ਸਵਾਲਾਂ ਵਿੱਚ ਘਿਰਿਆ ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਊਂਟਰ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਸਰਾਵਾਂ ਬੋਦਲਾਂ ਤੋਂ ਬੀਬੀਸੀ ਪੰਜਾਬੀ ਲਈ

ਇਲਜ਼ਾਮਾਂ, ਇਨਕਾਰਾਂ, ਖ਼ੌਫ ਅਤੇ ਉਦਾਸੀ ਦੇ ਮਾਹੌਲ ਵਿੱਚ ਗੈਂਗਸਟਰ ਵਿੱਕੀ ਗੌਂਡਰ ਦਾ ਅੰਤਿਮ ਸਸਕਾਰ ਐਤਵਾਰ ਜ਼ਿਲ੍ਹਾ ਮੁਕਤਸਰ 'ਚ ਉਸਦੇ ਪਿੰਡ ਸਰਾਵਾਂ ਬੋਦਲਾ ਵਿੱਚ ਕਰ ਦਿੱਤਾ ਗਿਆ।

ਵੱਡੀ ਗਿਣਤੀ ਵਿੱਚ ਲਗਾਈ ਗਈ ਪੁਲਿਸ ਫ਼ੋਰਸ ਦੇ ਨਾਕਿਆਂ ਵਿੱਚੋਂ ਲੰਘ ਕੇ ਸਰਾਵਾਂ ਬੋਦਲਾ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਨੂੰ ਅੰਤਿਮ ਵਿਦਾਇਗੀ ਦੇਣ ਪਹੁੰਚੇ ਹੋਏ ਸਨ।

ਦੁਪਹਿਰ ਇੱਕ ਵੱਜ ਕੇ ਪੰਜ ਮਿੰਟ 'ਤੇ ਵਿੱਕੀ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਪਿੰਡ ਦੇ ਮੋਹਤਬਰ ਤੇ ਪਿੰਡ ਵਾਸੀਆਂ ਤੋਂ ਇਲਾਵਾ ਨੌਂਜਵਾਨ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ।

ਇਸ ਦੌਰਾਨ ਵਿੱਕੀ ਗੌਂਡਰ ਦੇ ਰਿਸ਼ਤੇ ਵਿੱਚ ਮਾਮਾ ਲਗਦੇ ਗੁਰਭੇਜ ਸਿੰਘ ਬਿੱਟੂ ਨੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਗੌਂਡਰ ਦੇ ਕਥਿਤ ਐਨਕਾਊਂਟਰ 'ਤੇ ਸਵਾਲ ਚੁੱਕ ਦਿੱਤੇ।

ਹਾਲਾਂਕਿ ਗੁਰਭੇਜ ਸਿੰਘ ਬਿੱਟੂ ਦੇ ਇਲਜ਼ਾਮਾਂ ਨੂੰ ਮੁਕਾਬਲੇ ਨੂੰ ਅੰਜਾਮ ਦੇਣ ਵਾਲੀ ਟੀਮ ਦੇ ਮੁਖੀ ਏ.ਆਈ.ਜੀ. ਗੁਰਮੀਤ ਚੌਹਾਨ ਨੇ ਖਾਰਿਜ ਕਰ ਦਿੱਤਾ।

ਵਿੱਕੀ ਗੌਂਡਰ ਦੇ ਸਸਕਾਰ 'ਤੇ ਪਹੁੰਚੇ ਕਈ ਨੌਜਵਾਨ ਬੇਸ਼ੱਕ ਉਸਦੇ ਨਜ਼ਦੀਕੀ ਤਾਂ ਨਹੀਂ ਹਨ ਪਰ ਆਪਣੇ ਕੰਮ ਛੱਡ ਕੇ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਜ਼ਰੂਰ ਪਹੁੰਚੇ।

ਪਿੰਡ ਦਾ ਹੀ ਇੱਕ ਨੌਜਵਾਨ ਹਰਪ੍ਰੀਤ ਸਿੰਘ ਨੇੜਲੇ ਸ਼ਹਿਰ ਵਿੱਚ ਕੱਪੜੇ ਦੀ ਦੁਕਾਨ ਕਰਦਾ ਹੈ।

ਜਗਮੀਤ ਸਿੰਘ ਬੀਸੀਏ ਦੀ ਪੜ੍ਹਾਈ ਕਰ ਰਿਹਾ ਹੈ, ਵਿੱਕੀ ਸਿੰਘ ਏ.ਸੀ. ਰਿਪੇਅਰ ਦਾ ਕੰਮ ਕਰਦਾ ਹੈ।

ਵਿਕਰਮਜੀਤ ਸਿੰਘ ਬੀ.ਟੈੱਕ. ਕਰਕੇ ਖੇਤੀ ਕਰ ਰਿਹਾ ਹੈ।

ਛੋਟੇ-ਛੋਟੇ ਬੱਚਿਆਂ ਦੀ ਸੰਸਕਾਰ ਵੇਲੇ ਵੱਡੀ ਗਿਣਤੀ ਵੀ ਧਿਆਨ ਦੇਣ ਯੋਗ ਸੀ।

'ਕੋਈ ਵੀ ਨੌਜਵਾਨ ਗੌਂਡਰ ਨਹੀਂ ਬਣਨਾ ਚਾਹੁੰਦਾ'

ਇਨ੍ਹਾਂ ਵਿੱਚੋਂ ਕੋਈ ਵੀ ਨੌਜਵਾਨ ਵਿੱਕੀ ਗੌਂਡਰ ਨਹੀਂ ਬਣਨਾ ਚਾਹੁੰਦਾ।

ਕਈ ਨੌਜਵਾਨ ਅਤੇ ਬੱਚੇ ਇਸ ਲਈ ਆਏ ਹਨ ਕਿ ਉਨ੍ਹਾਂ ਨੇ ਵਿੱਕੀ ਗੌਂਡਰ ਦਾ ਨਾਂ ਬਹੁਤ ਸੁਣਿਆ ਹੈ ਪਰ ਕਦੇ ਨੇੜਿਓਂ ਦੇਖਿਆ ਨਹੀਂ ਸੀ।

ਨੇੜਲੇ ਪਿੰਡ ਡੱਬਵਾਲੀ ਢਾਬ ਦੇ ਰਹਿਣ ਵਾਲੇ ਗੁਰਪਿੰਦਰ ਸਿੰਘ ਅਤੇ ਗੁਰਲਾਲ ਸਿੰਘ ਵਰਗੇ ਨੌਜਵਾਨ ਵੀ ਹਨ ।

ਗੁਰਪਿੰਦਰ ਸਿੰਘ ਮੁਤਾਬਕ ਆਲੇ-ਦੁਆਲੇ ਦੇ 20 ਪਿੰਡ ਭਾਊ ਭਾਈਚਾਰੇ ਦੇ ਹਨ ਅਤੇ ਉਹ ਭਾਈਚਾਰਕ ਤੌਰ 'ਤੇ ਆਏ ਹਨ।

ਗੁਰਪਿੰਦਰ ਦਾ ਕਹਿਣਾ ਹੈ ਕਿ ਵਿੱਕੀ ਵਰਗੇ ਨੌਜਵਾਨ ਜਿਹੜੇ ਰਾਹ 'ਤੇ ਤੁਰੇ ਸਨ ਅਜਿਹੇ ਰਾਹਾਂ ਦੇ ਰਾਹੀਆਂ ਦੇ ਮਾੜੇ ਸੁਨੇਹੇ ਵੇਲੇ ਕੁਵੇਲੇ ਕਦੇ ਵੀ ਆ ਸਕਦੇ ਹਨ।

ਗੁਰਪਿੰਦਰ ਕਹਿੰਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਲਾਵਾਰਿਸ ਛੱਡ ਦਿੱਤਾ ਗਿਆ ਹੈ।

ਜਵਾਨੀ ਦਾ ਜੋਸ਼ ਜਿਹੜਾ ਸਮਾਜ ਦੇ ਲੇਖੇ ਲੱਗਣਾ ਹੁੰਦਾ ਹੈ ਉਹ ਕਈ ਵਾਰ ਦਿਸ਼ਾਹੀਣ ਹੋ ਕੇ ਉਲਟ ਅਸਰ ਵੀ ਪੈ ਜਾਂਦਾ ਹੈ।

'ਬਣਾਇਆ ਗਿਆ ਮੁਕਾਬਲਾ ਫ਼ਰਜ਼ੀ'

ਵਿੱਕੀ ਦੀਆਂ ਅੰਤਿਮ ਰਸਮਾਂ ਤੋਂ ਬਾਅਦ ਪਰਿਵਾਰ ਦੇ ਮੈਂਬਰ ਮੀਡੀਆ ਨਾਲ ਮੁਖਾਤਿਬ ਹੋਏ।

ਰਿਸ਼ਤੇ ਵਿੱਚ ਗੌਂਡਰ ਦੇ ਮਾਮੇ ਗੁਰਭੇਜ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਵਿੱਕੀ ਅਤੇ ਉਸਦੇ ਸਾਥੀਆਂ ਦਾ ਬਣਾਇਆ ਗਿਆ ਪੁਲਿਸ ਮੁਕਾਬਲਾ ਫਰਜ਼ੀ ਹੈ।

ਉਨ੍ਹਾਂ ਇਲਜ਼ਾਮ ਲਾਇਆ ਕਿ ਕਥਿਤ ਮੁਕਾਬਲੇ ਵਿੱਚ ਸ਼ਾਮਲ ਇੱਕ ਇੰਸਪੈਕਟਰ ਦੀ ਕਾਰਵਾਈ ਨਹੀਂ ਸੀ।

ਉਹ ਕਹਿੰਦੇ, ''ਵਿੱਕੀ ਅਤੇ ਉਸਦੇ ਸਾਥੀਆਂ ਨੂੰ ਆਤਮ-ਸਮਰਪਣ ਕਰਨ ਦੇ ਬਹਾਨੇ ਇੰਸਪੈਕਟਰ ਨੇ ਸੱਦਿਆ ਅਤੇ ਧੋਖੇ ਨਾਲ ਉਹ ਮਾਰ ਦਿੱਤੇ ਗਏ।''

ਗੁਰਭੇਜ ਸਿੰਘ ਨੇ ਕਿਹਾ, ''ਇਹ ਇੰਸਪੈਕਟਰ ਵਿੱਕੀ ਗੌਂਡਰ ਨਾਲ ਪੜ੍ਹਦਾ ਰਿਹਾ ਹੈ।ਦੋਵੇਂ ਇਕੱਠੇ ਖੇਡਦੇ ਰਹੇ ਹਨ ਅਤੇ ਨਾਭਾ ਜੇਲ੍ਹ ਬਰੇਕ ਕਾਂਡ ਤੋਂ ਬਾਅਦ ਵੀ ਉਨ੍ਹਾਂ ਦੋਹਾਂ ਦੀ ਆਪਸ ਵਿੱਚ ਗੱਲ ਹੁੰਦੀ ਰਹੀ ਹੈ।''

ਉਨ੍ਹਾਂ ਕਹਿੰਦੇ ਹਨ, ''ਜਿਸ ਢਾਣੀ 'ਤੇ ਇਹ ਮੁਕਾਬਲਾ ਹੋਇਆ ਉਸ ਪਰਿਵਾਰ ਨਾਲ ਵਿੱਕੀ ਅਤੇ ਉਸ ਦੇ ਸਾਥੀਆਂ ਦੀ ਕੋਈ ਨੇੜਤਾ ਨਹੀਂ ਸੀ।''

ਗੁਰਭੇਜ ਸਿੰਘ ਕਹਿੰਦੇ ਹਨ ਕਿ ਇਹ ਸਭ ਉਸੇ ਪੁਲਿਸ ਅਧਿਕਾਰੀ ਵੱਲੋਂ ਪਲਾਨ ਕੀਤਾ ਗਿਆ ਸੀ।

ਗੁਰਭੇਜ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਮੁਕਾਬਲੇ ਤੋਂ ਪਹਿਲਾਂ ਵਿੱਕੀ ਵੱਲੋਂ ਵੱਟਸਐਪ ਰਾਹੀਂ ਜਾਣਕਾਰੀ ਦਿੱਤੀ ਗਈ ਸੀ।

ਗੁਰਭੇਜ ਸਿੰਘ ਮੁਤਾਬਕ ਵਿੱਕੀ ਗੌਂਡਰ ਤੇ ਉਸਦੇ ਸਾਥੀ ਉਸ ਇੰਸਪੈਕਟਰ ਰਾਹੀਂ ਆਤਮ-ਸਮਰਪਣ ਕਰਨ ਜਾ ਰਹੇ ਸਨ।

ਇਲਜ਼ਾਮਾਂ ਦੇ ਘੇਰੇ ਵਿੱਚ ਆਏ ਪੁਲਿਸ ਅਧਿਕਾਰੀ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ।

ਪਰ ਫ਼ੋਨ 'ਤੇ ਬਹਾਦਰ ਸਿੰਘ ਨਾਮੀ ਵਿਅਕਤੀ ਵੱਲੋਂ ਕਿਹਾ ਗਿਆ, ''ਸਰ ਮੀਟਿੰਗ ਵਿੱਚ ਹਨ।''

ਏ.ਆਈ.ਜੀ. ਨੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ

ਪਰਿਵਾਰ ਦੇ ਇਨ੍ਹਾਂ ਇਲਜ਼ਾਮਾਂ ਨੂੰ ਇਸ ਆਪਰੇਸ਼ਨ ਨੂੰ ਅੰਜਾਮ ਦੇਣ ਵਾਲੀ ਟੀਮ ਦੇ ਮੁਖੀ ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਨੇ ਬੇਬੁਨਿਆਦ ਦੱਸਿਆ।

ਉਨ੍ਹਾਂ ਕਿਹਾ ਕਿ ਪੁਲਿਸ ਨੂੰ ਮਿਲੀ ਸੂਚਨਾ ਦੇ ਅਧਾਰ 'ਤੇ ਕਈ ਦਿਨਾਂ ਦੀ ਰੇਕੀ ਤੋਂ ਬਾਅਦ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ।

ਚੌਹਾਨ ਨੇ ਕਿਹਾ, ''ਸਬੰਧਤ ਅਧਿਕਾਰੀ 'ਤੇ ਲਾਏ ਗਏ ਇਲਜ਼ਾਮ ਸਿਰਫ਼ ਇਸ ਲਈ ਲਗਾਏ ਜਾ ਰਹੇ ਹਨ ਕਿਉਂਕਿ ਪਰਿਵਾਰ ਕੋਲ ਕਹਿਣ ਲਈ ਕੁਝ ਹੋਰ ਨਹੀਂ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)