ਕਾਬੁਲ ਹਮਲਾ: 'ਇਲਾਕਾ ਕਿਸੇ ਬੁੱਚੜਖਾਨੇ ਵਾਂਗ ਨਜ਼ਰ ਆ ਰਿਹਾ ਸੀ'

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅਧਿਕਾਰੀਆਂ ਮੁਤਾਬਕ ਖੁਦਕੁਸ਼ ਬੰਬ ਧਮਾਕਾ ਹੋਇਆ ਹੈ।

ਹਮਲਾ ਦੇਸ ਦੇ ਗ੍ਰਹਿ ਮੰਤਰਾਲੇ, ਯੂਰਪੀਅਨ ਯੂਨੀਅਨ ਅਤੇ ਹਾਈ ਪੀਸ ਕਾਊਂਸਲ ਦੇ ਦਫ਼ਤਰਾਂ ਕੋਲ ਹੋਇਆ ਹੈ।

ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਬੰਬ ਇੱਕ ਐਂਬੂਲੈਂਸ ਵਿੱਚ ਸੀ ਤੇ ਜਦੋਂ ਇਸ ਨੂੰ ਪੁਲਿਸ ਵੱਲੋਂ ਜਾਂਚ ਲਈ ਰੋਕਿਆ ਗਿਆ ਤਾਂ ਧਮਾਕਾ ਕਰ ਦਿੱਤਾ ਗਿਆ।

ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 95 ਹੋ ਗਈ ਹੈ ਤੇ ਜ਼ਖਮੀਆਂ ਦੀ ਗਿਣਤੀ ਵੀ ਸੈਂਕੜਿਆਂ ਵਿੱਚ ਹੈ।

ਅਫ਼ਗਾਨਿਸਤਾਨ ਸੰਸਦ ਮੈਂਬਰ ਮਿਰਵਾਇਜ਼ ਯਾਸਿਨੀ ਨੇ ਬੀਬੀਸੀ ਨੂੰ ਮੌਕੇ ਦੇ ਹਾਲਾਤਾਂ ਬਾਰੇ ਦੱਸਿਆ।

ਉਨ੍ਹਾਂ ਕਿਹਾ, ''ਸਾਰਾ ਇਲਾਕਾ ਕਿਸੇ ਬੁੱਚੜਖਾਨੇ ਵਾਂਗ ਨਜ਼ਰ ਆ ਰਿਹਾ ਸੀ।''

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਾਰਾ ਪਰਿਵਾਰ ਦੁਪਹਿਰ ਦਾ ਖਾਣਾ ਖਾ ਰਹੇ ਸੀ ਕਿ ਅਚਾਨਕ ਧਮਾਕਾ ਹੋਇਆ।

ਸਾਨੂੰ ਲੱਗਾ ਕਿ ਇਹ ਸਾਡੇ ਘਰ ਅੰਦਰ ਹੋਇਆ। ਬਾਹਰ ਜਾ ਕੇ ਦੇਖਿਆ ਤਾਂ ਲਾਸ਼ਾਂ ਖਿਲਰੀਆਂ ਪਈਆਂ ਸਨ। ਇਹ ਬੇਹੱਦ ਅਣਮਨੁੱਖੀ ਹੈ।

ਨਾਮ ਨਾ ਛਾਪਣ ਦੀ ਸ਼ਰਤ 'ਤੇ ਇੱਕ ਸਾਫਟਵੇਅਰ ਇੰਜੀਨੀਅਰ ਨੇ ਹਾਲਾਤ ਬਾਰੇ ਬਿਆਨ ਕੀਤਾ।

ਆਵਾਜ਼ ਇੱਕ ਕਿੱਲੋਮੀਟਰ ਦੂਰ ਸੁਣੀ

ਉਸਨੇ ਦੱਸਿਆ ਕਿ ਉਹ ਘਟਨਾ ਵਾਲੀ ਥਾਂ ਤੋਂ ਇੱਕ ਕਿੱਲੋਮੀਟਰ ਦੂਰ ਸੀ ਜਦੋਂ ਧਮਾਕੇ ਦੀ ਆਵਾਜ਼ ਸੁਣੀ।

ਉਸਨੇ ਅੱਗੇ ਕਿਹਾ, ''ਮੈਂ ਅੱਗ ਦੇ ਭਾਂਬੜ ਉੱਠਦੇ ਦੇਖੇ। ਧੂੰਆਂ ਬਹੁਤ ਸੰਘਣਾ ਸੀ। ਮੇਰੀਆਂ ਅੱਖਾਂ ਵੀ ਸੜਨ ਲੱਗੀਆ ਫ਼ਿਰ ਮੈਨੂੰ ਦਿਖਣਾ ਬੰਦ ਹੋ ਗਿਆ।''

ਉਸ ਮੁਤਾਬਕ ਜਦੋਂ ਨੇੜੇ ਜਾ ਕੇ ਲਾਸ਼ਾਂ ਦੇਖਿਆ ਤਾਂ ਨਜ਼ਾਰਾ ਕਿਸੇ ਕਬਰਗਾਹ ਵਰਗਾ ਸੀ। ਇਲਾਕਾ ਬਿਲਕੁਲ ਤਬਾਹ ਹੋ ਗਿਆ ਹੈ।

ਤਾਲਿਬਾਨ ਨੇ ਇਸ ਦੀ ਜਿੰਮੇਵਾਰੀ ਲੈ ਲਈ ਹੈ। ਪਿਛਲੇ ਹਫ਼ਤੇ ਵੀ ਸੰਗਠਨ ਵੱਲੋਂ ਕੀਤੇ ਹਮਲੇ ਵਿੱਚ 22 ਲੋਕਾਂ ਦੀ ਮੌਤ ਹੋ ਗਈ ਸੀ।

ਪਾਕਿਸਤਾਨ ਲਗਦੇ ਅਫ਼ਗਾਨ ਇਲਾਕਿਆਂ ਵਿੱਚ ਹਾਲੇ ਵੀ ਤਾਲਿਬਾਨ ਦਾ ਕਬਜ਼ਾ ਹੈ।

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਬਹੁਤ ਸਾਰੇ ਦੇਸਾਂ ਦੇ ਸਫ਼ਰਤਖਾਨੇ ਹਨ ਪੁਲਿਸ ਦੇ ਦਫ਼ਤਰ ਹਨ। ਕਾਫ਼ੀ ਭੀੜ-ਭੜਕਾ ਰਹਿੰਦਾ ਹੈ।

ਸ਼ਨੀਵਾਰ ਦੀ ਸਵੇਰ ਜਦੋਂ ਧਮਾਕਾ ਹੋਇਆ ਉਸ ਸਮੇਂ ਵੀ ਮੌਕੇ ਤੇ ਕਾਫ਼ੀ ਗਿਣਤੀ ਵਿੱਚ ਲੋਕ ਮੌਜੂਦ ਸਨ।ਸਾਰੇ ਪਾਸੇ ਧੂੰਏਂ ਦੇ ਗੁਬਾਰ ਦੇਖੇ ਜਾ ਸਕਦੇ ਸਨ।

ਹਾਲੀਆ ਸਮੇਂ ਦੌਰਾਨ ਸਭ ਤੋਂ ਭਿਆਨਕ ਹਮਲਾ

ਪਿਛਲੇ ਮਹੀਨਿਆਂ ਦੌਰਾਨ ਇਹ ਕਾਬਲ ਵਿੱਚ ਹੋਇਆ ਸਭ ਤੋਂ ਭਿਆਨਕ ਹਮਲਾ ਹੈ।

ਦੇਸ ਵਿੱਚ ਆਪਣੀ ਪਕੜ ਮੁੜ ਮਜ਼ਬੂਤ ਕਰਨ ਲਈ ਕੋਸ਼ਿਸ਼ ਕਰ ਰਹੇ ਤਾਲਿਬਾਨਾਂ ਹੱਥੋਂ ਫ਼ੌਜ ਦਾ ਹੁਣ ਤੱਕ ਕਾਫ਼ੀ ਨੁਕਸਾਨ ਹੋਇਆ ਹੈ।

ਤਾਲਿਬਾਨ ਦੇਸ ਵਿੱਚ ਇਸਲਾਮਿਕ ਕਾਨੂੰਨ ਦੀ ਬਹਾਲੀ ਕਰਨਾ ਚਾਹੁੰਦੇ ਹਨ।

ਮਈ ਵਿੱਚ ਵੀ ਰਾਜਧਾਨੀ ਵਿੱਚਲੇ ਇੱਕ ਬੰਬ ਧਮਾਕੇ ਵਿੱਚ 176 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ।

ਹਾਲਾਂਕਿ ਇਸ ਤੋਂ ਤਾਲਿਬਾਨ ਨੇ ਇਨਕਾਰ ਕਰ ਦਿੱਤਾ ਸੀ ਪਰ ਅਧਿਕਾਰੀਆਂ ਮੁਤਾਬਕ ਇਸ ਹਮਲੇ ਵਿੱਚ ਇਨ੍ਹਾਂ ਦੇ ਹੀ ਪਾਕਿਸਤਾਨ ਤੋਂ ਸਹਿਯੋਗੀ ਹਕਾਨੀ ਗਰੁੱਪ ਦਾ ਹੱਥ ਸੀ।

ਪਾਕਿਸਤਾਨ ਨੇ ਅਫ਼ਗਾਨਿਸਤਾਨ ਵਿੱਚ ਅੱਤਵਾਦੀ ਹਮਲਿਆਂ ਨੂੰ ਸ਼ਹਿ ਦੇਣ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਕਿਵੇਂ ਲੰਘ ਗਈ ਐਂਬੂਲੈਂਸ?

ਬੀਬੀਸੀ ਦੀ ਜ਼ਿਆ ਸ਼ਹਿਰਯਾਰ ਨੇ ਮੌਕੇ ਤੋਂ ਦੱਸਿਆ ਹੈ ਕਿ ਇਸ ਇਲਾਕੇ ਵਿੱਚ ਕਾਫ਼ੀ ਸੁਰਖਿਆ ਹੈ।

ਲੰਘਣ ਵਾਲੀਆਂ ਗੱਡੀਆਂ ਦੀ ਜਾਂਚ ਕੀਤੀ ਜਾਂਦੀ ਹੈ ਤੇ ਡਰਾਈਵਰਾਂ ਦੀ ਪਛਾਣ ਕੀਤੀ ਜਾਂਦੀ ਹੈ।

ਨਾਕਿਆਂ ਵਿੱਚੋਂ ਲੰਘਣਾ ਸੌਖਾ ਨਹੀਂ ਹੈ ਇਨ੍ਹਾਂ ਹਾਲਾਤਾਂ ਵਿੱਚ ਇਹ ਐਂਬੂਲੈਂਸ ਉੱਥੇ ਤੱਕ ਕਿਵੇਂ ਪਹੁੰਚ ਗਈ ਇਸ ਬਾਰੇ ਵੀ ਸਵਾਲ ਉੱਠਣਗੇ।

ਕੌਣ ਹਨ ਤਾਲਿਬਾਨ?

  • 1996 ਵਿੱਚ ਘਰੇਲੂ ਖਾਨਾ ਜੰਗੀ ਮਗਰੋਂ ਇਹ ਕੱਟੜ ਪੰਥੀ ਸੰਗਠਨ ਦੇਸ ਦੀ ਸੱਤਾ ਤੇ ਕਾਬਜ ਹੋ ਗਿਆ। ਪੰਜ ਸਾਲ ਮਗਰੋਂ ਅਮਰੀਕੀ ਅਗਵਾਈ ਵਾਲੀਆਂ ਫ਼ੌਜਾਂ ਨੇ ਇਸ ਨੂੰ ਖਦੇੜਿਆ।
  • ਤਾਕਤ ਵਿੱਚ ਰਹਿੰਦਿਆਂ ਇਨ੍ਹਾਂ ਨੇ ਦੇਸ ਵਿੱਚ ਇਸਲਾਮਿਕ ਸ਼ਰੀਆ ਕਾਨੂੰਨ ਸਖਤੀ ਨਾਲ ਲਾਗੂ ਕੀਤਾ ਹੋਇਆ ਸੀ। ਇਸ ਦੌਰਾਨ ਜਨਤਕ ਸਜਾਵਾਂ ਦੇਸ ਵਿੱਚ ਆਮ ਗੱਲ ਸੀ।
  • ਮਰਦਾਂ ਲਈ ਦਾੜ੍ਹੀ ਰੱਖਣਾ ਤੇ ਔਰਤਾਂ ਲਈ ਬੁਰਕਾ ਪਾਉਣਾ ਜਰੂਰੀ ਸੀ। ਟੈਲੀਵਿਜ਼ਨ ਤੇ ਸਿਨਮਾ ਘਰਾਂ ਤੇ ਪੂਰਨ ਪਾਬੰਦੀ ਸੀ।
  • ਸੱਤਾ ਚੋਂ ਕੱਢੇ ਜਾਣ ਮਗਰੋਂ ਇਨ੍ਹਾਂ ਨੇ ਲਗਾਤਾਰ ਅਲ ਕਾਇਦਾ ਦੇ ਆਗੂਆਂ ਦੀ ਪਿੱਠ ਤੇ ਹੱਥ ਰੱਖਿਆ। ਉਸ ਮਗਰੋਂ ਇਨ੍ਹਾਂ ਦੀ ਬਗਾਵਤ ਹਾਲੇ ਤੱਕ ਜਾਰੀ ਹੈ।
  • 2016 ਵਿੱਚ ਅਮਰੀਕੀ ਗੱਠਜੋੜ ਨੇ ਦੇਸ ਵਿੱਚਲੇ ਜਾਨੀ ਨੁਕਸਾਨ ਦਾ ਇਲਜ਼ਾਮ ਤਾਲਿਬਾਨ ਤੇ ਲਾਏ।
  • ਸੰਯੁਕਤ ਰਾਸ਼ਟਰ ਮੁਤਾਬਕ 2017 ਦੌਰਾਨ ਵੀ ਅਫ਼ਗਾਨਿਸਤਾਨ ਵਿੱਚ ਬਹੁਤ ਜ਼ਿਆਦਾ ਮੌਤਾਂ ਹੋਈਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ