ਗੈਂਗਸਟਰ ਵਿੱਕੀ ਗੌਂਡਰ ਦੀ ਮੌਤ ਤੋਂ ਬਾਅਦ ਉਸਦੀ ਮਾਂ ਨੇ ਕੀ ਕਿਹਾ?

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਵਿੱਕੀ ਗੌਂਡਰ ਦੇ ਪਿੰਡ ਸਰਾਵਾਂ ਬੋਦਲਾ ਤੋਂ ਬੀਬੀਸੀ ਪੰਜਾਬੀ ਲਈ

ਮੁਕਤਸਰ ਜ਼ਿਲ੍ਹੇ ਦਾ ਸਰਾਵਾਂ ਬੋਦਲਾ…ਇਹ ਗੈਂਗਸਟਰ ਵਿੱਕੀ ਗੌਂਡਰ ਦਾ ਪਿੰਡ ਹੈ। ਗੌਂਡਰ ਤੇ ਉਸਦੇ ਸਾਥੀ ਸ਼ੁੱਕਰਵਾਰ ਨੂੰ ਰਾਜਸਥਾਨ-ਪੰਜਾਬ ਸਰਹੱਦ 'ਤੇ ਕਥਿਤ ਪੁਲਿਸ ਮੁਕਾਬਲੇ 'ਚ ਮਾਰੇ ਗਏ।

ਵਿੱਕੀ ਗੌਂਡਰ ਦੀ ਹੋਂਦ ਕੱਲ ਤੱਕ ਸੱਚ ਸੀ ਪਰ ਪਿੰਡ ਉਸਤੋਂ ਬਾਅਦ ਦਾ ਸੱਚ ਹੰਢਾ ਰਿਹਾ ਹੈ।

ਇਸ ਸਚਾਈ ਦੇ ਬਾਵਜੂਦ ਇਹ ਪਿੰਡ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਤੇ ਕੱਲ ਸ਼ਾਇਦ ਅੱਜ ਵਰਗਾ ਵੀ ਨਾ ਰਹੇ।

ਹਰ ਥਾਂ ਤਾਇਨਾਤ ਹੈ ਪੁਲਿਸ

ਪੁਲਿਸ ਦੀ ਨਫ਼ਰੀ ਪਿੰਡ ਸ਼ੂਰੂ ਹੋਣ ਤੋਂ ਲੈ ਕੇ ਵਿੱਕੀ ਗੌਂਡਰ ਦੇ ਘਰ ਦੀ ਸੜਕ ਤੱਕ ਹਰ ਥਾਂ ਤਾਇਨਾਤ ਹੈ।

ਵਿੱਕੀ ਗੌਂਡਰ ਦਾ ਘਰ ਵਿਹਗਲਾਂ ਦੀ ਢਾਹਣੀ ਵਿੱਚ ਸਥਿਤ ਹੈ।

ਢਾਹਣੀ ਨੂੰ ਜਾਂਦੇ ਦੋਹਾਂ ਰਸਤਿਆਂ 'ਤੇ ਪੁਲਿਸ ਦੇ ਨਾਕੇ ਹਨ।

ਵਿਹਗਲ ਢਾਣੀ ਤੱਕ ਪੁਲਿਸ ਦੀ ਪੁੱਛਗਿੱਛ ਵਿੱਚੋਂ ਲੰਘੇ ਬਿਨਾਂ ਪਹੁੰਚਣਾ ਸੰਭਵ ਨਹੀਂ ਹੈ।

ਸੋਗਮਈ ਮਾਹੌਲ

ਢਾਹਣੀ ਦਾ ਮਾਹੌਲ ਸੋਗਮਈ ਹੈ। ਢਾਹਣੀ ਵਿੱਚ ਆਉਣ ਵਾਲੇ ਹਰ ਓਪਰੇ ਬੰਦੇ ਵੱਲ ਝਾਕਦੀਆਂ ਅੱਖਾਂ ਵਿੱਚ ਦਹਿਸ਼ਤ, ਨਮੋਸ਼ੀ ਅਤੇ ਦੁੱਖ ਦੇ ਪ੍ਰਸ਼ਨਮਈ ਜਿਹੇ ਪ੍ਰਭਾਵ ਹਨ।

ਵਿੱਕੀ ਗੌਂਡਰ ਦੇ ਚਾਰ ਕਮਰਿਆਂ ਦੇ ਪੱਕੇ ਘਰ ਦੀਆਂ ਬੇਰੰਗੀਆਂ ਕੰਧਾਂ ਵਰਗਾ ਹੀ ਘਰ ਵਿਚ ਸੱਖਣਾਪਣ ਹੈ।

ਘਰ ਵਿਚ 50 ਕੁ ਬੰਦੇ ਮੌਜੂਦ ਹਨ ਜਿੰਨਾ ਵਿਚੋਂ ਜ਼ਿਆਦਾਤਰ ਢਾਹਣੀ ਦੇ ਬਾਸ਼ਿੰਦੇ ਨੇ ਜਾਂ ਸਕੇ ਸਬੰਧੀ।

ਸ਼ਰੀਕੇ ਵਾਲੇ ਬਹੁਤੀ ਚਰਚਾ ਕਰਨੀ ਨਹੀਂ ਚਾਹੁੰਦੇ ਜਾਂ ਕਰ ਨਹੀਂ ਪਾ ਰਹੇ।

ਪਿਤਾ ਪੁੱਤਰ ਵਿੱਕੀ ਗੌਂਡਰ ਉਰਫ਼ ਹਰਜਿੰਦਰ ਦੀ ਲਾਸ਼ ਲੈਣ ਲਈ ਸ਼ਹਿਰ ਗਏ ਹੋਏ ਹਨ।

ਘਰ ਵਿੱਚ ਮੌਜੂਦ ਮਾਂ ਬਹੁਤਾ ਕੁਝ ਬੋਲਣ ਦੀ ਹਾਲਤ ਵਿੱਚ ਨਹੀਂ ਹੈ।

ਪੁੱਛੇ ਜਾਣ 'ਤੇ ਉਸਨੇ ਸਿਰਫ ਇੰਨਾਂ ਹੀ ਕਿਹਾ, "ਮੈਨੂੰ ਮੇਰੇ ਪੁੱਤ ਦੀ ਲਾਸ਼ ਦੇ ਦਿਉ, ਆਪਣੇ ਪੁੱਤ ਦੀ ਮਿੱਟੀ ਤਾਂ ਸਮੇਟ ਲਵਾਂ।"

'ਬਦਲੇ ਨਾਲ ਮੇਰਾ ਪੁੱਤ ਤਾਂ ਵਾਪਸ ਨਹੀਂ ਆਉਣਾ'

ਫੇਸਬੁੱਕ ਉੱਤੇ ਵਿੱਕੀ ਦੇ ਕਥਿਤ ਸਾਥੀਆਂ ਵੱਲੋਂ ਬਦਲਾ ਲੈਣ ਦੇ ਬਿਆਨ ਆ ਰਹੇ ਹਨ।

ਇਸ ਬਾਰੇ ਪੁੱਛੇ ਜਾਣ ਤੇ ਵਿੱਕੀ ਦੀ ਮਾਂ ਕਹਿਣਾ ਸੀ , "ਇਸਦੇ ਬਾਰੇ ਤਾਂ ਮੈਨੂੰ ਕੁਝ ਪਤਾ ਨੀ, ਪਰ ਮੇਰਾ ਪੁੱਤ ਤਾਂ ਹੁਣ ਵਾਪਸ ਨਹੀਂ ਆਉਣਾ।"

ਵਿੱਕੀ ਦੇ ਤਾਏ ਦਾ ਪੁੱਤਰ ਕਹਿੰਦਾ ਹੈ, "ਗੌਂਡਰ ਤਾਂ ਇਹਦਾ ਨਾਂ ਜਵਾਕਾਂ ਨੇ ਸਕੂਲ ਵਿੱਚ ਚੌੜ-ਚੌੜ ਵਿੱਚ ਹੀ ਰੱਖਤਾ ਸੀ ਵਿੱਕੀ ਤਾਂ ਇਹਦਾ ਨਾਂ ਜਲੰਧਰ ਜਾ ਕੇ ਪਿਆ, ਇਹ ਤਾਂ ਸਾਨੂੰ ਬਾਅਦ 'ਚ ਪਤਾ ਲੱਗਿਆ ਕਿ ਇਹ ਸਾਡੇ ਆਲੇ ਜਿੰਦਰ ਦਾ ਹੀ ਨਾਂ ਐ।"

ਘਰ ਵਿਚ ਪਹੁੰਚਣ ਵਾਲੇ ਕੈਮਰੇ ਵਾਲੇ ਹੱਥ ਸਕੇ-ਸਬੰਧੀਆਂ ਨੂੰ ਸੁਖਾਵਾਂ ਮਹਿਸੂਸ ਨਹੀਂ ਕਰਵਾ ਰਹੇ।

ਪੁੱਛੇ ਜਾਣ 'ਤੇ ਮਿਲਣ ਵਾਲੇ ਜਵਾਬਾਂ ਦੀ ਅਵਾਜ਼ ਦੱਬਵੀਂ ਹੈ।

ਮਾਪਿਆਂ ਦਾ ਇਕੱਲਾ ਪੁੱਤ ਸੀ

ਸ਼ਬਦ ਸੰਕੋਚ ਨਾਲ ਵਰਤੇ ਜਾ ਰਹੇ ਹਨ।

ਢਾਹਣੀ ਦੇ ਹੀ ਰਹਿਣ ਵਾਲੇ ਸਲਵਿੰਦਰ ਸਿੰਘ ਦਾ ਕਹਿਣਾ ਸੀ, "ਜੋ ਵੀ ਹੋਇਆ ਮਾੜਾ ਹੋਇਆ ਬਾਈ ਜੀ ਮਾਪਿਆਂ ਦਾ ਕੱਲਾ ਪੁੱਤ ਸੀ।"

ਵਿੱਕੀ ਦੇ ਬਚਪਨ ਦੇ ਸਾਥੀਆਂ ਕੋਲ ਸਾਂਝੀਆਂ ਕਰਨ ਲਈ ਕੁਝ ਪੁਰਾਣੀਆਂ ਯਾਦਾਂ ਹਨ।

ਢਾਹਣੀ ਨੇੜਲੇ ਖੰਡਰ ਹੋਏ ਘਰ ਕੋਲ ਵਾਲੀਬਾਲ ਦਾ ਨੈੱਟ ਲੱਗਿਆ ਹੋਇਆ ਹੈ।

'ਰੋਜ਼ਗਾਰ ਬਿਨਾਂ ਮੁੰਡੇ ਗੈਂਗਸਟਰ ਬਣਦੇ ਰਹਿਣਗੇ'

ਗਰਾਊਂਡ ਵਿੱਚ ਖੜ੍ਹੇ ਵਿੱਕੀ ਦੇ ਸਕੂਲ ਦੇ ਸਾਥੀ ਮਨਪ੍ਰੀਤ ਸਿੰਘ ਦਾ ਕਹਿਣਾ ਸੀ,

"ਵਿੱਕੀ ਸਕੂਲ ਵਿੱਚ ਮੇਰਾ ਜੂਨੀਅਰ ਸੀ, ਅਸੀਂ ਸਕੂਲ ਵਿੱਚ ਇਕੱਠੇ ਖੇਡਦੇ ਰਹੇ ਆਂ, ਵਿੱਕੀ ਇਸ ਤਰਾਂ ਦਾ ਬੰਦਾ ਨਹੀਂ ਸੀ। ਗਲਤ ਸੰਗਤ ਕਰਕੇ ਕਹਿ ਲਓ ਜਾਂ ਸਰਕਾਰਾਂ ਦੀਆਂ ਗਲਤ ਪਾਲਸੀਆਂ ਕਰਕੇ ਕਹਿ ਲਓ, ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਐ ਕਿ ਨੌਜਵਾਨਾਂ ਨੂੰ ਗਲਤ ਸੰਗਤ ਵਿਚ ਪੈਣ ਤੋਂ ਰੋਕਣ ਲਈ ਰੋਜ਼ਗਾਰ ਦਿੱਤਾ ਜਾਵੇ ਨਹੀਂ ਤਾਂ ਮੁੰਡੇ ਇਸੇ ਤਰਾਂ ਗੈਂਗਸਟਰ ਬਣਦੇ ਰਹਿਣਗੇ।"

ਇੱਕ ਹੋਰ ਨੌਜਵਾਨ ਹਰਪ੍ਰੀਤ ਸਿੰਘ ਯਾਦਾਂ ਦੀ ਲੜੀ ਜੋੜਦਾ ਹੈ, "ਆਹ ਬੋਹੜ ਦਾ ਦਰਖਤ ਵਿੱਕੀ ਨੇ 10-12 ਸਾਲ ਪਹਿਲਾਂ ਆਪ ਲਾਇਆ ਸੀ, ਕਹਿੰਦਾ ਸੀ ਇਹਦੀ ਛਾਵੇਂ ਬੈਠਿਆ ਕਰਾਂਗੇ। ਇਉਂ ਨੀ ਸੀ ਪਤਾ ਬਈ ਇਹ ਯਾਦਾਂ ਹੀ ਰਹਿ ਜਾਣੀਆਂ।"

ਪਿੰਡ ਦਾ ਮਾਹੌਲ ਵੀ ਕੁਝ ਅਜਿਹਾ ਹੀ ਹੈ। ਦੁਕਾਨਦਾਰ ਗੁਰਸੇਵਕ ਸਿੰਘ ਦਾ ਕਹਿਣਾ ਸੀ,"ਹਾਲੇ ਕੁਝ ਦਿਨ ਪਹਿਲਾਂ ਵਿੱਕੀ ਦਾ ਡੈਡੀ ਮੈਥੋਂ ਸੌਦਾ ਲੈ ਕੇ ਗਿਆ, ਮਿਲਵਰਤਣ ਵਾਲਾ ਟੱਬਰ ਆ ਬਾਈ ਇਹਨਾਂ ਦਾ।"

ਸੱਥ ਵਿੱਚ ਬੈਠੇ ਗੱਜਣ ਸਿੰਘ ਪਿੰਡ ਦੀ ਸਮੁੱਚੀ ਭਾਵਨਾ ਨੂੰ ਸਮੇਟਦੇ ਹਨ, "ਕਾਕਾ, ਬੱਚੇ ਜਦੋਂ ਜਵਾਨ ਹੋ ਕੇ ਬਾਹਰਲੀ ਦੁਨੀਆਂ ਵਿੱਚ ਪੈਰ ਰੱਖਦੇ ਹਨ ਤਾਂ ਪਿੰਡ ਨਾਲੋਂ ਟੁੱਟ ਜਾਂਦੇ ਨੇ, ਇਸੇ ਕਰਕੇ ਕਈ ਵਾਰ ਗਲਤ ਸੰਗਤ ਵਿਚ ਪੈ ਜਾਂਦੇ ਨੇ। ਜੋ ਵੀ ਸੀ ਚੰਗਾ ਜਾਂ ਮਾੜਾ, ਅਫਸੋਸ ਸਾਰੇ ਪਿੰਡ ਨੂੰ ਆ, ਆਖ਼ਰ ਪਿੰਡ ਦਾ ਇਕ ਜਵਾਨ ਪੁੱਤ ਜਹਾਨੋਂ ਗਿਆ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ