ਨਾਸ਼ਤੇ ਦਾ ਤੁਹਾਡੇ ਭਾਰ ਵਧਣ ਜਾਂ ਘਟਣ ਨਾਲ ਕੋਈ ਸਬੰਧ ਹੈ

    • ਲੇਖਕ, ਫਿਲੀਪਾ ਰੋਕਸਬੇ
    • ਰੋਲ, ਹੈਲਥ ਰਿਪੋਰਟਰ, ਬੀਬੀਸੀ ਨਿਊਜ਼

ਨਾਸ਼ਤਾ ਕਰਨਾ ਬੇਸ਼ੱਕ ਬਹੁਤ ਜ਼ਰੂਰੀ ਹੋਵੇਗਾ, ਪਰ ਇਹ ਤੁਹਾਡਾ ਭਾਰ ਘਟਾਉਣ ਵਿੱਚ ਮਦਦ ਨਹੀਂ ਕਰੇਗਾ। ਇੱਕ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ।

ਜਦੋਂ ਤੁਸੀਂ ਨਾਸ਼ਤਾ ਕਰਦੇ ਹੋ ਤਾਂ ਹਰ ਦਿਨ 260 ਹੋਰ ਕੈਲੋਰੀ ਲੈ ਰਹੇ ਹੁੰਦੇ ਹੋ। ਜਿਹੜੇ ਲੋਕ ਨਾਸ਼ਤਾ ਨਹੀਂ ਕਰਦੇ ਉਨ੍ਹਾਂ ਦੇ ਮੁਕਾਬਲੇ ਨਾਸ਼ਤਾ ਕਰਨ ਵਾਲਿਆਂ ਦਾ ਭਾਰ ਅੱਧਾ ਕਿੱਲੋ ਵੱਧ ਜਾਂਦਾ ਹੈ।

ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਨਾਸ਼ਤਾ ਕੈਲਸ਼ੀਅਮ ਅਤੇ ਫਾਈਬਰ ਦਾ ਚੰਗਾ ਸਰੋਤ ਹੈ।

ਨਾਸ਼ਤਾ ਕਰਨ ਨਾਲ ਧਿਆਨ ਲਗਾਉਣ ਦੀ ਤਾਕਤ ਵਧਦੀ ਹੈ। ਬੱਚਿਆਂ ਨੂੰ ਖਾਸ ਕਰਕੇ ਇਸਦਾ ਫਾਇਦਾ ਹੁੰਦਾ ਹੈ।

ਬ੍ਰੇਕਫ਼ਾਸਟ ਤੋਂ ਤੁਹਾਨੂੰ ਊਰਜਾ ਅਤੇ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ, ਨਾਲ ਹੀ ਤੁਹਾਨੂੰ ਵਾਰ-ਵਾਰ ਖਾਣ ਦੀ ਲੋੜ ਨਹੀਂ ਹੁੰਦੀ।

ਇਹ ਵੀ ਪੜ੍ਹੋ:

ਕਈ ਅਧਿਐਨ ਨਾਸ਼ਤੇ ਦੇ ਫਾਇਦੇ ਦੱਸਦੇ ਹਨ ਅਤੇ ਇਹ ਵੀ ਦੱਸਦੇ ਹਨ ਕਿ ਕਿਵੇਂ ਸਵੇਰ ਦੇ ਨਾਸ਼ਤੇ ਨਾਲ ਅਸੀਂ ਸਿਹਤਮੰਦ ਬਣੇ ਰਹਿ ਸਕਦੇ ਹਾਂ।

ਪਰ ਆਸਟਰੇਲੀਆ ਦੀ ਇਸ ਨਵੀਂ ਰਿਸਰਚ ਵਿੱਚ ਨਾਸ਼ਤੇ ਅਤੇ ਭਾਰ ਵਿੱਚ ਬਦਲਾਅ ਨੂੰ ਲੈ ਕੇ 13 ਵੱਖ-ਵੱਖ ਟਰਾਇਲ ਕੀਤੇ ਗਏ ਹਨ।

ਮੋਨਾਸ਼ ਯੂਨੀਵਰਸਿਟੀ ਦੇ ਇਸ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਦਾਅਵਾ ਕੀਤਾ ਗਿਆ ਕਿ ਨਾਸ਼ਤਾ ਛੱਡਣ ਨਾਲ ਫਾਇਦਾ ਹੁੰਦਾ ਹੈ।

ਇਸਦੇ ਮੁਤਾਬਕ ਜੇਕਰ ਨਾਸ਼ਤਾ ਨਾ ਕੀਤਾ ਜਾਵੇ ਤਾਂ ਦਿਨ ਵਿੱਚ ਲਈ ਜਾ ਰਹੀ ਕੁੱਲ ਕੈਲਰੀ ਨੂੰ ਘਟਾਇਆ ਜਾ ਸਕਦਾ ਹੈ।

ਅਧਿਐਨ ਵਿੱਚ ਕਿਹਾ ਗਿਆ ਕਿ ਨਾਸ਼ਤਾ ਛੱਡਣ ਵਾਲੇ ਲੋਕ ਘੱਟ ਕੈਲਰੀ ਲੈਂਦੇ ਹਨ। ਇਸ ਵਿੱਚ ਦਾਅਵਾ ਕੀਤਾ ਗਿਆ ਕਿ ਜਿਹੜੇ ਲੋਕ ਨਾਸ਼ਤਾ ਨਹੀਂ ਕਰਦੇ ਉਨ੍ਹਾਂ ਨੂੰ ਦੁਪਹਿਰ ਵੇਲੇ ਵੀ ਘੱਟ ਭੁੱਖ ਲਗਦੀ ਹੈ।

ਪਰ ਬਾਲਗਾਂ ਨੂੰ ਭਾਰ ਘਟਾਉਣ ਲਈ ਨਾਸ਼ਤਾ ਛੱਡਣ ਦੀ ਸਲਾਹ ਦੇਣ ਸਮੇਂ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ- ਕਿਉਂਕਿ ਇਸਦਾ ਉਲਟਾ ਅਸਰ ਵੀ ਹੋ ਸਕਦਾ ਹੈ।

ਹਾਲਾਂਕਿ ਰਿਸਰਚ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਅਧਿਐਨ ਦੀਆਂ ਆਪਣੀਆਂ ਸੀਮਾਵਾਂ ਹਨ।

ਸਿਹਤਮੰਦ ਨਾਸ਼ਤਾ ਕੀ ਹੁੰਦਾ ਹੈ?

ਊਰਜਾ ਦੇ ਲਈ- ਤੁਸੀਂ ਕਣਕ ਤੋਂ ਬਣੇ ਬਰੈੱਡ 'ਤੇ ਬੇਕਡ ਬੀਨਜ਼ ਰੱਖ ਕੇ ਖਾ ਸਕਦੇ ਹੋ।

ਪ੍ਰੋਟੀਨ ਦੇ ਲਈ - ਟੋਸਟ 'ਤੇ ਪਾਲਕ ਦੇ ਨਾਲ ਆਂਡੇ ਦੀ ਭੂਰਜੀ ਲੈ ਸਕਦੇ ਹੋ ਜਾਂ ਫਲਾਂ ਅਤੇ ਸੁੱਕੇ ਮੇਵਿਆਂ ਨਾਲ ਘੱਟ ਫੈਟ ਵਾਲਾ ਦਹੀਂ ਖਾ ਸਕਦੇ ਹੋ।

ਕੁਝ ਹਲਕਾ-ਫੂਲਕਾ ਖਾਣ ਲਈ- ਫਲ, ਕੇਲਾ ਅਤੇ ਪਾਲਕ ਦੀ ਸਮੂਦੀ ਲੈ ਸਕਦੇ ਹੋ ਜਾਂ ਟੋਸਟ 'ਤੇ ਐਵੋਕੈਡੋ ਮੈਸ਼ ਕਰਕੇ ਖਾ ਸਕਦੇ ਹੋ।

ਸਰੋਤ: ਐਨਐਚਐਸ ਯੂਕੇ

ਇਸ ਅਧਿਐਨ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਬਹੁਤ ਘੱਟ ਸਮੇਂ ( ਦੋ ਤੋਂ 16 ਹਫ਼ਤਿਆਂ ਤੱਕ) ਲਈ ਫੌਲੋ ਕੀਤਾ ਗਿਆ। ਇਹ ਵੀ ਦੇਖਣ ਨੂੰ ਮਿਲਿਆ ਕਿ ਬ੍ਰੇਕਫਾਸਟ ਖਾਣ ਵਾਲਿਆਂ ਅਤੇ ਨਾ ਖਾਣ ਵਾਲਿਆਂ ਵਿੱਚ ਕੈਲਰੀ ਫਰਕ ਮਾਮੂਲੀ ਸੀ।

ਰਿਸਰਚ ਕਰਨ ਵਾਲਿਆਂ ਮੁਤਾਬਕ ਨਾਸ਼ਤਾ ਛੱਡਣ ਦੇ ਅਸਰ ਦਾ ਠੀਕ ਤਰ੍ਹਾਂ ਨਾਲ ਪਤਾ ਲਗਾਉਣ ਲਈ ਅਜੇ ਹੋਰ ਰਿਸਰਚ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ:

ਕੈਲਸ਼ੀਅਮ ਅਤੇ ਫਾਈਬਰ

ਡਾਈਟੀਸ਼ੀਅਨ ਅਤੇ ਕਿੰਗਜ਼ ਕਾਲਜ ਲੰਡਨ ਦੇ ਨਿਊਟ੍ਰੀਸ਼ੀਅਨ ਸਾਇੰਸ ਡਿਪਾਰਟਮੈਂਟ ਦੇ ਮੁੱਖ ਪ੍ਰੋਫੈਸਰ ਕੇਵਿਨ ਵੇਲਨ ਕਹਿੰਦੇ ਹਨ ਕਿ ਸਾਨੂੰ ਸਵੇਰੇ ਵਾਧੂ ਕੈਲਰੀ ਨਹੀਂ ਲੈਣੀ ਚਾਹੀਦੀ।

ਉਹ ਕਹਿੰਦੇ ਹਨ, "ਇਹ ਸਟਡੀ ਇਹ ਨਹੀਂ ਕਹਿੰਦੀ ਕਿ ਨਾਸ਼ਤਾ ਕਰਨ ਸਿਹਤ ਲਈ ਬੁਰਾ ਹੈ।''

"ਜੇਕਰ ਨਾਸ਼ਤੇ ਵਿੱਚ ਤੁਸੀਂ ਅਨਾਜ ਜਾਂ ਦੁੱਧ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਜ਼ਰੂਰੀ ਪੋਸ਼ਕ ਤੱਤ ਯਾਨਿ ਕੈਲਸ਼ੀਅਮ ਅਤੇ ਫਾਈਬਰ ਮਿਲਦਾ ਹੈ।"

ਪਰ ਆਸਟਰੇਲੀਆ ਦੀ ਇਹ ਰਿਸਰਚ ਨਾਸ਼ਤੇ ਦੇ ਇਸ ਪਹਿਲੂ 'ਤੇ ਰੋਸ਼ਨੀ ਨਹੀਂ ਪਾਉਂਦੀ।

ਉਨ੍ਹਾਂ ਨੇ ਕਿਹਾ, "ਅਸੀਂ ਇੱਥੇ ਇਹ ਨਹੀਂ ਦੱਸ ਰਹੇ ਕਿ ਨਾਸ਼ਤਾ ਮੋਟਾਪੇ ਦਾ ਕਾਰਨ ਹੈ।"

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)