You’re viewing a text-only version of this website that uses less data. View the main version of the website including all images and videos.
ਗ਼ਜ਼ਲ ਧਾਲੀਵਾਲ : ਪਟਿਆਲਾ ਦੀ ਟਰਾਂਸਵੂਮੈਨ ਜਿਸਨੇ ਆਪਣੀ ਕਲਮ ਰਾਹੀਂ ਛੇੜੀ ਸਾਰਥਕ ਬਹਿਸ
- ਲੇਖਕ, ਤਾਹਿਰਾ ਭਸੀਨ
- ਰੋਲ, ਪੱਤਰਕਾਰ, ਬੀਬੀਸੀ
"LGBTQ ਲੋਕ ਸਿਰਫ਼ ਵੱਡੇ ਹੀ ਨਹੀਂ ਸਗੋਂ ਛੋਟੇ ਸ਼ਹਿਰਾਂ ਵਿੱਚ ਵੀ ਹੁੰਦੇ ਹਨ। ਮੇਰਾ ਜਨਮ ਇੱਕ ਮੁੰਡੇ ਦੇ ਸਰੀਰ ਵਿੱਚ ਹੋਇਆ ਸੀ।”
“ਬਚਪਨ ਵਿੱਚ ਇਕੱਲਾਪਨ ਲੱਗਦਾ ਸੀ। ਕਿਉਂਕਿ ਲੋਕ ਨਹੀਂ ਸਮਝਦੇ ਸੀ, ਸਮਾਜ ਨਹੀਂ ਸਮਝਦਾ, ਮਜ਼ਾਕ ਉਡਾਉਂਦੇ ਸੀ। ਫ਼ਿਲਮ ਵਿੱਚ ਉਹ ਪਹਿਲੂ ਮੇਰੇ ਨਾਲ ਸਬੰਧਤ ਹੈ।"
ਇਹ ਕਹਿਣਾ ਹੈ 'ਇੱਕ ਲੜਕੀ ਕੋ ਦੇਖਾ ਤੋ ਐਸਾ ਲਗਾ' ਫਿਲਮ ਦੀ ਲੇਖਿਕਾ ਗ਼ਜ਼ਲ ਧਾਲੀਵਾਲ ਦਾ। ਪਟਿਆਲਾ ਦੀ ਰਹਿਣ ਵਾਲੀ ਟਰਾਂਸਵੂਮੈਨ ਗ਼ਜ਼ਲ ਦੀ ਸਕਰਿਪਟ ਦੋ ਕੁੜੀਆਂ ਵਿਚਾਲੇ ਪਿਆਰ ਉੱਤੇ ਆਧਾਰਿਤ ਹੈ।
ਗ਼ਜ਼ਲ ਧਾਲੀਵਾਲ ਨੇ ਇਸ ਫਿਲਮ ਦੀ ਕਹਾਣੀ ਪੰਜਾਬ ਦੀ ਇੱਕ ਕੁੜੀ ਨੂੰ ਆਧਾਰ ਬਣਾ ਕੇ ਲਿਖੀ ਹੈ।
ਗ਼ਜ਼ਲ ਮੁਤਾਬਕ, "ਮੈਂ ਪੰਜਾਬ ਤੋਂ ਹਾਂ ਅਤੇ ਫਿਲਮ 'ਇੱਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦੇ ਡਾਇਕਰੈਕਟਰ ਵੀ ਪੰਜਾਬੀ ਹਨ। ਇਸ ਲਈ ਇਸ ਦਾ ਆਧਾਰ ਵੀ ਪੰਜਾਬ ਹੀ ਰੱਖਿਆ ਗਿਆ ਹੈ।"
"ਕਈ ਵਾਰੀ ਤੁਸੀਂ ਕਹਾਣੀ ਲਿਖ ਲੈਂਦੇ ਹੋ ਪਰ ਬਾਅਦ ਵਿੱਚ ਅਹਿਸਾਸ ਹੁੰਦਾ ਹੈ ਕਿ ਕੋਈ ਹਿੱਸਾ ਤੁਹਾਡੀ ਜ਼ਿੰਦਗੀ ਨਾਲ ਮੇਲ ਖਾਂਦਾ ਹੈ। ਫ਼ਿਲਮ ਵਿੱਚ ਬਚਪਨ ਦਾ ਜੋ 5 ਮਿੰਟ ਦਾ ਹਿੱਸਾ ਹੈ ਉਸ ਨਾਲ ਮੇਰਾ ਸਬੰਧ ਜ਼ਰੂਰ ਹੈ। ਫਿਲਮ ਵਿੱਚ 'ਸਵੀਟੀ' ਦੇ ਪਿਤਾ 'ਬਲਬੀਰ' ਵੀ ਮੇਰੇ ਪਿਤਾ ਵਾਂਗ ਹੀ ਭਾਵੁਕ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਕੀਤਾ ਮੈਨੂੰ ਆਪਣੇ ਬੱਚੇ 'ਤੇ ਮਾਨ ਹੈ।"
ਇਹ ਵੀ ਪੜ੍ਹੋ:
'ਕਈ ਵਾਰ ਇੰਝ ਲੱਗਿਆ ਜਿਵੇਂ ਕੈਦ ਵਿੱਚ ਹਾਂ'
ਗ਼ਜ਼ਲ ਕਹਿੰਦੀ ਹੈ ਕਿ ਉਸਦੀ ਜਨਮ ਇੱਕ ਮੁੰਡੇ ਦੇ ਰੂਪ ਵਿੱਚ ਹੋਇਆ ਪਰ ਸਮੇਂ ਨਾਲ ਉਹ ਆਪਣੇ ਸਰੀਰ ਵਿੱਚ ਬਦਲਾਅ ਮਹਿਸੂਸ ਕਰਨ ਲੱਗੀ।
ਗ਼ਜ਼ਲ ਧਾਲੀਵਾਲ ਨੇ 25 ਸਾਲ ਦੀ ਉਮਰ ਵਿੱਚ ਸੈਕਸ ਚੇਂਚ ਕਰਵਾਇਆ।
ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਵੀ ਦਰਪੇਸ਼ ਆਈਆਂ। ਉਨ੍ਹਾਂ ਲਈ ਪੰਜਾਬ ਦੇ ਛੋਟੇ ਸ਼ਹਿਰ ਨਾਲ ਸਬੰਧਤ ਹੋਣ ਕਰਕੇ ਇਸ ਨੂੰ ਬਿਆਨ ਕਰਨਾ ਸੌਖਾ ਨਹੀਂ ਸੀ।
ਗ਼ਜ਼ਲ ਮੁਤਾਬਕ, ''ਕਈ ਵਾਰ ਇਸ ਤਰ੍ਹਾਂ ਅਹਿਸਾਸ ਹੁੰਦਾ ਹੈ ਕਿ ਜਿਵੇਂ ਤੁਸੀਂ ਕੈਦ ਵਿੱਚ ਹੋ। ਅਜਿਹਾ ਅਹਿਸਾਸ ਸਾਰੇ ਐਲਜੀਬੀਟੀਕਿਊ ਬੱਚਿਆਂ ਨੂੰ ਹੁੰਦਾ ਹੈ। ਸਭ ਦੇਖ ਰਹੇ ਹੁੰਦੇ ਹਨ ਪਰ ਸਮਝਦਾ ਕੋਈ ਵੀ ਨਹੀਂ। ਮੈਂ ਖੁਸ਼ਨਸੀਬ ਹਾਂ ਕਿ ਮੇਰੇ ਮਾਪਿਆਂ ਨੇ ਮੇਰਾ ਬਹੁਤ ਸਾਥ ਦਿੱਤਾ। ਜਦੋਂ ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਸੀ ਉਦੋਂ ਵੀ ਪਿਆਰ ਦਿੱਤਾ ਅਤੇ ਜਦੋਂ ਪਤਾ ਲੱਗਿਆ ਉਦੋਂ ਵੀ ਪਿਆਰ ਵਿੱਚ ਕੋਈ ਫਰਕ ਨਹੀਂ ਆਇਆ। ਹਾਲਾਂਕਿ ਉਨ੍ਹਾਂ ਨੂੰ ਇਹ ਸਮਝਣ ਵਿੱਚ ਸਮਾਂ ਜ਼ਰੂਰ ਲੱਗਿਆ।"
ਫਿਲਮ ਦੀ ਸਕਰਿਪਟ ਲਿਖਣ ਵੇਲੇ ਗ਼ਜ਼ਲ ਦਾ ਨਜ਼ਰੀਆ ਵੱਖਰਾ ਸੀ। ਉਨ੍ਹਾਂ ਮੁਤਾਬਕ ਐਲਜੀਬੀਟੀਕਿਉ ਦੀਆਂ ਕਹਾਣੀਆਂ ਨਿਰਾਸ਼ ਕਰਨ ਵਾਲੀਆਂ ਹੀ ਕਿਉਂ ਹੋਣ, ਇੱਕ ਅਜਿਹੀ ਫਿਲਮ ਹੋਣੀ ਚਾਹੀਦੀ ਹੈ ਜੋ ਪਰਿਵਾਰ ਦੇ ਦੇਖਣ ਲਾਇਕ ਹੋਵੇ, ਜਿਸ ਨੂੰ ਦੇਖ ਕੇ ਮਜ਼ਾ ਆ ਜਾਵੇ।
ਇਸ ਲਈ ਇਸ ਫਿਲਮ ਦੀ ਕਹਾਣੀ ਨੂੰ ਇਸੇ ਤਰ੍ਹਾਂ ਬਿਆਨ ਕੀਤਾ ਗਿਆ, ਗ਼ਜ਼ਲ ਨੂੰ ਨਿਜੀ ਤੌਰ 'ਤੇ ਇਹ ਵਿਸ਼ਾ ਪਸੰਦ ਵੀ ਸੀ।
ਗ਼ਜ਼ਲ ਮੁਤਾਬਕ, "ਜਦੋਂ ਢਾਈ ਸਾਲ ਪਹਿਲਾਂ ਇਹ ਫਿਲਮ ਲਿਖਣੀ ਸ਼ੁਰੂ ਕੀਤੀ ਸੀ ਤਾਂ ਧਾਰਾ 377 ਬਰਕਰਾਰ ਸੀ। ਹੁਣ ਸਾਨੂੰ ਲੱਗਿਆ ਕਿ ਇੱਕ ਮੌਕਾ ਮਿਲਿਆ ਹੈ ਐਲਜੀਬੀਟੀਕਿਊ ਦੀ ਕਹਾਣੀ ਨੂੰ ਬਿਆਨ ਕਰਨ ਦਾ। ਹੋ ਸਕਦਾ ਹੈ ਬਾਅਦ ਵਿੱਚ ਇਹ ਮੌਕਾ ਮਿਲੇ ਨਾ ਮਿਲੇ। ਇਸ ਲਈ ਸਾਡੀ ਕੋਸ਼ਿਸ਼ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਪਹਿਲੂਆਂ ਨੂੰ ਫਿਲਮ ਰਾਹੀਂ ਬਿਆਨ ਕੀਤਾ ਜਾਵੇ।"
ਗ਼ਲ ਕਹਿੰਦੀ ਹੈ ਕਿ ਬੱਚਿਆਂ ਲਈ ਇਹ ਫਿਲਮ ਬੇਹੱਦ ਜ਼ਰੂਰੀ ਹੈ। ਐਲਜੀਬੀਟੀਕਿਉ ਬੱਚੇ ਬਹੁਤ ਇਕੱਲਾਪਨ ਮਹਿਸੂਸ ਕਰਦੇ ਹਨ।
''ਮੈਂ ਚਾਹੁੰਦੀ ਸੀ ਕਿ ਬੱਚੇ ਦੇਖਣ ਇਸ ਲਈ ਫਿਲਮ ਨੂੰ 'A' ਸਰਟੀਫਿਕੇਟ ਨਾ ਮਿਲੇ ਇਸ ਦਾ ਕਹਾਣੀ ਵਿੱਚ ਧਿਆਨ ਰੱਖਿਆ ਗਿਆ ਹੈ।"
ਸਮਲਿੰਗੀ ਭਾਈਚਾਰੇ ਲਈ ਕੀ ਬਦਲਿਆ?
ਗ਼ਜ਼ਲ ਕਹਿੰਦੀ ਹੈ ਕਿ ਕਈ ਪਰਿਵਾਰ ਅਜਿਹੇ ਵੀ ਹੁੰਦੇ ਹਨ ਜੋ ਫਿਲਮ ਦੇਖ ਕੇ ਅਸਹਿਜ ਮਹਿਸੂਸ ਕਰਦੇ ਹਨ ਅਤੇ ਫਿਲਮ ਵਿੱਚਾਲੇ ਹੀ ਛੱਡ ਕੇ ਚਲੇ ਜਾਂਦੇ ਹਨ। ਅਸੀਂ ਲੋਕਾਂ ਨੂੰ ਥੋੜ੍ਹਾ ਅਸਹਿਜ ਮਹਿਸੂਸ ਜ਼ਰੂਰ ਕਰਵਾਇਆ ਹੈ, ਸੋਚਣ ਲਈ ਮਜਬੂਰ ਕੀਤਾ ਹੈ ਪਰ ਇੱਕ ਹੱਦਾਂ ਪਾਰ ਨਹੀਂ ਕੀਤੀਆਂ।
"ਮੈਨੂੰ ਲੱਗਦਾ ਹੈ ਕਿ ਹੁਣ ਲੋਕਾਂ ਦੀ ਸੋਚ ਵਿੱਚ ਪਹਿਲਾਂ ਨਾਲੋਂ ਬਦਲਾਅ ਆਇਆ ਹੈ ਪਰ ਲੋਕਾਂ ਨੂੰ ਹਾਲੇ ਵੀ ਐਲਜੀਬੀਟੀਕਿਊ ਨੂੰ ਸਮਝਣ ਵਿੱਚ ਸਮਾਂ ਲੱਗ ਰਿਹਾ ਹੈ। ਸੁਪਰੀਮ ਕੋਰਟ ਨੇ ਵੀ ਵਧੀਆ ਫੈਸਲਾ ਲਿਆ ਹੈ। ਹੁਣ ਘੱਟੋ-ਘੱਟ ਅਸੀਂ ਖੁੱਲ੍ਹ ਕੇ ਇਸ ਮੁੱਦੇ 'ਤੇ ਗੱਲ ਕਰਦੇ ਹਾਂ। ਘੱਟੋ-ਘੱਟ ਲੋਕਾਂ ਦੀਆਂ ਨਜ਼ਰਾਂ ਵਿੱਚ ਹਾਂ ਕਿ ਅਜਿਹੇ ਲੋਕ ਹੁੰਦੇ ਹਨ। ਅਸੀਂ ਲੁੱਕ ਕੇ ਨਹੀਂ ਰਹਿੰਦੇ। ਅਸੀਂ ਉਨ੍ਹਾਂ ਨੂੰ ਸੋਚਣ ਲਈ ਮਜ਼ਬੂਰ ਕੀਤਾ ਹੈ।"
ਗ਼ਜ਼ਲ ਧਾਲੀਵਾਲ ਨੂੰ ਐਲਜੀਬੀਟੀ ਭਾਈਚਾਰੇ ਤੋਂ ਬਹੁਤ ਸਮਰਥਨ ਮਿਲਿਆ ਹੈ ਕਿਉਂਕਿ ਇਸ ਤਬਕੇ ਨੂੰ ਭਾਈਚਾਰੇ ਨੂੰ ਲੱਗਿਆ ਕਿ ਵੱਡੇ ਪਰਦੇ 'ਤੇ ਉਹ ਆਪਣੇ ਵਰਗਾ ਕਿਰਦਾਰ ਦੇਖ ਰਹੇ ਹਨ।
ਅਕਸਰ ਬਾਲੀਵੁੱਡ ਫਿਲਮਾਂ ਵਿੱਚ ਐਲਜੀਬੀਟੀਕਿਊ ਨੂੰ ਸਿਰਫ਼ ਮਖੌਲ ਦੇ ਪਾਤਰ ਦੇ ਤੌਰ 'ਤੇ ਹੀ ਦਿਖਿਆਇਆ ਜਾਂਦਾ ਹੈ।
ਗ਼ਜ਼ਲ ਕਹਿੰਦੀ ਹੈ, "ਸੋਨਮ ਕਪੂਰ ਵੀ ਐਲਜੀਬੀਟੀਕਿਊ ਦੀ ਸਮਰਥਕ ਰਹੀ ਹੈ। ਉਨ੍ਹਾਂ ਨੇ ਸਕਰਿਪਟ ਪੜ੍ਹੀ ਅਤੇ ਹਾਂ ਕਰ ਦਿੱਤੀ। ਸੋਨਮ ਨੇ ਮੈਨੂੰ ਦੱਸਿਆ ਸੀ ਕਿ ਅਨਿਲ ਕਪੂਰ ਅਤੇ ਉਨ੍ਹਾਂ ਨੂੰ ਪਹਿਲਾਂ ਵੀ ਇਕੱਠੇ ਕੰਮ ਕਰਨ ਦੇ ਆਫ਼ਰ ਆਏ ਪਰ ਦੋਹਾਂ ਨੇ ਮਨ੍ਹਾਂ ਕਰ ਦਿੱਤਾ ਪਰ ਜਦੋਂ ਇਹ ਫਿਲਮ ਮਿਲੀ ਤਾਂ ਦੋਹਾਂ ਨੇ ਹਾਂ ਕਰ ਦਿੱਤੀ। ਉਹ ਦੋਨੋਂ ਬਹੁਤ ਅਗਾਂਹ ਵਧੂ ਸੋਚ ਦੇ ਲੋਕ ਹਨ। ਉਨ੍ਹਾਂ ਨੂੰ ਫਿਲਮ ਲਈ ਮਨਾਉਣਾ ਬਿਲਕੁਲ ਵੀ ਔਖਾ ਨਹੀਂ ਸੀ।"
"ਮੈਂ ਖੁਦ ਨੂੰ ਇੱਕ ਲੇਬਲ ਦੇ ਕੇ ਨਹੀਂ ਜਿਉਂਦੀ। ਮੈਂ ਆਮ ਇਨਸਾਨਾਂ ਵਾਂਗ ਹੀ ਇੱਕ ਇਨਸਾਨ ਹਾਂ। ਉਸੇ ਤਰ੍ਹਾਂ ਹੀ ਮੈਂ ਹਰ ਕਿਸੇ ਨੂੰ ਦੇਖਦੀ ਹਾਂ। ਧਰਮ, ਜਾਤੀ, ਸੈਕਸ਼ੁਐਲਿਟੀ ਤੋਂ ਪਰੇ ਇਨਸਾਨ ਹਾਂ। ਬਿਲਕੁਲ ਸਹੀ ਦੁਨੀਆਂ ਉਦੋਂ ਹੋਵੇਗੀ ਜਦੋਂ ਕਿਸੇ ਤਰ੍ਹਾਂ ਦੇ ਲੇਬਲ ਦੀ ਲੋੜ ਨਹੀਂ ਹੋਵੇਗੀ। "