'ਵਿੱਕੀ ਗੌਂਡਰ ਵਾਲਾ ਰਾਹ ਅੰਨ੍ਹੀ ਗਲੀ ਵੱਲ ਜਾਂਦਾ'

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਪਿੰਡ ਸਰਾਵਾਂ ਬੋਦਲਾ ਤੋਂ ਬੀਬੀਸੀ ਪੰਜਾਬੀ ਲਈ

ਵਿੱਕੀ ਗੌਂਡਰ ਹੈ ਤੋਂ ਸੀ ਵਿੱਚ ਬਦਲ ਗਿਆ। ਪਰਿਵਾਰ ਦਾ ਹਰਜਿੰਦਰ ਸਿੰਘ ਭੁੱਲਰ, ਨੇੜਲਿਆਂ ਲਈ ਜਿੰਦਰ ਅਤੇ ਸਮਾਜ ਲਈ ਵਿੱਕੀ ਗੌਂਡਰ।

ਇਸ ਸਾਰੇ ਮਾਮਲੇ 'ਤੇ ਕਈ ਤਰਕ ਦਿੱਤੇ ਜਾ ਰਹੇ ਹਨ ਜਾਂ ਸਵਾਲ ਚੁੱਕੇ ਜਾ ਰਹੇ ਹਨ। ਮੀਡੀਆ ਦੀ ਭੂਮਿਕਾ ਦੀ ਵੀ ਗੱਲ ਹੋ ਰਹੀ ਹੈ।

ਮਸਲਾ ਇਹ ਨਹੀਂ ਹੈ ਕਿ ਮੀਡੀਆ ਤੋਂ ਸਵਾਲ ਨਹੀਂ ਪੁੱਛੇ ਜਾਣੇ ਚਾਹੀਦੇ।

ਮਸਲਾ ਇਹ ਹੈ ਕਿ ਉਮੀਦਾਂ, ਜਿੰਮੇਵਾਰੀਆਂ, ਮਜਬੂਰੀਆਂ ਅਤੇ ਆਪਣੇ ਨਿੱਜੀ ਅਹਿਸਾਸਾਂ ਦਾ ਸਮਤੋਲ ਬਿਠਾਉਂਦੇ ਮੀਡੀਆ ਕਰਮੀਆਂ ਨੂੰ ਕਟਿਹਰੇ ਵਿੱਚ ਖੜਾ ਕੀਤਾ ਜਾਵੇ ਜਾਂ ਇਸ ਮੁੱਦੇ 'ਤੇ ਸੰਵਾਦ ਕੀਤਾ ਜਾਵੇ।

ਅੰਗਰੇਜ਼ੀ ਅਖ਼ਬਾਰ ਟਾਈਮਜ਼ ਆਫ ਇੰਡੀਆਂ ਦੇ ਬਠਿੰਡਾ ਤੋਂ ਪ੍ਰਿੰਸੀਪਲ ਕੌਰਸਪੌਂਡੈਂਟ ਨੀਲ ਕਮਲ ਪਿਛਲੇ 15 ਸਾਲਾਂ ਤੋਂ ਪੱਤਰਕਾਰੀ ਕਰ ਰਹੇ ਹਨ।

ਨੀਲ ਕਮਲ ਦੱਸਦੇ ਹਨ ਕਿ ਉਨ੍ਹਾਂ ਨੇ ਵਿੱਕੀ ਗੌਂਡਰ ਮਾਮਲੇ ਤੇ ਪਹਿਲੀ ਖ਼ਬਰ ਦੋ ਮਹੀਨੇ ਪਹਿਲਾਂ ਉਸਦੇ ਪਿੰਡ ਜਾ ਕੇ ਕੀਤੀ ਸੀ।

ਪਿੰਡ ਤੋਂ ਵਿੱਕੀ ਦੀ ਢਾਣੀ ਨੂੰ ਪੈਦਲ ਜਾਂਦਿਆ ਰਸਤੇ ਵਿੱਚ ਉਸਦੇ ਪਿਤਾ ਨਾਲ ਹੋਈ ਮੁਲਾਕਾਤ ਬਾਰੇ ਨੀਲ ਦਸਦੇ ਹਨ।

ਨੀਲ ਯਾਦ ਕਰਦਿਆਂ ਕਹਿਦੇ ਹਨ ਕਿ ਵਿੱਕੀ ਨੂੰ ਉਸਦੇ ਅਸਲੀ ਨਾਂ ਹਰਜਿੰਦਰ ਕਹਿ ਕੇ ਹੀ ਘਰ ਦਾ ਪਤਾ ਪੁੱਛਿਆ ਸੀ।

ਨੀਲ ਕਮਲ ਮੁਤਾਬਕ ਹਰਜਿੰਦਰ ਦੇ ਪਿਤਾ ਨਾਲ ਹੋਈ ਗੱਲਬਾਤ ਦੇ ਅਧਾਰ ਤੇ ਹੀ ਉਨ੍ਹਾਂ, "ਐਵਰੀ ਡੇਅ ਵੂਈ ਪਰੇਅ ਨਾਟ ਟੂ ਹੀਅਰ ਐਨੀ ਬੈਡ ਨਿਊਜ਼" ਦੇ ਸਿਰਲੇਖ ਹੇਠ ਖਬਰ ਭੇਜੀ ਸੀ।

ਨੀਲ ਕਮਲ ਦੱਸਦੇ ਹਨ ਕਿ ਉਸਦੇ ਪਿਤਾ ਨੇ ਭਰੇ ਮਨ ਨਾਲ ਕਿਹਾ ਸੀ ਕਿ ਜਿਸਨੇ ਬੁਢਾਪੇ ਦਾ ਸਹਾਰਾ ਬਣਨਾ ਸੀ ਉਹ ਅੱਜ ਸਾਡੇ ਲਈ ਮੁਸ਼ਕਿਲਾਂ ਦਾ ਕਾਰਨ ਹੈ।

ਨੀਲ ਮੁਤਾਬਕ ਹਰ ਚੀਜ਼ ਜੋ ਪੱਤਰਕਾਰ ਦੇਖਦਾ ਜਾਂ ਸੁਣਦਾ ਹੈ ਉਹ ਮਹਿਸੂਸ ਹੀ ਕੀਤੀ ਜਾ ਸਕਦੀ ਹੈ, ਲਿਖੀ ਨਹੀਂ ਜਾ ਸਕਦੀ।

ਕਈ ਵਾਰ ਅਦਾਰਿਆ ਦੀਆਂ ਗਾਈਡਲਾਈਨਸ, ਮੌਕੇ ਦੀ ਨਜ਼ਾਕਤ ਮੁਤਾਬਕ ਫੈਸਲੇ ਲੈਣੇ ਪੈਂਦੇ ਹਨ।

ਨੀਲ ਕਮਲ ਮੰਨਦੇ ਹਨ ਕਿ ਕਈ ਵਾਰ ਮੀਡੀਆ ਖਾਸ ਕਰ ਇਲੈਕਟਰੋਨਿਕ ਮੀਡੀਆ ਦਾ ਰੋਲ ਥੋੜਾ ਤਿੱਖਾ ਹੁੰਦਾ ਹੈ।

ਜਿਸ ਲਈ ਮੀਡੀਆ ਅਦਾਰੇ ਅਤੇ ਪੱਤਰਕਾਰ ਦੋਵੇਂ ਹੀ ਕਿਤੇ ਨਾਂ ਕਿਤੇ ਜਿੰਮੇਵਾਰ ਹਨ।

ਇਕਬਾਲ ਸ਼ਾਂਤ ਵੀ ਪੱਤਰਕਾਰ ਦੇ ਤੌਰ 'ਤੇ ਇਸੇ ਇਲਾਕੇ ਵਿਚ ਲੰਮੇ ਸਮੇਂ ਤੋਂ ਵਿਚਰ ਰਹੇ ਹਨ। ਉਨ੍ਹਾਂ ਨੇ ਵੀ ਵਿੱਕੀ ਗੌਂਡਰ ਵਰਗੇ ਮਾਮਲੇ ਕਈ ਵਾਰ ਕਵਰ ਕੀਤੇ ਹਨ।

ਸ਼ਾਂਤ ਦਾ ਕਹਿਣਾ ਹੈ ਕਿ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਵਿੱਕੀ ਗੌਂਡਰ ਵਰਗੇ ਕਿਰਦਾਰ ਸਮਾਜ ਨੇ ਹੀ ਬਣਾਏ ਹਨ ਭਾਵੇਂ ਬਾਅਦ ਵਿੱਚ ਉਹ ਇਸਦਾ ਹਿੱਸਾ ਨਹੀਂ ਰਹਿੰਦੇ।

ਸ਼ਾਂਤ ਮੁਤਾਬਕ ਪੱਤਰਕਾਰੀ ਥੈਂਕਲੈੱਸ ਜੌਬ ਹੈ ਜਿਸਨੂੰ ਕਰਦੇ ਹੋਏ ਸਾਰੇ ਲੋਕਾਂ ਨੂੰ ਕਦੇ ਖੁਸ਼ ਨਹੀਂ ਕੀਤਾ ਜਾ ਸਕਦਾ।

ਸ਼ਾਂਤ ਬੇਬਾਕੀ ਨਾਲ ਗੱਲ ਕਰਦੇ ਹੋਏ ਕਹਿੰਦੇ ਹਨ,''ਸਮਾਜ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਚੁੱਕਿਆ ਹੈ ਜਿਹੜਾ ਚਿੱਟੇ ਕੱਪੜਿਆਂ ਦੀ ਸਿਆਸਤ ਨੂੰ ਸਲਾਮ ਕਰਦਾ ਹੈ ਤੇ ਅਜਿਹੇ ਲੀਡਰ ਖੁਦ ਚੁਣਦਾ ਹੈ ਜਿਹੜੇ ਵਿੱਕੀ ਵਰਗੇ ਨੌਜਵਾਨਾਂ ਨੂੰ ਇਸ ਰਾਹ ਪਾਉਂਦੇ ਹਨ।''

ਸ਼ਾਂਤ ਹੁਣਾ ਨੂੰ ਇਹ ਵੀ ਲਗਦਾ ਹੈ ਕਿ ਅਜਿਹੀਆਂ ਖਬਰਾਂ ਕਰਨਾ ਉਨ੍ਹਾਂ ਦੀ ਮਜਬੂਰੀ ਹੈ ਪਰ ਮਾੜੀਆਂ ਉਦਾਹਰਨਾਂ ਪੈਦਾ ਕਰਨ ਵਾਲੇ ਕਿਰਦਾਰ ਖਬਰਾਂ ਦਾ ਹਿੱਸਾ ਨਹੀਂ ਹੋਣੇ ਚਾਹੀਦੇ ਚਾਹੇ ਉਨ੍ਹਾਂ ਦਾ ਪਿਛੋਕੜ ਚੰਗੇ ਇਨਸਾਨ ਦਾ ਹੀ ਕਿਉਂ ਨਾ ਰਿਹਾ ਹੋਵੇ।

ਉਨ੍ਹਾਂ ਮੁਤਾਬਕ, ''ਪੱਤਰਕਾਰ ਹੋਵੇ ਜਾਂ ਕੋਈ ਹੋਰ ਭਾਰਤੀ ਸਮਾਜ ਵਿੱਚ ਜਿਉਣ ਦੇ ਤਿੰਨ ਤਰੀਕੇ ਹਨ- ਚੋਰ ਹੋ ਜਾਓ, ਸੱਚ ਬੋਲਣ ਦਾ ਹਰਜਾਨਾ ਭੁਗਤੋ ਜਾਂ ਕਿਤੇ ਹੋਰ ਵਸ ਜਾਓ, ਵਿੱਕੀ ਹੋਰਾਂ ਵਾਲਾ ਰਾਸਤਾ ਚੌਥਾ ਹੈ ਜਿਹੜਾ ਅੰਨ੍ਹੀ ਗਲੀ ਵੱਲ ਜਾਂਦਾ ਹੈ।

ਜਸਪਾਲ ਸਿੰਘ ਦੈਨਿਕ ਭਾਸਕਰ ਲਈ ਕੰਮ ਕਰਦੇ ਹਨ ਅਤੇ ਪੱਤਰਕਾਰੀ ਦਾ ਤਜ਼ਰਬਾ ਬਹੁਤਾ ਪੁਰਾਣਾ ਨਹੀਂ ਹੈ।

ਜਸਪਾਲ ਨੇ ਵਿੱਕੀ ਮਾਮਲੇ ਵਰਗੀ ਖਬਰ ਪਹਿਲੀ ਵਾਰ ਕਵਰ ਕੀਤੀ ਹੈ।

ਜਸਪਾਲ ਕਹਿੰਦਾ ਹੈ ਕਿ, "ਮੈਂ ਇਸ ਖ਼ਬਰ ਨੂੰ ਕਰਨ ਸਮੇਂ ਦੋ ਦਿਨ ਮਾਨਸਿਕ ਤੌਰ 'ਤੇ ਦੁਖੀ ਰਿਹਾ। ਅਜਿਹੀ ਸਥਿਤੀ ਵਿੱਚ ਪਰਿਵਾਰ ਨੂੰ ਸਵਾਲ ਕਰਨੇ ਬੜੇ ਮੁਸ਼ਕਿਲ ਲੱਗੇ, ਇਸਦੇ ਮੁਕਾਬਲੇ ਆਮ ਖਬਰਾਂ ਕਰਨੀਆਂ ਆਸਾਨ ਹੁੰਦੀਆਂ ਹਨ ਪਰ ਫਿਰ ਵੀ ਮੈਂ ਅਦਾਰੇ ਦੇ ਨਿਰਦੇਸ਼ਾਂ ਮੁਤਾਬਕ ਖਬਰ ਦਾ ਤਵਾਜਨ ਰੱਖਣ ਦੀ ਕੋਸ਼ਿਸ਼ ਕੀਤੀ ਹੈ।"

ਪੱਤਰਕਾਰ ਮਿੰਟੂ ਗੁਰਸਰੀਆ ਵਿੱਕੀ ਦੇ ਪਿੰਡ ਸਰਾਵਾਂ ਬੋਦਲਾ ਦੇ ਗੁਆਂਢੀ ਪਿੰਡ ਗੁਰੂਸਰ ਤੋਂ ਹਨ।

ਮਿੰਟੂ ਤਕਰੀਬਨ ਦਸ ਸਾਲ ਉਹੀ ਜਿੰਦਗੀ ਜਿਉਂ ਚੁੱਕੇ ਹਨ ਜਿਹੜੀ ਵਿੱਕੀ ਅਤੇ ਉਸਦੇ ਸਾਥੀਆਂ ਦੀ ਮੌਤ ਦਾ ਕਾਰਨ ਹੋ ਨਿੱਬੜੀ।

ਮਿੰਟੂ ਆਪਣੇ ਤਜ਼ਰਬੇ ਵਿੱਚੋਂ ਦੱਸਦੇ ਹਨ, "ਗੁੰਡਾਗਰਦੀ ਅਤੇ ਜ਼ੁਰਮ ਦੇ ਇਸ ਰਸਤੇ ਤੋਂ ਮੁੜਨਾਂ ਸੌਖਾ ਨਹੀਂ ਹੁੰਦਾ, ਅਜਿਹੇ ਨੌਜਵਾਨਾਂ ਨੂੰ ਇਕ ਤਾਂ ਆਪਣੇ ਵਿਰੋਧੀਆਂ ਤੋਂ ਡਰ ਹੁੰਦਾ ਹੈ ਦੂਸਰਾ ਉਹ ਇਸ ਗੱਲ ਨੂੰ ਲੈ ਕੇ ਅਸਿਹਜ ਹੁੰਦੇ ਹਨ ਕਿ ਪੁਲਿਸ ਉਨ੍ਹਾਂ ਨੂੰ ਜਿਊਣ ਨਹੀਂ ਦੇਵੇਗੀ ਜਾਂ ਸਮਾਜ ਉਨ੍ਹਾਂ ਨੂੰ ਨਹੀਂ ਅਪਣਾਵੇਗਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)