You’re viewing a text-only version of this website that uses less data. View the main version of the website including all images and videos.
ਜੇ ਵਿੱਕੀ ਗੌਂਡਰ ਮਾਮਲੇ ਦੀ ਜਾਂਚ ਹੋਵੇਗੀ ਤਾਂ ਸੱਚ ਸਾਹਮਣੇ ਆਏਗਾ: ਸਾਬਕਾ ਡੀਜੀਪੀ
- ਲੇਖਕ, ਗਗਨਦੀਪ ਸਿੰਘ
- ਰੋਲ, ਬੀਬੀਸੀ ਪੰਜਾਬੀ
ਗੈਂਗਸਟਰ ਵਿੱਕੀ ਗੌਂਡਰ ਦੇ ਕਥਿਤ ਪੁਲਿਸ ਮੁਕਾਬਲੇ 'ਤੇ ਪੰਜਾਬ ਪੁਲਿਸ ਦੇ ਇੱਕ ਸਾਬਕਾ ਡਾਇਰੈਕਟਰ ਜਨਰਲ ਸ਼ਸ਼ੀ ਕਾਂਤ ਵੀ ਬੋਲੇ ਹਨ। ਰਾਜਸਥਾਨ-ਪੰਜਾਬ ਦੀ ਸਰਹੱਦ 'ਤੇ ਵਿੱਕੀ ਗੌਂਡਰ ਨੂੰ ਮਾਰਿਆ ਗਿਆ ਸੀ।
ਜਦੋਂ ਉਨ੍ਹਾਂ ਤੋਂ ਪੁਛਿਆ ਗਿਆ ਕਿ ਕੀ ਇਸ ਮੁਕਾਬਲੇ ਦੀ ਜਾਂਚ ਹੋਣੀ ਚਾਹੀਦੀ ਹੈ, ਉਨ੍ਹਾਂ ਕਿਹਾ, "ਕਿਉਂ ਨਹੀਂ...ਜਦੋਂ ਵੀ ਕੋਈ ਸ਼ੱਕ ਹੋਵੇ ਤਾਂ ਇਸ ਤਰ੍ਹਾਂ ਦੇ ਮਾਮਲਿਆਂ ਦੀ ਜਾਂਚ ਹੋ ਸਕਦੀ ਹੈ।"
ਉਨ੍ਹਾਂ ਅੱਗੇ ਕਿਹਾ, "ਜੇ ਇਸ ਮਾਮਲੇ ਦੀ ਜਾਂਚ ਹੋਵੇਗੀ ਤਾਂ ਸੱਚ ਸਾਹਮਣੇ ਆਵੇਗਾ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।"
ਬੀਬੀਸੀ ਪੰਜਾਬੀ ਨਾਲ ਗੱਲ ਕਰਦੇ ਹੋਏ ਸ਼ਸ਼ੀ ਕਾਂਤ ਨੇ ਕਿਹਾ, "ਮੈਨੂੰ ਇਹ ਤਾਂ ਨਹੀਂ ਪਤਾ ਕਿ ਇਹ ਪੁਲਿਸ ਮੁਕਾਬਲਾ ਝੂਠਾ ਹੈ ਜਾਂ ਨਹੀਂ ਪਰ ਇਸ ਪੂਰੀ ਕਾਰਵਾਈ ਵਿੱਚ ਇੱਕ ਉਹ ਪੁਲਿਸ ਅਫ਼ਸਰ ਸ਼ਾਮਿਲ ਹੈ, ਜੋ ਇਸ ਤਰ੍ਹਾਂ ਦੇ ਕੰਮਾਂ ਲਈ ਜਾਣੇ ਜਾਦੇ ਹਨ।"
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਉਸ ਪੁਲਿਸ ਅਫ਼ਸਰ ਦਾ ਨਾਮ ਲੈ ਸਕਦੇ ਹਨ?
ਸ਼ਸ਼ੀ ਕਾਂਤ ਨੇ ਕਿਹਾ, "ਇਸ ਵੇਲੇ ਮੈਂ ਉਸ ਅਫ਼ਸਰ ਦਾ ਨਾਮ ਨਹੀਂ ਲੈ ਸਕਦਾ।"
ਜਦੋਂ ਪੁੱਛਿਆ ਗਿਆ ਕਿ ਕਿ ਉਹ ਇਸ ਮੁਕਾਬਲੇ ਦੀ ਕਾਰਵਾਈ ਵਿੱਚ ਕੋਈ ਗੜਬੜ ਦੇਖਦੇ ਹਨ?
ਉਨ੍ਹਾਂ ਕਿਹਾ, "ਵਿੱਕੀ ਗੌਂਡਰ ਅਕਸਰ ਅੰਡਰਗਰਾਊਡ ਰਹਿੰਦਾ ਸੀ। ਉਸ ਨੂੰ ਸ਼ਰਨ ਦੇਣ ਵਿੱਚ ਕਿਸੇ ਸਿਆਸੀ ਆਦਮੀ ਦੇ ਹੱਥ ਨੂੰ ਨਕਾਰਿਆ ਨਹੀਂ ਜਾ ਸਕਦਾ।"
ਸ਼ਸ਼ੀ ਕਾਂਤ ਨੇ ਅੱਗੇ ਗੱਲਬਾਤ ਦੌਰਾਨ ਕਿਹਾ ਕਿ ਇਹ ਵੀ ਸੰਭਵ ਹੈ ਕਿ ਅਜਿਹੇ ਸਿਆਸੀ ਆਦਮੀ ਦਾ ਨਾਂ ਗੁਪਤ ਰੱਖਣ ਲਈ ਇਹ ਮੁਕਾਬਲਾ ਕੀਤਾ ਗਿਆ ਹੋਵੇ।
ਉਨ੍ਹਾਂ ਕਿਹਾ, "ਇਸ ਤਰ੍ਹਾਂ ਦੇ ਮੁਕਾਬਲੇ ਦੌਰਾਨ ਇਹ ਚੀਜ਼ ਹਮੇਸ਼ਾ ਸੰਭਵ ਹੁੰਦੀ ਹੈ ਕਿ ਕਥਿਤ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ।"
ਸ਼ਸ਼ੀ ਕਾਂਤ ਦੇ ਬਿਆਨ ਬਾਰੇ ਓਰਗਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (OCCU) ਦੇ ਮੁਖੀ ਏਆਈਜੀ ਗੁਰਮੀਤ ਸਿੰਘ ਚੌਹਾਨ ਨਾਲ ਵੀ ਗੱਲ ਕੀਤੀ ਗਈ।
ਗੁਰਮੀਤ ਚੌਹਾਨ ਨੇ ਕਿਹਾ, "ਇਨ੍ਹਾਂ ਕਿਆਸਾਂ ਵਿੱਚ ਕੋਈ ਸੱਚਾਈ ਨਹੀਂ ਹੈ. ਇਹ ਪੱਕੇ ਤੌਰ 'ਤੇ ਅਸਲੀ ਮੁਕਾਬਲਾ ਸੀ।"
ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਤੇ ਕਿਸੇ ਵੀ ਸਵਾਲ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਪੰਜਾਬ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਪਕੋਕਾ ਕਾਨੂੰਨ ਦੀ ਮੰਗ 'ਤੇ ਬੋਲਦੇ ਹੋਏ ਸ਼ਸ਼ੀ ਕਾਂਤ ਨੇ ਕਿਹਾ, "ਇਸ ਤਰ੍ਹਾਂ ਦੇ ਕਾਨੂੰਨ ਵਿੱਚ ਕੁਝ ਵੀ ਗ਼ਲਤ ਨਹੀਂ ਹੈ। ਪਰ ਇਸ ਦੀ ਗ਼ਲਤ ਵਰਤੋਂ ਹੋਣ ਦਾ ਡਰ ਹੁੰਦਾ ਹੈ।"