ਮੋਦੀ ਸਰਕਾਰ ਦੇ ਮੰਤਰੀ ਨੇ ‘ਅੱਤਵਾਦੀ ਕੈਂਪ ਦੀ ਤਬਾਹੀ’ ਦੀਆਂ ਝੂਠੀਆਂ ਤਸਵੀਰਾਂ ਦਿਖਾਈਆਂ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਮੌਜੂਦਾ ਟਵੀਟ ਜਿਸ ਵਿੱਚ ਬਾਲਾਕੋਟ ਵਿੱਚ ਭਾਰਤ ਵੱਲੋਂ ਕੀਤੀ ਗਈ ਏਅਰ ਸਟਰਾਈਕ ਦੀ ਤਸਵੀਰ ਹੈ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਟਵੀਟ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜੋ ਕਿ ਇੱਕ ਨਿੱਜੀ ਚੈਨਲ ਦਾ ਹੈ।

ਇਸ ਵੀਡੀਓ ਵਿੱਚ ਸੈਟੇਲਾਈਟ ਤੋਂ ਲਈਆਂ ਗਈਆਂ ਦੋ ਤਸਵੀਰਾਂ ਦਿਖਾਈ ਦੇ ਰਹੀਆਂ ਹਨ। ਪਹਿਲੀ ਤਸਵੀਰ ਵਿੱਚ ਏਅਰ ਸਟਰਾਈਕ ਤੋਂ ਪਹਿਲਾਂ ਦੀ ਤਸਵੀਰ ਹੈ ਤਾਂ ਦੂਜੀ ਤਸਵੀਰ ਵਿੱਚ ਏਅਰ ਸਟਰਾਈਕ ਤੋਂ ਬਾਅਦ ਦੀ।

ਇਹ ਵੀਡੀਓ ਫੇਸਬੁੱਕ, ਯੂਟਿਊਬ ਅਤੇ ਟਵਿੱਟਰ ਉੱਤੇ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਿਆ ਹੈ।

ਭਾਰਤ ਨੇ ਪੁਲਵਾਮਾ ਹਮਲੇ ਤੋਂ ਬਾਅਦ ਜੈਸ਼-ਏ-ਮੁਹੰਮਦ ਦੇ ਟਰੇਨਿੰਗ ਕੈਂਪਸ 'ਤੇ ਹਮਲਾ ਕੀਤਾ ਸੀ। ਜੈਸ਼-ਏ ਮੁਹੰਮਦ ਨੇ ਪੁਲਵਾਮਾ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਜਿਸ ਵਿੱਚ 40 ਸੀਰੀਆਰਪੀਐਫ਼ ਦੇ ਜਵਾਨ ਮਾਰੇ ਗਏ ਸਨ।

ਪਰ ਜੋ ਵੀਡੀਓ ਸਬੂਤ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ, ਉਸ ਨਾਲ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਇਹ ਵੀ ਪੜ੍ਹੋ:

ਤਸਵੀਰਾਂ ਦੀ ਸੱਚਾਈ

ਵੀਡੀਓ ਵਿੱਚ ਦਿਖਾਈ ਦੇਣ ਵਾਲੀ ਪਹਿਲੀ ਤਸਵੀਰ ਕਥਿਤ ਤੌਰ 'ਤੇ ਹਮਲੇ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਨੂੰ 23 ਫਰਵਰੀ 2019 ਨੂੰ ਲਿਆ ਗਿਆ ਸੀ।

ਦੂਜੀ ਤਸਵੀਰ 26 ਫਰਵਰੀ 2019 ਦੀ ਦੱਸੀ ਜਾ ਰਹੀ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਨੂੰ ਏਅਰ ਸਟਰਾਈਕ ਤੋਂ ਬਾਅਦ ਲਿਆ ਗਿਆ ਸੀ ਅਤੇ ਇਸ ਵਿੱਚ ਭਾਰਤੀ ਜੈੱਟਾਂ ਦੁਆਰਾ ਕੀਤੀ ਗਈ ਤਬਾਹੀ ਦਿਖਾਈ ਗਈ ਹੈ।

ਪਰ ਰਿਵਰਸ ਈਮੇਜ਼ ਸਰਚ ਵਿੱਚ ਸਾਨੂੰ ਪਤਾ ਲਗਿਆ ਹੈ ਕਿ ਦੂਜੀ ਤਸਵੀਰ ਏਅਰ ਸਟਰਾਈਕ ਤੋਂ ਕਈ ਸਾਲ ਪਹਿਲਾਂ ਹੀ ਇੰਟਰਨੈੱਟ ਉੱਤੇ ਮੌਜੂਦ ਸੀ।

ਵੀਡੀਓ ਵਿੱਚ ਦਿੱਤੇ ਨਿਰਦੇਸ਼ਾਂ ਦੀ ਮਦਦ ਨਾਲ ਸਾਨੂੰ ਪਤਾ ਲੱਗਾ ਕਿ ਦੂਜੀ ਤਸਵੀਰ ਨੂੰ "ਜ਼ੂਮ ਅਰਥ" ਤੋਂ ਲਿਆ ਗਿਆ ਸੀ, ਜੋ ਕਿ ਮਾਈਕਰੋਸਾਫਟ ਬਿੰਗ ਮੈਪਸ ਦੁਆਰਾ ਸੰਚਾਲਿਤ ਸੈਟੇਲਾਈਟ ਇਮੇਜ ਵੈਬਸਾਈਟ ਹੈ।

ਵੈੱਬਸਾਈਟ ਦੇ ਸੰਸਥਾਪਕ ਪਾਲ ਨੀਵ ਨੇ ਬੀਬੀਸੀ ਨੂੰ ਦੱਸਿਆ ਕਿ ਤਸਵੀਰ ਨੂੰ ਹਵਾਈ ਪੱਟੀ ਨਾਲ ਜੋੜਿਆ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ:

"ਹਾਂ, ਇਹ ਤਸਵੀਰ ਇੱਕ ਸਬੂਤ ਦੇ ਵਜੋਂ ਪੇਸ਼ ਕੀਤੀ ਜਾ ਰਹੀ ਹੈ ਕਿ ਇਮਾਰਤ ਨੂੰ ਬੰਬ ਨਾਲ ਉਡਾਇਆ ਗਿਆ ਹੈ ਪਰ ਅਜਿਹਾ ਨਹੀਂ ਹੈ। ਇਹ ਤਸਵੀਰਾਂ ਸ਼ਾਇਦ ਸਾਲ ਪੁਰਾਣੀਆਂ ਹਨ ਅਤੇ ਉਸਾਰੀ ਅਧੀਨ ਇਮਾਰਤ ਦਿਖਾਉਂਦੀਆਂ ਹਨ।"

ਵੈੱਬਸਾਈਟ ਵਿੱਚ ਇਹ ਕਿਹਾ ਗਿਆ ਹੈ ਕਿ ਸਿਰਫ਼ ਨਾਸਾ ਦੀਆਂ ਤਸਵੀਰਾਂ (ਜਿੱਥੇ ਬੱਦਲ ਹਨ) ਹੀ ਰੋਜ਼ਾਨਾ ਅਪਡੇਟ ਕੀਤੀਆਂ ਜਾਂਦੀਆਂ ਹਨ। ਬਿੰਗ ਮੈਪਸ ਇਮੇਜਜ਼ (ਜਿੱਥੇ ਇਮਾਰਤਾਂ ਹਨ) ਰੋਜ਼ਾਨਾ ਅਪਡੇਟ ਨਹੀਂ ਕੀਤੀਆਂ ਜਾਂਦੀਆਂ ਅਤੇ ਕਈ ਸਾਲ ਪੁਰਾਣੀਆਂ ਹਨ।

ਨੀਵ ਨੇ ਜਨਤਕ ਤੌਰ 'ਤੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰਨ ਲਈ ਟਵੀਟ ਵੀ ਕੀਤਾ।

ਇੱਕ ਟਵਿੱਟਰ ਥ੍ਰੈਡ ਵਿੱਚ ਉਨ੍ਹਾਂ ਨੇ ਆਪਣੇ ਅਕਾਊਂਟ ਤੋਂ ਜਵਾਬ ਵੀ ਦਿੱਤਾ ਕਿ ਉਨ੍ਹਾਂ ਦੀ ਵੈਬਸਾਈਟ ਸੈਟਲਾਈਟ ਤਸਵੀਰਾਂ ਨੂੰ ਅਪਡੇਟ ਕਰਨ ਵਿੱਚ ਕਈ ਸਾਲ ਲਗਾਉਂਦੀ ਹੈ।

ਜ਼ੂਮ ਅਰਥ ਉੱਤੇ ਇੱਕ ਖਾਸ ਮਿਤੀ ਦੀਆਂ ਸੈਟੇਲਾਈਟ ਇਮੇਜਜ਼ ਵੀ ਸਰਚ ਕੀਤੀਆਂ ਜਾ ਸਕਦੀਆਂ ਹਨ। ਜਦੋਂ ਅਸੀਂ ਸਰਚ ਕੀਤੀ ਤਾਂ ਇਹੀ ਤਸਵੀਰ 2015 ਅਤੇ 2019 ਤਾਰੀਕਾਂ ਵਿਚਕਾਰ ਨਜ਼ਰ ਆਈ।

ਪਹਿਲੀ ਤਸਵੀਰ ਦੀ ਜੇ ਗੱਲ ਕਰੀਏ ਤਾਂ ਇਹ ਹਾਲੇ ਵੀ ਗੂਗਲ ਮੈਪਜ਼ 'ਤੇ ਮੌਜੂਦ ਹੈ ਜੋ ਕਿ ਦਾਅਵਿਆਂ ਦੀ ਹਕੀਕਤ ’ਤੇ ਸਵਾਲ ਖੜ੍ਹੇ ਕਰਦੀ ਹੈ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)