹਨ।

ਪੁਲਿਸ ਦਾ ਦਾਅਵਾ ਹੈ ਕਿ ਅਮਰਿੰਦਰ ਦੇ ਮੁੱਖ ਮੰਤਰੀ ਬਣਨ ਮਗਰੋਂ ਉਨ੍ਹਾਂ ਨੇ ਬਕਾਇਦਾ ਇਨ੍ਹਾਂ ਖ਼ਿਲਾਫ਼ ਮੁਹਿੰਮ ਛੇੜੀ ਹੋਈ ਹੈ।

ਪ੍ਰਮੁੱਖ ਗੈਗਸਟਰਾਂ ਦੀ ਉਨ੍ਹਾਂ ਦੇ ਜੁਰਮਾਂ ਦੇ ਹਿਸਾਬ ਨਾਲ ਲਿਸਟ ਬਣਾਈ ਗਈ ਸੀ ਅਤੇ ਸਾਰਿਆਂ ਨੂੰ ਦੋ ਸ੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਕਲਾਸ-A ਅਤੇ ਕਲਾਸ-B

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)