You’re viewing a text-only version of this website that uses less data. View the main version of the website including all images and videos.
ਪੁਲਵਾਮਾ: 'ਉਨ੍ਹਾਂ 40 ਮਾਰੇ ਅਸੀਂ 400...ਇਹ ਸਿਲਸਿਲਾ ਕਿੰਨੇ ਘਰ ਉਜਾੜੇਗਾ' - ਹਮਲੇ 'ਚ ਮਰੇ ਜਵਾਨਾਂ ਦੇ ਪਰਿਵਾਰ
ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਦੇ ਪਾਕਿਸਤਾਨ ਤੋਂ ਭਾਰਤ ਆਉਣ ਦੇ ਬਾਅਦ, ਸੱਤਾ ਧਿਰ ਤੋਂ ਲੈ ਕੇ ਵਿਰੋਧੀ ਧਿਰ ਦੇ ਵਿਚਕਾਰ ਇਲਜ਼ਾਮਬਾਜੀ ਦਾ ਇੱਕ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਅਭਿਨੰਦਨ ਵਰਤਮਾਨ ਦੇ ਦੋ ਦਿਨਾਂ ਦੇ ਅੰਦਰ ਘਰ ਵਾਪਸ ਆਉਣ ਲਈ ਭਾਜਪਾ ਦੇ ਸਮਰਥਕ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕ੍ਰੈਡਿਟ ਦੇ ਰਹੇ ਹਨ। ਉੱਥੇ ਹੀ ਵਿਰੋਧੀ ਧਿਰ ਅੱਤਵਾਦ ਦੇ ਖਿਲਾਫ਼ ਸਰਕਾਰ ਤੋਂ ਹੋਰ ਕਦਮ ਚੁੱਕਣ ਦੀ ਮੰਗ ਕਰ ਰਿਹਾ ਹੈ।
ਪਰ ਪੁਲਵਾਮਾ ਹਮਲੇ ਵਿਚ ਮਾਰੇ ਗਏ ਸੀਆਰਪੀਐਫ਼ ਫੌਜੀਆਂ ਦੇ ਪਰਿਵਾਰਕ ਮੈਂਬਰ ਇਸ ਮਾਮਲੇ 'ਤੇ ਸਿਆਸੀ ਗਰਮਾ-ਗਰਮੀ ਕਾਰਨ ਤਕਲੀਫ਼ ਮਹਿਸੂਸ ਕਰ ਰਹੇ ਹਨ।
ਬੀਬੀਸੀ ਨੇ ਪੰਜਾਬ ਤੋਂ ਲੈ ਕੇ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਚ ਪੁਲਵਾਮਾ ਹਮਲੇ ਵਿਚ ਮਾਰੇ ਗਏ ਫੌਜੀਆਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਕੇ ਮੌਜੂਦਾ ਹਾਲਾਤਾਂ 'ਤੇ ਉਨ੍ਹਾਂ ਦੀ ਰਾਇ ਜਾਨਣ ਦੀ ਕੋਸ਼ਿਸ਼ ਕੀਤੀ ਹੈ।
'ਚੋਣਾਂ ਤੋਂ ਪਹਿਲਾਂ ਹੋਵੇ ਜਾਂਚ'
ਉੱਤਰ ਪ੍ਰਦੇਸ਼ ਦੇ ਉਨਾਓ ਵਿਚ ਰਹਿਣ ਵਾਲੇ ਰਣਜੀਤ ਕੁਮਾਰ ਗੌਤਮ ਦੇ ਵੱਡੇ ਭਰਾ ਅਜੀਤ ਕੁਮਾਰ ਗੌਤਮ ਵੀ ਪੁਲਵਾਮਾ ਹਮਲੇ ਵਿਚ ਮਾਰੇ ਗਏ ਸਨ।
ਰਣਜੀਤ ਦਾ ਕਹਿਣਾ ਹੈ ਕਿ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਦੇ ਵਾਪਸ ਆਉਣ 'ਤੇ ਸਾਨੂੰ ਖੁਸ਼ੀ ਹੈ ਪਰ ਉਨ੍ਹਾਂ ਦਾ ਪੂਰਾ ਪਰਿਵਾਰ ਪੁਲਵਾਮਾ ਘਟਨਾ ਦੀ ਜਾਂਚ ਪੂਰੀ ਹੋਣ ਦਾ ਅਜੇ ਵੀ ਇੰਤਜ਼ਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ-
ਬੀਬੀਸੀ ਦੇ ਸਹਿਯੋਗੀ ਸਮੀਰਾਤਮਜ ਮਿਸ਼ਰਾ ਦੇ ਨਾਲ ਗੱਲ ਕਰਦੇ ਹੋਏ ਉਹ ਆਖਦੇ ਹਨ ਕਿ ਜਾਂਚ ਹੋਣੀ ਚਾਹੀਦੀ ਹੈ ਅਤੇ ਕਿਸੇ ਵੀ ਸਿਆਸੀ ਪਾਰਟੀ ਨੂੰ ਇਸ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਉਨ੍ਹਾਂ ਕਿਹਾ ਕਿ, "ਇਹ ਜੋ ਹਮਲਾ ਹੋਇਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ, ਕਿ ਕਿਸ ਤਰ੍ਹਾਂ ਹੋਇਆ, ਕਿਹੜੇ ਸਰੋਤਾਂ ਨਾਲ ਹੋਇਆ। ਚੋਣਾਂ ਤੋਂ ਪਹਿਲਾਂ ਜਾਂਚ ਨਹੀਂ ਹੋਵੇਗੀ ਤਾਂ ਇਸ ਦਾ ਕ੍ਰੈਡਿਸ ਕਿਸੇ ਵਿਅਕਤੀ ਨੂੰ ਮਿਲ ਜਾਵੇਗਾ, ਕਿਸੇ ਸਿਆਸੀ ਪਾਰਟੀ ਨੂੰ ਮਿਲ ਜਾਵੇਗਾ।"
ਉਨ੍ਹਾਂ ਮੁਤਾਬਿਕ, "ਸਾਡਾ ਪੂਰਾ ਪਰਿਵਾਰ ਇਸ ਦੀ ਪੜਤਾਲ ਦੀ ਮੰਗ ਕਰਦਾ ਹੈ। ਸਭ ਨੂੰ ਪਤਾ ਹੈ ਕਿ ਪਹਿਲਾਂ ਤੋਂ ਹੀ ਅਲਰਟ ਸੀ, ਸੁਣਨ ਵਿਚ ਆ ਰਿਹਾ ਹੈ ਕਿ ਉਸ ਦਿਨ ਜੰਮੂ ਵੀ ਬੰਦ ਸੀ। ਮਤਲਬ ਪਹਿਲਾਂ ਤੋਂ ਹੀ ਪਲਾਨ ਸੀ ਕਿ ਇੱਥੇ ਕੁਝ ਹੋਣ ਵਾਲਾ ਹੈ, ਫਿਰ ਵੀ ਬਿਨ੍ਹਾਂ ਕੋਈ ਸੁਰੱਖਿਆ ਦੇ ਇੰਨੀਆਂ ਸਾਰੀਆਂ ਗੱਡੀਆਂ ਉੱਥੇ ਭੇਜ ਦਿੱਤੀਆਂ ਗਈਆਂ।"
ਸਥਾਈ ਸ਼ਾਂਤੀ ਯਕੀਨੀ ਬਣਾਏ ਭਾਰਤ ਸਰਕਾਰ
ਭਾਰਤ ਸਰਕਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸ਼ਾਂਤੀ ਸੰਦੇਸ਼ 'ਤੇ ਵਿਚਾਰ ਕਰਦੇ ਹੋਏ ਖੇਤਰ ਵਿਚ ਸਥਾਈ ਅਮਨ-ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਹਰੇਕ ਮੁੱਦੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਹ ਵਿਚਾਰ ਪੁਲਵਾਮਾ ਦਹਿਸ਼ਤੀ ਹਮਲੇ ਵਿਚ ਸ਼ਹੀਦ ਹੋਏ ਸੁਖਜਿੰਦਰ ਸਿੰਘ ਦੇ ਪਰਿਵਾਰ ਦੁਆਰਾ ਪ੍ਰਗਟ ਕੀਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਪੁਲਵਾਮਾ ਅੱਤਵਾਦੀ ਹਮਲੇ ਦੀ ਜਾਂਚੀ ਦੀ ਮੰਗ ਕੀਤੀ।
ਸੁਖਜਿੰਦਰ ਸਿੰਘ 14 ਫਰਵਰੀ ਨੂੰ ਹੋਏ ਪੁਲਵਾਮਾ ਅੱਤਵਾਦੀ ਹਮਲੇ ਵਿਚ ਮਾਰੇ ਗਏ ਸੀਆਰਪੀਐਫ਼ ਫੌਜੀਆਂ ਵਿਚੋਂ ਇੱਕ ਸਨ।
ਸੁਖਜਿੰਦਰ ਸਿੰਘ ਤਰਨ ਤਾਰਨ ਤੋਂ 20 ਕਿਲੋਮੀਟਰ ਦੂਰ ਪਿੰਡ ਗੰਡੀਵਿੰਡ ਦੇ ਰਹਿਣ ਵਾਲੇ ਸਨ।
ਸੁਖਜਿੰਦਰ ਸਿੰਘ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ, ਇੱਕ ਅੱਠ ਮਹੀਨਿਆਂ ਦਾ ਬੇਟਾ, ਮਾਤਾ-ਪਿਤਾ ਅਤੇ ਵੱਡਾ ਭਰਾ ਹੈ।
ਬੀਬੀਸੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਗੱਲਬਾਤ ਕਰਦੇ ਹੋਏ ਸੁਖਜਿੰਦਰ ਦੇ ਭਰਾ ਗੁਰਜੰਟ ਆਖਦੇ ਹਨ, "ਸਾਡੇ ਲਈ ਤਾਂ 14 ਫਰਵਰੀ ਤੋਂ ਹੀ ਜੰਗ ਸ਼ੁਰੂ ਹੋ ਗਈ ਸੀ ਜਦੋਂ ਛੋਟੇ ਭਰਾ ਦੀ ਪੁਲਵਾਮਾ ਅੱਤਵਾਦੀ ਹਮਲੇ ਵਿਚ ਮਾਰੇ ਜਾਣ ਦੀ ਜਾਣਕਾਰੀ ਮਿਲੀ। ਸਾਡਾ ਪਰਿਵਾਰ ਹੀ ਜਾਣਦਾ ਹੈ ਕਿ ਜੰਗ ਕੀ ਹੁੰਦੀ ਹੈ।"
ਇਹ ਵੀ ਪੜ੍ਹੋ-
"ਇਮਰਾਨ ਖਾਨ ਦੁਆਰਾ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾਅ ਕਰਕੇ ਭਾਰਤ ਨੂੰ ਸ਼ਾਂਤੀ ਦਾ ਇੱਕ ਸੁਨੇਹਾ ਦਿੱਤਾ ਗਿਆ ਹੈ। ਅਤੇ ਮੈਂ ਸਮਝਦਾ ਹਾਂ ਕਿ ਪਕਿਸਤਾਨ ਦੇ ਇਸ ਸ਼ਾਂਤੀ ਦੇ ਸੰਕੇਤ ਨੂੰ ਸਮਝਦੇ ਹੋਏ ਸਾਡੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇਸ ਪ੍ਰਕਿਰਿਆ ਨਾਲ ਅੱਗੇ ਵਧਣਾ ਚਾਹੀਦਾ ਹੈ।"
ਉੱਥੇ ਹੀ, ਪੇਸ਼ੇ ਤੋਂ ਕਿਸਾਨ ਗੁਰਮੇਜ ਸਿੰਘ (ਸੁਖਜਿੰਦਰ ਦੇ ਪਿਤਾ) ਆਖਦੇ ਹਨ, "ਹਰ ਮਨੁੱਖ ਦਾ ਸੋਚਣ ਦਾ ਤਰੀਕਾ ਵੱਖਰਾ ਹੁੰਦਾ ਹੈ, ਭਾਵੇਂ ਮੈਂ ਆਪਣਾ ਮੁੰਡਾ ਇਸ ਅੱਤਵਾਦੀ ਹਮਲੇ ਵਿਚ ਗੁਆ ਦਿੱਤਾ, ਪਰ ਮੈਂ ਨਹੀਂ ਚਾਹੁੰਦਾ ਕਿ ਭਵਿੱਖ ਵਿਚ ਕਿਸੇ ਹੋਰ ਪਰਿਵਾਰ ਦਾ ਮੈਂਬਰ ਅੱਤਵਾਦ ਦੀ ਬਲੀ ਚੜ੍ਹੇ। ਸਾਨੂੰ ਸ਼ਾਂਤੀ ਦਾ ਜਵਾਬ ਸ਼ਾਂਤੀ ਨਾਲ ਹੀ ਦੇਣਾ ਚਾਹੀਦਾ ਹੈ।"
ਸੁਖਜਿੰਦਰ ਦੇ ਪਰਿਵਾਰ ਨੇ ਇੱਸ ਗੱਲ ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਦੱਸਿਆ ਕਿ ਸਰਕਾਰ ਅਤੇ ਸੀਆਰਪੀਐਫ਼ ਦੀ ਕੰਪਨੀ ਉਨ੍ਹਾਂ ਦੇ ਪਰਿਵਾਰ ਦਾ ਪੂਰਾ ਧਿਆਨ ਰੱਖ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਪਰਿਵਾਰ ਦੇ ਪੁੱਤਰ ਸੁਖਜਿੰਦਰ ਦਾ ਬਣਦਾ ਮਾਣ-ਸਤਿਕਾਰ ਦੇਣ ਦਾ ਵੀ ਪੂਰਾ ਭਰੋਸਾ ਦਿੱਤਾ ਹੈ।
ਉੱਥੇ ਹੀ ਜੰਗ ਵਿਚ ਹੋਣ ਵਾਲੇ ਨੁਕਸਾਨ ਦੀ ਗੱਲ ਕਰਦੇ ਹੋਏ ਗੁਰਜੰਟ ਸਿੰਘ ਆਖਦੇ ਹਨ ਕਿ, "ਅਸੀਂ ਪਿੰਡ ਵਿਚ ਰਹਿਣ ਵਾਲੇ ਲੋਕ ਹਾਂ, ਸਾਨੂੰ ਵੱਡੀਆਂ ਗੱਲਾਂ ਦਾ ਕੁਝ ਜ਼ਿਆਦਾ ਨਹੀਂ ਪਤਾ ਹੁੰਦਾ ਪਰ ਮੈਂ ਇਨ੍ਹਾ ਜ਼ਰੂਰ ਸਮਝਦਾ ਹਾਂ ਕਿ ਜੇਕਰ ਇੱਕ ਘਰ ਵਿਚ ਲੜਾਈ ਹੋ ਜਾਵੇ ਤਾਂ ਉਸ ਨੂੰ ਨਿਪਟਾਉਣ ਵਿਚ ਵੀ ਕਈ ਨੁਕਸਾਨ ਹੋ ਜਾਂਦੇ ਹਨ ਅਤੇ ਇਹ ਤਾਂ ਦੋ ਦੇਸਾਂ ਦੀ ਲੜਾਈ ਹੈ, ਤਾਂ ਸੋਚੋ ਇਸ ਵਿਚ ਕਿੰਨ੍ਹਾ ਨੁਕਸਾਨ ਝੱਲਣਾ ਪੈ ਸਕਦਾ ਹੈ।"
ਆਪਣੇ ਭਰਾ ਦੀ ਮੌਤ ਕਾਰਨ ਦੁੱਖ ਵਿਚ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ, "ਅੱਜ ਉਨ੍ਹਾਂ ਨੇ ਸਾਡੇ 40 ਮਾਰੇ, ਅਸੀਂ ਉਨ੍ਹਾਂ ਦੇ 400 ਮਾਰਾਂਗੇ, ਕਲ੍ਹ ਉਹ ਸਾਡੇ 800 ਮਾਰ ਦੇਣਗੇ ਅਸੀਂ 8 ਹਜ਼ਾਰ ਅਤੇ ਕਿੰਨ੍ਹੇ ਹੀ ਘਰ ਉੱਜੜ ਜਾਣਗੇ। ਇਹ ਸਭ ਬੰਦ ਹੋਣਾ ਚਾਹੀਦਾ ਹੈ।"
ਪਾਕਿਸਤਾਨ ਨੂੰ ਗਾਲ਼ਾਂ ਦੇਣਾ ਹੈ ਗ਼ਲਤ
ਭਾਰਤ ਅਤੇ ਪਾਕਿਸਤਾਨ ਦਰਮਿਆਨ ਤਿੱਖੀ ਬਿਆਨਬਾਜ਼ੀ ਵਿਚ ਪੁਲਵਾਮਾ ਹਮਲੇ ਦੀ ਜਾਂਚ ਦਾ ਮੁੱਦਾ ਗਾਇਬ ਹੋ ਜਾਣ ਕਾਰਨ ਪੁਲਵਾਮਾ ਹਮਲੇ ਵਿਚ ਮਰਨ ਵਾਲੇ ਸੀਆਰਪੀਐਫ਼ ਫੌਜੀ ਸੰਜੈ ਦੇ ਪਿਤਾ ਬਹੁਤ ਹੀ ਦੁੱਖ ਵਿਚ ਦਿਖਾਈ ਦਿੱਤੇ।
ਬੀਬੀਸੀ ਦੇ ਸਹਿਯੋਗੀ ਨੀਰਜ ਪ੍ਰਿਯਦਰਸ਼ੀ ਨਾਲ ਗੱਲ ਕਰਦੇ ਹੋਏ ਸੰਜੈ ਦੇ ਪਿਤਾ ਮਹਿੰਦਰ ਪ੍ਰਸਾਦ ਆਖਦੇ ਹਨ, "ਇਹ ਸਭ ਦੇਖ ਕੇ ਮਨ ਬਹੁਤ ਦੁਖੀ ਹੈ। ਚੰਗਾ ਤਾਂ ਕੁਝ ਵੀ ਨਹੀਂ ਹੋ ਰਿਹਾ ਹੈ। ਅਜਿਹੀਆਂ ਘਟਨਾਵਾਂ ਘੱਟ ਨਹੀਂ ਹੋ ਰਹੀਆਂ, ਸਗੋਂ ਵੱਧ ਰਹੀਆਂ ਹਨ। ਸਰਕਾਰ ਦਾ ਧਿਆਨ ਤਾਂ ਹੈ ਪਰ ਪੂਰੀ ਤਰ੍ਹਾਂ ਨਹੀਂ।"
"ਜਦੋਂ ਹਮਲਾ ਹੁੰਦਾ ਹੈ ਤਾਂ ਇਹ ਲੋਕ ਉਸ ਵੇਲੇ ਸਾਹਮਣਾ ਕਰਦੇ ਹਨ, ਉਸ ਤੋਂ ਬਾਅਦ ਭੁੱਲ ਜਾਂਦੇ ਹਨ। ਫਿਰ ਹਮਲਾ ਹੋ ਜਾਂਦਾ ਹੈ ਪਰ ਹੁਣ ਸਰਕਾਰ ਲਈ ਸੋਚਣਾ ਬਹੁਤ ਜ਼ਰੂਰੀ ਹੋ ਗਿਆ ਹੈ। ਸਾਡੀ ਪ੍ਰਧਾਨ ਮੰਤਰੀ ਨੂੰ ਅਪੀਲ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਸਮਾਪਤ ਕਰ ਦੇਣ।"
"ਜਿਸ ਤਰ੍ਹਾਂ ਨਾਲ ਹਵਾਈ ਸੈਨਾ ਅਤੇ ਫੌਜ ਨੇ ਅੱਤਵਾਦ ਦੇ ਟ੍ਰੇਨਿੰਗ ਸੈਂਟਰ 'ਤੇ ਹਮਲਾ ਕਰਕੇ ਉਸ ਨੂੰ ਤਬਾਹ ਕਰ ਦਿੱਤਾ ਹੈ ਇਸ ਤਰ੍ਹਾਂ ਦੀ ਹੀ ਕਾਰਵਾਈਆਂ ਹੋਰ ਹੋਣੀਆਂ ਚਾਹੀਦੀਆਂ ਹਨ। ਪੂਰੇ ਪਾਕਿਸਤਾਨ ਵਿਚ ਜਿੱਥੇ-ਜਿੱਥੇ ਅਜਿਹੇ ਟ੍ਰੇਨਿੰਗ ਸੈਂਟਰ ਚਲਾਏ ਜਾਂਦੇ ਹਨ, ਉਨ੍ਹਾਂ ਸਭ ਥਾਵਾਂ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ।"
ਇਸ ਤੋਂ ਬਾਅਦ ਜਦੋਂ ਮਹਿੰਦਰ ਪ੍ਰਸਾਦ ਤੋਂ ਇਹ ਸਵਾਲ ਕੀਤਾ ਗਿਆ ਕਿ ਜੰਗ ਹੋਣ 'ਤੇ ਫਿਰ ਤੋਂ ਕਿਸੇ ਪਿਤਾ ਨੂੰ ਆਪਣਾ ਪੁੱਤਰ ਗੁਆਉਣਾ ਪੈ ਸਕਦਾ ਹੈ....
ਇਸ ਦੇ ਜਵਾਬ ਵਿਚ ਮਹਿੰਦਰ ਆਖਦੇ ਹਨ, "ਹਾਂ, ਇਹ ਹੋਵੇਗਾ। ਪਰ ਇਸ ਦਾ ਦੂਸਰਾ ਹੱਲ ਕੀ ਹੈ? ਪਾਕਿਸਤਾਨ ਮੰਨ ਵੀ ਤਾਂ ਨਹੀਂ ਰਿਹਾ ਹੈ। ਸਮਝੌਤਾ ਕਰਨਾ ਨਹੀਂ ਚਾਹੁੰਦਾ ਹੈ।"
"ਉਹ ਆਪਣੇ ਪਾਸੇ ਤਾਂ ਅੱਤਵਾਦ ਖ਼ਤਮ ਨਹੀਂ ਕਰ ਰਿਹਾ ਹੈ ਅਤੇ ਜਿੱਥੇ ਤੱਕ ਗੱਲ ਪੁੱਤਰਾਂ ਦੀ ਹੈ ਤਾਂ ਸਾਡੇ ਬੇਟੇ ਤਾਂ ਉਂਝ ਵੀ ਸ਼ਹੀਦ ਹੋ ਹੀ ਰਹੇ ਹਨ। ਚੰਗਾ ਹੋਵੇਗਾ ਉਨ੍ਹਾਂ ਨੂੰ ਮਾਰ ਕੇ ਹੋਣ।"
ਖੁਦ ਨੂੰ ਸੰਭਾਲਦੇ ਹੋਏ ਮਹਿੰਦਰ ਪ੍ਰਸਾਦ ਕਹਿੰਦੇ ਹਨ, "ਹੁਣ ਕੀ ਕਿਹਾ ਜਾ ਸਕਦਾ ਹੈ, ਪਾਕਿਸਤਾਨ ਵੀ ਤਾਂ ਸਾਡੇ ਲੋਕਾਂ ਦਾ ਹੀ ਹਿੱਸਾ ਹੈ। ਭਾਰਤ ਦੇ ਨਾਲ ਮਿਲ-ਜੁਲ ਕੇ ਰਹੇ। ਭਰਾ ਨੂੰ ਭਰਾ ਸਮਝਣ ਦੀ ਜ਼ਰੂਰਤ ਹੈ।"
"ਜੋ ਲੋਕ ਪਾਕਿਸਤਾਨ ਨੂੰ ਲੈ ਕੇ ਗਲਤ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ, ਗਾਲਾਂ ਦੇ ਰਹੇ ਹਨ, ਉਹ ਗ਼ਲਤ ਕਰ ਰਹੇ ਹਨ। ਕੁਝ ਲੋਕ ਤਾਂ ਅਫ਼ਵਾਹਾਂ ਵੀ ਫੈਲਾ ਰਹੇ ਹਨ। ਪਰ ਇੱਕ ਦੇਸ ਦੇ ਨਾਗਰਿਕ ਹੋਣ ਦੇ ਨਾਤੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਹ ਦੂਜੇ ਦੇਸ ਨੂੰ ਵੀ ਉਨ੍ਹੇ ਹੀ ਆਦਰ ਦੀ ਨਜ਼ਰ ਨਾਲ ਦੇਖਣ।"
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: