ਸੋਸ਼ਲ: ਵਿੱਕੀ ਗੌਂਡਰ ਦੇ ਪੁਲਿਸ ਮੁਕਾਬਲੇ 'ਤੇ ਕੀ ਨੇ ਉਸਦੇ ਮਿੱਤਰਾਂ ਅਤੇ ਦੁਸ਼ਮਣਾਂ ਦੇ ਪ੍ਰਤੀਕਰਮ

ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦੀ ਖ਼ਬਰ ਜਿਵੇਂ ਹੀ ਆਈ ਸੋਸ਼ਲ ਮੀਡੀਆ ਉੱਤੇ ਵੀ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ। ਖੁਦ ਵਿੱਕੀ ਗੌਂਡਰ ਦੇ ਅਕਾਉਂਟ ਤੋਂ ਇੱਕ ਪੋਸਟ ਪਾਈ ਗਈ ਹੈ।

ਹਾਲਾਂਕਿ ਵਿਕੀ ਗੌਂਡਰ ਦੇ ਨਾਂ ਤੋਂ ਕਈ ਫੇਸਬੁੱਕ ਅਕਾਊਂਟ ਬਣੇ ਹੋਏ ਹਨ।

ਇਨ੍ਹਾਂ 'ਚੋਂ ਵਿੱਕੀ ਗੌਂਡਰ ਸਰਾਂਵਾ ਬੋਦਲਾ ਦੇ ਅਕਾਉਂਟ ਤੋਂ ਪੋਸਟ ਕੀਤਾ ਗਿਆ, "ਸਾਡੇ ਸ਼ੇਰਾ ਖੁੰਬਣ ਗਰੁੱਪ ਦਾ ਵੱਡਾ ਵੀਰ ਵਿੱਕੀ ਗੌਂਡਰ ਸਾਡੇ ਵਿੱਚ ਨਹੀਂ ਰਿਹਾ। ਬਹੁਤ ਹੀ ਦੁੱਖ ਦੀ ਗੱਲ ਹੈ। ਸਾਡੇ ਗਰੁੱਪ ਦਾ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਮੇਰਾ ਭਰਾ ਪ੍ਰੇਮਾ ਲਾਹੌਰੀਆ ਵੀ ਨਹੀਂ ਰਿਹਾ।"

ਜਸਪਾਲ ਮਹਿਤਾ ਨਾਂ ਦੇ ਫੇਸਬੁੱਕ ਅਕਾਉਂਟ ਤੋਂ ਪੋਸਟ ਕੀਤਾ ਗਿਆ, "ਆਪਣਾ ਵੀਰ ਵਿੱਕੀ ਗੌਂਡਰ ਜੋ ਕਿ ਇਸ ਦੁਨੀਆਂ ਵਿੱਚ ਨਹੀਂ ਰਿਹਾ ਉਸ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਜ਼ਰੂਰ ਲਿਖੋ।"

ਇੱਕ ਹੋਰ ਗੈਂਗਸਟਰ ਸੁੱਖਾ ਕਾਹਲੋਂ ਸ਼ਾਰਪ ਸ਼ੂਟਰ, ਜਿਸ ਨੂੰ ਕਤਲ ਕਰਨ ਦਾ ਦੋਸ਼ ਵਿੱਕੀ ਗੌਡਰ ਉੱਤੇ ਲੱਗਿਆ ਸੀ , ਦੇ ਫੇਸਬੁੱਕ ਅਕਾਉਂਟ ਤੋਂ ਵੀ ਇੱਕ ਪੋਸਟ ਪਾਈ ਗਈ। ਇਸ ਪੋਸਟ ਵਿੱਚ ਖੁਸ਼ੀ ਜ਼ਾਹਿਰ ਕੀਤੀ ਗਈ ਕਿ ਵਿੱਕੀ ਗੌਂਡਰ ਪੁਲਿਸ ਹੱਥੋਂ ਮਾਰਿਆ ਗਿਆ ਹੈ। ਪੋਸਟ ਵਿੱਚ ਉਸ ਲਈ ਬਹੁਤ ਹੀ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਜਿਸ ਨੂੰ ਰਿਪੋਰਟ ਵਿੱਚੋਂ ਕੱਢ ਦਿੱਤਾ ਗਿਆ ਹੈ।

ਇਸ ਤੋਂ ਬਾਅਦ ਇਸੇ ਪੋਸਟ ਉੱਤੇ ਕਈ ਪ੍ਰਤੀਕਰਮ ਆਏ। ਕਈ ਪ੍ਰਤੀਕਰਮ ਖੁਸ਼ੀ ਜ਼ਾਹਿਰ ਕਰਨ ਵਾਲੇ ਹਨ ਕਿ ਵਿੱਕੀ ਗੌਂਡਰ ਮਾਰਿਆ ਗਿਆ ਹੈ। ਸੁਖਵਿੰਦਰ ਸਿੰਘ ਸੇਖੋਂ ਨੇ ਲਿਖਿਆ, "ਗੈਂਗਸਟਰਾਂ ਨੂੰ ਪੈਦਾ ਕਰਨ ਲਈ ਕੌਣ ਜ਼ਿੰਮੇਵਾਰ-ਖੁਦ ਫੁੱਕਰਾਪਣਾ, ਸਿਆਸਤਦਾਨ, ਸਾਡੇ ਸਮਾਜ ਲੋਕ।"

ਜਿੱਪੀ ਸਿੱਧੂ ਫੇਸਬੁੱਕ ਅਕਾਊਂਟ ਤੋਂ ਇੱਕ ਪੋਸਟ ਪਾਈ ਗਈ ਜਿਸ ਵਿੱਚ ਉਨ੍ਹਾਂ ਸਪਸ਼ਟ ਕੀਤਾ ਕਿ ਕੋਈ ਵੀ ਇਹ ਨਾ ਸੋਚੇ ਕਿ ਉਹ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਦੀ ਹਮਾਇਤ ਕਰ ਰਿਹਾ ਹੈ, ਪਰ ਉਹ ਇਨ੍ਹਾਂ ਤਿੰਨਾਂ ਗੈਂਗਸਟਰਾਂ ਦੀਆਂ ਮਾਵਾਂ ਤੇ ਰਿਸ਼ਤੇਦਾਰਾਂ ਬਾਰੇ ਫਿਕਰ ਕਰ ਰਿਹਾ ਹੈ, ਜੋ ਇਸ ਵੇਲੇ ਬਜ਼ੁਰਗ ਹੋ ਗਏ ਹੋਣਗੇ। ਜੋ ਵੀ ਹੋਇਆ ਮਾੜਾ ਹੀ ਹੋਇਆ ਹੈ।

ਮੁਸਕਾਨ ਗਰੇਵਾਲ ਨੇ ਫੇਸਬੁੱਕ ਪੋਸਟ ਪਾਈ, "ਹੁਣ ਪੰਜਾਬ ਦੇ ਮੁੰਡਿਆਂ ਨੂੰ ਇਨ੍ਹਾਂ ਸਰਕਾਰਾਂ ਤੋਂ ਬਚ ਜਾਣਾ ਚਾਹੀਦਾ ਹੈ ਕਿਉਂ ਚਾਰ ਦਿਨ ਦੀ ਫੋਕੀ ਚੌਧਰ ਪਿੱਛੇ ਆਪਣੇ ਮਾਂ-ਪਿਓ ਦੇ ਬੁਢਾਪੇ ਦਾ ਖਿਆਲ ਨਹੀਂ ਕਰਦੇ।"

ਮੀਡੀਆ ਵਿੱਚ ਵਿੱਕੀ ਗੌਂਡਰ ਤੇ ਉਸ ਦੇ ਉਸ ਦੇ ਸਾਥੀ ਪ੍ਰੇਮਾ ਲਾਹੌਲਰੀਆ ਦੀ ਮੌਤ ਦੀਆਂ ਖ਼ਬਰਾਂ ਆਈਆਂ ਤਾਂ ਕਈ ਲੋਕਾਂ ਦੇ ਕਮੈਂਟ ਆਏ।

ਹਰਪ੍ਰੀਤ ਸਿੰਘ ਨੇ ਕਮੈਂਟ ਕੀਤਾ, "ਕੁਝ ਲੋਕ ਕਹਿ ਰਹੇ ਹਨ ਕਿਸੇ ਦਾ ਪੁੱਤ ਸੀ, ਜਿਹੜੇ ਵਿੱਕੀ ਨੇ ਮਾਰੇ ਉਹ ਵੀ ਕਿਸੇ ਦੇ ਪੁੱਤ ਸੀ।"

ਪ੍ਰੀਤ ਪ੍ਰੀਤ ਨਾਂ ਦੇ ਇੱਕ ਫੇਸਬੁੱਕ ਅਕਾਉਂਟ ਤੋਂ ਕਮੈਂਟ ਕੀਤਾ ਗਿਆ, "ਦੁੱਖ ਦੀ ਗੱਲ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)