ਪਾਕਿਸਤਾਨ - ਭਾਰਤ ਤਣਾਅ: ਭਾਰਤ ਦਾ ਇੱਕ ਪਾਇਲਟ ਲਾਪਤਾ, ਇੱਕ Mig-21 ਕਰੈਸ਼

ਬਾਲਾਕੋਟ ਵਿੱਚ ਭਾਰਤੀ ਕਾਰਵਾਈ ਤੋਂ ਬਾਅਦ ਬੁੱਧਵਾਰ ਨੂੰ ਪਾਕਿਸਤਾਨ ਦੇ ਭਾਰਤੀ ਖੇਤਰ ਵਿੱਚ ਸਟਰਾਈਕ ਦੇ ਦਾਅਵੇ ਨੂੰ ਭਾਰਤ ਨੇ ਨਾਕਾਮ ਕੋਸ਼ਿਸ਼ ਦੱਸਿਆ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇੱਕ ਸੰਖੇਪ ਪ੍ਰ੍ਰੈੱਸ ਕਾਨਫਰੰਸ ਵਿੱਚ ਇਹ ਦਾਅਵਾ ਕੀਤਾ ਕਿ ਇਸ ਕਾਰਵਾਈ ਦੌਰਾਨ ਇੱਕ ਪਾਕਿਸਤਾਨੀ ਲੜਾਕੂ ਜਹਾਜ਼ ਭਾਰਤ ਨੇ ਡੇਗ ਲਿਆ ਹੈ। ਪਰ ਇਸ ਕਾਰਵਾਈ ਦੌਰਾਨ ਇੱਕ ਭਾਰਤੀ ਪਾਇਲਟ ਲਾਪਤਾ ਹੈ।

ਭਾਰਤ ਵੱਲੋਂ ਪਾਕਿਸਤਾਨ ਨੂੰ ਹਿਰਾਸਤ ਵਿੱਚ ਲਏ ਫੌਜੀ ਨੂੰ ਫੌਰਨ ਭਾਰਤ ਨੂੰ ਸੁਰੱਖਿਅਤ ਸੌਂਪਣ ਦੀ ਮੰਗ ਕੀਤੀ ਹੈ।

ਪਾਕਿਸਤਾਨ ਵੱਲੋਂ ਵੀ ਕਿਹਾ ਗਿਆ ਹੈ ਕਿ ਹਿਰਾਸਤ ਵਿੱਚ ਲਏ ਫੌਜੀ ਨੂੰ ਕੌਮਾਂਤਰੀ ਕਾਨੂੰਨਾਂ ਤਹਿਤ ਹਰ ਸਹੂਲਤ ਦਿੱਤੀ ਜਾ ਰਹੀ ਹੈ।

ਸਵੈ ਰੱਖਿਆ ਲਈ ਕੀਤੀ ਕਾਰਵਾਈ - ਪਾਕਿਸਤਾਨ

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਭਾਰਤ ਨੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪਾਂ ਤੇ ਹਵਾਈ ਹਮਲੇ ਦਾ ਦਾਅਵਾ ਕੀਤਾ ਸੀ।

ਭਾਰਤ ਵੱਲੋਂ ਇਹ ਕਾਰਵਾਈ 14 ਫ਼ਰਵਰੀ ਇੱਕ ਅੱਤਵਾਦੀ ਹਮਲੇ ਦੇ ਜਵਾਬ ਵਜੋਂ ਕੀਤੀ ਗਈ ਸੀ। ਭਾਰਤ-ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਹੋਏ ਇਸ ਅੱਤਵਾਦੀ ਹਮਲੇ 'ਚ 44 ਸੁਰੱਖਿਆ ਕਰਮੀ ਮਾਰੇ ਗਏ ਸਨ।

ਜਿਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਇਸ ਹਮਲੇ ਦਾ ਢੁਕਵਾਂ ਜਵਾਬ ਦੇਣ ਦੀ ਗੱਲ ਕੀਤੀ ਹੈ। ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫੂਰ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਹਵਾਈ ਫੌਜ ਨੇ ਆਪਣੇ ਦਾਇਰੇ ਵਿਚ ਰਹਿ ਕੇ ਭਾਰਤ ਸਾਸ਼ਿਤ ਕਸ਼ਮੀਰ ਦੇ 6 ਥਾਵਾਂ ਉੱਤੇ ਸਟਰਾਇਕ ਕੀਤਾ ਹੈ।

ਗਫੂਰ ਨੇ ਕਿਹਾ ਹੈ ਕਿ ਬਾਲਾਕੋਟਾ ਵਿਚ ਮੰਗਲਵਾਰ ਦੀ ਭਾਰਤੀ ਕਾਰਵਾਈ ਤੋਂ ਬਾਅਦ ਬੁੱਧਵਾਰ ਨੂੰ ਇਹ ਸਟਰਾਇਕ ਕੀਤੇ ਗਏ ਹਨ। ਇਸ ਸਟਰਾਈਕ ਦੌਰਾਨ ਇਹ ਯਕੀਨੀ ਬਣਾਇਆ ਗਿਆ ਹੈ ਕਿ ਇਸ ਦਾ ਨਿਸ਼ਾਨਾਂ ਕੋਈ ਮਿਲਟਰੀ ਤੇ ਸਿਵਲੀਅਨ ਸੰਸਥਾਨ ਨਾ ਬਣੇ। ਇਹ ਕਾਰਵਾਈ ਸਵੈ ਰੱਖਿਆ ਤੇ ਸਵੈ ਸਮਰੱਥਾ ਦਿਖਾਉਣ ਵਾਲੀ ਸੀ।

ਗਫੂਰ ਨੇ ਕਿਹਾ, “ਪਾਕਿਸਤਾਨ ਦੀ ਕਾਰਵਾਈ ਤੋਂ ਬਾਅਦ ਭਾਰਤ ਦੇ ਦੋ ਹਵਾਈ ਜਹਾਜ਼ਾਂ ਨੇ ਹਰਕਤ ਦਿਖਾਈ ਪਰ ਪਾਕਿਸਤਾਨ ਨੇ ਇਨ੍ਹਾਂ ਨੂੰ ਨਿਸ਼ਾਨਾਂ ਬਣਾਇਆ ਹੈ। ਉਨ੍ਹਾਂ ਵਿੱਚੋਂ ਇੱਕ ਪਾਕਿਸਤਾਨ ਸਾਸ਼ਿਤ ਕਸ਼ਮੀਰ ਵਿੱਚ ਡਿੱਗਿਆ ਅਤੇ ਦੂਜਾ ਭਾਰਤ ਸਾਸ਼ਿਤ ਕਸ਼ਮੀਰ ਵੱਲ'।

ਪਾਕਿਸਤਾਨ-ਭਾਰਤ ਤਣਾਅ ਬਾਰੇ ਹੋਰ ਖ਼ਬਰਾਂ:

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)